ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਏਕਤਾ

ਸੰਗ ਮਿਲਿ ਚਲੈ ਨਿਰਬਿਘਨ ਪਹੂਚੈ ਘਰ, ਬਿਛਰੈ ਤੁਰਤ ਬਟਵਾਰੋ ਮਾਰ ਡਾਰ ਹੈਂ ।
ਜੈਸੇ ਬਾਰ ਦੀਏ ਖੇਤ ਛੁਵਤ ਨ ਮ੍ਰਿਗ ਨਰ, ਛੋਡੀ ਭਏ ਮ੍ਰਿਗ ਪੰਖੀ ਖੇਤਹਿ ਉਜਾਰ ਹੈਂ ।
ਪਿੰਜਰਾ ਮੈ ਸੂਆ ਜੈਸੇ ਰਾਮ ਨਾਮ ਲੇਤ ਹੇਤੁ, ਨਿਕਸਤਿ ਖਿਨ ਤਾਂਹਿ ਗ੍ਰਸਤ ਮੰਜਾਰ ਹੈ ।
ਸਾਧਸੰਗ ਮਿਲਿ ਮਨ ਪਹੁਚੈ ਸਹਜ ਘਰਿ, ਬਿਚਰਤ ਪੰਚੋ ਦੂਤ ਪ੍ਰਾਨ ਪਰਿਹਾਰ ਹੈਂ ॥ 582॥


ਇਹ ਕਬਿੱਤ ਭਾਈ ਗੁਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਹੈ ਭਾਈ ਜੀ ਦੇ ਕੁਲ ‘675’ ਕਬਿੱਤ ਵਿਦਵਾਨਾਂ ਨੇ ਮੰਨੇ ਹਨ ਅਤੇ ਇਹ ਕਬਿੱਤ ‘ਨੰ: 582’ ਹੈ। ਇਸ ਕਬਿੱਤ ਵਿੱਚ ਭਾਈ ਜੀ ਬਹੁਤ ਹੀ ਉਤਮ ਦਰਜ਼ੇ ਦੀ ਸਿਖਿਆ ਸਾਨੂੰ ਬਖਸ਼ ਰਹੇ ਹਨ ਕਿ ਜੇ ਮਨੁੱਖ ਏਕਤਾ ਦੇ ਸੂਤਰ ਵਿੱਚ ਪਰੋਇਆ ਜਾ ਕੇ ਆਪਣੇ ਜੀਵਨ ਦੇ ਸਫ਼ਰ ਤੇ ਚੱਲਣ, ਤਾਂ ਉਹ ਨਿਰਵਿਘਨ ਆਪਣੀ ਮੰਜ਼ਲ ਉਪਰ ਪਹੁੰਚ ਸਕਦੇ ਹਨ। ਪਰ ਜੇ ਮਨੁੱਖਾਂ ਦੀ ਆਪਸ ਵਿੱਚ ਏਕਤਾ ਨਾ ਹੋਵੇ ਤਾਂ ਰਸਤੇ ਵਿੱਚ ਉਹ ਕਿਸ ਤਰ੍ਹਾਂ ਲੁੱਟ ਹੋ ਜਾਂਦੇ ਹਨ, ਮਾਰੇ ਜਾਂਦੇ ਹਨ ਇਸ ਤਰ੍ਹਾਂ ਦਾ ਉਪਦੇਸ਼ ਭਾਈ ਜੀ ਨੇ ਖੂਬ ਉਧਾਰਨਾ ਦੇ-ਦੇ ਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰੂ ਸਾਹਿਬਾਂ ਦਾ ਸਾਰਾ ਉਪਦੇਸ਼ ਵੀ ਸਾਨੂੰ ਇੱਕ ਦੇ ਲੜ ਹੀ ਲਾਉਂਦਾ ਹੈ ਏਕਤਾ ਦੇ ਸੂਤਰ ਵਿੱਚ ਹੀ ਪਰੋਂਦਾ ਹੈ। ਗੁਰੂ ਨਾਨਕ ਜੀ ਨੇ ਸਭ ਤੋਂ ਪਹਿਲਾਂ ‘ੴ’ ਲਿਖ ਕੇ ‘ਓ’ ਤੋਂ ਪਹਿਲਾਂ ‘1’ ਲਾ ਕੇ ਸਮਝਾ ਦਿੱਤਾ ਹੈ ਕਿ ਜੇ ਮਨੁੱਖ ਇੱਕ ਦੇ ਲੜ ਲੱਗਾ ਰਹੇਗਾ ਤਾਂ ਆਪਣੀ ਮੰਜ਼ਲ ਤੇ ਸੁਰੱਖਿਅਤ ਨਾਲ ਪਹੁੰਚ ਸਕੇਗਾ, ਪਰ ਇਸ ਦੇ ਉਲਟ ਜੇ ਮਨੁੱਖ ਵੱਖ-ਵੱਖ ਜਥੇਬੰਦੀਆਂ ਵਿੱਚ ਵਡਿਆ ਜਾਵੇ ਤਾਂ ਆਪਣਾ ਆਪ ਹੀ ਬਹੁਤ ਵੱਡਾ ਨੁਕਸਾਨ ਕਰ ਬੈਠੇਗਾ। ਗੁਰਬਾਣੀ ਹੋਰ ਵੀ ਅਨੇਕਾਂ ਥਾਵਾਂ ਤੇ ਇੱਕ ਨੂੰ ਮੰਨਣ ਵਾਸਤੇ ਉਪਦੇਸ਼ ਕਰਦੀ ਹੈ ਜਦੋਂ ਕੇਵਲ ਇੱਕ ਨੂੰ ਹੀ ਮੰਨਣ ਵਾਲਿਆਂ ਦਾ ਇੱਕਠ ਬਣਦਾ ਹੈ ਤਾਂ ਉਹੋ ਹੀ ਗੁਰੂ ਜੀ ਦਾ ਬਣਾਇਆਂ ਹੋਇਆ ਖਾਲਸਾ ਪੰਥ ਅਖਵਾਉਂਦਾ ਹੈ। ਜਦ ਬਹੁਤ ਸਾਰੇ ਇੱਕੋ ਸਿਧਾਂਤ ਦੇ ਧਾਰਨੀ ਬਣ ਜਾਣ, ਇਕੋ ਬਾਣੀ, ਇਕੋ ਗੁਰ ਤੇ ਇੱਕੋ ਬਾਣੇ ਵਿੱਚ ਜੁੜ ਜਾਣ ਤਾਂ ਤਾਕਤ ਬਹੁਤ ਵੱਧ ਜਾਂਦੀ ਹੈ ਮਨੁੱਖਾਂ ਦੇ ਜੀਵਨ ਵਿੱਚੋਂ ਤਮਾਂਮ ਮੁਸ਼ਕਲਾਂ ਹੱਲ ਹੋ ਜਾਂਦੀਆਂ ਹਨ। ਪਰ ਜਦ ਮਨੁੱਖਾਂ ਦੀ ਸੋਚ ਵੱਖੋ ਵੱਖਰੀ ਹੋ ਜਾਵੇ, ਆਪਸ ਵਿੱਚ ਕਿਤੇ ਵੰਡੀਆਂ ਪੈ ਜਾਣ ਤਾਂ ਵੀ ਕੋਈ ਬਹੁਤਾ ਨੁਕਸਾਨ ਨਹੀਂ ਹੈ ਪਰ ਜਦ ਵੰਡੀਆਂ ਤੋਂ ਬਾਅਦ ਆਪਸ ਵਿੱਚ ਟਕਰਾ ਬਣ ਜਾਵੇ, ਆਪਸੀ ਲੜਾਈਆਂ ਝੱਗੜੇ ਹੋਣ ਲੱਗ ਪੈਣ ਤਾਂ ਆਪਣਾ, ਆਪਣੇ ਸਮਾਜ਼ ਦਾ, ਆਪਣੀ ਕੌਮ ਦਾ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ। ਇਤਹਾਸਕਾਰਾਂ ਨੇ ਕਈ ਥਾਈਂ ਬਹੁਤ ਹੀ ਸੱਚ ਸਾਡੇ ਸਾਹਮਣੇ ਪੇਸ਼ ਕੀਤਾ ਹੈ ਕਿ ਸਿੱਖ ਮਿਸਲਾਂ ਨੇ ਜਿਨੀ ਤਾਕਤ ਆਪਸ ਵਿੱਚ ਲੜ੍ਹ-ਲੜ੍ਹਕੇ ਨਸ਼ਟ ਕੀਤੀ, ਜੇ ਕਿਤੇ ਏਨੀ ਤਾਕਤ ਦੁਸ਼ਮਣਾ ਨਾਲ ਲੜ੍ਹਕੇ ਵਰਤ ਲੈਂਦੇ ਤਾਂ ਭਾਰਤ ਦੇਸ਼ ਉਪਰੋਂ ਸਿੱਖਾਂ ਦਾ ਰਾਜ਼ ਕਦੇ ਵੀ ਖਤਮ ਨਹੀਂ ਸੀ ਹੋਣਾ ਅਤੇ ਭਾਰਤ ਦੀ ਭੰਗੋਲਿਕ ਦਸ਼ਾ ਕੁੱਝ ਹੋਰ ਦੀ ਹੋਰ ਹੀ ਹੋਣੀ ਸੀ। ਉਸੇ ਹੀ ਤਰ੍ਹਾਂ ਅੱਜ ਸਿੱਖਾਂ ਦੀ ਹਾਲਤ ਫਿਰ ਬਣੀ ਹੋਈ ਸਹਿਜੇ ਹੀ ਨਜ਼ਰ ਆ ਜਾਂਦੀ ਹੈ ਅਸੀਂ ਇਕੋ ਗੁਰੂ ਨੂੰ ਨਸਮਸਤਕ ਹੋਣ ਵਾਲੇ ਵੀ ਇੱਕ ਦੂਜੇ ਨਾਲ ਮਿਲ ਵਰਤਣ ਵਾਸਤੇ ਤਿਆਰ ਨਹੀਂ ਹਾਂ। ਹਰ ਕੋਈ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝੀ ਬੈਠਾ ਹੈ, ਹਰ ਕੋਈ ਆਪਣੀ ਵਖਰੀ ਜਥੇਬੰਦੀ ਬਣਾਉਣ ਵਿੱਚ ਤਰਲੋ ਮੱਛੀ ਹੋਇਆ ਦਿਸ ਰਿਹਾ ਹੈ ਅੱਜ ਤੱਕ ਵੀ ਅਸੀਂ ਇਸ ਆਪਣੀ ਦਸ਼ਾ ਨੂੰ ਸਮਝ ਨਹੀਂ ਸਕੇ ਕੋਈ ਇੱਕ ਹੀ ਐਸਾ ਲੀਡਰ ਅਗੇ ਆਵੇ ਜੋ ਸਾਰਿਆਂ ਨੂੰ ਇੱਕ ਸੂਤਰ ਵਿੱਚ ਪਰੋ ਕੇ ਸਾਡੀ ਵਿਗੜੀ ਹੋਈ ਹਾਲਤ ਨੂੰ ਸਧਾਰਨ ਦਾ ਕੰਮ ਕਰ ਸਕੇ ਪਰ ਕੀ ਟੀ.ਵੀ ਚੈਨਲ, ਕੀ ਰੇਡੀਉ ਸਟੇਸ਼ਨ, ਕੀ ਛੋਟੇ ਤੋਂ ਲੈ ਕੇ ਵੱਡੇ ਤੋਂ ਵੱਡੇ ਗੁਰਦੁਆਰੇ ਸਭ ਆਪੋ ਆਪ ਨੂੰ ਹੀ ਸਹੀ ਤੇ ਸਿਆਣੇ ਸਮਝ ਰਹੇ ਹਨ। ਕੀ ਨਿੱਕੇ ਜਿਹੇ ਗੁਰਦੁਆਰੇ ਦੇ ਭਾਈ ਤੋਂ ਲੈ ਆਪਣੇ ਆਪ ਨੂੰ ਵੱਡੇ-ਵੱਡੇ ਬ੍ਰਹਮਗਿਆਨੀ ਅਖਵਾਉਣ ਵਾਲੇ ਵੀ ਆਪੋ ਆਪਣੇ ਗਿਆਨ ਰੂਪੀ ਹੰਕਾਰ ਦੇ ਢੋਲ ਗਲ ਪਾਈ ਵਜ਼ਾ ਰਹੇ ਹਨ। ਗੁਰੂ ਜੀ ਬਾਣੀ ਵਿੱਚ ਸਾਨੂੰ ਵਾਰ ਵਾਰ ਸਮਝਾਉਣਾ ਕਰਦੇ ਹਨ ਕਿ ਹੇ ਭਾਈ ਜੇ ਤੇਰੀ ਏਕਤਾ ਬਣੀ ਰਹੇਗੀ ਤਾਂ ਤੂੰ ਬਹੁਤ ਹੀ ਸੌਖ ਨਾਲ ਜੀਵਨ ਬਤਾਅ ਸਕਦਾ ਹੈ। ਗੁਰੂ ਜੀ ਨੇ ਜੋ ਪੰਜ ਪਿਆਰਾ ‘ਪੰਜ ਮੈਬਰੀ’ ਸਿਧਾਂਤ ਵਾਲਾ ਨਾਹਰਾ ਬਲੰਦ ਕੀਤਾ ਸੀ ਅਤੇ ਇਸ ਪੰਜ ਮੈਬਰੀ ਜਥੇਬੰਦੀ ਨੂੰ ਸਾਡੇ ਆਗੂ ਬਣਾਇਆ ਸੀ ਅਸੀਂ ਇਸ ਵੇਲੇ ਉਸ ਤੋਂ ਬਹੁਤ ਦੂਰ ਚਲੇ ਗਏ ਹਾਂ। ਗੁਰੂ ਨਾਨਕ ਜੀ ਨੇ ਆਪਣੇ ਜੀਵਨ ਦੌਰਾਨ ਲੋਕਾਂ ਨੂੰ ਮਿਲ ਵਰਤ ਕਿ ਚਲਣ ਵਾਸਤੇ ਬਹੁਤ ਵੱਡਾ ਨਾਹਰਾ ਲਾਇਆ, ਗੁਰੂ ਜੀ ਨੇ ਜਿਥੇ ਵੀ ਕਿਸੇ ਨੇਕ ਤੇ ਗਿਆਨਵਾਨ ਮਨੁੱਖ ਨੂੰ ਦੇਖਿਆ, ਉਨ੍ਹਾਂ ਨਾਲ ਮਿਲ ਕੇ ਬੈਠੇ, ਵੀਚਾਰਾਂ ਕੀਤੀਆਂ ਅਤੇ ਉਨ੍ਹਾਂ ਦੇ ਉਪਦੇਸ਼ ਨੂੰ ਆਪਣੇ ਨਾਲ ਇਕਠਾ ਕਰ ਲਿਆ। ਗੁਰੂ ਜੀ ਨੇ ਨਾਂ ਕੋਈ ਜਾਤ ਦੇਖੀ, ਨਾਂ ਕੋਈ ਗਰੀਬੀ ਦੇਖੀ, ਨਾਂ ਰੰਗ ਨਾਂ ਇਲਾਕਾ, ਸਭਨਾਂ ਨਾਲ ਮਿਲ ਕੇ ਇੱਕ ਸੂਤਰ ਵਿੱਚ ਪਰੋਏ ਹੋ ਕੇ ਸਾਂਝੇ ਤੌਰਤੇ ਸਮਾਜ਼ ਸਧਾਰ ਦਾ ਕੰਮ ਜ਼ਾਰੀ ਰੱਖਿਆ ਅਤੇ ਇਸ ਇੱਕਠੇ ਕੀਤੇ ਗਿਆਨ ਦੇ ਭੰਡਾਰੇ ਤੋਂ ਅਗਵਾਈ ਲੈਣ ਵਾਸਤੇ ਆਪਣੇ ਤੋਂ ਅਗਲੇ ਉਤਰਾ ਅਧਿਕਾਰੀ ਨੂੰ ਹੁਕਮ ਕਰ ਦਿੱਤਾ। ਇਸੇ ਹੀ ਤਰ੍ਹਾਂ ਜਦ ਅਸੀਂ ਸਾਰੇ ਗੁਰੂਆਂ, ਸਾਰੇ ਭਗਤਾਂ, ਭੱਟਾਂ ਅਤੇ ਗਿਆਨਵਾਨ ਗੁਰਸਿਖਾਂ ਦੇ ਉਪਦੇਸ਼ ਨੂੰ ਇੱਕਠਾ ਕਰਦੇ ਹਾਂ ਤਾਂ ਉਹ ਗੁਰੂ ਗ੍ਰੰਥ ਸਾਹਿਬ ਜੀ ਬਣ ਜਾਂਦਾ ਹੈ ਅਤੇ ਜਦ ਫਿਰ ਇਸ ਗੁਰੂ ਗੰ੍ਰਥ ਜੀ ਦੇ ਉਪਦੇਸ਼ ਅਨੁਸਾਰ ਜੀਵਨ ਜੀਊਣ ਵਾਲਿਆਂ ਨੂੰ ਇੱਕਠਾ ਕਰਦੇ ਹਾਂ ਤਾਂ ਉਹ ਖਾਲਸਾ ਪੰਥ ਬਣ ਜਾਂਦਾ ਹੈ। ਜੇ ਇਸੇ ਤਰ੍ਹਾਂ ਅੱਜ ਅਸੀਂ ਉਪਰਾਲਾ ਕਰਕੇ ਗੁਰੂ ਗੰ੍ਰਥ ਸਾਹਿਬ ਜੀ ਦੀ ਬਾਣੀ ਨੂੰ ਸਮਝ ਲਈਏ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਦ ਫਿਰ ਖਾਲਸਾ ਪੰਥ ਦੀ ਹੋਂਦ ਦੁਬਾਰਾ ਵਜ਼ੂਦ ਵਿੱਚ ‘ਤਾਕਤ ਵਾਲੀ’ ਬਣ ਸਕਦੀ ਹੈ। ਜਦ ਅਸੀਂ ਪਿਛੋਕੜ ਵੱਲ ਝਾਤ ਮਾਰਦੇ ਹਾਂ ਤੇ ਜਦੋਂ ਕਦੇ ਇਸ ਗੁਰੂ ਜੀ ਦੇ ਸਿਧਾਂਤ ਦੇ ਧਾਰਨੀਆਂ ਨੇ ਇੱਕਤਰ ਹੋ ਕੇ ਆਪਣੀ ਤਾਕਤ ਵਰਤੀ ਤਾਂ ਦੁਨੀਆਂ ਭਰ ਵਿੱਚ ਸਾਡੀ ਬਹਾਦਰੀ ਦੇ ਡੱਕੇ ਵਜ਼ਦੇ ਸਨ। ਦੁਨੀਆਂ ਦੀਆਂ ਵੱਡੀਆਂ ਤਾਕਤਾਂ ਫਿਰ ਸਿੱਖਾਂ ਨਾਲ ਹੱਥ ਮਿਲਾਉਣ ਨੂੰ ਫਕਰ ਸਮਝੀਆਂ ਸਨ ਸਾਰੀਆਂ ਬਰਕਤਾਂ ਸਾਡੇ ਚਰਨਾਂ ਵਿੱਚ ਸਨ ਪਰ ਜਦ ਜਦ ਅਸੀਂ ਇਸ ਗੁਰਬਾਣੀ ਦੇ ਉਪਦੇਸ਼ ਤੋਂ ਅਵੇਸਲੇ ਹੁੰਦੇ ਗਏ ਤਾਂ ਸਾਡੀਆਂ ਫਿਰ ਆਪਸੀ ਵੰਡੀਆਂ, ਆਪਸੀ ਵੈਰ, ਆਪਸੀ ਭਰਾ ਮਾਰੂ ਜ਼ੰਗ ਸੁਰੂ ਹੋ ਗਈ ਅਤੇ ਜਿਸ ਦਾ ਸਿੱਟਾ ਅੱਜ ਸਾਡੇ ਸਾਹਮਣੇ ਹੈ। ਕਿਉਂ ਕਿ ਅਸੀਂ ਧਰਮ ਤੋਂ ਸੱਖਣੇ ਹੋ ਗਏ ਹਾਂ, ਗਿਆਨ ਤੋਂ ਦੂਰ ਚਲੇ ਗਏ ਹਾਂ, ਸਾਡੇ ਵਿੱਚ ਇੱਕਸਾਰਤਾ ਨਹੀਂ ਰਹੀ। ਜੇ ਕਰ ਅਸੀਂ ਗੁਰਬਾਣੀ ਤੋਂ ਜਾਣੂ ਹੁੰਦੇ ਤਾਂ ਗੁਰਬਾਣੀ ਸਾਨੂੰ ਆਪਸੀ ਮਿਲਵਰਤਨ, ਆਪਸੀ ਭਰਾਵੀਂ ਪਿਆਰ, ਨਿਮਰਤਾ, ਸੱਤ, ਸੰਤੋਖ, ਦਇਆ, ਧਰਮ, ਧੀਰਜ਼ ਵਾਲੇ ਗੁਣਾਂ ਦਾ ਵਾਸਾ ਕਰਵਾਉਂਦੀ ਹੈ ਸਾਨੂੰ ਸਵੈ-ਮਾਣਤਾ ਵਾਲਾ ਜੀਵਨ ਜੀਊਣ ਦਾ ਵੱਲ, ਤਰੀਕਾ ਸਖਾਉਂਦੀ ਹੈ, ਸੱਚ ਹੱਕ ਦੀ ਕਮਾਈ ਕਰਦਿਆਂ ਵੰਡ ਛੱਕਣ ਦਾ ਉਪਦੇਸ਼ ਕਰਦੀ ਹੈ। ਪਰ ਅੱਜ ਆਮ ਮਨੁੱਖ ਤਾਂ ਕੀ ਆਪਣੇ ਆਪ ਨੂੰ ਸੰਤ, ਸਾਧ, ਬ੍ਰਹਮਗਿਆਨੀ ਅਖਵਾਉਣ ਵਾਲੇ ਵੀ ਇਨ੍ਹਾਂ ਗੁਣਾਂ ਤੋਂ ਕੋਹਾਂ ਦੂਰ ਬੈਠੇ ਹਨ ਉਹ ਵੀ ਕਿਸੇ ਨਾਲ ਬੈਠ ਕੇ ਕੋਈ ਵੀਚਾਰ ਵੀਟਾਂਦਰਾ ਕਰਨ ਵਾਸਤੇ ਤਿਆਰ ਨਹੀਂ ਹਨ, ਇਥੋਂ ਤੱਕ ਕਿ ਅਸੀਂ ਆਪਣੇ ਹੀ ਸਿੱਖ ਭਰਾਵਾਂ ਨਾਲ ਹੱਥ ਮਿਲਾਉਣ ਲਈ ਤਿਆਰ ਨਹੀਂ ਹਾਂ। ਗੁਰੂ ਜੀ ਨੇ ਸੰਗਤ ਪੰਗਤ ਇਸ਼ਨਾਨ ਸਾਰੇ ਸਾਨੂੰ ਏਕਤਾ ਦੇ ਸੂਤਰ ਵਿੱਚ ਪਰੋਣ ਵਾਸਤੇ ਹੀ ਸ਼ੁਰੂ ਕੀਤੇ ਸਨ ਨਾਂ ਕਿ ਇੱਕ ਥਾਂ ਬੈਠ ਕੇ ਭੋਜਨ ਛੱਕਣ ਵਾਸਤੇ ਹੀ ਕੇਵਲ ਸਨ। ਸੱਚ ਜਾਣਿਉਂ ਸਾਡੀ ਸੋਚ ਦਾ (ਅਕਲ ਦਾ) ਐਸਾ ਦਿਵਾਲਾ ਨਿਕਲਿਆ ਹੋਇਆ ਹੈ ਕਿ ਅਸੀਂ ਤਾਂ ਗੁਰਦੁਆਰੇ ਦੇ ਅੰਦਰ ਸੰਗਤ ਕਰਦੇ ਵੀ ਕਈ ਵਾਰੀ ਹੱਥੋ-ਪਾਈ, ਗਾਲੀ ਬਲੋਚ, ਕਰਪਾਨਾਂ ਤਾਈਂ ਕੱਢ ਲੈਂਦੇ ਹਾਂ ਕੀ ਸਾਡੇ ਵਿੱਚੋਂ ਤਾਤ ਪਰਾਈ ਖਤਮ ਹੋ ਗਈ ਹੈ? ਇਸ ਬਾਰੇ ਸਾਨੂੰ ਸੋਚਣ ਦੀ ਬੜ੍ਹੀ ਹੀ ਜਰੂਰਤ ਹੈ। ਅਸੀਂ ਸਟੇਜ਼ਾਂ ਉਪਰ ਗੁਰੂ ਜੀ ਦੇ ਇਨ੍ਹਾਂ ਬਚਨਾਂ ਨੂੰ ਵੀ ਹਮੇਸ਼ਾਂ ਆਖਦੇ ਹਾਂ:-{ ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥ 1॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸਗਿ ਹਮ ਕਉ ਬਨਿ ਆਈ ॥ 1॥ } ਅਤੇ ਨਾਲ ਹੀ ਆਪਣੇ ਸਿੱਖ ਭਰਾਵਾਂ ਨਾਲ ਦੁਸ਼ਮਣਾ ਵਾਂਗੂੰ ਵਰਤ ਵੀ ਰਹੇ ਹੁੰਦੇ ਹਾਂ, ਜਿਸ ਕੌਮ ਦਾ ਗੁਰੂ ਇੱਕ ਨਹੀਂ ਹੁੰਦਾ ਜਿਸ ਤਰ੍ਹਾਂ ਅੱਜ ਸਿਖ ਧਰਮ ਨੂੰ ਮੰਨਣ ਵਾਲਿਆਂ ਵਿੱਚੋਂ ਕਈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਨਾਲ ਹੋਰ ਅਸ਼ਲੀਲਤਾ ਭਰੇ ਬਚਿਤ੍ਰ ਨਾਟਕ ਵਰਗੇ ਗ੍ਰੰਥ ਨੂੰ ਵੀ ਗੁਰੂ ਦਾ ਦਰਜ਼ਾ ਦੇ ਰਹੇ ਹਨ ਤਾਂ ਉਹ ਕੌਮਾਂ ਦੀ ਚੜ੍ਹਦੀ ਕਲਾ ਕਿਸ ਤਰ੍ਹਾਂ ਹੋ ਸਕਦੀ ਹੈ, ਇਕਸਾਰਤਾ ਕਿਸ ਤਰ੍ਹਾਂ ਬਣ ਸਕਦੀ ਹੈ, ਇਕ ਸਿਧਾਂਤ ਕਿਸ ਤਰ੍ਹਾਂ ਬਣ ਸਕਦਾ ਹੈ। ਜਦ ਅਸੀਂ ਗੁਰੂ ਜੀ ਦੇ ਜੀਵਨ ਵੱਲ ਝਾਤ ਮਾਰਦੇ ਹਾਂ ਤਾਂ ਗੁਰੂ ਜੀ ਨੇ ਆਪਣੇ ਆਪ ਨੂੰ ਸਾਡੇ ਆਗੂ ਬਣ ਕੇ ‘ਵਧੀਆ ਮਾਡਲ ਬਣ ਕੇ’ ਸਾਡੀ ਅਗਵਾਈ ਕੀਤੀ ਸੀ ਅਤੇ ਗੁਰੂਆਂ ਦੀ ਸਿਖਿਆ ਉਪਰ ਤੁਰਨ ਵਾਲੇ ਅਨੇਕਾਂ ਹੀ ਮਾਈ-ਭਾਈ ਨੇ ਫਿਰ ਦੁਨੀਆਂ ਨੂੰ ਮਾਡਲ ਬਣ ਕਿ ਦਿਖਾਲ ਦਿੱਤਾ ਸੀ ਪਰ ਅੱਜ ਸਾਡੇ ਰਾਜ਼ਨੀਤਕ ਆਗੂ ਅਤੇ ਨਿਰ੍ਹਾ ਧਰਮ ਦੇ ਦਿਖਾਵੇ ਦਾ ਪਹਿਰਾਵਾ ਪਾਈ ਧਰਮ ਆਗੂਆਂ ਦੇ ਜੀਵਨ ਵਿੱਚੋਂ ਪੁਰਾਣੇ ਗੁਰਸਿਖਾਂ ਵਾਲੇ ਗੁਣ ਖਤਮ ਹੀ ਹੋ ਗਏ ਹਨ। ਆਉ ਸੰਗੀਉ ਸਾਥੀਉ ਪ੍ਰਣ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਖੁਦ ਆਪ ਅਰਥਾਂ ਨਾਲ ਪੜੀਏ ਸਮਝੀਏ ਤੇ ਹੋਰਨਾਂ ਤੱਕ ਇਸ ਦਾ ਪ੍ਰਚਾਰ ਕਰੀਏ ਤਾਂ ਹੀ ਅਸੀਂ ਇਕ ਸੂਤਰ ਵਿੱਚ ਪਰੋ ਹੋ ਕਿ ਆਪਣਾ ਤੇ ਆਪਣੀ ਕੌਮ ਦਾ ਕੁੱਝ ਭਲਾ ਕਰ ਸਕਦੇ ਹਾਂ ਨਹੀਂ ਤਾਂ ਆਪਣੀ ਤਾਕਤ ਖੇਰੂੰ-ਖੇਰੂੰ ਹੋਈ ਅੱਜ ਥਾਂ-ਥਾਂ ਦੀ ਭਟਕਣਾ ਵਿੱਚ ਨਸ਼ਟ ਹੋ ਰਹੀ ਹੈ।
