ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

15 ਅਗਸਤ 1947 ਤੇ ਸਿਖ

ਚੋਦਾਂ ਅਗਸਤ 1947 ਵਾਲੇ ਦਿਨ ਸੂਰਜ ਦਾ ਰਥ ਸਦੀਆਂ ਤੋਂ ਚਲੇ ਆਉਂਦੇ ਪਰੋਗਰਾਮ ਅਨੁਸਾਰ ਜਦ ਸਰਕਦਾ ਸਰਕਦਾ ਪੱਛਮ ਵਿਚ ਅਲੋਪ ਹੋ ਗਿਆ ਤਾਂ ਭਾਰਤ ਦੀ ਬਹੁਗਿਣਤੀ ਵੀ ਹਰ ਰੋਜ਼ ਵਾਂਗ ਆਪਣੀ ਪਿਆਰੀ ਲੇਲਾ ( ਰਾਤ ਰਾਣੀ ) ਦੀ ਗੋਦ ਵਿਚ ਜਾ ਬਿਰਾਜਮਾਨ ਹੋਈ । ਸਦੀਆਂ ਤੋਂ ਗੁਲਾਮੀ ਦਾ ਜੂਲਾ ਚੁੱਕੀ ਫਿਰਦੀ ਬਹੁਗਿਣਤੀ ਦੇ ਕੱਨ੍ਹਾ ( ਬਲਦ ਦੀ ਗਰਦਨ ਤੇ ਲੱਗਾ ਲਾਗਾ) ਪੈਣ ਕਾਰਨ ਉਸ ਨੂੰ ਗੁਲਾਮੀ ਆਜ਼ਾਦੀ ਦੀ ਕੋਈ ਸਾਰ ਹੀ ਨਹੀਂ ਸੀ। ਉਹ ਤਾਂ ਬਸ ਜੀ ਰਹੀ ਸੀ। ਰਾਜਾ. ਜ਼ਿਮੀਦਾਰ,ਉਚ ਜ਼ਾਤੀ ਦੇ ਠਾਕਰ ਲੋਗ ਹੀ ਉਸ ਲਈ ਅੰਨਦਾਤਾ ਸਨ ਅਤੇ ਉਸ ਲਈ ਭਗਵਾਨ ਸਨ। ਵਰਣ ਵੰਡ ਦਾ ਸ਼ਿਕੰਜਾ ਉਸ ਨੂੰ ਨਿੱਸਲ ਕਰੀ ਜਾ ਰਿਹਾ ਸੀ। ਚੌਦਾਂ ਅਗਸਤ 1947, ਬਾਰਾਂ ਵਜੇ ਰਾਤ ਨੂੰ ਹੋਣ ਵਾਲੀ ਤਬਦੀਲੀ ਨਾਲ ਉਸਨੂੰ ਕੋਈ ਵਾਸਤਾ ਨਹੀਂ ਸੀ ।
ਚੌਂਦਾ ਅਗ਼ਸਤ ਦੀ ਰਾਤ ਨੂੰ 12 ਵਜੇ ਜਦ ਘੜੀ ਦੀਆਂ ਦੋਨੋਂ ਸੂਈਆਂ ਨੰਬਰ ਬਾਰਾਂ ਤੇ ਇਕੱਠੀਆਂ ਹੋਈਆਂ ਤਾਂ ਲਾਲ ਕਿਲ੍ਹੇ ਦੇ ਫਲੈਗ ਪੋਸਟ ਤੋਂ ਯੂਨੀਅਨ ਜੈਕ
ਉਤਾਰ ਲਿਆ ਗਿਆ। ਕੁਝ ਹੀ ਮਿੰਟਾਂ ਵਿਚ 15 ਅਗਸਤ ਦੀ ਆਮਦ ਦੇ ਨਾਲ ਯੂਨੀਅਨ ਜੈਕ ਦੀ ਥ੍ਹਾਂ ਤਰੰਗਾ ਲੈਹਰਾਉਣ ਲੱਗਾ। ਭਾਰਤ ਦੀ ਜਾਗਦੀ ਵਸੋਂ ਨੇ ਪੰਡਤ ਜਵਾਹਰ ਲਾਲ ਨੈਹਰੂ ਜੀ ਦਾ ਭਾਸ਼ਨ ਸੁਣਿਆ। ਸਚ ਹੀ ਤਾਂ ਆਖਿਆ ਸੀ ਪੰਡਤ ਜੀ ਨੇ “ ਅਜ ਵਰਗੀ ਵੱਡੀ ਤਬਦੀਲੀ ਭਾਗਾਂ ਵਾਲਿਆਂ ਦੇ ਹਿਸੇ ਆਉਂਦੀ ਹੈ।“ ਸਭ ਤੋਂ ਵੱਡੀ ਤਬਦੀਲੀ ਤਾਂ ਪੰਡਤ ਜੀ ਦੇ ਜੀਵਨ ਵਿਚ ਆਈ ਸੀ , ਇਕ ਗੁਲਾਮ ਹੁਣ ਤਾਜਦਾਰ ਹੋ ਗਿਆ ਸੀ, ਉਸਨੂ ਗਿਰਫਤਾਰ ਕਰਨ ਵਾਲੀ ਪੁਲੀਸ ਹੁਣ ਉਸ ਦੀ ਤਾਬਿਆਦਾਰੀ ਵਿਚ ਹਾਜ਼ਰ ਹੋ ਗਈ ਸੀ।
ਭਾਰਤੀ ਫੌਜੀ ਜਾਗ ਰਹੇ ਸਨ। ਭਾਰਤ ਦੀ ਪੁਲਸ ਜਾਗ ਰਹੀ ਸੀ। ਭਾਰਤ ਦੀ ਅਫਸਰਸ਼ਾਹੀ ਜਾਗ ਰਹੀ ਸੀ । ਉਹ ਸਮਝਦੇ ਸਨ ਕਿ ਫਰੰਗੀ ਰਾਜ ਜਾਣ ਨਾਲ ਫਰੰਗੀ ਅਫਸਰਾਂ ਦੀ ਹੂਤ ਹਾਤ ਵੀ ਜਾਂਦੀ ਲਗੇਗੀ। ਉਹਨਾਂ ਦੇ ਸਵੈਮਾਨ ਨੂੰ ਚੋਟ ਮਾਰਨ ਵਾਲਾ ਸਦਾ ਲਈ ਚਲਾ ਜਾਵੇਗਾ।ਉਹਨਾਂ ਵਿਚਾਰਿਆਂ ਨੂੰ ਇਹ ਗਿਆਨ ਥੋਹੜਾ ਸੀ ਕਿ ਹਕੂਮਤ ਦੀ ਵਾਗ ਡੋਰ ਸੰਭਾਲਣ ਵਾਲੇ ਸਿਆਸੀ ਆਗੂ ਇਹੋ ਜਿਹੀ ਭਰਿਸ਼ਟ ਸਰਕਾਰ ਦਾ ਗੱਠਨ ਕਰਨਗੇ ਕਿ ਹਰ ਕੋਈ ਪੁਕਾਰ ਉਠੇ ਗਾ ਕਿ ਅਗੇ ਨਾਲੋਂ ਪਿਛਾ ਭਲਾ।
