ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਧਰਮ

ਧਰਮ ਦਾ ਵਿਸ਼ਾ ਬਹੁਤ ਹੀ ਗਹਿਰਾ ਤੇ ਮਹਤਵ ਪੂਰਨ ਹੈ ਅਤੇ ਸਮਝਣ ਯੋਗ ਹੈ। ਇਸ ਵਿਸ਼ੇ ਬਾਰੇ ਬੜਾ ਹੀ ਲੰਮਾਂ ਚੋੜਾ ਲਿਖਿਆ, ਪਰਚਾਰਿਆ ਪੜ੍ਹਨ ਸੁਨਣ ਨੂੰ ਮਿਲ ਜਾਂਦਾ ਹੈ। ਸਭਨਾਂ ਦੇ ਵੱਖੋ ਵੱਖਰੇ ਖਿਆਲ ਹਨ। ਗੁਰੂ ਸਾਹਿਬ ਜੀ ਦਾ ਫੁਰਮਾਣ ਵੀ ਹੈ:-

1/596:-ਜਹ ਜਹ ਦੇਖਾ, ਤਹ ਜੋਤਿ ਤੁਮਾਰੀ, ਤੇਰਾ ਰੂਪੁ ਕਿਨੇਹਾ ॥
ਇਕਤੁ ਰੂਪਿ, ਫਿਰਹਿ ਪਰਛੰਨਾ, ਕੋਇ ਨ ਕਿਸ ਹੀ ਜੇਹਾ ॥

ਗੁਰੂ ਜੀ ਆਖਦੇ ਹਨ ਕਿ ਭਾਈ ਉਹ ਪ੍ਰਭੂ ਜੋਤ (ਜੀਵਨ ਰੌਂ) ਸਭਨਾਂ ਵਿੱਚ ਹਰ ਪਾਸੇ ਪਸਰੀ ਹੋਈ ਹੈ, ਇਹ ਉਸ ਮਾਲਕ ਦੀ ਅਸਚਰਜ ਖੇਡ ਹੈ, ਉਸ ਮਾਲਕ ਦਾ ਰੂਪ ਹੀ ਸਭਨਾਂ ਵਿੱਚ ਛੁਪਿਆ ਬੈਠਾ ਹੈ, ਪਰ ਫਿਰ ਵੀ ਸਭ ਜੀਵ ਵੱਖੋ ਵਖਰੇ ਹਨ, ਕੋਈ ਵੀ ਕਿਸੇ ਵਰਗਾ ਨਹੀਂ ਹੈ। ਅਸੀਂ ਮਨੁੱਖ ਜਨਮ ਲੈ ਕੇ ਮਾਂ ਬਾਪ, ਆਹਲੇ ਦੁਆਲੇ ਦੇ ਸਮਾਜ ਪਾਸੋਂ ਅਤੇ ਧਾਰਮਿਕ ਅਸਥਾਨਾਂ ਤੇ ਬੈਠੇ ਧਰਮ ਦੇ ਪੁਜ਼ਾਰੀਆਂ ਪਾਸੋਂ ਜੋ ਧਰਮ ਬਾਰੇ ਸਿੱਖ (ਜਾਣ) ਲੈਂਦੇ ਹਾਂ, ਉਸ ਨੂੰ ਹੀ ਅਸਲ ਧਰਮ ਮੰਨ ਲੈਂਦੇ ਹਾਂ। ਜਾਂ ਫਿਰ ਜਿਹੜੇ ਮਨੁੱਖ ਆਪਣੇ ਆਪ ਨੂੰ ਧਰਮ ਦੇ ਮੁਖੀ ਅਖਵਾਉਂਦੇ ਹਨ। ਜਾਂ ਆਪੂੰ ਬਣੇ ਸਾਧਾਂ, ਸੰਤਾਂ, ਬ੍ਰੰਹਮਗਿਆਨੀਆਂ ਤੋਂ, ਜਾਂ ਵੱਖਰੇ ਢੰਗ ਦੇ ਚੋਲੇ ਪਾ ਧਰਮ ਦਾ ਪਰਚਾਰ ਕਰਨ ਵਾਲਿਆਂ ਪਾਸੋਂ, ਅਤੇ ਘੱਟ ਪੜ੍ਹੇ ਪਰਚਾਰਕਾ ਪਾਸੋਂ, ਜਾਂ ਇਉਂ ਆਖੀਏ ਕੇ ਜੋ ਮਾਇਆ ਦੀ ਖਾਤਰ ਸਾਨੂੰ ਵਧਾ ਚੜ੍ਹਾ ਕੇ ਧਰਮ ਬਾਰੇ ਦਸ ਜਾਂਦੇ ਹਨ, ਉਸ ਨੂੰ ਹੀ ਅਸੀਂ ਧਰਮ ਮੰਨ ਲੈਦੇ ਹਾਂ ਅਤੇ ਸਾਰੀ ਜਿੰਦਗੀ ਉਸ ਨੂੰ ਹੀ ਪੱਕੀ ਤਰ੍ਹਾਂ ਫੜ੍ਹ ਲੈਂਦੇ ਹਾਂ। ਇਨਾਂ ਸਾਰਿਆਂ ਦੇ ਦਸੇ ਅਨੁਸਾਰ ਹੀ ਧਰਮ ਨੂੰ ਮੁੱਖ ਰੱਖਕੇ ਧਰਮ ਕਰਮ ਕਰੀ ਜਾਂਦੇ ਹਾਂ। ਪਰ ਜੇ ਕਰ ਬੁੱਧੀ ਦੇ ਤਾਲੇ ਖੋਲ ਕੇ ਸੋਚ ਵੀਚਾਰ ਨਾਲ ਗੁਰੂ ਸਾਹਿਬ ਜੀ ਪਾਸੋਂ ਪੁਛਣਾਂ ਕਰੀਏ, ਕਿ ਗੁਰੂ ਜੀ, ਜੋ ਅਸੀਂ ਇਹ ਸਾਰਾ ਧਰਮ ਦਾ ਬਾਣਾ ਤਾਣਾ, ਧਰਮ ਦੇ ਕਰਮ, ਪੂਜਾ, ਭੇਟਾ, ਸੇਵਾ, ਅਰਚਾ, ਪੁੰਨ ਦਾਨ, ਮਸਿਆ, ਸੰਗਰਾਂਦਾਂ, ਲੰਗਰ, ਪਾਠ, ਬਰਸੀਆਂ, ਪ੍ਰਭਾਤਫੇਰੀਆਂ, ਨਗਰਕੀਰਤਨ, ਤੀਰਥਾਂ ਦੀ ਯਾਤਰਾ, ਪੂਰਨਮਾਸੀਆਂ ਤੇ ਰੈਨਸਵਾਈਆਂ ਕਰੀ ਜਾ ਰਹੇ ਹਾਂ, ਕੀ ਇਹੋ ਧਰਮ ਹੈ ਜਾਂ ਧਰਮ ਦਾ ਕਰਮ ਹੈ ? ਤਾਂ ਗੁਰੂ ਜੀ ਦਾ ਸਾਡੇ ਲਈ ਇਕੋ ਹੀ ਜ਼ਵਾਬ ਹੈ ਕੇ ਭਾਈ ਇਹ ਧਰਮ ਨਹੀਂ ਹੈ । ਤਾਂ ਫਿਰ ਆਉ ਪਰਖੀਏ ਧਰਮ ਕੀ ਹੈ, ਧਰਮ ਕਿਸ ਨੂੰ ਆਖਦੇ ਹਨ। ਗੁਰੂ ਜੀ ਦਾ ਫੁਰਮਾਨ ਹੈ :-
5/748:-ਕਰਮ ਧਰਮ ਪਾਖੰਡ ਜੋ ਦੀਸਹਿ, ਤਿਨ ਜਮੁ ਜਾਗਾਤੀ ਲੂਟੈ ॥
ਨਿਰਬਾਣੁ ਕੀਰਤਨੁ ਗਾਵਹੁ ਕਰਤੇ ਕਾ, ਨਿਮਖ ਸਿਮਰਤ ਜਿਤੁ ਛੂਟੈ ॥

ਗੁਰੂ ਜੀ ਆਖਦੇ ਹਨ, ਕਿ ਧਰਮ ਦੇ ਨਾਂ ਥੱਲੇ ਜਿਨੇ ਵੀ ਕਰਮ ਕੀਤੇ ਜਾ ਰਹੇ ਹਨ ਉਹ ਸਾਰੇ ਪਖੰਡ ਹਨ, ਉਨ੍ਹਾਂ ਨਾਲ ਕੋਈ ਵੀ ਆਤਮਿਕ ਉਚਾਈ ਨਹੀਂ ਹੈ, ਇਨ੍ਹਾਂ ਫੋਕਟ ਕਰਮਾਂ ਕਰਕੇ ਮਨੁੱਖ ਦੇ ਗੁਣਾਂ ਨੂੰ ਵਿਕਾਰ (ਜਮ) ਹਮੇਸ਼ਾਂ ਲੁੱਟੀ ਜਾ ਰਹੇ ਹਨ । ਭਾਵ ਵਿਕਾਰਾਂ ਦੀ ਮਾਰ ਸਦਾ ਪੈਂਦੀ ਹੀ ਰਹਿਦੀ ਹੈ, ਪਰ ਜੇ ਕਰ ਪ੍ਰਭੂ ਜੀ ਦੇ ਗੁਣ ਗਾਏ ਜਾਣ (ਸੱਚ ਦਾ ਗਿਆਨ ਹਾਸਲ ਕੀਤਾ ਜਾਵੇ, ਜੀਵਨ ਹਾਸਲ ਕੀਤੇ ਗਿਆਨ ਅਧੀਨ ਪ੍ਰਭੂ ਜੀ ਦੇ ਨਿਯਮਾਂ ਵਿਚ ਚੱਲ ਪਵੇ ਤਾਂ ਵਿਕਾਰ ਜਮਾਂ ਵਲੋਂ ਬਚਾ ਹੋ ਸਕਦਾ ਹੈ, ਭਾਵ ਅੰਦਰੂਨੀ ਦੁੱਖਾਂ ਤੋਂ ਛੁਟਕਾਰਾ ਹੋ ਸਕਦਾ ਹੈ ।
3/922 :- ਕਰਮੀ ਸਹਜੁ ਨ ਊਪਜੈ, ਵਿਣੁ ਸਹਜੈ ਸਹਸਾ ਨ ਜਾਇ ॥

ਗੁਰੂ ਜੀ ਆਖਦੇ ਹਨ ਕੇ ਕਰਮਕਾਂਡਾਂ ਨਾਲ ਮਨ ਦੀ ਅਡੋਲ ਅਵਸਥਾ ਨਹੀਂ ਬਣਦੀ ਅਤੇ ਮਨ ਦੀ ਅਡੋਲ ਅਵਸਥਾ ਤੋਂ ਬਿਨ੍ਹਾਂ ਮਾਨਸਿਕ ਤੋਖਲੇ (ਅੰਦਰੂਨੀ ਸਹਿਮ) ਫਿਕਰ, ਚਿੰਤਾ ਕਦੇ ਵੀ ਦੂਰ ਨਹੀਂ ਹੁੰਦੇ ਇਹ ਧਰਮ ਨੂੰ ਮੁੱਖ ਰੱਖਕੇ ਕੀਤੇ ਗਏ ਸਭ ਕਰਮ ਫੋਕਟ ਹਨ । ਜੇ ਪਿਛੇ ਵੱਲ ਝਾਤ ਮਾਰੀਏ ਤਾਂ ਗੁਰੂ ਨਾਨਕ ਜੀ ਦੇ ਸਮੇਂ ਦੁਰਾਨ ਜੋ ਪੁਜਾਰੀਆਂ ਵਲੋਂ ਆਮ ਲੁਕਾਈ ਨੂੰ ਧਰਮ ਸਿਖਾਇਆ ਤੇ ਪੜ੍ਹਾਇਆ ਜਾ ਰਿਹਾ ਸੀ, ਅਜ ਵੀ ਉਹੋ ਹੀ ਹੋ ਰਿਹਾ ਹੈ ਉਨ੍ਹਾਂ ਕਰਮਕਾਂਡਾਂ ਨੂੰ ਹੀ ਅਸੀਂ ਧਰਮ ਮੰਨੀ ਬੈਠੇ ਹਾਂ ਪਰ ਗੁਰੂ ਨਾਨਕ ਜੀ ਨੇ ਸਾਡੇ ਵਾਸਤੇ ਸੋਖਾ ਤੇ ਵਧੀਆ ਨਿਰਮਲ ਪੰਥ ਚਲਾਇਆ ਸੀ, ਜਿਸ ਤਰ੍ਹਾਂ ਭਾਈ ਗਾਰਦਾਸ ਜੀ ਆਖਦੇ ਹਨ :-
ਮਾਰਿਆ ਸਿਕਾ ਜਗਤ ਵਿਚਿ, ਨਾਨਕ ਨਿਰਮਲ ਪੰਥ ਚਲਾਇਆ ॥

ਗੁਰੂ ਜੀ ਨੇ ਸਾਨੂੰ ਇਨ੍ਹਾਂ ਪੁਜਾਰੀਆਂ ਦੇ ਦਸੇ ਧਰਮ ਕਰਮਾਂ ਵਾਲੇ ਰਸਤੇ ਵਿੱਚੋਂ ਕੱਢਕੇ ਸੋਖਾ ਤੇ ਪਵਿਤੱਰ ਜੀਵਨ ਮਾਰਗ ਦਰਸਾਇਆ ਸੀ ਪਰ ਅਸੀਂ ਉਸ ਨੂੰ ਛੱਡ ਫਿਰ ਪੁਜਾਰੀ ਸਾਧਾਂ, ਸੰਤਾਂ ਤੇ ਆਪੂੰ ਬਣੇ ਬ੍ਰਹਮਗਿਅਨੀਆਂ ਦੇ ਦਰਸਾਏ ਹੋਏ ਰਸਤੇ ਨੂੰ ਹੀ ਫੜ੍ਹ ਲਿਆ ਹੈ । ਕੀ ਅਸੀਂ ਜੋ ਰੋਜ ਮਰਾ ਦੀ ਜਿੰਦਗੀ ਵਿੱਚ ਕਰਮ ਕਰ ਰਹੇ ਹਾਂ ਅਤੇ ਧਰਮ ਦਾ ਲੇਬਲ ਲਾ ਰਹੇ ਹਾਂ, ਉਹੋ ਹੀ ਧਰਮ ਹੈ ? ਤਾਂ ਇਕ ਦਿਨ ਸਾਨੂੰ ਸੋਚਨਾ ਜਰੂਰ ਪਊਗਾ? ਕਿਸੇ ਖਾਸ਼ ਤਰ੍ਹਾਂ ਦਾ ਪਹਿਰਾਵਾ ਪਾ ਲੈਣ ਨੂੰ ਹੀ ਅਸੀਂ ਧਰਮ ਮੰਨ ਲਿਆ ਹੈ, ਗੁਰੂ ਜੀ ਸਾਨੂੰ ਪਹਿਰਾਵੇ ਤੇ ਭੇਖ ਦੇ ਦਿਖਾਵੇ ਬਾਰੇ ਫੁਰਮਾਉਦੇ ਹਨ ਕੇ ਇਸ ਨਾਲ ਕੋਈ ਪਰਾਪਤੀ ਨਹੀਂ ਹੈ, ਇਹ ਅਸਲ ਧਰਮ ਨਹੀਂ ਹੈ :-
5/738:-ਭੇਖ ਦਿਖਾਵੈ, ਸਚੁ ਨ ਕਮਾਵੈ ॥ ਕਹਤੋ ਮਹਲੀ, ਨਿਕਟਿ ਨ ਆਵੈ ॥ 2॥

ਗੁਰੂ ਜੀ ਆਖਦੇ ਹਨ ਕੇ ਲੋਕਾਂ ਨੂੰ ਭੇਖ ਦਾ (ਲਿਬਾਸ ਦਾ) ਦਿਖਾਵਾ ਕਰਨ ਵਾਲੇ ਗੁਰ ਉਪਦੇਸ਼ ਨੂੰ (ਪ੍ਰਭੂ ਗੁਣਾਂ ਨੂੰ ) ਨਹੀਂ ਕਮਾਉਂਦੇ ਪਰ ਦਾਹਵੇ ਕਰਦੇ ਹਨ ਕਿ ਅਸੀਂ ਪ੍ਰਭੂ ਨੂੰ ਪਾ ਲਿਆ ਹੈ ਪਰ ਉਹ ਤਾਂ ਕੋਹਾਂ ਦੂਰ ਹਨ ਕਦੇ ਵੀ ਨੇੜੇ ਨਹੀਂ ਆ ਸਕਦੇ। ਉਨ੍ਹਾਂ ਦੇ ਅੰਦਰ ਮਾਇਆ ਦੇ ਤਾਂ ਭਾਂਬੜ ਬਲਦੇ ਨਜ਼ਰ ਆਉਦੇ ਹਨ।
3/588:-ਭੇਖੀ, ਅਗਨਿ ਨ ਬੁਝਈ, ਚਿੰਤਾ ਹੈ ਮਨ ਮਾਹਿ ॥
ਵਰਮੀ ਮਾਰੀ ਸਾਪੁ ਨ ਮਰੈ, ਤਿਉ ਨਿਗੁਰੇ ਕਰਮ ਕਮਾਹਿ ॥

ਗੁਰੂ ਜੀ ਆਖਦੇ ਹਨ ਕੇ ਭਾਈ ਬਾਹਰ ਦੇ ਭੇਖਾਂ ਨਾਲ (ਦਿਖਾਵੇ ਨਾਲ) ਮਨ ਦੀ ਤ੍ਰਿਸ਼ਨਾਂ ਰੂਪੀ ਅੱਗ ਨਹੀਂ ਬੁੱਝ ਸਕਦੀ ਅਤੇ ਮਾਨਸਿਕ ਚਿੰਤਾਵਾਂ ਬਣੀਆਂ ਹੀ ਰਹਿਦੀਆਂ ਹਨ ਜਿਸ ਤਰ੍ਹਾਂ ਖੁੱਡ ਵਿੱਚ ਬੈਠੇ ਸੱਪ ਨੂੰ ਬਾਹਰੋਂ ਖੁੱਡ ਕੁੱਟਣ ਨਾਲ ਸੱਪ ਨਹੀਂ ਮਰਦਾ ਇਸੇ ਤਰ੍ਹਾਂ ਹੀ ਗੁਰ ਉਪਦੇਸ਼ ਦੀ ਕਮਾਈ ਤੋਂ ਬਿਨ੍ਹਾਂ (ਸਮਝਣ ਤੋਂ ਬਿਨ੍ਹਾਂ ) ਬਾਹਰਲੇ ਭੇਖਾਂ ਨਾਲ ਤ੍ਰਿਸ਼ਨਾਂ ਰੂਪੀ (ਮਨ ਸੱਪ) ਵੀ ਨਹੀਂ ਮਰ ਸਕਦਾ।
3/645:-ਭੇਖਧਾਰੀ ਭੇਖ ਕਰਿ ਥਕੇ, ਅਠਿਸਠਿ ਤੀਰਥ ਨਾਇ ॥
ਮੰਨ ਕੀ ਸਾਰ ਨ ਜਾਣਨੀ, ਹਉਮੈ ਭਰਮਿ ਭੁਲਾਇ ॥

ਗੁਰੂ ਜੀ ਆਖਦੇ ਹਨ ਕੇ ਲਿਬਾਸ ਦਾ ਦਿਖਾਵਾ ਕਰਨ ਵਾਲੇ (ਨਿਰ੍ਹਾ ਭੇਖ ਦਿਖਾਉਣ ਵਾਲੇ) ਧਰਮ ਕਰਮ ਅਤੇ ਤੀਰਥਾਂ ਉਪੱਰ ਹੀ ਨਹਾੳੇੁਂਦੇ ਫਿਰਦੇ ਹਨ ਨਿਰ੍ਹੇ ਬਾਹਰ ਦੇ ਦਿਖਾਵੇ ਤੇ ਤੀਰਥਾਂ ਦੀ ਯਾਤਰ ਨਾਲ ਮਨ ਦੀ ਹੰਕਾਰ ਬਿਰਤੀ ਤੇ ਮਾਨਸਿਕ ਭਟਕਣਾ ਦੂਰ ਨਹੀਂ ਹੁੰਦੀ ਅਤੇ ਗੁਰ ਉਪਦੇਸ਼ ਤੋਂ ਬਿਨ੍ਹਾਂ ਅਸਲੀ ਜੀਵਨ ਸੇਧ ਦਾ ਪਤਾ ਵੀ ਨਹੀਂ ਲੱਗਦਾ, ਮਨ (ਸੋਚ) ਕਰਮਕਾਂਡਾਂ ਵਿੱਚ ਹੀ ਫਸਿਆ ਰਹਿੰਦਾ ਹੈ ।
3/1089:-ਭੇਖੀ ਹਾਥ ਨ ਲਧੀਆ, ਸਭ ਬਧੀ ਜਮਕਾਲਿ ॥
ਨਾਨਕ ਗਲਾ ਝੂਠੀਆ, ਸਚਾ ਨਾਮੁ ਸਮਾਲਿ ॥