(ਕਬਿੱਤ ਨੰ:-582)
ਸੰਗ ਮਿਲਿ ਚਲੈ, ਨਿਰਬਿਘਨ ਪਹੂਚੈ ਘਰ, ਬਿਛਰੈ ਤੁਰਤ ਬਟਵਾਰੋ (ਬਾਟ ਮਾਰਨ ਵਾਲੇ) ਮਾਰ ਡਾਰ ਹੈਂ ।
ਅਰਥ-ਭਾਈ ਗੁਰਦਾਸ ਜੀ ਸਾਨੂੰ ਚੇਤਾਵਨੀ ਦਿੰਦੇ ਹੋਏ ਆਖਦੇ ਹਨ ਕਿ ਜੇ ਮਨੁੱਖ ਕਿਸੇ ਮੰਜਲ ਉਪਰ ਜਾਣ ਵਾਸਤੇ ਸੰਗੀ ਸਾਥੀਆਂ ਨਾਲ ਮਿਲ ਕੇ ਚੱਲਦਾ ਹੈ ਤਾਂ ਉਹ ਆਪਣੀ ਮੰਜਲ ਉਪਰ ਨਿਰਵਿਘਨਤਾ ਨਾਲ ਪਹੁੰਚ ਜਾਂਦਾ ਹੈ ਪਰ ਜੇ ਆਪਣੇ ਕਾਫ਼ਲੇ ਨਾਲੋਂ ਕਿਤੇ ਵਿਛੜ ਜਾਵੇ ਤਾਂ ਰਸਤੇ ਵਿੱਚ ਲੁਟੇਰੇ ਆਦਿਕ ਉਸ ਨੂੰ ਲੁੱਟ ਲੈਂਦੇ ਹਨ ਅਤੇ ਕਈ ਵਾਰੀ ਤਾਂ ਜਾਨੋਂ ਵੀ ਮਾਰ ਦਿੰਦੇ ਹਨ। (ਭਾਵ ਹੈ ਇੱਕਸਾਰਤਾ ਵਿੱਚ ਮਨੁੱਖ ਦੀ ਤਾਕਤ ਬਹੁਤ ਵੱਧ ਜਾਂਦੀ ਹੈ ਅਤੇ ਹਰ ਕਾਰਜ਼ ਕਰਨ ਵਾਸਤੇ ਸੌਖ ਹੋ ਜਾਂਦੀ ਹੈ ਪਰ ਜੇ ਆਪਸ ਵਿੱਚ ਵੰਡੀਆਂ ਪੈ ਜਾਣ ਤਾਂ ਖੁਦ ਆਪਣਾ ਹੀ ਬਹੁ ਵੱਡਾ ਨੁਕਸਾਨ ਵੀ ਹੋ ਜਾਂਦਾ ਹੈ)।
ਜੈਸੇ ਬਾਰ ਦੀਏ ਖੇਤ ਛੁਵਤ ਨ ਮ੍ਰਿਗ ਨਰ, ਛੇਡੀ (ਖੁੱਲ੍ਹਾ ਛੱਡਿਆਂ) ਭਏ ਮ੍ਰਿਗ ਪੰਖੀ ਖੇਤਹਿ ਉਜਾਰ ਹੈਂ ।
ਅਰਥ-ਭਾਈ ਜੀ ਸਾਨੂੰ ਸਮਝਾਉਣ ਵਾਸਤੇ ਉਧਾਰਨ ਵਰਤਦੇ ਹਨ ਕਿ ਜਿਸ ਤਰ੍ਹਾਂ ਕਿਸਾਨ ਆਪਣੇ ਖੇਤ ਵਿੱਚ ਬੀਜੀ ਹੋਈ ਫ਼ਸਲ ਦੇ ਆਹਲੇ-ਦੁਆਲੇ ਵਾੜ੍ਹ ਕਰਕੇ ਪਸ਼ੂਆਂ ਅਤੇ ਹੋਰ ਜਾਨਵਰਾਂ ਦੇ ਉਜਾੜੇ ਤੋਂ ਆਪਣੀ ਖੇਤੀ ਨੂੰ ਬਚਾ ਲੈਂਦਾ ਹੈ ਪਰ ਜੇ ਖੇਤ ਦੇ ਬਾਹਰ ਵਾੜ ਨਾ ਕਰੇ ਤਾਂ ਹਿਰਨ ਆਦਿਕ ਹੋਰ ਪਸ਼ੂ ਕਿਸਾਨ ਦੀ ਖੇਤੀ ਨੂੰ ਉਜਾੜ ਜਾਂਦੇ ਹਨ।
ਪਿੰਜਰਾ ਮੈ ਸੂਆ ਜੈਸੇ ਰਾਮ ਨਾਮ ਲੇਤ ਹੇਤੁ, ਨਿਕਸਤਿ ਖਿਨ ਤਾਂਹਿ ਗ੍ਰਸਤ ਮੰਜਾਰ ਹੈ ।
ਅਰਥ:-ਭਾਈ ਜੀ ਇੱਕ ਹੋਰ ਉਧਾਰਨ ਦਿੰਦੇ ਹਨ ਕਿ ਜਿਸ ਤਰ੍ਹਾਂ ਕੋਈ ਤੋਤਾ ਪਿੰਜਰੇ ਵਿੱਚ ਬਾਹਰ ਬੈਠੇ ਬਿੱਲੇ ਤੋਂ ਸੁਰੱਖਿਅਤ ਹੈ ਪਰ ਜੇ ਕਿੱਤੇ ਉਹ ਤੋਤਾ ਆਪਣੇ ਪਿੰਜਰੇ ਚੋਂ ਬਾਹਰ ਨਿਕਲ ਆਵੇ ਤਾਂ ਬਿੱਲਾ ਉਸ ਨੂੰ ਝੱਟ ਹੀ ਮਾਰ ਦੇਵੇਗਾ। ਇਸੇ ਹੀ ਤਰ੍ਹਾਂ ਜੇ ਮਨੁੱਖ ਪਾਸ ਗੁਰੂ ਦਾ ਬਖਸ਼ਿਆ ਗਿਆਨ ਹੈ ਤਾਂ ਮਨੁੱਖ ਵਿਕਾਰਾਂ ਰੂਪੀ ਬਿੱਲੇ ਪਾਸੋਂ ਹਮੇਸ਼ਾਂ ਹੀ ਆਪਣਾ ਬਚਾ ਕਰ ਸਕਦਾ ਹੈ। ਜੇ ਮਨੁੱਖ ਪਾਸ ਕੋਈ ਗਿਆਨ ਨਹੀਂ ਹੈ ਤਾਂ ਇਸ ਨੂੰ ਵਿਕਾਰ ਅਤੇ ਹੋਰ ਸ਼ੈਤਾਨ ਬੁੱਧੀ ਵਾਲੇ ਮਨੁੱਖ ਮਾਰ ਸਕਦੇ ਹਨ ਇਸ ਦਾ ਸੱਭ ਕੁੱਝ ਲੁੱਟ ਸਕਦੇ ਹਨ, ਜਿਸ ਤਰ੍ਹਾਂ ਅੱਜ ਦਾ ਪਾਖੰਡੀ ਸਾਧ ਲਾਣਾ ਸਿੱਖਾਂ ਨੂੰ ਲੁੱਟ ਰਿਹਾ ਹੈ।
ਸਾਧਸੰਗ ਮਿਲਿ ਮਨ ਪਹੁਚੈ ਸਹਜ ਘਰਿ, ਬਿਚਰਤ(ਵਿਚਰਿਆਂ)ਪੰਚੋ ਦੂਤ ਪ੍ਰਾਨ ਪਰਿਹਾਰ(ਮਾਰ ਦੇਂਦੇ)ਹੈਂ ॥ 582॥
ਅਰਥ:-ਭਾਈ ਜੀ ਕਬਿੱਤ ਦੀ ਆਖਰੀ ਲਾਈਨ ਅੰਦਰ ਉਪਰ ਦਰਸਾਈਆਂ ਸਾਰੀਆਂ ਉਧਾਰਨਾ ਦੀ ਮੂਲ ਸਿਖਿਆ ਦਰਸਾ ਰਹੇ ਹਨ ਕਿ ਜੇ ਮਨੁੱਖ ਗੁਰੂ ਦੀ ਸੰਗਤ (ਗਿਆਨਵਾਨਾਂ ਦੀ ਸੰਗਤ) ਨਾਲ ਮਿਲ ਕੇ ਜੀਵਨ ਅੰਦਰ ਗਿਆਨ ਹਾਸਲ ਕਰ ਲਵੇ ਤਾਂ ਮਨੁੱਖ ਦੇ ਮਨ ਦੀ ਇਕਸਾਰਤਾ ਬਣ ਸਕਦੀ ਹੈ, ਗਿਆਨਵਾਨ ਮਨੁੱਖ ਹੀ ਆਪਣੀ ਮੰਜ਼ਲ ਤੇ ਸਹੀ ਸਲਾਮਤ ਪਹੁੰਚ ਸਕਦਾ ਹੈ। ਪਰ ਜਿਹੜਾ ਮਨੁੱਖ ਇਸ ਗਿਆਨ ਨਾਲੋਂ ਟੁੱਟ ਜਾਂਦਾ ਹੈ, ਵਿਛੜ ਜਾਂਦਾ ਹੈ ਉਸ ਦੀ ਸੋਚ ਅਗਿਆਨਤਾ ਅਧੀਨ ਵਿਕਾਰਾਂ ਵਿੱਚ ਫਸ ਜਾਂਦੀ ਹੈ ਅਤੇ ਆਤਮਿਕ ਤੱਲ ਤੇ ਉਸ ਨੂੰ ਸਾਰੀ ਉਮਰ ਹੀ ਮਾਰ ਪੈਂਦੀ ਰਹਿੰਦੀ ਹੈ ਅਤੇ ਉਸ ਨੂੰ ਕੋਈ ਵੀ ਸ਼ੈਤਾਨ ਬੁੱਧੀ ਵਾਲਾ ਵਰਤ ਸਕਦਾ ਹੈ।582।ਲੇਖਕ : ਕੁਲਵੰਤ ਸਿੰਘ ਭੰਡਾਲ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1506

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