15 ਅਗਸਤ 1947 ਤਕ ਕੁਝ ਭਾਰਤੀਆਂ ਦੀਆਂ ਬੇੜੀਆਂ ਅਤੇ ਕੜੀਆਂ ਪਤਲੀਆਂ ਸਨ ( ਗਾਂਧੀ ਜੀ ਨੂੰ ਤਾਂ ਸਰਕਾਰੀ ਮੈਹਮਾਨ ਦੀ ਤਰਾਂ ਸਰ ਆਗਾ ਖਾਨ ਦੀ ਕੋਠੀ ਵਿਚ ਨਜ਼ਰ ਬੰਦ ਰਖਿਆ ਜਾਂਦਾ ਸੀ ) ਅਤੇ ਮੋਟੀਆਂ ਬੇੜੀਆਂ ਵਾਲਿਆਂ ਲਈ ਕਾਲੇ ਪਾਣੀ ਦੀਆਂ ਕਾਲ ਕੋਠੜੀਆਂ ਸਨ। ਗਾਂਧੀ ਜੀ ਦੀ ਭਾਗਾਂ ਵਾਲੀ ਬਕਰੀ ਦੇ ਖਾਣ ਲਈ ਅੰਗੂਰ ਮਿਲਦੇ ਸਨ ਜਦ ਕਿ ਮੋਟੀ ਬੇੜੀਆਂ ਵਾਲਿਆਂ ਲਈ ਘੱਟੀਆ ਖੋਰਾਕ ਜੇਹਲਰਾਂ ਦਾ ਤੱਸ਼ਦਦ ਖਾਣ ਪੀਣ ਉਠਣ ਬੇਠਣ ਅਤੇ ਟਟੀ ਪੈਸ਼ਾਬ ਸਭ ਕਾਸੇ ਲਈ ਇਕੋ ਕਮਰਾ ਪਰ ਉਹ ਸੀ ਨਾ ਕਰਦੇ , ਉਠਦੇ ਬੈਠਦੇ ਗੁਲਾਮੀ ਦਾ ਜੂਲਾ ਵਗ੍ਹਾ ਮਾਰਨ ਦਾ ਹੀ ਸੁਪਨਾ ਸਾਕਾਰ ਕਰਨ ਲਈ ਆਪਣੀ ਜਾਨ ਜਾਇਦਾਦ ਸਭ ਦਾਅ ਤੇ ਲਾਈ ਬੈਠੇ ਸਨ। ਜਾਗਦੇ ਉਹ ਆਜ਼ਾਦੀ ਲਈ ਜੂਝਦੇ ਸਨ ਅਤੇ ਸੌਂਦੇ ਤਾਂ ਆਜ਼ਾਦੀ ਦਾ ਸੁਪਨਾ ਲੈਂਦੇ ਸਨ ( ਰਾਤੀਂ ਸੁਤੇ ਪਏ ਮੈਨੂੰ ਇਕ ਖੁਆਬ ਆ ਗਿਆ ਭਜੇ ਜਾਣ ਫਰੰਗੀ ਇਨਕਲਾਬ ਆ ਗਿਆ)।
ਆਖਰ 15 ਅਗਸਤ 1947 ਨੂੰ ਜਦ ਇਨਕਲਾਬ ਆਇਆ ਤਾਂ ਉਸ ਨੂੰ ਲਿਆਉਣ ਲਈ ਸੰਘ੍ਹਰਸ਼ ਕਰਨ ਵਾਲੇ ਤਾਂ ਜੇਹਲਾਂ ਵਿਚ ਡੱਕੇ ਹੋਏ ਸਨ ਅਤੇ ਬਰਤਾਨੀਆਂ ਸਰਕਾਰ ਆਪਣੇ ਚੁਣੇ ਹੋਏ ਚਹੇਤੇ ਆਗੂਆਂ ਹਥ ਭਾਰਤ ਦੀ ਹਕੂਮਤ ਦੀ ਵਾਗ ਡੋਰ ਸੰਭਾਲ ਰਹੀ ਸੀ।ਜਦ ਤਕ ਨੈਹਰੂ ਸਰਕਾਰ ਪੂਰੀ ਤਰਾਂ ਕਾਬਜ਼ ਨਹੀਂ ਹੋਈ ਆਜ਼ਾਦੀ ਲਈ ਆਪਾ ਵਾਰਨ ਵਾਲੇ ਜੇਹਲਾਂ ਵਿਚ ਹੀ ਡਕੇ ਰਹੇ।
ਭਾਰਤ ਨੂੰ ਆਜ਼ਾਦ ਕਰਨਾ ਬਰਤਾਨੀਆਂ ਸਰਕਾਰ ਦੀ ਮਜਬੂਰੀ ਸੀ। ਦੂਜੀ ਆਲਮੀ ਜੰਗ ਕਾਰਨ ਬਰਤਾਨੀਆਂ ਦੀ ਆਰਥਕ ਹਾਲਤ ਬੇ ਹਦ ਪਤਲੀ ਹੋ ਗਈ ਸੀ। ਦੂਸਰਾ ਬਰਤਾਨਵੀ ਹਾਕਮਾਂ ਦੇ ਮਨ ਵਿਚ ਹਿੰਦੋਸਤਾਨੀ ਫੌਜ ਬਾਰੇ ਇਕ ਸ਼ੰਕਾ ਉਤਪਨ ਹੋ ਗਿਆ ਸੀ ਕਿ ਕਦੇ ਵੀ ਆਜ਼ਾਦ ਹਿੰਦ ਫੋਜ ਵਰਗਾ ਗਠਨ ਹੋ ਸਕਦਾ ਹੈ। ਕਿਸੇ ਦਬਾ ਥਲੇ ਮੁਲਕ ਛਡਣ ਦੀ ਬਜਾਏ ਆਪਣੇ ਚਹੇਤਿਆਂ ਹਥ ਹਕੂਮਤ ਦੀ ਵਾਗਡੋਰ ਸੰਭਾਲਣ ਨੂੰ ਹੀ ਭਲਾ ਸਮਝਿਆ। ਜੰਗੇ ਆਜ਼ਾਦੀ ਦੌਰਾਨ ਸਭ ਦੀ ਇਕੋ ਸੋਚ ਸੀ ਕਿ ਅਜ਼ਾਦੀ ਮਿਲਣ ਉਪਰੰਤ ਹਕੂਮਤ ਬਰਤਾਨੀਆਂ ਦੀ ਲੁਟ ਖਸੁਟ ਬੰਦ ਹੋ ਜਾਵੇਗੀ। ਭਾਰਤ ਵਾਸੀ ਆਪਣੀ ਤਕਦੀਰ ਦਾ ਫੈਸਲਾ ਆਪ ਕਰਨ ਗੇ। ਇਬਰਾਹੀਮ ਲਿੰਕਨ ਲੋਕਤੰਤਰ ਦੇ ਬੁਨਿਆਦੀ ਅਸੂਲ ਦੀ ਗੱਲ ਕਰਦਾ ਹੋਇਆ ਆਖਦਾ ਹੈ ( ਕੋਈ ਵੀ ਇਨਸਾਨ ਇੱਡਾ ਵਧੀਆ ਜਾਂ ਸਿਆਣਾ ਨਹੀਂ ਜੋ ਦੂਸਰੇ ਦੀ ਮਰਜ਼ੀ ਤੋਂ ਬਗੈਰ ਹੀ ਉਸ ਤੇ ਰਾਜ ਕਰੇ)।ਆਜ਼ਾਦੀ ਦੇ ਘੁਲਾਟੀਆਂ ਦਾ ਵੀ ਇਹੋ ਸੁਪਨਾ ਸੀ ਕਿ ਆਜ਼ਾਦੀ ਮਿਲਣ ਉਪਰੰਤ ਰਲ ਮਿਲ ਕੇ ਇਕ ਐਸੀ ਸਰਕਾਰ ਬਣਾਈ ਜਾਵੇਗੀ ਜੋ ਬਗੈਰ ਕਿਸੇ ਵਿਤਕਰੇ ਦੇ ਹਰ ਬਸ਼ਰ ਦੀ ਜਾਨ ਮਾਲ ਦੀ ਰਾਖੀ ਕਰੇ ਗੀ। ਸਰਕਾਰ ਜਰਾਇਮ ਪੇਸ਼ਾ ਲੋਕਾਂ ਤੇ ਕਾੱਬੂ ਪਾਏਗੀ ਅਤੇ ਬਾਹਰੀ ਹਮਲਾਆਵਰਾਂ ਤੋਂ ਦੇਸ਼ ਦੀ ਰਾਖੀ ਕਰੇ ਗੀ । ਲੋਕਾਂ ਦੇ ਧਰਮ ਅਤੇ ਵਿਚਾਰਾਂ ਤੇ ਸਰਕਾਰ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਨਹੀਂ ਕਰੇਗੀ। ਦੇਸ਼ ਦਾ ਹਰ ਬਸ਼ਰ ਸ਼ਖਸ਼ੀ ਆਜ਼ਾਦੀ ਦਾ ਨਿਘ ਮਾਣ ਸਕੇ ਗਾ। ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਡਤ ਨੈਹਰੂ ਜੰਨਤਾ ਨਾਲ ਇਹੋ ਇਕਰਾਰ ਕਰਦੇ ਆਏ ਸਨ। ਪਰ ਹਕੂਮਤ ਹਥ ਆਉਂਦਿਆਂ ਸਾਰੇ ਇਕਰਾਰ ਫਿਕੇ ਪੈ ਗਏ। ਕੌਟ ਪੈਂਟ ਟਾਈ ਦੀ ਥ੍ਹਾਂ ਕੁੜਤਾ ਪਜਾਮਾ ਅਤੇ ਨੈਹਰੂ ਜੈਕਟ ਆ ਗਏ ਅੰਗਰੇਜ਼ੀ ਟੋਪ ਦੀ ਜਗ੍ਹਾ ਦੋ ਟਕੇ ਦੀ ਗਾਂਧੀ ਟੋਪੀ ਨੇ ਸੰਭਾਲ ਲਈ। ਇਸ ਬਾਣੇ ਨੂੰ ਕਾਂਗਰਸੀ ਲੀਡਰਾਂ ਨੇ ਹੇਰਾ ਫੇਰੀ ,ਲੁਟ ਖਸੁਟ ਅਤੇ ਧਾਂਦਲੀ ਲਈ ਪਰਮਿਟ ਵਾਂਗ ਵਰਤਿਆ। ਲੋਕ ਦਬੀ ਜ਼ੁਬਾਨ ਵਿਚ ਆਖਦੇ ਸਨ ( ਅਸੀ ਚਾਹੁੰਦੇ ਹਾਂ ਇਸ ਗੌਰਮੈਂਟ ਨੂੰ ਕਾਨੂੰਨ ਬਣਾਉਣਾ ਚਾਹੀਦਾ ਇਸ ਥਰੀ ਨੋਟ ਥਰੀ ਦੀ ਟੋਪੀ ਤੇ ਲਸੰਸ ਲਗਾਉਣਾ ਚਾਹੀਦਾ)।
ਭਾਰਤ ਆਜ਼ਾਦੀ ਨਾਲ ਸਦੀਆਂ ਦੀ ਗੁਲਾਮੀ ਦੀ ਜ਼ਹਿਨੀਅਤ ਨਾ ਗਈ ਜਿਵੇਂ ਹਰ ਔਰਤ ਸਸ ਬਣ ਕੇ ਨੂੰਹ ਨਾਲ ਉਹੋ ਵਿਹਾਰ ਕਰਦੀ ਹੈ ਜੋ ਉਸ ਨਾਲ ਹੁੰਦਾ ਰਿਹਾ ਸੀ ਠੀਕ ਉਸੇ ਤਰਾਂ ਹਕੂਮਤ ਦੀ ਕੁਰਸੀ ਤੇ ਬੈਠਣ ਵਾਲਿਆਂ ਕੀਤਾ ਪੰਜਾਬੀਆਂ ਨੂੰ ਖਾਸ ਕਰ ਸਿਖਾਂ ਨੂੰ ਆਜ਼ਾਦੀ ਦਾ ਨਿੱਘ ਮਾਨਣ ਦਾ ਅਵਸਰ ਦੇਣ ਦੇ ਇਕਰਾਰ ਨੂੰ ਛਿਕੇ ਟੰਗ ਕੇ ਗੁਲਾਮੀ ਦਾ ਐਹਸਾਸ ਕਰਾਉਣਾ ਸ਼ੁਰੂ ਕਰ ਦਿਤਾ। ਆਜ਼ਾਦੀ ਤੋਂ ਪਹਿਲਾਂ ਗਾਂਧੀ ਜੀ ਨੇ ਚਾਂਦਨੀ ਚੌਕ ਗੁਰਦਵਾਰੇ ਵਿਚ ਆਪਣੇ ਭਾਸ਼ਨ ਦੋਰਾਨ ਆਖਿਆ ਸੀ ਕਿ ਸਿਖਾਂ ਨਾਲ ਪੂਰਾ ਇਨਸਾਫ ਹੋਵੇਗਾ ਅਗਰ ਕਾਂਗਰਸ ਬੇਇਨਸਾਫੀ ਕਰੇਗੀ ਤਾਂ ਸਿਖਾਂ ਪਾਸ ਆਪਣੇ ਹੱਕ ਹਾਸਲ ਕਰਨ ਲਈ ਕਿਰਪਾਨ ਹੈ। ਆਪਣੇ ਆਪ ਨੂੰ ਆਹਿੰਸਾ ਦਾ ਮਸੀਹਾ ਕਹਾਉਣ ਵਾਲਾ ਤਲਵਾਰ ਚਕਣ ਦੀ ਗੱਲ ਕਰੇ ਤਾਂ ਸਮਝ ਲੈਣਾ ਚਾਹੀਦਾ ਸੀ ਕਿ ਦਾਲ ਵਿਚ ਕੁਝ ਕਾਲਾ ਹੈ ਪਰ ਸਾਡੇ ਵਿਚੋਂ ਹੀ ਕੁਝ ਜ਼ਰ ਖਰੀਦ ਆਗੂ ਜੈ ਕਾਰਿਆਂ ਦੀ ਗੂੰਜ ਵਿਚ ਸਭ ਕੁਝ ਲੁਕਾ ਦਿੰਦੇ ਹਨ। ਇਸੇ ਤਰਾਂ ਪੰਡਤ ਜੀ ਨੇ ਵੀ ਸਿਖਾਂ ਨੂੰ ਇਕ ਵਿਸ਼ਵਾਸ ਦਵਾਇਆ ਸੀ ਕਿ ਮੁਲਕ ਦੇ ਸ਼ਮਾਲ ਮਗਰਬ ਵਿਚ ਇਕ ਐਸਾ ਖਿਤਾ ਬਣਾ ਦਿਤਾ ਜਾਵੇਗਾ ਜਿਥੇ ਦੇਸ਼ ਦੀ ਬਹਾਦਰ ਸਿਖ ਕੌਮ ਆਜ਼ਾਦੀ ਦਾ ਨਿੱਘ ਮਾਣ ਸਕੇ। ਸਭ ਤੋਂ ਪਹਿਲਾ ਤੋਹਫਾ ਜੋ ਨੈਹਰੂ ਸਰਕਾਰ ਨੇ ਆਜ਼ਾਦੀ ਦੇ ਘੋਲ ਵਿਚ ਵਿਤੋਂ ਬਾਹਰ ਕੁਰਬਾਨੀਆਂ ਕਰਨ ਵਾਲੀ ਸਿਖ ਕੌਮ ਨੂੰ ਦਿਤਾ ਉਹ ਸੀ ਕਿਰਪਾਨ ਤੇ ਪਾਬੰਦੀ । ਮਾਸਟਰ ਤਾਰਾ ਸਿੰਘ ਜੀ ਬੜੇ ਹੱਮੇਂ ਨਾਲ ਪੰਡਤ ਜੀ ਨੂੰ ਮਿਲਣ ਤੁਰ ਗਏ।ਦਿਲੀ ਪੁਜਣ ਤੋਂ ਪਹਿਲਾਂ ਹੀ ਗਿਰਫਤਾਰ ਕਰ ਲਏ ਗਏ। ਵਕਤ ਮਿਲਣ ਤੇ ਜਦ ਪੰਡਤ ਜੀ ਨੂੰ ਅਤੇ ਗ੍ਰੈਹ ਮੰਤਰੀ ਪਟੇਲ ਜੀ ਨੂੰ ਮਿਲ ਕੇ ਕੀਤੇ ਇਕਰਾਰਾਂ ਦਾ ਚੇਤਾ ਕਰਵਾਇਆ ਤਾਂ ਜਵਾਬ ਮਿਲਿਆ ਸੀ (ਅਬ ਵਕਤ ਬਦਲ ਚੁਕਾ ਹੈ) ਸਿਰਫ ਏਨਾਂ ਕਹਿਣਾ ਹੀ ਬਾਕੀ ਸੀ ਕਿ ਵਾਹ ਭਈ ਸਿਖੋ ਤੁਮ ਲੋਗੋਂ ਨੇ ਇਤਹਾਸ ਸੇ ਕਭੀ ਕੁਛ ਨਹੀਂ ਸੀਖਾ ਹਮਾਰੇ ਬਜ਼ੁਰਗ ਤੋ ਆਟੇ ਕੀ ਗਊ ਬਨਾ ਕਰ ਖਾਈ ਹੂਈ ਕਸਮੇਂ ਤੋੜ ਦੇਨੇ ਮੇਂ ਮਾਹਰ ਥੇ ਹਮ ਨੇ ਤੋ ਸਿਰਫ ਬਾਤੋਂ ਕੇ ਗੁਲਗੁਲੇ ਪਕਾਏ ਥੇ , ਤੁਮ ਉਨ ਬਾਤੋਂ ਪਰ ਇਤਮਾਦ ਲੇ ਆਏ ਤੋ ਹਮਾਰ ਕਿਆ ਕਸੂਰ।
ਮੈੰਬਰ ਪਾਰਲੀਮੈਂਟ ਠਾਕਰ ਹੁਕਮ ਸਿੰਘ ਹੀ ਨਹੀਂ ਪੂਰੀ ਦੀ ਪੂਰੀ ਨੈਹਰੂ ਸਰਕਾਰ ਇਸ ਗੱਲ ਤੇ ਤੁਲੀ ਹੋਈ ਸੀ ਕਿ ਸਿਖਾਂ ਤੇ ਜਰਾਇਮ ਪੇਸ਼ਾ ਦਾ ਲੇਬਲ ਲਾ ਕੇ ਕੁੱਚਲ ਦਿਤਾ ਜਾਵੇ। ਸਪੋਕਸਮੈਨ ਅਖਬਾਰ ਨੇ ਇਸ ਦੇ ਉਤਰ ਵਿਚ ਲਿਖਿਆ ਸੀ ਕਿ ਚੰਬਲ ਘਾਟੀ ਵਿਚ ਜਿਨੇ ਡਾਕੂ ਪਲਦੇ ਹਨ ਜ਼ਿਆਦਾ ਤਰ ਠਾਕਰ ਹੀ ਹੁੰਦੇ ਹਨ। ਠਾਕਰ ਭੂਪਤ ਸਿੰਘ ਡਾਕੂ ਦੇ ਗਰੋਹ ਨੂੰ ਕਾਬੂ ਕਰਨ ਲਈ ਵਿਢੀਆਂ ਮੁਹਿਮਾਂ ਤੇ ਸਰਕਾਰ ਨੂੰ ਬੇ ਬਹਾ ਖਰਚਾ ਕਰਨਾ ਪੈਂਦਾ ਹੈ ਜਦ ਕਿ ਸਿਖ ਕੌਮ ਅਮਨ ਅਮਾਨ ਨਾਲ ਨਿਰਬਾਹ ਕਰ ਰਹੀ ਹੈ। ਕੀ ਠਾਕਰ ਹੁਕਮ ਸਿੰਘ ਜੀ ਇਹ ਮੱਨਣ ਨੂੰ ਤਿਆਰ ਹਨ ਕਿ ਉਹ ਵੀ ਠਾਕਰ ਹੁੰਦੇ ਹੋਏ ਡਾਕੂਆਂ ਦੇ ਭਾਈਵਾਲ ਹਨ।
