ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਚੌਕੇ

(1)
ਬੁੱਧੀਜੀਵੀ ਵਰਗ ਵਾਲਿਉ ਆਪਣੀ ਰਾਇ ਦੱਸੋ,ਹਾਲਾਤ ਪੰਜਾਬ ਦੇ ਕਿਉਂ ਐਸੇ ਹੋਈ ਜਾਂਦੇ।
ਕਾਰਪੋਰੇਟ ਘਰਾਣਿਆਂ ਦੀ ਚੌਧਰ ਚਲਦੀ ਕਿਉਂ,ਗਰੀਬ ਲੋਕ ਦੁਹੱਥੜੀਂ ਰੋਈ ਜਾਂਦੇ॥
ਚੰਗੇ ਦਿਨਾਂ ਦਾ ਦੌਰ ਸ਼ੁਰੂ ਹੋਏ ਜਲਦੀ,ਲੋਕ ਉਮੀਦਾਂ ਦੇ ਹਾਰ ਪਰੋਈ ਜਾਂਦੇ।
ਦੱਦਾਹੂਰੀਆ 68 ਸਾਲ ਹਨ ਹੋ ਚੱਲੇ,ਅਜੇ ਤੱਕ ਆਪਾਂ ਹਨੇਰਾ ਹਾਂ ਢੋਈ ਜਾਂਦੇ॥
(2)
ਮਿਹਨਤ ਕੋਈ ਕਰੇ ਤੇ ਸਿਲਾ ਕੋਈ ਲੈਜੇ,ਇਸ ਗੱਲ ਦਾ ਦੁੱਖ ਜਰੂਰ ਹੁੰਦਾ।
ਐਂਵੇਂ ਸੁਰਖੀਆਂ ਅਖਬਾਰਾਂ ਦੀਆਂ ਬਣੇ ਰਹਿਣਾ,ਕਿਸੇ ਕਿਸੇ ਨੂੰ ਇਹ ਗਰੂਰ ਹੁੰਦਾ॥
ਓਸ ਕੰਮ ਨਾਲ ਵਾਹ ਵਾਸਤਾ ਦੂਰ ਦਾ ਨਹੀਂ,ਸਿਰਫ ਅਖਬਾਰਾਂ ਰਾਹੀਂ ਹੀ ਮਸ਼ਹੂਰ ਹੁੰਦਾ।
ਦੱਦਾਹੂਰੀਆ ਐਸੇ ਇਨਸਾਨਾਂ ਦਾ ਤਾਂ,ਹੰਕਾਰ ਇਕ ਦਿਨ ਹੈ ਚਕਨਾਚੂਰ ਹੁੰਦਾ॥
(3)
ਉਂਗਲ ਕਿਸੇ ਵੱਲ ਜੇ ਇਕ ਕਰੀਏ,ਤਿੰਨ ਆਪਣੇ ਵੱਲ ਵੀ ਆਉਣ ਲੋਕੋ।
ਸੰਤ ਮਹਾਤਮਾ ਦੀ ਹੁੰਦੀ ਹੈ ਲਿਵ ਲੱਗੀ,ਦੂਰਅੰਦੇਸ਼ੀ ਨਾਲ ਜੀਵ ਦੇ ਤਾਈਂ ਸਮਝਾਉਣ ਲੋਕੋ॥
ਆਪਾਂ ਆਏ ਹਾਂ ਮੇਲਾ ਵੇਖਣ ਲਈ,ਰਸਤਾ ਸਭ ਨੂੰ ਸਿੱਧਾ ਦਿਖਾਉਣ ਲੋਕੋ।
ਦੱਦਾਹੂਰੀਆ ਜੋ ਨਾ ਇਤਬਾਰ ਕਰਦੇ,ਵੇਲੇ ਅੰਤ ਦੇ ਬੜਾ ਪਛਤਾਉਣ ਲੋਕੋ॥
(4)
ਪੜਨ ਪੜਾਉਣ ਨਾਲ ਬਹੁਤਾ ਨਹੀਂ ਫਰਕ ਪੈਂਦਾ,ਹੁੰਦੀ ਅਮਲ ਦੀ ਹੈ ਬਹੁਤੀ ਲੋੜ ਲੋਕੋ।
