ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇੱਕ ਸੋ ਛੇ ਸਾਲ ਦੇ ਸਨ ਮੇਰੇ ਨਾਨਾ ਲੇਖ ਰਾਮ ਜੀ।

ਅੱਜ ਦੇ ਜਮਾਨੇ ਵਿੱਚ ਆਦਮੀ ਪੰਜਾਹਾਂ ਦਾ ਹੋ ਕੇ ਜਿੰਦਗੀ ਦੀ ਦੋੜ ਹਾਰ ਜਾਂਦਾ ਹੈ। ਸੱਠ ਕੁ ਸਾਲ ਦੀ ਉਮਰ ਹੀ ਭੋਗਦਾ ਹੈ ਤੇ ਇਸ ਸੰਸਾਰ ਵਿੱਚੋ ਕੂਚ ਕਰ ਜਾਂਦਾ ਹੈ। ਕੋਈ ਕੋਈ ਵਿਰਲਾ ਹੀ ਹੁੰਦਾ ਹੈ ਜੋ ਸੱਤਰ ਜਾ ਇਸਦੇ ਉਪਰਲਾ ਅੰਕੜਾ ਛੂਹਦਾ ਹੈ। ਪੁਰਾਣੇ ਬਜੁਰਗ ਇਸ ਗੱਲ ਦਾ ਅਪਵਾਦ ਹਨ। ਉਹਨਾ ਦੀਆਂ ਖਾਧੀਆਂ ਖੁਰਾਕਾਂ ਤੇ ਕੀਤੀਆਂ ਮਿਹਨਤਾਂ ਉਹਨਾ ਨੂੰ ਲੰਮੀ ਉਮਰ ਭੋਗਣ ਵਿੱਚ ਸਹਾਈ ਹੁੰਦੀਆਂ ਹਨ।ਬਾਕੀ ਕਹਿੰਦੇ ਉਮਰ ਤੇ ਸਾਹ ਤਾਂ ਪਰਮਾਤਮਾਂ ਦੇ ਹੱਥ ਹਨ। ਪਰ ਫਿਰ ਵੀ ਚੰਗੀ ਖੁਰਾਕ ਤੇ ਚੰਗੀ ਸਿਹਤ ਪ੍ਰਤੀ ਜਾਗਰੂਕਤਾ ਸਰੀਰ ਨੂੰ ਤੰਦਰੁਸਤੀ ਤੇ ਲੰਬੀ ਉਮਰ ਦਿੰਦੀ ਹੈ।
ਮੇਰੇ ਨਾਨਾ ਸ੍ਰੀ ਲੇਖ ਰਾਮ ਸਚਦੇਵਾ 106 ਸਾਲ ਦੀ ਉਮਰ ਹੰਢਾ ਕੇ ਇਸ ਸੰਸਾਰ ਤੋ ਵਿਦਾ ਹੋਏ। ਮੈ ਉਹਨਾ ਨੂੰ ਤਕਰੀਬਨ 34-35 ਸਾਲ ਆਪਣੀ ਅੱਖੀ ਵੇਖਿਆ। ਉਹਨਾ ਦਾ ਸਰੀਰ ਤੇ ਚੇਹਰਾ ਉਸੇ ਤਰਾਂ ਦਾ ਹੀ ਸੀ। ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦੀਆਂ ਨਿਵਾਸੀ ਮੇਰੇ ਨਾਨਾ ਜੀ ਮੂਲ ਰੂਪ ਵਿੱਚ ਦੁਕਾਨਦਾਰੀ ਦੇ ਪੇਸੇ ਨਾਲ ਹੀ ਜੁੜੇ ਹੋਏ ਸਨ। ਚਾਹੇ ਉਹਨਾ ਕੋਲ ਜੱਦੀ ਪੁਸਤੀ ਲੱਗਭਗ ਚਾਲੀ ਕਿਲ੍ਹੇ ਵਾਹੀ ਵਾਲੀ ਜਮੀਨ ਵੀ ਸੀ । ਪਰ ਹੱਥੀ ਮਿਹਨਤ ਤੋ ਬਿਨਾ ਸਭ ਬੇਕਾਰ ਸੀ। ਮੇਰੇ ਨਾਨਾ ਜੀ ਦੇ ਪਿਤਾ ਸ੍ਰੀ ਕਾਨ੍ਹਾ ਰਾਮ ਦਾ ਇਲਾਕੇ ਚ ਨਾਮ ਚਲਦਾ ਸੀ ਤੇ ਇਸੇ ਕਰਕੇ ਪਿੰਡ ਵਿੱਚਲੇ ਖੂਹ ਵਿੱਚ ਵੀ ਉਹਨਾ ਦਾ ਨਾਮ ਉਕਰਿਆ ਹੋਇਆ ਸੀ।