ਬਰਤਾਨੀਆਂ ਸਰਕਾਰ ਤੇ ਇਹ ਦੋਸ਼ ਲਾਇਆ ਜਾਂਦਾ ਸੀ ਕਿ ਉਸ ਨੇ ਸੂਬਿਆਂ ਦੀ ਰੂਪ ਰੇਖਾ ਇਸ ਢੰਘ ਨਾਲ ਉਲੀਕੀ ਹੋਈ ਸੀ ਕਿ ਕਿ ਇਕ ਸੂਬੇ ਵਿਚ ਦੋ ਤਿਨ ਭਾਸ਼ਾ ਬੋਲੀਆਂ ਜਾਂਦੀਆਂ ਸਨ। ਨੈਹਰੂ ਸਰਕਾਰ ਨੇ ਬਾਕੀ ਸੂਬੇ ਤਾਂ ਭਾਸ਼ਾ ਦੇ ਅਧਾਰ ਤੇ ਬਣਾ ਦਿਤੇ ਪਰ ਪੰਜਾਬੀ ਸੂਬੇ ਨੂੰ ਬਣਾਉਣ ਤੋਂ ਇਨਕਾਰ ਕਰ ਦਿਤਾ। ਵਡਾ ਕਾਰਨ ਪੰਜਾਬੀ ਬੋਲੀ ਅਤੇ ਪੰਜਾਬੀ ਵਿਰਸੇ ਨੂੰ ਨੇਸਤੋ ਨਾਬੂਦ ਕਰਨਾ ਸੀ । ਬੋਲੀ ਵਿਰਸੇ ਨਾਲੋਂ ਟੁਟੀਆਂ ਕੌਮਾ ਮਿਟ ਜਾਂਦੀਆਂ ਹਨ। ਪੰਜਾਬੀ ਸੂਬਾ ਬਣਾਉਣ ਲਈ ਕਾਢੀ ਜਦੋ ਜਹਿਦ ਕਰਨੀ ਪਈ। ਪੰਜਾਬੀ ਮੋਰਚਾ ਲਗਾ ਹੋਇਆ ਸੀ ਪੰਡਤ ਨੈਹਰੂ ਇਕ ਵੇਰ ਬਾਜ ਪੁਰ ( ਯੂ ਪੀ) ਗਿਆ ਜਦ ਤਕਰੀਰ ਕਰਨ ਲਗਾ ਤਾਂ ਪੰਡਾਲ ਵਿਚੋਂ ਪੰਜਾਬੀ ਸੂਬਾ ਜਿੰਦਾ ਬਾਦ ਦੇ ਨਾਹਰੇ ਗੂੰਜਣ ਲਗੇ ਪੰਡਤ ਜੀ ਸੁਭਾ ਅਨੁਸਾਰ ਅਗ ਬਗੋਲਾ ਹੋ ਕੇ ਅਪਮਾਨਕ ਸ਼ਬਦਾਂ ਦੀ ਵਰਤੋਂ ਕਰਦਾ ਹੋਇਆ ਆਖਣ ਲਗਾ “ ਬਦਤਮੀਜ਼ ਕਹੀਂ ਕੇ ਨਿਕਲ ਜਾਓ ਜਹਾਂ ਸੇ।“ ਛੇਤੀ ਹੀ ਬਾਅਦ ਨੈਨੀਤਾਲ ਜ਼ਿਲੇ ਚੋਂ ਪੰਜਾਬੀਆਂ ਨੂੰ ਕੱਢਣ ਦੀ ਮੁਹਿਮ ਚਲ ਪਈ । ਪੰਜਾਬੀਆਂ ਨੂੰ ਫਾਰਮਾਂ ਵਿਚੋਂ ਕੱਢ ਕੇ ਕੈਂਪਾਂ ਵਿਚ ਡਕ ਦਿਤਾ ਗਿਆ। ਪੰਜਾਬੀ ਪਰਤਾਪ ਸਿੰਘ ਕੈਰੋਂ ਪਾਸ ਫਰਿਆਦੀ ਹੋਏ ਤਾਂ ਕਿਤੇ ਜਾ ਕੇ ਉਹਨਾਂ ਫਾਰਮਰਾਂ ਦਾ ਮੁੜ ਬਸੇਬਾ ਹੋਇਆ। ਦੁਬਾਰਾ 2006 ਵਿਚ ਨੈਨੀਤਾਲ ਜ਼ਿਲੇ ਵਿਚ ਪੰਜਾਬੀ ਫਾਰਮਰਾਂ ਤੇ ਪੁਲੀਸ ਦਾ ਅਤਿਆਚਾਰ ਦੁਨੀਆਂ ਨੇ ਦੇਖਿਆ ਹੈ। ਮੈਂ ਖੁਦ 10 ਸਾਲ ਯੂ ਪੀ ਵਿਚ ਫਾਰਮ ਕੀਤੀ ਹੈ ਜ਼ਮੀਨ ਆਬਾਦ ਕਰਨ ਲਗਿਆਂ ਜਿਦਾਂ ਸਪਾਂ ਦੀਆਂ ਸਿਰੀਆਂ ਮਿੱਧਣੀਆਂ ਪੈਂਦੀਆਂ ਹਨ ਉਹ ਇਕ ਲੰਬੀ ਦਾਸਤਾਨ ਹੈ।
1947 ਤੋਂ ਲੈ ਕੇ 1964 ਤਕ ਪੰਡਤ ਜਵਾਹਰ ਲਾਲ ਨੈਹਰੂ ਦੇਸ਼ ਦੇ ਪਰਧਾਨ ਮੰਤਰੀ ਰਹੇ ਇਨੇ ਸਾਲਾਂ ਵਿਚ ਬਗੇਰ ਕਿਸੇ ਪੰਜ ਸਾਲਾ ਯੋਜਨਾ ਦੇ ਭਰਿਸ਼ਟਾਚਾਰ ਦਾ ਬੋਲ ਬਾਲਾ ਦਿਨ ਬਦਿਨ ਵਧਿਆ। ਗਰੀਬ ਅਤੇ ਅਮੀਰ ਵਿਚ ਪਾੜਾ ਵੱਧਿਆ। ਕਾਂਗਰਸ ਦੇ ਵਕਾਰ ਨੂੰ ਧਕਾ ਲੱਗਾ। ਪਰ ਪੰਡਤ ਜੀ ਭਾਰਤ ਦੇ ਲੋਕਾਂ ਦਾ ਜੀਵਨ ਪਧਰ ਉਚਾ ਕਰਨ ਦੀ ਬਜਾਏ ਏਸ਼ੀਆ ਦਾ ਲੀਡਰ ਬਣਨ ਵਿਚ ਰੁਝੇ ਰਹੇ। ਹਿੰਦੀ ਚੀਨੀ ਭਾਈ ਭਾਈ ਬਣਦੇ ਬਣਦੇ ਖੂਨੀ ਹੋਲੀ ਖੇਡਣ ਲਗ ਪਏ।