ਗੁਣੀ ਗਿਆਨੀ ਤਾਂ ਦੁਨੀਆ ਵਿਚ ਬਹੁਤ ਫਿਰਦੇ,ਕਥਾਵਾਚਕ ਦੀ ਜਾਪਦੀ ਥੋੜ ਲੋਕੋ॥
ਵਿਆਖਿਆ ਕਰਕੇ ਕੰਨਾਂ ਵਿਚ ਰਸ ਘੋਲੇ,ਨਾ ਬਾਣੀ ਦੀ ਕਰੇ ਤੋੜ ਮਰੋੜ ਲੋਕੋ।
ਦੱਦਾਹੂਰੀਆ ਆਸ ਫਜੂਲ ਉਹਤੋਂ,ਨਸ਼ਿਆਂ ਨਾਲ ਜੋ ਰੱਖਦੇ ਜੋੜ ਲੋਕੋ ॥
(5)
ਅਖਬਾਰੀਂ ਸੁਰਖੀਆਂ ਬਟੋਰਨ ਦੇ ਲਈ,ਕੀ ਕੀ ਹਥਕੰਡੇ ਅਪਨਾਉਂਦੇ ਲੋਕ।
ਚੋਰੀਆਂ ਡਾਕੇ ਕਤਲ ਕਰ ਕਰ,ਹੈ ਆਪਣੀ ਭੱਲ ਬਣਾਉਂਦੇ ਲੋਕ॥
ਗੁਰੂਆਂ,ਪੀਰ-ਫਕੀਰਾਂ ਦੀ ਤਸਵੀਰ ਛੇੜਨ ਤੋਂ ਵੀ,ਬਿਲਕੁਲ ਨਾ ਘਬਰਾਉਂਦੇ ਲੋਕ।
ਸਾਰੀ ਉਮਰ ਕਾਲ ਕੋਠੜੀਆਂ ਵਿਚ ਕੱਟਦੇ,ਫਿਰ ਪਿਛੋਂ ਪਛਤਾਉਂਦੇ ਲੋਕ॥
(6)
ਸਿਆਸਤ ਸੇਵਾ ਨਹੀਂ ਨੋਟ ਕਮਾਉਣ ਦਾ ਹੈ ਜਰੀਆ,ਹਾਲਾਤ ਵੇਖ ਇਹ ਨਜਰੀਂ ਆਂਵਦੀ ਹੈ।
ਸੌ ਹਜਾਰ ਤੇ ਲੱਖਾਂ ਤੇ ਗੱਲ ਜਾਂਦੀ,ਜਦੋਂ ਵੀ ਮੁਰਗੀ ਕੋਈ ਫਸ ਜਾਂਵਦੀ ਹੈ॥
ਇਕੱਲੇ ਪੰਜਾਬ ਨਹੀਂ ਬਾਹਰ ਵੀ ਜਾਇਦਾਦ ਬਣ ਜਾਵੇ,ਮਾਇਆ ਜਦੋਂ ਫਿਰ ਰੰਗ ਲਿਆਂਵਦੀ ਹੈ।
ਦੱਦਾਹੂਰੀਆ ਬਾਜ਼ੀ ਜਦੋਂ ਪੈ ਜਾਏ ਪੁੱਠੀ,ਉਦੋਂ ਪਹਿਲੀ ਵੀ ਨਾਲ ਲੈ ਜਾਂਵਦੀ ਹੈ॥
(7)
ਕੀ ਬਣੂਗਾ ਰੰਗਲੇ ਪੰਜਾਬ ਦਾ ਜੀ,ਹਾਲਾਤ ਦਿਨੋ-ਦਿਨ ਹੀ ਹੋਈ ਜਾਣ ਖਰਾਬ ਇਹਦੇ।
ਭੁਖਮਰੀ ਬੇਰੁਜਗਾਰੀ ਕਿਸਾਨ ਖੁਕੁਸ਼ੀਆਂ ਦੇ ਰਾਹ ਤੁਰਿਆ,ਵਿਚ ਮਿੱਟੀ ਦੇ ਮਿਲੇ ਖੁਆਬ ਇਹਦੇ॥
68 ਸਾਲ ਹੋਗੇ ਭੱਠ ਝੋਕਦਿਆਂ ਨੂੰ,ਲੋਕ ਹਾਲੇ ਤੱਕ ਵੀ ਨਾ ਆਏ ਤਾਬ ਇਹਦੇ।
ਦੱਦਾਹੂਰੀਆ ਆਸ ਨਾ ਕੋਈ ਵੀ ਨਜ਼ਰ ਆਵੇ,ਮਸਲੇ ਅਧੂਰੇ ਨੇ ਬੇਹਿਸਾਬ ਇਹਦੇ।