ਗੁਰੂ ਜੀ ਆਖਦੇ ਕੇ ਬਾਹਰ ਦੇ ਭੇਖਾਂ (ਲਿਬਾਸਾਂ) ਨਾਲ ਹੱਥ ਪੱਲੇ ਕੁਝ ਵੀ ਨਹੀਂ ਲੱਗਦਾ (ਭਾਵ ਕੋਈ ਵੀ ਆਤਮਿਕ ਉਚਾਈ ਹਾਸਲ ਨਹੀਂ ਹੁੰਦੀ) ਬਾਹਰਲਾ ਭੇਖ ਤੇ ਕਰਮਕਾਂਡ ਕਰਨ ਵਾਲੀ ਸਾਰੀ ਲੋਕਾਈ ਅੰਦਰੂਨੀ ਵਿਕਾਰਾਂ (ਜਮਾਂ) ਦੇ ਵੱਸ ਪਈ ਰਹਿਦੀ ਹੈ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਸਾਨੂੰ ਮੋਹਰ ਲਾਕੇ ਆਖਦੇ ਹਨ ਕੇ ਇਹ ਧਰਮ ਕਰਮ ਤੇ ਭੇਖਾਂ ਦਾ ਦਿਖਾਵਾ ਕਰਨਾ ਸਭ ਝੂਠ ਹੈ (ਫਜ਼ੂਲ ਹੈ) ਕੇਵਲ ਪ੍ਰਭੂ ਜੀ ਦਾ ਨਾਮ (ਭਾਵ ਨਿਰੋਲ ਸੱਚ ਦਾ ਗਿਆਨ, ਪ੍ਰਭੂ ਜੀ ਦੇ ਗੁਣ, ਹੁਕਮ, ਨਿਯਮਾਵਲੀ ਨੂੰ ਚੇਤੇ ਰੱਖਣਾ (ਭਾਵ ਉਸ ਅਨੁਸਾਰ ਜੀਵਨ ਬਣਾਉਣਾ) ਹੀ ਲਾਭਦਾਇਕ ਹੈ ਜੋ ਜੀਵਨ ਦੌਰਾਨ ਸਹੀ ਸੇਧ ਦੇ ਸਕਦਾ ਹੈ। ਇਹੋ ਹੀ ਅਸਲ ਧਰਮ ਹੈ।
5/1099:-ਭੇਖੀ ਪ੍ਰਭੂ ਨ ਲਭਈ, ਵਿਣੁ ਸਚੀ ਸਿਖੰ ॥

ਨਿਰ੍ਹਾ ਧਰਮ ਦਾ ਪਹਿਰਾਵਾ ਪਾ ਲੈਣ ਨਾਲ ਰੱਬ ਜੀ ਦੀ ਪ੍ਰਾਪਤੀ ਨਹੀਂ ਹੈ ਪ੍ਰਭੂ ਜੀ ਦੀ ਲੱਖਤਾ ਵਾਸਤੇ ਗੁਰ ਉਪਦੇਸ਼ ਰਾਹੀਂ ਪ੍ਰਭੂ ਜੀ ਦੇ ਗੁਣਾਂ ਦੇ ਧਾਰਨੀ ਹੋਣ ਦੀ ਜਰੂਰਤ ਹੈ, ਪ੍ਰਭੂ ਜੀ ਦੀ (ਰਜ਼ਾ ਨੂੰ) (ਨਿਯਮਾਂ ਨੂੰ) ਸਵੀਕਾਰ ਕਰਕੇ ਉਸ ਅਨੁਸਾਰ ਜੀਵਨ ਚਲਣਾ ਹੀ ਧਰਮ ਹੈ। ਬਾਹਰੋਂ ਧਰਮੀ ਪਹਿਰਾਵਾ ਜਾਂ ਇਉਂ ਕਹੀਏ ਕੇ ਕਿਸੇ ਵੱਖਰੇ ਢੰਗ (ਤਰੀਕੇ) ਦਾ ਪਹਿਰਾਵਾ ਪਾ ਲੈਣਾਂ ਅਸਲੀ ਧਰਮ ਨਹੀਂ ਹੈ। ਗੁਰੂ ਨਾਨਕ ਜੀ ਨੇ ਵੱਖੋ ਵੱਖਰੇ ਤਰ੍ਹਾਂ ਦੇ ਬਾਣੇ ਪਾ ਆਪਣੇ ਆਪ ਨੂੰ ਧਰਮੀ ਹੋਣ ਦਾ ਲੇਬਲ ਲਾ ਆਪਣੇ ਆਪ ਨੂੰ ਧਰਮ ਦੇ ਰਾਹ ਦੇ ਪਾਂਧੀ ਬਣ ਕੇ ਆਮ ਭੋਲੇ ਭਾਲੇ ਲੋਕਾਂ ਨੂੰ ਧਰਮ ਕਰਮਾਂ ਵਿੱਚ ਪਾ ਖੂਬ ਲੁਟ ਹੋਈ ਜਾ ਰਹਿਆਂ ਨੂੰ ਗਿਆਨ ਦੇ ਡੰਡੇ ਨਾਲ ਸਹੀ ਰਸਤੇ ਉਪਰ ਲਿਆਉਣ ਦੀ ਪਹਿਲ ਕੀਤੀ, ਪਰ ਇਨ੍ਹਾਂ ਭੇਖੀਆਂ ਨੇ ਵੀ ਲੋਕਾਈ ਨੂੰ ਲੁੱਟਣ ਵਾਸਤੇ ਆਪਣਾ ਪੈਤੜਾ ਬਦਲ ਲਿਆ। ਗੁਰੂ ਜੀ ਨੇ ਕਿਸੇ ਵੀ ਤਰ੍ਹਾਂ ਦੇ ਪਹਿਰਾਵੇ ਨੂੰ ਮਹਾਨਤਾ ਨਹੀਂ ਦਿੱਤੀ। ਪਰ ਅਸੀਂ ਧਰਮੀ ਭੇਖ ਨੂੰ ਹੀ ਧਰਮੀ ਹੋਣਾ ਮੰਨ ਲਿਆ ਹੈ ਅਤੇ ਇਸ ਬਾਹਰੀ ਲਿਬਾਸ ਹੇਠਾਂ ਹੀ ਬਹੁਤ ਕੁਝ ਕਰੀ ਜਾ ਰਹੇ ਹਾਂ । ਜਿਸ ਤਰ੍ਹਾਂ ਕੇ :- ਮਸਿਆ ਤੇ ਨਹ੍ਹਾ ਆਉਣਾਂ, ਸੰਗਰਾਦਾਂ ਮਨਾ ਲੈਣੀਆਂ, ਪੂਰਨਮਾਸੀ ਤੇ ਅਸ਼ਟਮੀ ਦਾ ਪੂਜਨ ਕਰ ਲੈਣਾ ਹੀ ਧਰਮ ਮੰਨ ਲਿਆ ਹੈ, ਕੁਝ ਕੁ ਲੰਗਰ ਕਰਵਾ ਲੈਣੇ, ਬਰਤਨ ਮਾਂਜ ਲੈਣੇ, ਚਾਦਰਾਂ ਦਰੀਆਂ ਝਾੜ ਕੇ ਵਿਸ਼ਾ ਦੇਣੀਆਂ, ਫਰਸ਼ਾਂ ਧੋ ਦੇਣੀਆਂ ਦੇ ਕਰਮ ਨੂੰ ਹੀ ਅਸੀਂ ਧਰਮ ਅਤੇ ਧਰਮ ਕਰਮ ਮੰਨ ਲਿਆ ਹੈ । ਇਸੇ ਤਰ੍ਹਾਂ ਅਖੰਡ ਪਾਠ ਕਰਵਾ ਲੈਣੇ, ਕੀਰਤਨ ਤੇ ਰੈਣਸਵਾਈਆਂ ਕਰ ਕਰਵਾ ਲੈਣੀਆਂ, ਨਗਰਕੀਰਤਨ ਕੱਢ ਲੈਣੇ, ਤੀਰਥਾਂ ਤੇ ਜਾ ਆਉਣਾ, ਗੁਰਦੁਆਰੇ ਜਾਂ ਵੱਡੇ ਵੱਡੇ ਆਲੀਸਾਂਨ ਸੰਗਮਰਮਰ ਲਾ ਡੇਰੇ ਬਣਵਾ ਲੈਣ ਨੂੰ ਹੀ ਧਰਮ ਮੰਨ ਲਿਆ ਹੈ। ਮੁੱਕਦੀ ਗੱਲ ਕੇ ਜੋ ਕੁਝ ਵੀ ਅਸੀਂ ਰੋਜਾਨਾਂ ਦੀ ਜਿੰਦਗੀ ਵਿੱਚ ਕਰ ਰਹੇ ਹਾਂ। ਉਸ ਨੂੰ ਹੀ ਧਰਮ ਮੰਨ ਲਿਆ ਹੈ । ਕੀ ਇਹੋ ਹੀ ਧਰਮ ਹੈ? ਇਸ ਨੂੰ ਹੀ ਧਰਮੀ ਹੋਣਾਂ ਕਿਹਾ ਜਾ ਸਕਦਾ ਹੈ ? ਨਹੀਂ--ਨਹੀਂ--ਨਹੀਂ ਜੀ ਗੁਰੂ ਜੀ ਇਸ ਤਰ੍ਹਾਂ ਦੇ ਧਰਮ ਕਰਮ ਕਰਨ ਨੂੰ ਨਿਰਾ ਕਰਮਕਾਂਡ ਹੀ ਆਖਦੇ ਹਨ। ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਇਨ੍ਹਾਂ ਸਾਰੇ ਕਰਮਾਂ ਵਿਚੋ ਬਾਹਰ ਨਿਕਲਣਦਾ ਅਤੇ ਪੁਜਾਰੀ, ਜੋ ਧਰਮੀ ਹੋਣ ਦਾ ਪਹਿਰਾਵਾ ਪਾ (ਅੱਜ ਦਾ ਸਾਧ ਲਾਣਾਂ) ਧਰਮੀ ਹੋਣ ਦਾ ਲੇਬਲ ਲਾ ਖੂਬ ਲੁੱਟ ਰਿਹਾ ਹੈ, ਉਨ੍ਹਾਂ ਕੋਲੋਂ ਬਚਣ ਵਾਸਤੇ ਹੀ ਨਿਰਮਲ ਪੰਥ ਦੀ ਸਾਜਨਾਂ ਕੀਤੀ ਸੀ ਅਤੇ ਬਾਕੀ ਸਾਡੇ ਨੋਂ ਗੁਰੂਆਂ ਨੇ ਇਸੇ ਨਿਰਮਲ ਤੇ ਪਵਿੱਤਰ ਰਸਤੇ ਉਪਰ ਚੱਲਣ ਦਾ ਹੋਕਾ ਦਿੱਤਾ। ਗੁਰੂ ਜੀ ਨੇ ਆਮ ਲੋਕਾਈ ਨੂੰ ਕਰਮਕਾਂਢਾਂ ਵਿੱਚ ਫਸਾਉਣ ਵਾਲੇ ਭੇਖਧਾਰੀਆਂ ਤੇ ਲੋਟੂ ਮਸੰਦਾਂ ਨੂੰ ਚੰਗੀ ਦੁਰਕਾਰ ਪਾਈ । ਆਉ ਗੁਰਬਾਣੀ ਵਿੱਚ ਆਏ ਧਰਮ ਅਖਰ ਅਤੇ ਧਰਮ ਬਾਰੇ ਸਮਝੀਏ।
ਧਰਮ ਅੱਖਰ ਗੁਰਬਾਣੀ ਵਿੱਚ ਕਿਸੇ ਸਿੱਖ, ਹਿੰਦੂ, ਈਸਾਈ, ਇਸਲਾਮ ਧਰਮ ਬਾਰੇ ਨਹੀਂ ਹੈ। ਨਾਂ ਹੀ ਕਿਸੇ ਵੱਖਰੇ ਰੰਗ ਤੇ ਢੰਗ ਦੇ ਪਹਿਰਾਵੇ ਦਾ ਨਾਂ ਧਰਮ ਹੈ । ਜੇ ਇਸ ਅਖੱਰ ਨੂੰ ਡੂੰਘਾਈ ਨਾਲ ਪਰਖੀਏ ਤਾਂ ਇਸ ਦਾ ਅਰਥ ਹੈ, “ਮਰਯਾਦਾ” ਅਤੇ ਗੁਰੂ ਜੀ ਨੇ ਆਪਣੇ ਵੱਡਮੁਲੇ ਉਪਦੇਸ਼ ਸੰਦੇਸ਼ ਨਾਲ ਸਾਡੇ ਜੀਵਨ ਨੂੰ ਪ੍ਰਭੂ ਜੀ ਦੇ ਗੁਣਾਂ ਦੇ ਧਾਰਨੀ ਅਤੇ ਪ੍ਰਭੂ ਜੀ ਦੀ ਭੈ ਭਾਵਨੀ ਵਿੱਚ ਚਲਣਾ ਦਰਸਾਇਆ ਹੈ । ਉਚੀ ਸੁਚੀ ਗੁਣਕਾਰੀ ਪਰਉਪਕਾਰੀ ਜੀਵਨ ਦੀ ਮਰਯਾਦਾ ਨੂੰ ਹੀ ਅਸਲ ਧਰਮ ਆਖਿਆ ਹੈ । ਜੋ ਗੁਰੂ ਜੀ ਦੇ ਉਪਦੇਸ਼ ਨੂੰ ਸਮਝਕੇ ਉਸ ਅਨਸਾਰ ਆਪਣਾ ਜੀਵਨ ਬਣਾਂ ਲੈਦਾ ਹੈ, ਉਹ ਹੀ ਅਸਲ ਵਿੱਚ ਧਰਮੀ ਹੈ, ਅਤੇ ਫਿਰ ਉਹ ਕੋਈ ਕਰਮ ਕਾਂਡ ਨਹੀਂ ਕਰਦਾ, ਕੋਈ ਭੇਖ (ਲਿਬਾਸ) ਨਹੀਂ ਦਿਖਾਉਂਦਾ, ਤੀਰਥਾਂ ਉਪਰ ਨਹੀਂ ਦੋੜ੍ਹਿਆ ਫਿਰਦਾ, ਭੇਖ ਹੇਠਾਂ ਧਰਮੀਂ ਅਖਵਾ ਕੇ ਦੂਜਿਆਂ ਨੂੰ ਲੁੱਟਦਾ ਨਹੀ ਫਿਰਦਾ। ਉਹ ਜੀਵਨ ਜੀਊਣ ਦੀ ਜਾਂਚ ਸਿੱਖਕੇ ਹੱਕ ਹਲਾਲ ਦੀ ਕਮਾਈ ਕਰਦਾ ਜੀਵਨ ਬਤੀਤ ਕਰਦਾ ਹੈ , ਜਿਸ ਨੂੰ ਗੁਰੂ ਜੀ ਨੇ ਧਰਮੀ ਹੋਣਾਂ ਆਖਿਆ ਹੈ । ਇਸ ਦੀ ਸਮਝ ਗੁਰੂ ਪਾਸੋਂ ਹੀ ਹਾਸਲ ਹੁੰਦੀ ਹੈ ।
4/494:-ਧੀਰਜੁ ਧਰਮੁ ਗੁਰਮਤਿ ਹਰਿ ਪਾਇਆ, ਨਿਤ ਹਰਿ ਨਾਮੈ, ਹਰਿ ਸਿਉ ਚਿਤੁ ਲਾਵੈ ॥
ਅਮ੍ਰਿਤ ਬਚਨ ਸਤਿਗੁਰ ਕੀ ਬਾਣੀ, ਜੋ ਬੋਲੈ, ਸੋ ਮੁਖਿ ਅਮ੍ਰਿਤੁ ਪਾਵੈ ॥