ਮੇਰੇ ਨਾਨਾ ਜੀ ਦਾ ਪੰਜ ਮੁਡਿਆਂ ਸ਼ਾਦੀ ਰਾਮ, ਕੁੰਦਨ ਲਾਲ, ਬਾਬੂ ਰਾਮ, ਬਿਹਾਰੀ ਲਾਲ ਤੇ ਸਰਦਾਰੀ ਲਾਲ ਤੇ ਪੰਜ ਹੀ ਕੁੜੀਆਂ ਨਿੱਕੀ ਦੇਵੀ, ਤਾਰਾਂ ਦੇਵੀ, ਸੰਤੋ ਦੇਵੀ , ਵਿੱਦਿਆ ਦੇਵੀ ਤੇ ਬੀਬੀ (ਮੇਰੇ ਮਾਤਾ ਜੀ ) ਦਾ ਭਰਿਆ ਭਰੁਨਿਆ ਘਰ ਸੀ।ਇੰਨੇ ਵੱਡੇ ਪਰਿਵਾਰ ਨੂੰ ਪਾਲਣਾ ਤੇ ਇਕੱਠਾ ਰੱਖਣਾ ਬਸ ਮੇਰੇ ਨਾਨਾ ਜੀ ਦੇ ਵੱਸ ਹੀ ਸੀ। ਇਹ ਉਹਨਾ ਦੀ ਕਾਬਲੀਅਤ ਸੀ।
ਚਾਹੇ ਨਾਨਾ ਜੀ ਇੰਨੀ ਜਮੀਨ ਦੇ ਮਾਲਕ ਹੋਣ ਕਰਕੇ ਵੱਡੇ ਜਿਮੀਦਾਰਾਂ ਤੋ ਘੱਟ ਨਹੀ ਸਨ ਪਰ ਅਸਲ ਵਿੱਚ ਵਿੱਚ ਉਹਨਾ ਦੀ ਜਿੰਦਗੀ ਤੰਗੀ ਤੁਰਸੀਆਂ ਵਿੱਚ ਹੀ ਨਿੱਕਲੀ। ਆਪਣੀ ਜਿੰਦਗੀ ਵਿੱਚ ਉਹਨਾ ਨੇ ਦੇਸ਼ ਦੀ ਵੰਡ ਦਾ ਦੁੱਖ ਵੀ ਹੰਢਾਇਆ। ਉਸ ਸਮੇ ਪਿੰਡ ਦੇ ਬਹੁਤੇ ਨਿਵਾਸੀ ਮੁਸਲਿਮ ਭਾਈਚਾਰੇ ਦੇ ਸਨ ਜਦੋ ਪੂਰਾ ਪਿੰਡ ਉਜੜ ਗਿਆ ਤਾਂ ਮੇਰੇ ਨਾਨਾ ਜੀ ਵੀ ਪਰਿਵਾਰ ਸਮੇਤ ਹਰਿਆਣੇ ਦੇ ਮੰਡੀ ਡੱਬਵਾਲੀ ਕਸਬੇ ਵਿੱਚ ਆ ਗਏ ਤੇ ਹਾਲਾਤ ਠੀਕ ਹੋਣ ਤੇ ਆਪਣੀ ਜਨਮ ਭੂਮੀ ਦਾ ਮੋਹ ਉਹਨਾ ਨੂੰ ਫਿਰ ਪਿੰਡ ਲੈ ਗਿਆ। ਪੰਜਾਬ ਦੇ ਕਾਲੇ ਦਿਨਾਂ ਦੀ ਹਨੇਰੀ ਦਾ ਵੇਗ ਉਹਨਾ ਨੂੰ ਜਿੰਦਗੀ ਦਾ ਆਖਰੀ ਪੜਾਅ ਫਿਰ ਮੰਡੀ ਡੱਬਵਾਲੀ ਆਪਣੇ ਸਭ ਤੋ ਛੋਟੇ ਪੁੱਤਰ ਕੋਲ ਖਿੱਚ ਲਿਆਇਆ।
