ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸੁਰੀਲੀ ਤੇ ਬੁਲੰਦ ਅਵਾਜ ਦਾ ਮਾਲਕ -ਸੁੱਖ ਸਿੱਧੂ

ਕਿਹਾ ਕਰਦੇ ਹਨ ਕਿ ਅਵਾਜ ਉਹੀ ਜਿਸ ਦੀ ਮਿਠਾਸ ਸਰੋਤਿਆਂ ਦੇ ਹਿਰਦਿਆਂ ਦੇ ਧੁਰ ਅੰਦਰ ਤੱਕ ਐਸਾ ਲਹਿ ਜਾਵੇ ਕਿ ਉਨ੍ਹਾਂ ਦੇ ਰੋਮ-ਰੋਮ ਨੂੰ ਸਕੂਨ ਲਿਆਕੇ ਰੱਖ ਦੇਵੇ ਅਤੇ ਉਹ ਅਸ਼-ਅਸ਼ ਕਰ ਉਠਣ। ਜੀ ਹਾਂ, ਐਸੀ ਹੀ ਮਿੱਠੀ, ਸੁਰੀਲੀ, ਦਮਦਾਰ ਅਤੇ ਬੁਲੰਦ ਅਵਾਜ ਦਾ ਮਾਲਕ ਹੈ, ਜਿਲ੍ਹਾ ਮੋਗਾ ਦੀ ਤਹਿ: ਬਾਘਾ ਪੁਰਾਣਾ ਵਿਚ ਪੈਂਦੇ ਪਿੰਡ ਪੰਜਗਰਾਈਂ ਖੁਰਦ ਦਾ ਵਸਨੀਕ, ਨੌ-ਜਵਾਨ ਲੋਕ-ਗਾਇਕ ਸੁੱਖ ਸਿੱਧੂ। ਜਦੋਂ ਪੂਰੇ ਵਜਦ ਵਿਚ ਆਕੇ ਸਟੇਜ ਉਤੇ ਮੋਰਾਂ ਵਾਂਗ ਪੈਲਾਂ ਪਾਉਂਦਾ, ਰਸ-ਭਿੰਨੀਆਂ, ਮਨ-ਮੋਹਕ ਹੇਕਾਂ ਲਾਉਂਦਿਆਂ ਗਰਾਰੀਆਂ ਮਾਰਦਾ ਹੈ ਤਾਂ ਤੁਰੇ ਜਾਂਦੇ ਰਾਹੀਆਂ ਨੂੰ ਵੀ ਕੀਲਕੇ ਬਿਠਾ ਲੈਂਦਾ ਹੈ, ਉਹ।

ਸੁੱਖ ਸਿੱਧੂ ਹੁਣ ਤੱਕ ਛੇ ਸਿੰਗਲ ਟ੍ਰੈਕ ਮਾਰਕੀਟ ਵਿਚ ਉਤਾਰ ਚੁੱਕਾ ਹੈ।  ਉਸ ਦਾ ਮੰਨਣਾ ਹੈ ਕਿ ਭਾਂਵੇ ਕਿ ਉਸ ਦੇ ਇਨ੍ਹਾਂ ਸਾਰੇ ਹੀ ਗੀਤਾਂ ਨੂੰ ਸਰੋਤਿਆਂ ਵਲੋਂ ਭਰਪੂਰ ਪਿਆਰ-ਸਤਿਕਾਰ ਮਿਲਿਆ ਹੈ, ਪਰ ਇੰਨ੍ਹਾਂ ਵਿੱਚੋਂ ਉਸ ਦੇ ਸਿੰਗਲ ਟਰੈਕ 'ਲਾਵਾਰਿਸ ਲਾਸ਼' (ਗੀਤਕਾਰ ਚੰਨਾ ਕਸੌਲੀ ਵਾਲਾ) ਨੂੰ ਤਾਂ ਉਸ ਦੀਆਂ ਆਸਾਂ-ਉਮੀਦਾਂ ਤੋਂ ਵੀ ਕਈ ਗੁਣਾ ਵਧਕੇ ਹੁੰਗਾਰਾ ਮਿਲਿਆ।  ਇਸ ਤੋਂ ਇਲਾਵਾ ਇੱਕ ਹੋਰ ਸਿੰਗਲ ਟਰੈਕ 'ਬੋਰੀ ਵਾਲਾ ਬੈਗ' ਅਤੇ 'ਅੱਤ ਸਰਦਾਰ' ਗਾਣਾ (ਗੀਤਕਾਰ ਰਾਣਾ ਟੂਸੀ) ਵੀ ਮਾਰਕੀਟ ਵਿੱਚ ਖੂਬ ਧੁੰਮ ਮਚਾ ਚੁੱਕਾ ਹੈ।  ਇਸ ਸਮੇਂ  ਉਸ ਦਾ ਸਿੰਗਲ ਟਰੈਕ 'ਭਾਬੀ', (ਗੀਤਕਾਰ ਰਾਜੂ ਗੰਗਾਨਗਰ ਵਾਲੇ), ਵੀ ਮਾਰਕਿਟ ਵਿੱਚ ਚੰਗਾ ਚਰਚਾ ਵਿਚ ਹੈ। 

ਸੁੱਖ ਨੇ ਕਿਹਾ, 'ਸਾਡੀ ਗਾਇਕੀ ਦਾ ਪੈਮਾਨਾ ਤਾਂ ਸਾਡੇ ਸੂਝਵਾਨ ਸਰੋਤੇ ਹਨ।  ਉਨ੍ਹਾਂ ਦੇ ਮੁਬਾਰਕਾਂ ਭਰੇ ਆਉਂਦੇ ਫੋਨ ਹੀ ਸਾਨੂੰ ਉਡਣ ਲਈ, ਸਾਡੇ ਹੌਸਲੇ ਦੇ ਖੰਭਾਂ ਵਿਚ ਜਾਨ ਭਰੀ ਰੱਖਦੇ ਹਨ।'

ਗੁਰਤੇਜ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਮਾਤਾ ਜਸਵਿੰਦਰ ਕੌਰ ਦੀ ਕੁੱਖੋਂ ਜਨਮੇ ਸੁੱਖ ਸਿੱਧੂ ਨੇ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਗੁਣ-ਗੁਣਾਉਣ ਦਾ ਸੌਕ ਜਾਗ ਪਿਆ ਸੀ।  ਬਾਰਵੀਂ ਤੱਕ ਦੀ ਸਕੂਲੀ ਪੜਾਈ ਦੌਰਾਨ ਉਸ ਨੂੰ ਸਕੂਲ ਦੇ ਪ੍ਰੋਗਰਾਮਾਂ ਵਿੱਚ ਗਾਉਣ ਦੇ ਅਨੇਕਾਂ ਮੌਕੇ ਮਿਲੇ ਅਤੇ ਇਨਾਮ ਵੀ ਹਾਸਲ ਕੀਤੇ। ਘਰੇਲੂ ਆਰਥਿਕ ਮਜਬੂਰੀ ਕਰਕੇ ਉਸਨੂੰ ਆਪਣੀ ਪੜ੍ਹਾਈ ਬਾਰਵੀਂ ਤੋਂ ਬਾਅਦ ਵਿਚਕਾਰ ਹੀ ਛੱਡਣੀ ਪੈ ਗਈ। 

ਇਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਇਸ ਸੁਰੀਲੇ ਲੋਕ-ਗਾਇਕ ਸੁੱਖ ਨੇ ਕਿਹਾ, 'ਨਾਮਵਰ ਗੀਤਕਾਰ ਬੂਟਾ ਸਿੱਧੂ, ਜਿੰਨ੍ਹਾਂ ਦੇ ਲਿਖੇ ਗੀਤ ਮਿਸ ਪੂਜਾ, ਮਨਮੋਹਨ ਸਿੱਧੂ, ਅਨੀਤਾ ਸਮਾਣਾ, ਗੁਰਲੇਜ ਅਖਤਰ, ਸੁਰਮਣੀ ਆਦਿ ਗਾਇਕ-ਗਾਇਕਾਵਾਂ ਦੀਆਂ ਅਵਾਜਾਂ ਆ ਚੁੱਕੇ ਹਨ, ਦੇ ਲਿਖੇ ਗੀਤਾਂ ਨਾਲ ਨਾ-ਸਿਰਫ ਮੇਰੀ ਗਾਇਕੀ ਦੀ ਸੁਰੂਆਤ ਹੀ ਹੋਈ, ਬਲਕਿ ਉਨ੍ਹਾਂ ਦੇ ਗੀਤ ਗਾਉਂਦਾ ਅਤੇ ਉਨ੍ਹਾਂ ਤੋਂ ਕਦਮ-ਕਦਮ ਤੇ ਸੇਧ ਲੈਂਦਾ ਇਸ ਸਫਰ ਵਿੱਚ ਅੱਗੇ ਵੱਲ ਲਗਾਤਾਰ ਸਫਲ ਕਦਮੀਂ ਵਧਿਆ ਹਾਂ, ਮੈਂ।  ਮੇਰਾ, ਉਨ੍ਹਾਂ ਦਾ ਭਤੀਜਾ ਹੋਣਾ ਅਤੇ ਉਨ੍ਹਾਂ ਦਾ ਪਿਤਾ ਸਮਾਨ ਮੇਰੇ ਉਪਰ ਅਸ਼ੀਰਵਾਦ ਭਰਿਆ ਹੱਥ ਹੋਣਾ ਮੇਰੀ ਖੁਸ਼-ਕਿਸਮਤੀ ਅਤੇ ਮੇਰੇ ਲਈ ਇਕ ਗੌਰਵ ਵਾਲੀ ਗੱਲ ਹੈ। ਉਨ੍ਹਾਂ ਦੇ ਇਸ ਕਰਜ ਦਾ ਮੈਂ ਹਮੇਸ਼ਾਂ ਰਿਣੀ ਤੇ ਅਹਿਸਾਨਮੰਦ ਰਵ੍ਹਾਂਗਾ।  ਇਵੇਂ ਹੀ ਮੇਰੇ ਪਰਿਵਾਰਿਕ ਮੈਂਬਰ ਅਮਰੀਕ ਸਿੰਘ (ਭਰਾ) ਅਤੇ ਅੰਗਰੇਜ ਸਿੰਘ (ਚਾਚਾ ਜੀ) ਤੋਂ ਇਲਾਵਾ ਕਾਫੀ ਕੁਝ ਮੈਂ ਬਲਤੇਜ ਗਿੱਲ ਜੀ ਤੋਂ ਵੀ ਸਿੱਖਿਆ ਹੈ।  ਗੱਲ ਕੀ, ਜਿੱਥੋ ਵੀ ਮੈਨੂੰ ਸਿੱਖਣ ਨੂੰ ਕੁਝ ਮਿਲਦਾ ਹੈ, ਮੈਂ ਸਿੱਖਦਾ ਹੀ ਰਹਿੰਦਾ ਹਾਂ। ਇਸ ਸਫਰ ਵਿੱਚ ਮੈਨੂੰ ਰਾਣਾ ਟੂਸੀਆਂ ਵਾਲਾ, ਕਮਲਜੀਤ ਕੋਮਲ, ਰਾਜ ਗਿੱਲ, ਗਗਨਪ੍ਰੀਤ ਸਿੰਘ, ਸੁੱਖਾ ਅਰਾਈਆਂ ਵਾਲਾ, ਗੋਪੀ ਸੰਧੂ, ਹਰਮਨ ਢਿੱਲੋਂ, ਬੱਬੀ, ਜੱਸ, ਆਰ. ਐਸ. ਰੰਗੀਲਾ, ਕੁਲਦੀਪ, ਲੱਭੂ, ਕਿੰਦਾ ਭੱਟੀ ਅਤੇ ਕੋਰਾ ਭੱਟੀ ਆਦਿ ਵਰਗੇ ਸੁਹਿਰਦ ਸਾਥੀਆਂ ਦਾ ਵੀ ਭਰਪੂਰ ਸਹਿਯੋਗ ਮਿਲਦਾ ਆ ਰਿਹਾ ਹੈ।'  

ਸਿੱਧੂ ਨੇ ਆਪਣੇ ਪ੍ਰਣ ਨੂੰ ਦੁਹਰਾਉਂਦਿਆ ਕਿਹਾ, 'ਮੈਂ ਜਿੰਨਾ ਚਿਰ ਵੀ ਗਾਇਕੀ ਖੇਤਰ ਵਿਚ ਰਵ੍ਹਾਂਗਾ, ਆਪਣੇ ਵੱਡਮੁੱਲੇ ਸੱਭਿਆਚਾਰਕ ਵਿਰਸੇ ਦੀ ਚੜ੍ਹਦੀ ਕਲਾ ਲਈ ਹੀ ਯਤਨਸ਼ੀਲ ਰਵ੍ਹਾਂਗਾ।  ਕਦੀ ਵੀ ਸਰੋਤਿਆਂ ਨੂੰ ਐਸਾ ਕੁਝ ਨਹੀ ਪਰੋਸਾਂਗਾ, ਜਿਸ ਨੂੰ ਪਰਿਵਾਰ ਵਿਚ ਬੈਠਕੇ ਸੁਣਦਿਆਂ-ਦੇਖਦਿਆਂ ਸਾਡਾ ਸਿਰ ਝੁਕਦਾ ਹੋਵੇ।  ਨਾ ਹੀ ਆਪਣੀ ਜ਼ਮੀਰ ਵੇਚਣ ਵਰਗਾ ਕਦੀ ਕੋਈ ਗਲਤ ਸਮਝੌਤਾ ਕਰਕੇ ਸਸਤੀ ਸ਼ੁਹਰਤ ਹਾਸਲ ਕਰਨ ਵੱਲ ਨੂੰ ਭੱਜਾਂਗਾ।'

 

ਲੇਖਕ : ਪ੍ਰੀਤਮ ਲੁਧਿਆਣਵੀ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :702

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