ਧਰਮ ਨੂੰ ਸਮਝਣ ਵਾਸਤੇ ਬੜੀ ਹੀ ਉਤਮ ਸੋਝੀ ਹੈ ਇਨ੍ਹਾਂ ਲਾਈਨਾਂ ਵਿੱਚ, ਗੁਰੂ ਜੀ ਆਖਦੇ ਹਨ ਕੇ ਜੋ ਗੁਰੂ ਦੀ ਮੱਤ (ਉਪਦੇਸ਼) ਲੈ ਕੇ ਨਿਤਾ ਪ੍ਰਤੀ ਪ੍ਰਭੂ ਜੀ ਦੇ ਗੁਣ ਗਾਉਂਦਾ ਹੈ (ਗਿਆਨ ਹਾਸਲ ਕਰਦਾ ਹੈ) ਉਹ ਹੀ ਅੰਦਰੂਨੀ ਸ਼ਾਤੀ, ਸੰਤੋਖ ਪਾਉਂਦਾ ਹੈ ਅਤੇ ਉਸ ਦਾ ਜੀਵਨ ਹੀ ਸਹੀ ਮਾਰਗ ਉਪਰ (ਮਰਯਾਦਾ ਵਿੱਚ) ਚੱਲਦਾ ਹੈ, ਪੂਰਨ ਗੁਰੂ ਦਾ ਉਪਦੇਸ਼ ਹੀ ਮਨੁੱਖ ਦੀ ਆਤਮਾਂ „ਸੋਚ ਨੂੰ ਜਾਗਰਤ ਕਰਨ ਵਾਲਾ ਹੈ, ਜੋ ਇਸ ਗਿਆਨ ਨੂੰ (ਸਿਖਿਆ ਨੂੰ) ਹਾਸਲ ਕਰਦਾ ਹੈ ਉਹ ਹੀ ਸਦੀਵੀ ਜਾਗਰਤਾ ਪਾਉਂਦਾ ਹੈ (ਭਾਵ ਗਿਆਨਵਾਨ ਤੇ ਪਰਉਪਕਾਰੀ ਹੋ ਜਾਂਦਾ ਹੈ ) ਜੀਵਨ ਗੁਰ ਉਪਦੇਸ਼ ਰਾਹੀਂ ਪ੍ਰਭੂ ਜੀ ਦੇ ਗੁਣਾਂ ਨੂੰ, ਨਿਯਮਾਂ ਨੂੰ, ਰਜਾ ਨੂੰ, ਹੁਕਮਾਂ ਨੂੰ ਸਵੀਕਾਰਦਾ ਹੈ ਅਤੇ ਜੀਵਨ ਮਰਯਾਦਾ ਵਿੱਚ ਗੁਜਾਰਦਾ ਹੈ ਉਹੋ ਹੀ ਅਸਲ ਧਰਮੀ ਹੈ । ਧਰਮ ਇੱਕ ਮਾਂ ਦੀ ਨਿਆਈ ਹੈ ਜਿਸ ਤਰ੍ਹਾਂ ਮਾਂ ਬਚਪਨ ਵਿੱਚ ਬੱਚੇ ਨੂੰ ਸਹੀ ਮਾਰਗ ਦਾ ਗਿਆਨ ਦਿੰਦੀ ਹੈ । ਇਸੇ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਗਿਆਨ ਸਾਨੂੰ ਸਹੀ ਜੀਵਨ ਸੇਧ ਬਖਸ਼ਦਾ ਹੈ । (ਜੀਵਨ ਮਰਯਾਦਾ ਵਿੱਚ ਚੱਲਣ ਦੀ ਅਗਵਾਈ ਦਿੰਦਾ ਹੈ) ਇਸ ਲਈ ਧਾਰਮਿਕ ਗ੍ਰੰਥ ਜੀਵਨ ਮਰਯਾਦਾ ਦਾ ਗਿਆਨ ਹੈ (ਵਿਧੀ ਹੈ) । ਪਰ ਅਸੀਂ ਲੋਕਾਂ ਪਾਸੋਂ, ਸਮਾਜ ਪਾਸੋਂ, ਪਰਚਾਰਕਾਂ ਪਾਸੋਂ ਸਿੱਖੇ ਹੋਏ ਧਰਮ ਕਰਮਾਂ ਨੂੰ ਹੀ ਧਰਮ ਮੰਨੀ ਬੈਠੇ ਹਾਂ। ਉਹੋ ਕਰਮ ਹੀ ਸਾਰੀ ਜਿੰਦਗੀ ਕਰੀ ਜਾ ਰਹੇ ਹਾਂ। ਸਵੇਰ ਸ਼ਾਮ ਘੰਟਾ ਦੋ ਘੰਟੇ ਪਾਠ ਕਰ ਲੈਣ ਨੂੰ ਧਰਮ ਦਾ ਨਾਂ ਦੇ ਦਿੱਤਾ ਹੈ । ਰੁਜਗਾਰ ਹੇਠਾਂ ਕੰਮ ਕਰ ਰਹੇ ਪ੍ਰਚਾਰਕਾਂ, ਕੀਰਤਨੀਆਂ ਅਤੇ ਸਾਰੇ ਦੇ ਸਾਰੇ ਸਾਧ ਲਾਣੇ ਨੇ ਜੋ ਸਾਨੂੰ ਦਰਸਾਇਆ ਸਮਝਾਇਆ ਹੈ ਅਸੀਂ ਉਸ ਨੂੰ ਹੀ ਧਰਮ ਮੰਂਨ ਲਿਆ ਹੈ, ਇੱਕ ਦੋ ਸ਼ਬਦਾਂ ਦਾ ਚਾਲੀ ਦਿਨ ਪਾਠ ਕਰ ਲੈਣ ਨੂੰ ਧਰਮੀ ਹੋਣ ਦੀ ਮੋਹਰ ਲਾ ਦਿੱਤੀ ਹੈ, ਸਾਧ ਬਾਬਿਆਂ ਵਲੋਂ ਵੱਡੇ ਵੱਡੇ ਡੇਰੇ ਬਣਵਾ ਲੈਣੇ ਅਤੇ ਕੇਵਲ ਵਾਹਿਗੁਰੂ ਅੱਖਰ ਦਾ ਸਿਮਰਨ ਕਰਵਾਉਣ ਨੂੰ ਹੀ ਧਰਮ ਦਾ ਰੂਪ ਦੇ ਦਿੱਤਾ ਹੈ । ਜਾਂ ਫਿਰ ਵੱਡੇ ਵੱਡੇ ਦੀਵਾਨ ਲਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੂੰ ਇਕੱਠੇ ਕਰ ਲੋਕ ਗਾਥਾਵਾਂ, ਮੰਨ ਘੜਤ ਟੋਟਕੇ, ਬਿਨ ਸਿਰ ਪੈਰ ਦੀਆਂ ਕਹਾਣੀਆਂ , ਸਾਖੀਆਂ ਨੂੰ ਸੁਣਾਂ ਕੇ ਮਾਇਆ ਇਕੱਠੀ ਕਰ ਲੈਣ ਨੂੰ ਹੀ ਧਰਮ ਤੇ ਧਰਮ ਦੇ ਕਰਮ ਪ੍ਰਚਾਰ ਦਿੱਤਾ ਹੈ ਅਤੇ ਅਸੀਂ ਇਸ ਨੂੰ ਹੀ ਧਰਮ ਮੰਨ ਲਿਆ ਹੈ। ਕਿਸੇ ਵੱਖਰੇ ਰੰਗ ਤੇ ਢੰਗ ਦਾ ਪਹਿਰਾਵਾ ਪਾ ਉਚੀ ਅਵਾਜ਼ ਵਿੱਚ ਢੋਲਕੀਆਂ ਛੈਣੇ ਖੜਕਾ ਸਟੇਜਾਂ ਉਪੱਰ ਪੀ-ਟੀ ਸ਼ੋ ਵਾਗੂੰ ਦੋ ਚਾਰ ਘੰਟੇ ਰੋਲਾ ਪਾ ਲੈਣ ਨੂੰ ਹੀ ਧਰਮ ਸਮਝ ਤੇ ਸਮਝਾ ਦਿੱਤਾ ਗਿਆ ਹੈ। ਇਹ ਵੱਖਰੇ ਰੰਗ ਤੇ ਢੰਗ ਦਾ ਪਹਿਰਾਵਾ ਤੇ ਦਿਖਾਵਾ ਕਿਸੇ ਇੱਕ ਫਿਰਕੇ ਦਾ ਤਾਂ ਹੋ ਸਕਦਾ ਹੈ, ਇੱਕ ਕੌਮ ਦਾ ਨਹੀਂ ਹੋ ਸਕਦਾ। ਜੇ ਇਸ ਤਰ੍ਹਾਂ ਹੈ ਤਾਂ ਫਿਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਪਾਸੋਂ ਇਕ ਵਾਰ ਜਰੂਰ ਪੁਛਣਾਂ ਪਊਗਾ। ਗੁਰੂ ਜੀ ਨੇ, ਨਾਂ ਆਪ ਤੇ ਨਾਂ ਹੀ ਆਪਣੇ ਕਿਸੇ ਸਿੱਖ ਸੇਵਕ ਨੂੰ ਪਹਿਰਾਵੇ ਨਾਲ ਜੋੜਿਆ ਸੀ। ਹਾਂ ਧਰਮ ਦੇ ਨਾਂ ਹੇਠਾਂ ਪਹਿਰਾਵੇ ਦਾ ਭੇਖ ਕਰਨ ਵਾਲਿਆਂ ਨੂੰ ਗੁਰੂ ਜੀ ਨੇ ਸਹੀ ਜੀਵਨ ਰਾਹ ਦਰਸਾ ਵਾਪਸ ਘਰਾਂ ਨੂੰ ਵਾਪਸ ਤਾਂ ਜਰੂਰ ਲਿਆਂਦਾ ਸੀ । ਧਰਮ ਅੱਖਰ ਗੁਰਬਾਣੀ ਵਿੱਚ ਜਾਂ ਹੋਰ ਲਿਖਤਾਂ ਵਿੱਚ ਅਨੇਕਾਂ ਤਰੀਕਿਆਂ ਨਾਲ ਵਰਤਿਆ ਮਿਲਦਾ ਹੈ ਪਰ ਧਰਮ ਦੀ ਦੁਨੀਆਂ ਵਿੱਚ ਇਸ ਦੇ ਅਰਥ (ਮਰਯਾਦਾ) (ਸਹੀ ਮਾਰਗ) (ਜੀਵਨ ਜੁਗਤ) ਇੱਕਸਾਰਤਾ ਵਾਲਾ ਜੀਵਨ ਬਣ ਜਾਣਾ ਹੀ ਨਿਕਲਦੇ ਹਨ। ਸਿੱਖ ਅਖਵਾਉਣ ਵਾਲਿਆਂ ਪਾਸ ਇਸ ਵੇਲੇ ਧੰਨ ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮਨੁੱਖ ਦੇ ਜੀਵਨ ਨੂੰ, ਧਰਮੀ, ਇੱਕਸਾਰਤਾ ਵਾਲਾ ਬਣਾਉਣ ਵਾਸਤੇ ਮਾਜੂਦ ਹੈ, ਇਸ ਨੂੰ ਸਮਝਣ ਤੇ ਕਮਾਉਣ ਦੀ ਜਰੂਰਤ ਹੈ। ਸਾਡਾ ਜੀਵਨ ਧਰਮੀ, ਮਰਯਾਦਾ ਵਾਲਾ, ਇਕਸਾਰਤਾ ਵਾਲਾ, ਗਿਆਨਵਾਨ, ਪਰਉਪਕਾਰੀ ਨਹੀਂ ਬਣ ਸਕਿਆ ਕਿਉਂ ਕੇ ਸਾਨੂੰ ਗੁਰੂ ਜੀ ਦੇ ਉਪਦੇਸ਼, ਸਿਖਿਆ, ਗਿਆਨ ਤੋਂ ਸਖਣੇ ਰੱਖ ਕੇਵਲ ਅੱਖਾਂ ਮੀਟ ਇਕ ਦੋ ਸ਼ਬਦਾਂ ਦੇ ਰਟਨ ਕਰਨ ਵਿੱਚ ਹੀ ਲਾਇਆ ਗਿਆ ਹੈ। ਜਿਸ ਉਪਦੇਸ਼, ਗਿਆਨ, ਸਿਖਿਆ ਤੋਂ ਸਾਨੂੰ ਜੀਵਨ ਮਰਯਾਦਾ, ਇਕਸਾਰਤਾ ਵਾਲੀ ਜੀਵਨ ਜਾਂਚ ਮਿਲਣੀ ਸੀ ਉਸ ਨੂੰ ਅਸੀਂ ਸਮਝਿਆ ਕਮਾਇਆ ਹੀ ਨਹੀਂ । ਗੁਰੂ ਜੀ ਦੀ ਬਾਣੀ ਉਪਦੇਸ਼, ਗਿਆਨ ਸਾਨੂੰ ਜੀਵਨ ਦੌਰਾਨ ਕਿਰਤ ਕਰਦਿਆਂ ਹੋਇਆਂ ਕਿਸ ਤਰ੍ਹਾਂ ਵਿਕਾਰਾਂ ਅਤੇ ਕਰਮਕਾਂਡਾਂ ਤੋਂ ਆਪਣੇ ਆਪ ਨੂੰ ਨਿਰਲੇਪ ਰੱਖਦਿਆਂ ਹੋਇਆ ਜੀਵਨ ਇਕਸਾਰਤਾ (ਮਰਯਾਦਾ) ਵਾਲਾ ਬਣਾਉਣਾ ਹੈ ਇਸ ਬਾਰੇ ਸੇਧ, ਸਿਖਿਆ, ਗਿਆਨ ਬਖਸ਼ਦੀ ਹੈ ਅਤੇ ਗੁਰੂ ਜੀ ਦਾ ਉਪਦੇਸ਼ ਪ੍ਰਭੂ ਜੀ ਦੇ ਹੁਕਮਾਂ ਨੂੰ, ਨਿਯਮਾਂ ਨੂੰ ਸਵੀਕਾਰ ਕਰਦੇ ਹੋਏ ਗਿਆਨਵਾਨ ਪਰਉਪਕਾਰੀ ਬਣਾਉਦਾ ਹੈ ਅਤੇ ਅਣਖੀ ਭਰਿਆ, ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰਨਾਂ ਸਿਖਾਲਦਾ ਹੈ। ਇਹ ਮਾਰਗ ਹੀ ਉਤਮ ਹੈ, ਇਹੋ ਹੀ ਧਰਮ ਹੈ । ਅਤੇ ਗੁਰ ਉਪਦੇਸ਼ ਸਾਨੂੰ ਇਹੋ ਹੀ ਦਰਸਾਉਂਦਾ ਹੈ । ਗੁਰ ਫੁਰਮਾਨ ਹੈ :-
5/266:-ਸਰਬ ਧਰਮ ਮਹਿ, ਸ੍ਰੇਸਟ ਧਰਮੁ ॥
ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ॥