ਨਾਂਨਾ ਜੀ ਦੀ ਬਦੋਲਤ ਹੀ ਮੇਰੇ ਵੱਡੇ ਮਾਮਾ ਸ੍ਰੀ ਸ਼ਾਦੀ ਰਾਮ ਜੀ ਪਿੰਡ ਦੇ ਨੰਬਰਦਾਰ ਬਣੇ।ਹੁਣ ਪਿੰਡ ਵਿੱਚ ਬਹੁਤੇ ਘਰ ਪਾਕਿਸਤਾਨ ਤੋ ਉਜੜ ਕੇ ਆਏ ਭਾਊ ਪਰਿਵਾਰਾਂ ਦੇ ਸਨ।ਸਭ ਨਾਲ ਮੇਰੇ ਨਾਨਕਾ ਪਰਿਵਾਰ ਦੇ ਚੰਗੇ ਤਾਲੁਕਾਤ ਸਨ।ਮੇਰੇ ਨਾਨਾ ਜੀ ਨੂੰ ਮੈ ਬਚਪਣ ਤੋ ਵੇਖਿਆ ਕਿ ਉਹ ਤਾਸ਼ ਅਤੇ ਫਿਲਮਾਂ ਦੇ ਸੋਕੀਨ ਸਨ। ਸਾਰਾ ਸਾਰਾ ਦਿਨ ਉਹ ਆਪਣੇ ਸਾਥੀਆਂ ਨਾਲ ਤਾਸ਼ ਖੇਡਦੇ ਰਹਿੰਦੇ । ਸੀਪ ਅਤੇ ਭਾਬੀ ਦੇਵਰ ਹੀ ਖੇਡਦੇ। ਸੀਪ ਦੇ ਤਾਂ ਉਹ ਬੇਤਾਜ ਬਾਦਸ਼ਾਹ ਸਨ। ਉਹਨਾਂ ਨੂੰ ਇੱਕ ਇੱਕ ਤਾਸ਼ ਦੇ ਪੱਤੇ ਬਾਰੇ ਜਾਣਕਾਰੀ ਹੁੰਦੀ ਸੀ। ਕਿ ਕਿਸ ਕੋਲ ਕਹਿੜਾ ਪੱਤਾ ਹੈ। ਤੇ ਕਿਸ ਪੱਤੇ ਦਾ ਕਦੋ ਇਸਤੇਮਾਲ ਕਰਨਾ ਹੈ। ਤੇ ਇਹੀ ਹਾਲ ਉਹਨਾ ਦੇ ਫਿਲਮਾਂ ਦੇ ਸੀ। ਜੀਵਨ ਦੇ ਆਖਰੀ ਸਮੇ ਤੱਕ ਵੀ ਉਹ ਫਿਲਮਾਂ ਦੇਖਦੇ ਰਹੇ। ਜਦੋ ਉਹਨਾ ਦੀ ਨਿਗ੍ਹਾ ਪੂਰੀ ਤਰਾਂ ਕਮਜੋਰ ਹੋ ਗਈ ਤਾਂ ਫਿਰ ਵੀ ਉਹ ਸਿਨੇਮੇ ਜਾਂਦੇ ਰਹੇ ਤੇ ਨਾਲ ਦੀਆਂ ਸੀਟ ਤੇ ਬੈਠੇ ਆਦਮੀ ਤੌ ਸਟੋਰੀ ਦੀ ਪੁਛ ਗਿੱਛ ਕਰਦੇ ਰਹਿੰਦੇ।
ਮੇਰੀ ਮਾਂ ਦੱਸਦੀ ਹੁੰਦੀ ਸੀ ਇੱਕ ਵਾਰੀ ਉਹ ਮੱਝਾਂ ਨੂੰ ਪਾਣੀ ਪਿਲਾਉਣ ਲਈ ਪਿੰਡ ਛੱਪੜ ਤੇ ਲੈ ਗਏ।ਕਿਉਕਿ ਉਹ ਘਰਦਾ ਕੋਈ ਵੀ ਕੰਮ ਨਹੀ ਸੀ ਕਰਦੇ। ਵਾਪਿਸੀ ਵੇਲੇ ਮੱਝ ਛੱਪੜ ਤੋ ਘਰ ਆਉਣ ਦੀ ਬਜਾਇ ਬਾਹਰ ਨੂੰ ਦੋੜ ਗਈ। ਮੇਰੇ ਨਾਨਾ ਜੀ ਮੱਝ ਦੇ ਪਿੱਛੇ ਪਿੱਛੇ ਦੋੜਦੇ ਗਏ । ਮੱਝ ਸਾਰੇ ਪਿੰਡ ਦਾ ਗੇੜਾ ਲਾ ਕੇ ਘਰੇ ਆ ਗਈ।ਨਾਨਾ ਜੀ ਹੰਭ ਗਏ ਤੇ ਫਿਰ ਨਾਨਾ ਜੀ ਨੇ ਮੱਝ ਨੂੰ ਸੰਗਲ ਨਾਲ ਬੰਨਕੇ ਖੂਬ ਕੁਟਿਆ। ਜਦੋ ਉਹ ਕਾਫੀ ਦੇਰ ਕੁਟਣੋ ਨਾ ਹਟੇ ਤਾਂ ਮੇਰੇ ਨਾਨੀ ਜੀ ਉਹਨਾਂ ਤੇ ਗੁੱਸੇ ਹੋ ਗਏ। ਬਸ ਫਿਰ ਕੀ ਸੀ ਨਾਨਾ ਜੀ ਰੁੱਸਕੇ ਘਰੋ ਨਿੱਕਲ ਗਏ ਤੇ ਕਈ ਦਿਨ ਘਰੇ ਨਹੀ ਪਰਤੇ।