ਪੰਡਤ ਜੀ ਤੋਂ ਬਾਅਦ ਲਾਲ ਬਹਾਦਰ ਸ਼ਾਸ਼ਤਰੀ ਨੇ ਕੁਝ ਸਮੇਂ ਲਈ ਦੇਸ਼ ਦੀ ਵਾਗ ਡੋਰ ਸੰਭਾਲੀ। ਜੈ ਜਵਾਨ ਜੈ ਕਿਸਾਨ ਦਾ ਨਾਹਰਾ ਦਿਤਾ ਕੁਝ ਸੰਵਾਰ ਸਕਣ ਤੋਂ ਪਹਿਲਾਂ ਹੀ ਇਕ ਭੇਦ ਭਰੀ ਮੋਤ ਨਾਲ ਕਾਲੇ ਪਰਦੇ ਓਹਲੇ ਹੋ ਗਿਆ। ਇਨੇ ਕੁਰੱਪਟ ਦੇਸ਼ ਵਿਚ ਇਕ ਸ਼ਰੀਫ ਆਦਮੀ ਟਿਕ ਵੀ ਕਿਦਾਂ ਸਕਦਾ ਸੀ।
ਡਰਾਈਵਰ ਸੀਟ ਤੇ ਨੇਹਰੂ ਜੀ ਦੀ ਬੇਟੀ ਬੀਬੀ ਇੰਦਰਾ ਆਉਣ ਨਾਲ ਭਾਰਤ ਨੈਹਰੂ ਪ੍ਰਿਵਾਰ ਦੀ ਬਾਦਸ਼ਾਹਤ ਬਣ ਕੇ ਰਹਿ ਗਿਆ।
ਪੰਜਾਬੀ ਸੂਬੇ ਦੀ ਮੰਗ ਆਪਣੇ ਬਾਪ ਦੀ ਤਰ੍ਹਾ ਲਟਕਾਈ ਰਖੀ। ਇੰਦਰਾ ਦੇ ਕੁਝ ਸਮੇਂ ਰਾਜ ਭਾਗ ਤੋਂ ਦੂਰ ਹੋਣ ਨਾਲ ਗੁਲਜ਼ਾਰੀ ਲਾਲ ਨੰਦਾ ਨੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਬਾਹਰ ਰਖ ਕੇ ਪੰਜਾਬੀਆਂ ਨੂੰ ਇਕ ਲੰਗੜਾ ਪੰਜਾਬੀ ਸੂਬਾ ਬਣਾ ਦਿਤਾ। ਜੰਗਲਾਤ ਹਿਮਾਚਲ ਵਿਚ ਚਲੇ ਗਏ ਇੰਡਸਟਰੀ ਹਰਿਆਣਾ ਪਾਸ ਚਲੀ ਗਈ ਬੇਟ ਦਾ ਇਲਾਕਾ ਅਤੇ ਲੈਫਟ ਰਾਈਟ ਕਰਨ ਨੂੰ ਪਾਕਸਤਾਨ ਨਾਲ ਲਗਦੀ ਸਰਹਦ ਪੰਜਾਬਿਆਂ ਦੇ ਹਿਸੇ ਆਈ 1ਨਵੰਬਰ 1966 ਨੂੰ ਪੰਜਾਬ ਪੁਨਰਗਠਨ ਐਕਟ ਦੀ ਧਾਰਾ 78,79 ਅਤੇ 80 ਨਾਲ ਹੈਡਵਰਕਸ ਅਤੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹਕ ਵੀ ਕੇਂਦਰ ਪਾਸ ਚਲਾ ਗਿਆ। ਇਹ ਤਾਂ ਪੰਜਾਬੀਆ ਦੀ ਖਾਸ ਕਰ ਸਿਖਾ ਦੀ ਤਕਦੀਰ ਚੰਗੀ ਸੀ ਜੋ ਉਹ ਰੋਜ਼ੀ ਰੋਟੀ ਦੀ ਭਾਲ ਵਿਚ ਪਰਦੇਸਾਂ ਨੂੰ ਪਲਾਇਨ ਕਰ ਗਏ ਨਹੀਂ ਤਾਂ ਭਾਰਤ ਸਰਕਾਰ ਤਾਂ ਉਹਨਾਂ ਨੂੰ ਘੱਸਿਆਰੇ ਬਣਾਉਣ ਤੇ ਤੁਲੀ ਹੋਈ ਸੀ।
1978 ਦੀ ਵੈਸਾਖੀ ਤੋਂ ਸ਼ੁਰੂ ਹੋਇਆ ਨਿਰੰਕਾਰੀ ਕਾਂਡ ਅਕਾਲ ਤਖਤ ਤੇ ਭਾਰਤ ਦੀ ਫੋਜ ਵਲੋਂ ਸ਼ਰਮਨਾਕ ਹਮਲੇ ਦੇ ਰੂਪ ਵਿਚ ਸਾਹਮਣੇ ਆਇਆ। ਹਰਮੰਦਰ ਕੰਮਪਲੈਕਸ ਇਕ ਕਿਲ੍ਹੇ ਵਿਚ ਤਬਦੀਲ ਹੋਣ ਨਾਲ ਉਸ ਸਥਾਨ ਦੀ ਧਾਰਮਕ ਪਵਿਤ੍ਤ੍ਰਤਾ ਨੂੰ ਵੱਡੀ ਠੇਸ ਪੁਜੀ। ਅੰਦਰ ਬੈਠੇ ਐਲਾਨ ਕਰ ਰਹੇ ਸਨ ਕਿ ਉਹ ਹਰਮੰਦਰ ਦੀ ਪਵਿਤ੍ਰਤਾ ਨੂੰ ਭੰਗ ਨਹੀਂ ਹੋਣ ਦੇਣਗੇ। ਇੰਦਰਾ ਗਾਂਧੀ ਦੀ ਸਰਕਾਰ ਆਖ ਰਹੀ ਸੀ ਕਿ ਉਸ ਨੇ ਭੰਗ ਹੋਈ ਹਰਮੰਦਰ ਦੀ ਪਵਿਤ੍ਰਤਾ ਨੂੰ ਮੁੜ ਬਹਾਲ ਕਰਨਾ ਹੈ। ਭਾਰਤੀ ਫੌਜ ਦੀ ਗੋਲੀ ਬਾਹਰੋਂ ਅੰਦਰ ਵਲ ਜਾਂਦੀ ਸੀ ਅਤੇ ਅਤੇ ਜਵਾਬ ਵਿਚ ਪਵਿਤ੍ਰਤਾ ਦੀ ਰਾਖੀ ਕਰਨ ਵਾਲਿਆਂ ਦੀ ਗੋਲੀ ਬਾਹਰ ਵਲ ਆਉਂਦੀ ਸੀ ਦੋਵਾਂ ਦੀਆਂ ਗੋਲੀਆਂ ਪਵਿਤ੍ਰਤਾ ਵਿਚਾਰੀ ਨੂੰ ਛਨਣੀ ਛਨਣੀ ਕਰ ਰਹੀਆਂ ਸਨ। 4 ਜੂਨ 1984 ਨੂੰ ਵਰਤੇ ਸ਼ਰਮਨਾਕ ਦੁਖਾਂਤ ਤੋਂ ਵੀ ਸਿਖ ਆਗੂਆਂ ਨੇ ਸਿਆਸੀ ਲਾਹਾ ਹੀ ਲਿਆ। ਅਜ ਤਕ ਕਦੇ ਵੀ ਨਿਰਪੱਖ ਹੋ ਕੇ ਉਸ ਸ਼ਰਮਨਾਕ ਘਟਨਾ ਬਾਰੇ ਵਿਚਾਰ ਨਹੀਂ ਕੀਤੀ। ਅਤੇ ਨਾ ਕਦੇ ਕਰਨ ਦੀ ਉਮੀਦ ਹੈ ਹਾਂ ਸਾਡਾ ਧਰਮ ਅਤੇ ਸਿਆਸਤ ਇਕਠੇ ਹਨ ਦੀ ਬੇਸੁਆਦ ਖਿਚੜੀ ਜਰੂਰ ਰਿਝਦੀ ਰਹੇਗੀ। ਪਰਦੇਸਾਂ ਵਿਚ ਆ ਕੇ ਵੀ ਅਸੀਂ ਕੁਝ ਨਹੀਂ ਸਿਖਿਆ। ਹਰ ਹਫਤੇ ਜਦ ਅਖਬਾਰ ਆਉਂਦੀ ਹੈ ਤਾਂ ਕਿਸੇ ਨਵੇਂ ਗੁਰੂ ਘਰ ਬਣਨ ਦੀ ਸੂਚਨਾ ਪੜ੍ਹਨ ਨੂੰ ਮਿਲਦੀ ਹੈ ਦਾਨ ਲਈ ਅਪੀਲ ਹੁੰਦੀ ਹੈ। ਦੋ ਤਿਨ ਵੱਰਕ ਪਰਤਣ ਨਾਲ ਉਸੇ ਅਖਵਾਰ ਵਿਚ ਕਿਸੇ ਗੁਰੂਦਵਾਰੇ ਵਿਚ ਹੋਈ ਹਥੋ ਪਾਈ ਦਾ ਵਰਨਣ ਹੁੰਦਾ ਹੈ। ਵਕੀਲਾਂ ਦੀਆਂ ਝੋਲੀਆਂ ਭਰੀਆਂ ਜਾਂ ਰਹੀਆਂ ਹਨ ਆਪਣੀਆਂ ਦਾੜ੍ਹੀਆਂ ਵਕੀਲਾਂ ਅਤੇ ਜਜਾਂ ਦੇ ਹਥਾਂ ਵਿਚ ਫੜਾ ਕੇ ਆਖਦੇ ਹਾਂ ਝਟਕਾ ਜ਼ਰਾ ਆਹਿਸਤਾ ਮਾਰਨਾ। ਮੋੜ ਪੈਣ ਦੀ ਕੋਈ ਆਸ ਨਜ਼ਰ ਨਹੀਂ ਆਉਂਦੀ। ਆਪਣੀ ਇਸ ਖਿਚੋਤਾਣ ਦਾ ਦੋਸ਼ ਅਸੀਂ ਦੂਸਰਿਆਂ ਸਿਰ ਮੜ੍ਹ ਦਿੰਦੇ ਹਾਂ।
84 ਦੇ ਦੰਗਿਆਂ ਵਿਚ ਦਿਲੀ ਕਾਨਪੁਰ ਅਤੇ ਹੋਰ ਕਈ ਸ਼ੈਹਰਾਂ ਵਿਚ ਹੋਏ ਸ਼ਰਮਨਾਕ ਤਾਂਡਵ ਨਾਚ ਦੇ ਦੋਸ਼ੀ ਰਾਜ ਭਾਗ ਦੀਆਂ ਕੁਰਸੀਆਂ ਦਾ ਅਨੰਦ ਮਾਣਦੇ ਆ ਰਹੇ ਹਨ। ਮਜ਼ਲੂਮਾ ਦੀ ਕੋਈ ਸੁਣਵਾਈ ਨਹੀਂ। ਪੰਜਾਬ ਦੀ ਜੁਆਨੀ ਜੇਹਲ ਦੀਆਂ ਕਾਲ ਕੌਠੜੀਆਂ ਵਿਚ ਡੱਕੀ ਹੋਈ ਬਗੀ ਹੋ ਗਈ ਹੈ। ਕਿਸੇ ਪਾਸੇ ਵੀ ਕੋਈ ਸੁਣਵਾਈ ਨਹੀਂ। ਮਨੂ ਸਿਮਰਤੀ ਵਿਚ ਜੋ ਦਲਤਾਂ ਨਾਲ ਸਲੂਕ ਕਰਨ ਲਈ ਦਰਜ ਹੈ ਸਾਡੇ ਨਾਲ ਉਹੀ ਕੁਝ ਹੋ ਰਿਹਾ ਹੈ। ਗੁ੍ਰੂ ਬਾਬਾ ਨਾਨਕ ਦਾ ਆਦਰਸ਼ ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚ ਨਾਨਕੁ ਤਿਨ ਕੇ ਸੰਗਿ ਸਾਥਿ’ ਨੂੰ ਭੁਲ ਭੁਲਾ ਕੇ ਮਰਿਆਦਾ ਦਾ ਹਊਆ ਖੜਾ ਕਰਕੇ ਅਸੀਂ ਆਪਸੀ ਵੰਡੀਆਂ ਪਾਈ ਜਾ ਰਹੇ ਹਾਂ ਨਾਨਕਸ਼ਾਹੀ ਕੈਲੰਡਰ ਦਾ ਬੇ ਤੁਕਾ ਰਾਗ ਥੰਮਣ ਦਾ ਨਾਂ ਹੀ ਨਹੀਂ ਲੈਂਦਾ ਦਿਨੋਂ ਦਿਨ ਧੱੜਿਆਂ ਵਿਚ ਵੰਡੇ ਜਾ ਰਹੇ ਹਾਂ। ਦਲਤ ਭਾਈ ਚਾਰਾ ਸਾਥੋਂ ਦੂਰ ਹੁੰਦਾ ਜਾ ਰਿਹਾ ਹੈ।