ਗੁਰੂ ਪੰਜਵੇਂ ਪਾਤਸ਼ਾਹ ਆਖਦੇ ਹਨ ਕਿ ਸਭਨਾਂ ਰਹਿਤਾਂ (ਮਰਯਾਦਾ) ਵਿੱਚੋਂ ਉਚੀ ਤੇ ਸਹੀ ਜੀਵਨ ਰਹਿਤ ਉਹੋ ਹੀ ਹੈ ਜੇ ਕਰ ਪ੍ਰਭੂ ਜੀ ਵਾਲੇ ਗੁਣਾਂ ਨੂੰ ਹਾਸਲ ਕੀਤਾ ਜਾਵੇ ਅਤੇ ਜੀਵਨ ਦੌਰਾਨ ਕਰਮ ਵੀ (ਕਿਰਤ ਵੀ) ਸਹੀ ਹੋਵੇ । ਹੱਕ ਹਲਾਲ (ਦੱਸਾਂ ਨੌਹਾਂ) ਦੀ ਕਿਰਤ ਹੀ ਸਾਨੂੰ ਭੈ ਤੋਂ ਰਹਿਤ ਅਤੇ ਅਣਖੀ ਜੀਵਨ ਪ੍ਰਦਾਨ ਕਰ ਸਕਦੀ ਹੈ, ਇਹੋ ਹੀ ਅਸਲ ਧਰਮ ਹੈ, ਸਹੀ ਜੀਵਨ ਜੁਗਤ ਹੀ ਚੜ੍ਹਦੀ ਕਲਾ, ਅੰਦਰੂਨੀ ਖੇੜਾ ਤੇ ਉਚੀ ਸੁੱਚੀ ਸੋਚ ਬਣਾ ਸਕਦੀ ਹੈ। ਪਰ ਅਸੀਂ ਇਸ ਸਿਧਾਂਤ ਨੂੰ ਭੁਲਾ ਕੇ ਕਰਮਕਾਂਡਾਂ ਤੇ ਦਿਖਾਵੇ ਵਾਲੇ ਪਹਿਰਾਵੇ ਵਿੱਚ ਪੈ ਗਏ ਹਾਂ ਜਿਸ ਕਰਕੇ ਜਿੰਦਗੀ ਦੇ ਹਰ ਖੇਤਰ ਵਿੱਚ ਔਕੜਾਂ ਤੇ ਮਸੀਬਤਾਂ ਬਣੀਆਂ ਹੀ ਰਹਿਦੀਆਂ ਹਨ। ਕਰਮਕਾਂਡਾਂ ਵਿੱਚੋਂ ਕਦੇ ਵੀ ਕੁਝ ਪ੍ਰਾਪਤੀ ਨਹੀਂ ਹੁੰਦੀ, ਗੁਰੂ ਜੀ ਫੁਰਮਾਉਂਦੇ ਹਨ:-
3/922:-ਕਰਮੀ ਸਹਜੁ ਨ ਊਪਜੈ, ਵਿਣੁ ਸਹਜੈ, ਸਹਸਾ ਨ ਜਾਇ ॥
ਨਹ ਜਾਇ ਸਹਸਾ ਕਿਤੈ ਸੰਜਮਿ, ਰਹੇ ਕਰਮ ਕਮਾਏ ॥