(8)
ਖੁਦਕਸ਼ੀਆਂ ਦਾ ਰੁਝਾਨ ਹੈ ਮੰਦਭਾਗਾ,ਸੋਚਣਾ ਚਾਹੀਦਾ ਇਹਹਦਾ ਹੱਲ ਵੀਰੋ।
ਮੰਦੇ ਦੌਰ ਚੋਂ ਪੰਜਾਬ ਦਾ ਕਿਸਾਨ ਗੁਜ਼ਰੇ,ਇਹ ਨਵੀਂ ਕੋਈ ਨਹੀਂ ਹੈ ਗੱਲ ਵੀਰੋ॥
ਸਮਾਂ ਰਹਿੰਦੇ ਜੇ ਮਸਲਾ ਹੱਲ ਨਾ ਹੋਇਆ,ਮਚ ਜਾਊਗੀ ਬਹੁਤ ਤਰਥੱਲ ਵੀਰੋ।
ਦੱਦਾਹੂਰੀਆ ਨਾ ਸਰਕਾਰ ਗੰਭੀਰ ਜਾਪੇ,ਮਨ ਦੇ ਵਿਚ ਹੈ ਕਪਟ ਤੇ ਛਲ ਵੀਰੋ॥
(9)
ਇਨਸਾਨੀਅਤ ਮਨਫੀ ਹੋਈ ਜਾਵੇ,ਅੱਜਕਲ ਦੇ ਇਨਸਾਨਾਂ ਚੋਂ।
ਆਉਂਦੀ ਹੋਵੇ ਬਦਬੂ ਜਿਵੇਂ,ਲਹੂ ਭਿੱਜੀਆਂ ਕਿਰਪਾਨਾਂ ਚੋਂ॥
ਆਸ ਕੀ ਰੱਖੀਏ ਦੱਸੋ ਵੀਰੋ,ਵਸਦੇ ਇਨਾਂ ਸ਼ੈਤਾਨਾਂ ਚੋਂ।
ਦੱਦਾਹੂਰੀਆ ਰੱਬ ਬਚਾਵੇ,ਹੰਕਾਰੇ ਹੋਏ ਸ਼ੈਤਾਨਾਂ ਤੋਂ॥
(10)
ਸ਼ੋਰ ਸ਼ਰਾਬੇ ਵਿਚ ਗਵਾਚ ਗਈ ਪੰਜਾਬੀ ਗਾਇਕੀ,ਦਿਲ ਨਾਲ ਅੱਜਕਲ ਕੋਈ ਵੀ ਨਾ ਗਾਉਂਦਾ ਜੀ।
ਤੂੰਬੀ ਅਲਗੋਜੇ ਢੰਡ ਸਾਰੰਗੀ ਅਲੋਪ ਹੋਏ,ਨਵੇਂ ਨਵੇਂ ਹਰ ਕੋਈ ਸਾਜ਼ ਚੱਕੀ ਆਉਂਦਾ ਜੀ॥
ਹੀਰ ਸੱਸੀ ਸੋਹਣੀ ਨੂੰ ਤਾਂ ਕੋਈ ਵੀ ਅਲਾਪਦਾ ਨਾ,ਵੈਸੇ ਆਸ਼ਕੀ ਦੇ ਕਿੱਸੇ ਹਰ ਗਾਇਕ ਹੈ ਸੁਣਾਉਂਦਾ ਜੀ।
ਦੱਦਾਹੂਰੀਆ ਉਹ ਘੜੀ ਨੂੰ ਜਰੂਰ ਵਾਚੇ,ਜਦੋਂ ਵੀ ਹੈ ਗਾਇਕ ਕੋਈ ਸਟੇਜ ਉਤੇ ਆਉਂਦਾ ਜੀ॥
(11)
ਪਹਿਲਾਂ ਵਾਲੇ ਸਮੇਂ ਰਹੇ ਨਾ,ਨਾ ਪਹਿਲਾਂ ਜਿਹਾ ਪਿਆਰ ਰਿਹਾ।
ਹੱਥ ਤੇ ਹੱਥ ਹੈ ਮਾਰਦੀ ਦੁਨੀਆ,ਕਿਸੇ ਦਾ ਨਾ ਇਤਬਾਰ ਰਿਹਾ॥
ਕੁਆਰੀਆਂ ਮੂੰਹੋਂ ਵਰ ਮੰਗਣਗੀਆਂ,ਸੀ ਗੁਰੂਆਂ ਨੇ ਸੱਚ ਕਿਹਾ।