ਜਦੋ ਨਾਨਾ ਜੀ ਦੀ ਉਮਰ ਸੌ ਸਾਲ ਤੋ ਉੱਪਰ ਦੀ ਹੋ ਗਈ ਤਾਂ ਉਹ ਅਕਸਰ ਮੰਜੇ ਤੇ ਹੀ ਪਏ ਰਹਿੰਦੇ।ਪਰ ਬੁੱਢਾ ਆਦਮੀ ਕਹਿੰਦੇ ਬੱਚਿਆ ਵਰਗਾ ਹੀ ਹੋ ਜਾਂਦਾ ਹੈ। ਇੱਕ ਦਿਨ ਮੇਰੀ ਮਾਤਾ ਨੂੰ ਕਹਿੰਦੇ ਬੀਬੀ ਮੇਰਾ ਪਕੌੜੇ ਖਾਣ ਨੂੰ ਦਿਲ ਕਰਦਾ ਹੈ। ਹਲਾਂਂਕਿ ਉਹਨਾ ਦਾ ਪੇਟ ਕਈ ਦਿਨਾ ਤੋ ਖਰਾਬ ਸੀ ਤੇ ਉਹ ਮੰਜੇ ਤੇ ਹੀ ਰਫਾ ਹਾਜਤ ਕਰਦੇ ਸਨ। ਫਿਰ ਵੀ ਇੱਕ ਧੀ ਤੋ ਆਪਣੇ ਸੌ ਸਾਲਾ ਪਿਉ ਦੀ ਇੱਛਾ ਦਬਾਈ ਨਾ ਗਈ ਤੇ ਮੇਰੀ ਮਾਂ ਨੇ ਕੌਲ੍ਹੀ ਵਿੱਚ ਵੇਸਣ ਘੋਲਕੇ ਚਾਰ ਕੁ ਪਕੌੜੇ ਆਪਣੇ ਬਾਪ ਨੂੰ ਖੁਆ ਹੀ ਦਿੱਤੇ। ਜਿਸ ਦਾ ਖਮਿਆਜਾ ਬਾਦ ਵਿੱਚ ਮੇਰੀ ਛੋਟੀ ਮਾਮੀ ਨੂੰ ਭੁਗਤਨਾ ਪਿਆ।
ਜਿੰਦਗੀ ਦੇ ਖੱਟੇ ਮਿਠੇ 106 ਸਾਲ ਭੋਗਕੇ ਮੇਰੇ ਨਾਨਾ ਜੀ ਜਦੋ ਇਸ ਸੰਸਾਰ ਤੋ ਰੁਖਸਤ ਹੋਏ ਤਾਂ ਵਿਆਹ ਵਰਗਾ ਮਾਹੌਲ ਸੀ। ਲੋਕਾਂ ਨੂੰ ਯਕੀਨ ਨਹੀ ਸੀ ਆਉਂਦਾ ਕਿ ਇਸ ਜਮਾਨੇ ਵਿੱਚ ਵੀ ਕੋਈ ਇੰਨਾ ਲੰਬਾ ਜੀਵਨ ਜੀ ਸਕਦਾ ਹੈ। ਮੇਰੇ ਨਾਨਕਿਆਂ ਨੇ ਮੇਰੇ ਨਾਨਾ ਜੀ ਦਾ ਮਰਨਾ ਵੱਡਾ ਕੀਤਾ ਤੇ ਖੂਬ ਖਰਚ ਕੀਤਾ। ਅਤਿਮ ਅਰਦਾਸ ਲਈ ਰੰਗੀਨ ਕਾਰਡ ਛਪਵਾਏ ਗਏ। ਭੋਗ ਤੇ ਤਰਾਂ ਤਰਾਂ ਦੀਆਂ ਮਿਠਾਈਆਂ ਬਨਾਈਆਂ ਗਈਆਂ। ਭੋਗ ਤੇ ਸਾਮਿਲ ਰਿਸਤੇਦਾਰਾਂ ਤੇ ਕੁੜਮਾਂ ਦੀ ਗਿਣਤੀ ਬੇਸੁਮਾਰ ਸੀ।ਉਹਨਾ ਦੀ ਚੋਥੀ ਪੰਜਵੀ ਪੀੜੀ ਦੇ ਰਿਸਤੇਦਾਰ ਵੀ ਇਸ ਮੌਕੇ ਹਾਜਰ ਸਨ।
ਰਮੇਸ਼ ਸੇਠੀ ਬਾਦਲ
98 766 27 233


ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1267
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