ਗੁਰੂ ਜੀ ਆਖਦੇ ਹਨ ਕਿ ਕਰਮਕਾਂਡਾਂ ਨਾਲ ਅੰਦਰੂਨੀ ਟਿਕਾਉ, ਸ਼ਾਂਤੀ, ਇਕਸਾਰਤਾ, ਚੜ੍ਹਦੀ ਕਲਾ ਨਹੀਂ ਬਣ ਸਕਦੀ, ਗਿਆਨ ਹਾਸਲ ਨਹੀਂ ਹੋ ਸਕਦਾ। ਗਿਆਨ ਹਾਸਲ ਕੀਤੇ ਤੋਂ ਬਿਨ੍ਹਾਂ ਅੰਦਰੂਨੀ ਫਿਕਰ, ਚਿੰਤਾਵਾਂ ਕਦੇ ਵੀ ਦੂਰ ਨਹੀਂ ਹੁੰਦੀਆਂ। ਇਸ ਤਰ੍ਹਾਂ ਦੇ ਕਰਮਕਾਂਡ ਅਨੇਕਾਂ ਹੀ ਦੁਨੀਆਂ ਕਰੀ ਜਾ ਰਹੀ ਹੈ ਕੋਈ ਵੀ ਸਫਲਤਾ ਨਹੀਂ ਮਿਲਦੀ, ਜੀਵਨ ਅਜਾਈਂ ਹੀ ਬੀਤ ਜਾਂਦਾ ਹੈ । ਗੁਰ ਉਪਦੇਸ਼ (ਗਿਆਨ) ਰਾਹੀਂ ਹੀ ਅੰਦਰੂਨੀ ਜਾਗਰਤਾ ਬਣ ਸਕਦੀ ਹੈ ਅਤੇ ਪੂਰਨ ਜ਼ਾਗਰਤੀ ਹੀ ਜੀਵਨ ਮਰਯਾਦਾ ਹੈ ਅਤੇ ਜੀਵਨ ਮਰਯਾਦਾ ਹੀ ਅਸਲ ਧਰਮ ਹੈ। ਗੁਰੂ ਜੀ ਸਿੱਖਾਂ ਨੂੰ ਸਿਖਿਆ ਦੇ ਕਿ ਸਿੱਖਾਂ ਦਾ ਜੀਵਨ ਗਿਆਨਵਾਨ ਬਣਾਉਣਾ ਚਾਉਦੇ ਹਨ। ਗਿਆਨਵਾਨ ਇਨਸਾਨ ਹੀ ਕਰਾਂਤੀਕਾਰੀ, ਪ੍ਰਉਪਕਾਰੀ ਹੋ ਸਕਦਾ ਹੈ, ਦੂਜਿਆਂ ਦਾ ਭਲਾ ਸੋਚ ਅਤੇ ਕਰ ਸਕਦਾ ਹੈ ਅਤੇ ਐਸਾ ਸਾਨੂੰ ਗੁਰ ਇਤਹਾਸ ਅਤੇ ਪੁਰਾਤਨ ਸਿੱਖਾਂ ਦੇ ਜੀਵਨ ਵਿਚੋਂ ਦੇਖਣ ਸੁਨਣ ਨੂੰ ਆਮ ਮਿਲ ਜਾਂਦਾ ਹੈ । ਐਸੇ ਕ੍ਰਾਂਤੀਕਾਰੀ ਮਨੁੱਖ ਨੂੰ ਹੀ ਅਸਲ ਧਰਮੀ ਆਖਿਆ ਜਾਂਦਾ ਹੈ। ਗੁਰੂ ਜੀ ਦਾ ਫੁਰਮਾਨ ਹੈ :-
3/593:-ਇਕੋ ਸਤਿਗੁਰੁ ਜਾਗਤਾ, ਹੋਰੁ ਜਗੁ ਸੂਤਾ ਮੋਹਿ ਪਿਆਸਿ ॥
ਸਤਿਗੁਰੁ ਸੇਵਨਿ ਜਾਗਨਿ ਸੇ, ਸੋ ਰਤੇ ਸਚਿ ਨਾਮਿ ਗੁਣਤਾਸਿ ॥