ਪ੍ਤੱਖ ਨੂੰ ਪ੍ਮਾਣ ਦੀ ਨਾ ਲੋੜ ਸ਼ਰਮੇ,ਸਭ ਕੁਝ ਸੱਚ ਹੈ ਹੋ ਰਿਹਾ॥
(12)
ਸੱਜੇ ਹੱਥ ਨਾਲ ਜੇਕਰ ਹੋਂ ਦਾਨ ਕਰਦੇ,ਕਿਸੇ ਦੇ ਮਾਰਨ ਲਈ ਬਿਲਕੁਲ ਉਲਾਰੀਏ ਨਾ।
ਇਸੇ ਹੱਥ ਵਿਚ ਹੋਂ ਗੁਰੂ ਘਰੋਂ ਦੇਗ ਲੈਂਦੇ,ਇਸ ਗੱਲ ਨੂੰ ਮਨੋਂ ਵਿਸਾਰੀਏ ਨਾ॥
ਗਰੀਬ ਆਦਮੀ ਦੀ ਹਾਅ ਹੈ ਲੈ ਬਹਿੰਦੀ,ਗਰੂਰ ਮਾਇਆ ਦਾ ਕਦੇ ਉਤਾਰੀਏ ਨਾ।
ਸੰਜਮ ਵਿਚ ਹਮੇਸ਼ਾ ਰਹੀਏ ਦੱਦਾਹੂਰੀਆ ਕਹੇ,ਰੋਹਬ ਸਿਆਸਤੀ ਕਿਸੇ ਤੇ ਝਾੜੀਏ ਨਾ॥
(13)
ਭਾਗਾਂ ਵਾਲੇ ਉਹ ਦੋਸਤੋ ਘਰ ਹੁੰਦੇ,ਰਲ ਮਿਲ ਕੇ ਪਰਿਵਾਰ ਬਹਿਣ ਜਿੱਥੇ।
ਦੁਖ ਤਕਲੀਫਾਂ ਕਰਨ ਦੂਰ ਇਕ ਦੂਜੇ ਦੀਆਂ,ਗੱਲ ਸੁਣਨ ਤੇ ਸਭ ਨੂੰ ਕਹਿਣ ਜਿੱਥੇ॥
ਸਵਰਗੀ ਨਮੂਨਾ ਹੈ ਵੀਰਨੋ ਬਣ ਜਾਂਦਾ,ਫੈਸਲਾ ਬਜੁਰਗਾਂ ਦੇ ਕਹੇ ਤੇ ਲੈਣ ਜਿੱਥੇ।
ਦੱਦਾਹੂਰੀਆ ਧੱਕੇ ਦੇ ਕੇ ਆਪੇ ਹੀ ਰਿਜਕ ਆਵੇ,ਸਤਿਗੁਰਾਂ ਦੇ ਚਰਨ ਪੈਣ ਜਿੱਥੇ॥
(14)
ਬਜੁਰਗਾਂ ਕੋਲੋਂ ਜੇ ਗੁਣ ਗਰਹਿਣ ਕਰੀਏ,ਨਾ ਹੀ ਪੈਸਾ ਤੇ ਨਾ ਪਾਈ ਲੱਗੇ।
ਮੁਫਤ ਵਿਚ ਉਹ ਦਿੰਦੇ ਸਲਾਹ ਸਾਨੂੰ,ਸਾਰੀ ਉਮਰ ਦੀ ਪਾਸ ਕਮਾਈ ਲੱਗੇ॥
ਗੁਣ ਗਰਹਿਣ ਕਰਕੇ ਆਓ ਅਮੀਰ ਹੋਈਏ,ਖਾਣ ਕੀਮਤੀ ਕੋਈ ਥਿਆਈ ਲੱਗੇ।
ਦੱਦਾਹੂਰੀਆ ਵਾਂਝਾ ਜੋ ਰਹਿ ਜਾਵੇ,ਸਾਰੇ ਜਗ ਨੂੰ ਉਹ ਸ਼ੁਦਾਈ ਲੱਗੇ॥
(15)
ਭਾਰਤ ਦੇਸ਼ ਨੂੰ ਮਹਾਨ ਦੱਸੋ ਕਿਵੇਂ ਕਹੀਏ,ਦਿਲ ਮੰਨਦਾ ਨਹੀਂ ਇਹ ਗੱਲ ਕਹਿਣ ਨੂੰ ਜੀ।
ਆਵਦਾ ਦੇਸ਼ ਹੁੰਦੈ ਸਵਰਗਾਂ ਤੋਂ ਵਧ ਸੋਹਣਾ,ਪਰ ਦਿਲ ਕਰਦਾ ਨਹੀਂ ਇਥੇ ਰਹਿਣ ਨੂੰ ਜੀ॥