ਪੰਜਾਬ ਦੀ ਜੁਆਨੀ ਪਰਦੇਸਾਂ ਵਲ ਨੂੰ ਜਾ ਰਹੀ ਹੈ। ਬਿਹਾਰ ਤੋਂ ਅਤੇ ਹੋਰ ਸੂਬਿਆ ਤੋਂ ਕਾਮੇ ਆ ਕੇ ਪੰਜਾਬ ਵਿਚ ਵਸ ਰਹੇ ਹਨ। ਸਿਖਾਂ ਨੂੰ ਪੰਜਾਬ ਵਿਚ ਹੀ ਅਕਲੀਅਤ ਬਣਨ ਨੂੰ ਜ਼ਿਆਦਾ ਸਮਾਂ ਨਹੀਂ ਲਗਣਾ। ਖਾਲਸਤਾਨ ਦੀ ਮੰਗ ਕਰਨੀ ਹੈ ਜੀ ਸਦਕੇ ਕਰੋ, ਕੋਈ ਨਹੀਂ ਰੋਕਦਾ ਪਰ ਪਹਿਲਾਂ ਖਾਲਸਤਾਨ ਦੀ ਰੂਪ ਰੇਖਾ ਪੰਜਾਬੀਆਂ ਸਾਹਮਣੇ ਪੇਸ਼ ਕਰ ਕੇ ਸਮੁਚੇ ਪੰਜਾਬੀਆਂ ਨੂੰ ਵਿਸ਼ਵਾਸ ਵਿਚ ਲਵੋ। ਮੰਜ਼ਲ ਤੇ ਪੁਜਣ ਲਈ ਕੋਈ ਤਰਕੀਬ ਤਾਂ ਹੋਣੀ ਚਾਹੀਦੀ ਹੈ ਬਗੈਰ ਰਾਹ ਤੋਂ ਜੈਕਾਰੇ ਨਾਹਰੇ ਅਤੇ ਮੁਜ਼ਾਹਰੇ ਸਿਰਫ ਦਿਖਾਵਾ ਬਣ ਕੇ ਰਹਿ ਜਾਂਦੇ ਹਨ ਪਰਾਪਤੀ ਕੁਝ ਵੀ ਨਹੀਂ ਹੁੰਦੀ। ਹੁਣ ਵੋਟਾਂ ਦਾ ਯੁਗ ਹੈ ਭੁੱਕੀ ਅਤੇ ਨਸ਼ੇ ਤੇ ਵਿਕਣ ਵਾਲੀਆ ਵੋਟਾਂ ਨਾਲ ਕੋਈ ਤਬਦੀਲੀ ਨਹੀਂ ਆ ਸਕਣੀ। ਸੋ ਕਿਸੇ ਵੀ ਪਰਾਪਤੀ ਲਈ ਲੋਕਾਈ ਨੂੰ ਜਾਗਰੂਕ ਕਰਨਾ ਅੱਤ ਜ਼ਰੂਰੀ ਹੈ।
ਪਹਿਲਾ ਕਦਮ ਧਰਮ ਅਤੇ ਸਿਆਸਤ ਨੂੰ ਵਖਰਾ ਵਖਰਾ ਕੀਤਾ ਜਾਵੇ। ਦੂਸਰਾ ਦਲਤ ਭਾਈਚਾਰੇ ਨਾਲ ਜੋ ਇਖਤਲਾਫ ਹੋ ਰਹੇ ਹਨ ਉਹ ਦੂਰ ਕੀਤੇ ਜਾਣ। ਤੀਸਰਾ ਭਈਆ ਹੁਣ ਪੰਜਾਬ ਦਾ ਵਸਨੀਕ ਹੈ ਉਸ ਨਾਲ ਨਫਰਤ ਕਰਨ ਦੀ ਬਜਾਏ ਉਸ ਨੂੰ ਆਪਣੇ ਨਾਲ ਜੋੜੋ। ਚੌਥਾ ਕਥਾ ਕੀਰਤਨ ਪਰਚਾਰ ਦਾ ਇਕ ਜ਼ਰੀਆ ਤਾਂ ਹੈ ਪਰ ਜੰਨਤਾ ਦਾ ਵਿਸ਼ਵਾਸ ਜਿੱਤਣ ਲਈ ਸੁਚੱਜਾ ਵਿਉਹਾਰ ਜ਼ਰੂਰੀ ਹੈ। ਵਾਸ਼ਿਗੰਟਨ ਜਾਂ ਯੂ ਐਨ ਓ ਨੇ ਖਾਲਸਤਾਨ ਬਣਾ ਕੇ ਸਾਡੇ ਹਥ ਨਹੀਂ ਫੜਾਉਣਾ ਸਾਨੂੰ ਇਸ ਕੰਮ ਲਈ ਜਨਸਾਧਾਰਨ ਨੂੰ ਆਪਣੇ ਚੰਗੇ ਵਿਉਹਾਰ ਨਾਲ ਇਸ ਮੰਗ ਦਾ ਹਿਸਾ ਬਣਾਉਣਾ ਪੈਣਾ ਹੈ। ਕਿਸੇ ਵੀ ਮੰਜ਼ਲ ਤੇ ਪੁਜਣ ਲਈ ਨੇਕ ਇਰਾਦਾ ਚਾਹੀਦਾ ਹੈ।
“ ਇਰਾਦੇ ਨੇਕ ਹੋਂ ਤੋ ਮੰਜ਼ਿਲ ਚਲ ਕਰ ਆਤੀ ਹੈ ਸਮੁੰਦਰ ਰਾਹ ਦੇਤੇ ਹੈਂ ਚੱਟਾਨੇ ਥ੍ਰ ਥਰਾਤੀ ਹੈਂ “
]

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1670

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