ਤੀਸਰੇ ਸਤਿਗੁਰੂ ਸਾਨੂੰ ਸਮਝਾ ਰਹੇ ਹਨ ਕੇ ਪੂਰਨ ਗੁਰੂ ਦਾ ਉਪਦੇਸ਼ (ਗਿਆਨ, ਸਿਖਿਆ) ਹੀ ਮਨੁੱਖ ਦੀ ਸੁਤੀ ਹੋਈ ਆਤਮਾਂ „ਸੋਚ ਨੂੰ ਜਾਗਰਤ ਕਰ ਸਕਦੀ ਹੈ, ਉਚੀ ਸੁੱਚੀ ਸੋਚ ਬਣਾ ਸਕਦੀ ਹੈ, ਹੋਰ ਹੋਰ ਕਰਮਕਾਂਡਾਂ ਅਤੇ ਧਰਮ ਕਰਮ ਕਰ ਰਹੀ ਲੋਕਾਈ ਅਗਿਆਨਤਾ ਦੀ ਨੀਂਦ ਵਿੱਚ ਘੂਕ ਸੁੱਤੀ ਪਈ ਹੈ। ਜੋ ਇਸ ਪੂਰਨ ਗੁਰੂ ਦੇ ਗਿਆਨ ਨੂੰ ਹਾਸਲ ਕਰ ਲਵੇ ਉਹ ਗਿਆਨਵਾਨ, ਕਰਾਂਤੀਕਾਰੀ, ਪਰਉਪਕਾਰੀ ਬਣ ਜਾਂਦਾ ਹੈ, ਉਹ ਜਗਿਆਸੂ ਹੀ ਪ੍ਰਭੂ ਜੀ ਦੇ ਹੁਕਮਾਂ ਨੂੰ, ਨਿਯਮਾਂ ਨੂੰ, ਸਵੀਕਾਰਨ ਵਾਲਾ ਬਣਦਾ ਹੈ । ਉਸ ਦਾ ਜੀਵਨ ਹੀ ਮਰਯਾਦਾ ਵਿੱਚ ਚੱਲਦਾ ਹੈ। ਇਹੋ ਹੀ ਅਸਲ ਵਿੱਚ ਧਰਮ ਹੈ। ਪਰ ਇਸ ਉਪਦੇਸ਼ (ਗਿਆਨ) ਸਿਖਿਆ ਤੋਂ ਖੁਦ ਆਪ ਕੋਰੇ ਤੇ ਸੱਖਣੇ ਪੁਜਾਰੀ ਤੇ ਸਾਧ ਟੋਲੇ ਨੇ ਸਾਨੂੰ ਸਿਰਫ ਅਰਦਾਸਾਂ ਕਰਨ, ਸੁੱਖਣਾਂ ਸੁੱਖਣ, ਪਾਠ ਤੇ ਲੰਗਰ ਕਰਵਾਉਣ, ਡੇਰੇ ਤੇ ਕਾਰ ਸੇਵਾ ਵਿੱਚ ਲਾ ਜਿਥੇ ਖੂਬ ਲੁਟਿਆ ਹੈ ਉਥੇ ਇਨ੍ਹਾਂ ਕੰਮਾਂ ਨੂੰ ਕਰਨਾਂ ਹੀ ਧਰਮੀ ਹੋਣਾਂ ਸਾਨੂੰ ਪੱਕਾ ਕਰਵਾ ਦਿੱਤਾ ਹੈ । ਜਿਹੜਾ ਇਨਸਾਨ ਗੁਰ ਉਪਦੇਸ਼ ਨੂੰ, ਸਿਖਿਆ ਨੂੰ ਕੇਵਲ ਧੰਧਾ ਬਣਾ ਲੈਂਦਾ ਹੈ ਉਹ ਕਦੇ ਵੀ ਧਰਮੀ ਨਹੀਂ ਹੋ ਸਕਦਾ। ਅਤੇ ਇਸ ਦੇ ਉਲਟ ਜਿਹੜਾ ਗੁਰ ਉਪਦੇਸ਼ ਨੂੰ ਸਮਝ ਲੈਂਦਾ ਹੈ ਉਹ ਮਨੁੱਖ ਗੁਣਕਾਰੀ ਕਰਾਂਤੀਕਾਰੀ, ਪ੍ਰਉਪਕਾਰੀ ਹੋ ਕਦੇ ਵੀ ਪੁਜਾਰੀ ਨਹੀਂ ਹੋ ਸਕਦਾ। ਉਹ ਹਮੇਸ਼ਾ ਪ੍ਰਭੂ ਜੀ ਦੇ ਗੁਣਾਂ ਦਾ ਧਾਰਨੀ ਹੋ ਹੱਕ ਹਲਾਲ ਦੀ ਕਮਾਈ ਕਰਦਾ ਹੋਇਆ ਵੰਡ ਸ਼ਕਣ ਦੇ ਮਾਰਗ ਦਾ ਪਾਂਦੀ ਹੋਵੇਗਾ। ਸੋ ਅਸਲੀ ਧਰਮ ਹੈ ਜੀਵਨ ਦੀ ਸਹੀ ਮਰਯਾਦਾ, ਸੋਚ ਦੀ ਇਕਸਾਰਤਾ, ਵੈਰ ਵਿਰੋਧ ਦੀ ਭਾਵਨਾ ਤੋਂ ਰਹਿਤ ਜੀਵਨ, ਚੜ੍ਹਦੀ ਕਲਾ ਵਾਲਾ ਜਜਬਾ, ਗਿਆਨਵਾਨ ਜੀਵਨ ਸ਼ੈਲੀ, ਪ੍ਰਉਪਕਾਰਾਂ ਵਾਲਾ ਰਸਤਾ, ਸਾਂਝੀ ਵਾਲਤਾ ਵਾਲੀ ਸੋਚ, ਜੁਲਮ ਤੇ ਜਾਲਮ ਦੇ ਵਿਰੁਧ ਅਵਾਜ਼ ਵਾਲਾ ਸੁਭਾਅ, ਸੱਚ ਦੀ ਅਵਾਜ਼ ਨੂੰ ਬਲੰਦ ਕਰਣ ਵਾਲੀ ਸੋਚ ਹਮੇਸ਼ਾ ਬਣੀ ਰਹਿਦੀ ਹੈ। ਪਰ ਇਸ ਰਸਤੇ ਉਪਰ ਚੱਲਣਾ ਬਹੁਤ ਹੀ ਅੋਖਾ ਤੇ ਕਠਨ ਹੈ, ਜੋ ਇਸ ਰਸਤੇ ਦਾ ਪਾਂਧੀ ਬਣ ਜਾਂਦਾ ਹੈ, ਉਸ ਨੂੰ ਭਾਵੇਂ ਜਿੰਦਗੀ ਦੌਰਾਨ ਅਨੇਕਾਂ ਹੀ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈਂਦਾ ਹੈ ਪਰ ਫਿਰ ਵੀ ਉਸ ਦਾ ਜੀਵਨ ਢੰਗ ਵੱਖਰਾ ਤੇ ਨਿਰਾਲਾ ਹੁੰਦਾ ਹੈ ਗੁਰੂ ਜੀ ਦਾ ਫੁਰਮਾਨ ਹੈ :- {
3/922:-ਭਗਤਾ ਕੀ ਚਾਲ ਨਿਰਾਲੀ ॥ ਚਾਲਾ ਨਿਰਾਲੀ ਭਗਤਾਹ ਕੇਰੀ, ਬਿਖਮ ਮਾਰਗਿ ਚਲਣਾ ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ, ਬਹੁਤ ਨਾਹੀ ਬੋਲਣਾ ॥ ਖਨਿਅਹੁ ਤਿਖੀ ਵਾਲਹੁ ਨਿਕੀ, ਏਤੁ ਮਾਰਗਿ ਜਾਣਾ ॥ ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥ ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥ 14॥
}
ਤੀਸਰੇ ਗੁਰੂ ਅਮਰਦਾਸ ਜੀ ਨੇ ਇਸ ਸ਼ਬਦ ਵਿੱਚ ਸਾਨੂੰ ਇਕ ਧਰਮੀ ਪੁਰਸ਼ ਦੀ ਜੀਵਨ ਚਾਲ (ਹਾਲਤ) (ਮਰਯਾਦਾ) ਬਾਰੇ ਦਰਸਾਇਆ ਹੈ। ਆਖਦੇ ਹਨ ਕਿ ਧਰਮ ਵਾਲਾ ਮਾਰਗ ਬਹੁਤ ਅੋਖਾ ਤੇ ਬਿਖੜਾ ਹੈ ਪਰ ਜਿਹੜੇ ਮਨੁੱਖ ਇਸ ਰਸਤੇ ਦੇ ਧਾਰਨੀ ਬਣੇ ਉਹ ਸੰਸਾਰ ਵਿੱਚ ਵੱਖਰੇ ਹੀ ਪਹਿਚਾਣੇ ਜਾਂਦੇ ਹਨ। ਇਹ ਸਾਰੀ ਬਦਲਾਹਟ ਗੁਰ ਉਪਦੇਸ਼ (ਸਿਖਿਆ) (ਗਿਆਨ) ਨੂੰ ਸਮਝਿਆਂ ਕਮਾਇਆਂ ਅਤੇ ਜੀਵਨ ਦਾ ਅਨਿਖੜਵਾਂ ਅੰਗ ਬਣਾਇਆਂ ਹੀ ਹੋ ਸਕਦੀ ਹੈ। ਇਸ ਗਿਆਨ ਤੋਂ ਸੱਖਣੇ ਜਾਂ ਨਿਰ੍ਹਾ ਪੜ੍ਹਨ ਵਾਲੇ ਮਨੁੱਖ ਸਦਾ ਕਰਮਕਾਂਢਾਂ ਵਿੱਚ ਪਏ ਸਾਧਾਂ ਦੇ ਡੇਰਿਆਂ ਤੋਂ ਸੁੱਖਾਂ ਦੀ ਭਾਲ ਵਿੱਚ ਭਟਕਦੇ ਹੀ ਰਹਿੰਦੇ ਹਨ ਅਤੇ ਸਾਰੀ ਜਿੰਦਗੀ ਕੋਈ ਵੀ ਪ੍ਰਾਪਤੀ ਨਹੀਂ ਹੁੰਦੀ ।ਗੁਰੂ ਜੀ ਫੁਰਮਾ ਰਹੇ ਹਨ:-
3/31:-ਅਮ੍ਰਿਤੁ ਛੋਡਿ ਬਿਖਿਆ ਲੋਭਾਣੇ, ਸੇਵਾ ਕਰਹਿ ਵਿਡਾਣੀ ॥
ਆਪਣਾ ਧਰਮੁ ਗਵਾਵਹਿ, ਬੂਝਹਿ ਨਾਹੀ, ਅਨਦਿਨੁ ਦੁਖਿ ਵਿਡਾਣੀ ॥
ਮਨਮੁਖ ਅੰਧ ਨ ਚੇਤਹੀ ਡੂਬਿ ਮੁਈ ਬਿਨੁ ਪਾਣੀ ॥ 1॥

ਗੁਰੂ ਜੀ ਆਖਦੇ ਹਨ ਕੇ ਆਦਮੀ ਮਾਇਆ ਜਹਿਰ ਵਿੱਚ ਲੋਭੀ ਹੋਇਆ ਹੋਇਆ ਨਾਮ ਅਮ੍ਰਿਤ (ਗਿਆਨ) (ਗੁਰ ਉਪਦੇਸ਼) ਜੋ ਆਤਮਾ ਨੂੰ ਜਾਗਰਤ ਕਰਕੇ ਜੀਵਨ ਨੂੰ ਉਚਾ ਸੁੱਚਾ ਬਣਾਉਣ ਵਾਲਾ ਹੈ ਉਸ ਨੂੰ ਭੁਲਾਕੇ ਹੋਰਨਾਂ ਦੀ ਸੇਵਾ ਚਾਕਰੀ ਵਿੱਚ ਲੱਗਾ ਹੋਇਆ ਹੈ (ਭਾਵ ਡੇਰੇਦਾਰਾਂ ਦੇ ਡੇਰੇ ਬਣਾਉਣ ਵਿੱਚ ਲੱਗ ਗਿਆ ਹੈ) ਜਿਸ ਕਾਰਨ ਆਪਣੀ ਜਿੰਦਗੀ ਦੀ (ਮਰਯਾਦਾ) (ਚਾਲ) ਜੋ ਧਰਮ ਹੈ ਉਸ ਨੂੰ ਗੁਵਾ ਹੀ ਬੈਠਾ ਹੈ, ਇਸ ਵੱਲ ਧਿਆਨ ਹੀ ਨਹੀਂ ਦੇ ਰਿਹਾ, ਬੁੱਝਣਾ ਹੀ ਨਹੀਂ ਚਾਹੁੰਦਾ, ਸੋਚਦਾ ਹੀ ਨਹੀਂ । ਹਰ ਰੋਜ਼ ਅਗਿਆਨਤਾ ਦੇ ਹਨ੍ਹੇਰੇ ਕਾਰਣ ਦੁਖੀ ਹੋ ਰਿਹਾ ਹੈ, ਮਨ ਮਗਰ ਲੱਗ ਕੇ (ਭਾਵ ਆਪਣੀ ਸੋਚ ਨੂੰ ਹੀ ਸਹੀ ਮੰਨੀ ਬੈਠਾ ਹੈ) ਅੰਦਰੂਨੀ ਅਗਿਆਨਤਾ ਕਾਰਨ ਅੰਨ੍ਹਾ ਹੀ ਹੋ ਗਿਆ ਹੈ। ਗੁਰ ਉਪਦੇਸ਼ ਨੂੰ (ਪ੍ਰਭੂ ਗੁਣਾਂ ਨੂੰ) ਕਦੇ ਚੇਤੇ ਹੀ ਨਹੀਂ ਕਰਦਾ, ਇਹ ਇਸ ਤਰ੍ਹਾਂ ਹੈ ਜਿਵੇਂ ਪਾਣੀ ਤੋਂ ਬਿਨ੍ਹਾਂ ਹੀ ਸੁਕੇ ਸਮੁੰਦਰ ਵਿੱਚ ਡੁੱਬ ਗਿਆ ਹੋਵੇ। (ਭਾਵ ਡੁਬਣ ਦਾ ਕਾਰਣ ਵੀ ਮਨੁੱਖ ਨੇ ਖੁਦ ਆਪ ਹੀ ਆਪਣੇ ਵਾਸਤੇ ਬਣਾਇਆ ਹੈ )।
3/230:-ਇਸੁ ਜੁਗ ਕਾ ਧਰਮੁ ਪੜਹੁ ਤੁਮ ਭਾਈ ॥
ਪੂਰੈ ਗੁਰਿ ਸਭ ਸੋਝੀ ਪਾਈ ॥
ਐਥੈ ਅਗੈ ਹਰਿ ਨਾਮੁ ਸਖਾਈ ॥
ਗੁਰੂ ਜੀ ਇਸ ਸ਼ਬਦ ਵਿੱਚ ਆਖਦੇ ਹਨ ਕੇ ਇਸ ਮਨੁੱਖਾ ਜੀਵਨ ਨੂੰ ਮਰਯਾਦਾ ਵਿੱਚ (ਧਰਮ ਅਨੁਸਾਰ) ਬਿਤਾਉਣ ਦਾ ਤਰੀਕਾ (ਜੁਗਤੀ) ਇਸ ਜੀਵਨ ਦੌਰਾਨ ਹੀ ਕਮਾਈ ਜਾ ਸਕਦੀ ਹੈ ਅਤੇ ਇਹ ਸੋਝੀ (ਵਿਧੀ) (ਜੁਗਤੀ) ਗੁਰੂ ਪਾਸੋਂ (ਭਾਵ ਗੁਰ ਉਪਦੇਸ਼ ਰਾਹੀਂ) ਹੀ ਪ੍ਰਾਪਤ ਹੋ ਸਕਦੀ ਹੈ। ਪ੍ਰਭੂ ਜੀ ਦਾ ਨਾਮ, ਨਿਰੋਲ ਸੱਚ ਦਾ ਗਿਆਨ ਸਦਾਂ ਹੀ ਮਨੁੱਖ ਦੀ ਸਹਾਇਤਾ ਕਰਦਾ ਹੈ। ਇਹ ਗਿਆਨ ਹੀ ਹੈ ਜੋ ਹਰ ਸਮੇਂ ਹਰ ਥਾਂ ਮਨੁੱਖ ਦੇ ਨਾਲ ਰਿਹ ਸਕਦਾ ਹੈ ਅਤੇ ਸਹੀ ਜੀਵਨ ਜੀਊਣ ਦੀ ਅਗਵਾਈ ਕਰ ਸਕਦਾ ਹੈ। {
5/394:-ਗੁਰੁ ਮੇਰੈ ਸਗਿ ਸਦਾ ਹੈ ਨਾਲੇ ॥
ਸਿਮਰਿ ਸਿਮਰਿ ਤਿਸੁ ਸਦਾ ਸਮਾਲੇ ॥ 1॥ ਰਹਾਉ ॥
}
ਫਰੀਦ/488:-ਬੋਲੀਐ ਸਚੁ, ਧਰਮੁ, ਝੂਠੁ ਨ ਬੋਲੀਐ ॥
ਜੋ ਗੁਰੁ ਦਸੈ ਵਾਟ, ਮੁਰੀਦਾ ਜੋਲੀਐ ॥

ਬਾਬਾ ਫਰੀਦ ਜੀ ਸਾਨੂੰ ਸਮਝਾਉਣਾ ਕਰਦੇ ਹਨ ਕੇ ਭਾਈ ਸਦਾ ਹੀ ਸੱਚ ਬੋਲਣਾ ਚਾਹੀਦਾ ਹੈ ਜੀਵਨ ਦੀ ਸਹੀ ਮਰਯਾਦਾ (ਧਰਮ) ਸਦਾ ਸੱਚ ਬੋਲਣ ਨਾਲ ਹੀ ਬਣ ਸਕਦੀ ਹੈ, ਇਸ ਲਈ ਕਦੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਜੀਵਨ ਦੀ ਮਰਯਾਦਾ ਬਾਰੇ ਗੁਰੂ ਪਾਸੋਂ ਹੀ (ਭਾਵ ਗੁਰ ਉਪਦੇਸ਼ ਰਾਹੀਂ) ਪਤਾ ਲੱਗ ਸਕਦਾ ਹੈ ਇਸ ਕਰਕੇ ਸੇਵਕ ਬਣਕੇ (ਮੁਰੀਦ ਬਣਕੇ) ਇਸ ਸਿਖਿਆ ਨੂੰ ਹਾਸਲ ਕਰਨਾਂ ਚਾਹੀਦਾ ਹੈ। ਗੁਰ ਸਿਖਿਆ ਦਾ ਧਾਰਨੀ ਹੀ ਜੀਵਨ ਨੂੰ ਮਰਯਾਦਾ ਵਿੱਚ ਰੱਖ ਸਕਦਾ ਹੈ। ਜੀਵਨ ਮਰਯਾਦਾ ਵਾਲਾ, ਇਕਸਾਰਤਾ ਵਾਲਾ ਹੀ ਅਸਲ ਧਰਮੀਆਂ ਵਾਲਾ ਜੀਵਨ ਹੈ, ਅਸਲ ਧਰਮ ਹੈ । ਗੁਰੂ ਨਾਨਕ ਪਾਤਸ਼ਾਹ ਜੀ ਵਲੋਂ ਚਲਾਏ ਨਿਰਮਲ ਪੰਥ ਦਾ ਧਾਰਨੀ (ਉਨ੍ਹਾਂ ਦੀ ਦਿੱਤੀ ਸਿਖਿਆ ਨੂੰ ਸਮਝਣ ਵਾਲਾ) ਹੀ ਅਸਲ ਵਿੱਚ ਜੀਵਨ ਦੀ ਸਹੀ ਮਰਯਾਦਾ ਨੂੰ ਪਾ ਸਕਦਾ ਹੈ ਅਤੇ ਸਚੀ ਸੁਚੀ ਜੀਵਨ ਜੁਗਤ (ਮਰਯਾਦਾ) ਹੀ ਅਸਲ ਧਰਮ ਹੈ। ਹੋਰ ਕੋਈ ਵੀ ਕਰਮਕਾਂਡ, ਦਿਖਾਵਾ, ਸੁਖਣਾ, ਪੂਜਣ ਵਾਲਾ ਧੰਧਾ ਕਰਨ ਵਾਲਾ ਮਨੁੱਖ ਧਰਮੀ ਨਹੀਂ ਹੋ ਸਕਦਾ। ਉਸ ਦਾ ਜੀਵਨ ਮਰਯਾਦਾ ਵਿੱਚ ਨਹੀਂ ਹੋ ਸਕਦਾ। ਇਹ ਧਰਮ (ਮਰਯਾਦਾ) ਯੂਨੀਵਰਸਲ ਹੈ, ਸਭਨਾਂ ਲਈ ਇਕੋ ਜਿਹੀ ਹੈ ਵੱਖਰੇ ਰੰਗ ਤੇ ਢੰਗ ਦੇ ਪਹਿਰਾਵੇ ਵਾਲੇ ਲੋਕਾਂ ਵਾਸਤੇ ਕੋਈ ਜਿਆਦਾ ਨਹੀਂ ਅਤੇ ਇਸ ਦਿਖਾਵੇ ਦਾ ਭੇਖ ਨਾਂ ਕਰਨ ਵਾਲੇ ਵਾਸਤੇ ਕੋਈ ਘਟ ਨਹੀਂ ਹੈ। ਜੋ ਇਸ ਨਿਰਮਲ ਪੰਥ ਦੇ ਸਿਧਾਂਤ ਨੂੰ ਸਮਝਕੇ ਕਮਾਕੇ ਉਸ ਅਨੁਸਾਰ ਜੀਵਨ ਚਾਲ ਬਣਾ ਲਵੇ ਉਹ ਹੀ ਜੀਵਨ ਮਰਯਾਦਾ ਵਾਲਾ ਪਾ ਸਕਦਾ ਹੈ, ਉਹ ਹੀ ਧਰਮੀ ਹੈ। ਗੁਰੂ ਨਾਨਕ ਜੀ ਵਲੋਂ ਚਲਾਇਆ ਇਹ ਨਿਰਮਲ ਪੰਥ ਤਕਰੀਬਨ 239 ਸਾਲਾਂ ਦੇ ਸਮੇਂ ਦੁਰਾਨ ਅਨੇਕਾਂ ਹੀ ਮੁਸ਼ਕਲਾਂ ਅਤੇ ਔਕੜਾਂ ਵਿੱਚੋਂ ਦੀ ਲੰਘਦਾ ਹੋਇਆ ਅੱਜ ਸਾਡੇ ਸਾਹਮਣੇ ਖਾਲਸਾ ਪੰਥ ਦੇ ਰੂਪ ਵਿੱਚ ਹੈ । ਜੋ ਵੀ ਜਨ ਸਮੂਹੀ ਇਸ ਰਸਤੇ ਦਾ ਪਾਂਧੀ ਬਣਦਾ ਹੈ ਉਸ ਨੂੰ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਣਾ ਪੈ ਸਕਦਾ ਹੈ ਪਰ ਅਸਲ ਵਿੱਚ ਉਹੋ ਹੀ ਧਰਮੀ ਹੈ, ਅਤੇ ਗੁਰੂ ਜੀ ਵਲੋਂ ਚਲਾਏ ਹੋਏ ਮਾਰਗ ਦਾ ਹੱਕ ਰੱਖਦਾ ਹੋਇਆ ਸਿੱਖ ਧਰਮ ਦਾ ਧਾਰਨੀ ਹੈ, ਕੋਈ ਦਿਖਾਵੇ ਵਾਲੇ ਭੇਖਾਂ ਵਾਲਾ ਧਰਮੀ ਨਹੀਂ ਹੋ ਸਕਦਾ।


ਲੇਖਕ : ਕੁਲਵੰਤ ਸਿੰਘ ਭੰਡਾਲ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1419
1/596:-ਜਹ ਜਹ ਦੇਖਾ, ਤਹ ਜੋਤਿ ਤੁਮਾਰੀ, ਤੇਰਾ ਰੂਪੁ ਕਿਨੇਹਾ ॥
ਇਕਤੁ ਰੂਪਿ, ਫਿਰਹਿ ਪਰਛੰਨਾ, ਕੋਇ ਨ ਕਿਸ ਹੀ ਜੇਹਾ ॥
ਗੁਰੂ ਜੀ ਆਖਦੇ ਹਨ ਕਿ ਭਾਈ ਉਹ ਪ੍ਰਭੂ ਜੋਤ (ਜੀਵਨ ਰੌਂ) ਸਭਨਾਂ ਵਿੱਚ ਹਰ ਪਾਸੇ ਪਸਰੀ"/>

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