ਸ਼ਿਸ਼ਟਾਚਾਰ ਸਬਰ ਸੰਤੋਖ ਸਭ ਚੋਂ ਖਤਮ ਹੋਇਆ,ਫਿਰਨ ਇਕ ਦੂਜੇ ਦੇ ਨਾਲ ਖਹਿਣ ਨੂੰ ਜੀ।
ਦੱਦਾਹੂਰੀਏ ਨੇ ਦਿਲ ਦੀ ਗੱਲ ਲਿਖਤੀ,ਦੁਖ-ਸੁਖ ਵਿਚ ਸਮਾਂ ਰਿਹਾ ਨਾ ਕਿਸੇ ਕੋਲ ਬਹਿਣ ਨੂੰ ਜੀ॥
(16)
ਸਰਕਾਰੀ ਤੌਰ ਤੇ ਯੋਗ ਕਰਾਉਣ ਹੁਣ ਤਾਂ,ਸਰਕਾਰ ਕੋਲ ਨਾ ਕੰਮ ਕੋਈ ਹੋਰ ਲੱਗੇ।
ਵਿਕਾਸ ਕਾਰਜਾਂ ਨੂੰ ਲਾਈ ਬਰੇਕ ਜਾਂਦੇ,ਕਿਉਂਕਿ ਖਜਾਨੇ ਵਿਚ ਪੈਸੇ ਦੀ ਥੋੜ ਲੱਗੇ॥
ਹੜਤਾਲਾਂ ਮੁਜਾਹਰਿਆਂ ਵਾਲਾ ਹੈ ਸੂਬਾ ਪੰਜਾਬ ਬਣਿਆ,ਹਰ ਪਾਸੇ ਧਰਨਿਆਂ ਦਾ ਜ਼ੋਰ ਲੱਗੇ।
ਦੱਦਾਹੂਰੀਆ ਤਨਖਾਹਾਂ ਲੱਖਾਂ ਵਿਚ ਹੋਈਆਂ,ਪਰ ਅੱਜਕਲ ਹਰ ਅਫਸਰ ਹੀ ਕੰਮਚੋਰ ਲੱਗੇ॥
(17)
ਬਾਲ ਮਜਦੂਰੀ ਨੂੰ ਖਤਮ ਹੈ ਕਿਵੇਂ ਕਰਨਾ,ਸਮਝ ਸਕੀ ਨਾ ਹਾਲੇ ਸਰਕਾਰ ਮੀਆਂ।
ਠੋਸ ਤਰੀਕਾ ਤਾਂ ਕੋਈ ਵੀ ਲੱਭਿਆ ਨਾ,ਜਿੰਨੇ ਵਰਤੇ ਗਏ ਬੇਕਾਰ ਮੀਆਂ॥
ਬੁੱਧੀਜੀਵੀ ਨੇ ਜੇ ਕੋਈ ਹੱਲ ਦੱਸਦੇ,ਕਰਦੇ ਉਨਾਂ ਦਾ ਨਹੀਂ ਇਤਬਾਰ ਮੀਆਂ।
ਦੱਦਾਹੂਰੀਆ ਆਪੂੰ ਜੇ ਨਹੀਂ ਆਉਂਦੀ,ਪੁਛ ਦੂਜਿਆਂ ਤੋਂ ਕਰੋ ਸੁਧਾਰ ਮੀਆਂ॥
(18)
ਯੋਗ ਕਰਨ ਦੀ ਸਾਨੂੰ ਕਿਉਂ ਲੋੜ ਪੈਗੀ,ਰਲ ਮਿਲਕੇ ਕਰੀਏ ਵਿਚਾਰ ਸਾਰੇ।
ਵੱਡੇ ਵਡੇਰਿਆਂ ਨੇ ਦੱਸੀਆਂ ਜੋ ਗੱਲਾਂ,ਨਹੀਉ ਉਨਾਂ ਤੇ ਕਰਦੇ ਇਤਬਾਰ ਸਾਰੇ॥
ਹੱਥੀਂ ਕੰਮ ਕਰਨ ਨੂੰ ਜੇਕਰ ਤਰਜੀਹ ਦਈਏ,ਪਾ੍ਪੋਗੰਡੇ ਨੇ ਇਹ ਫਿਰ ਬੇਕਾਰ ਸਾਰੇ।
ਫੜੇ ਦੱਦਾਹੂਰੀਆ ਨਸ਼ਈ ਤਸਕਰਾਂ ਨੂੰ,ਵਿਕਾਸ ਦੇ ਅਧੂਰੇ ਕੰਮ ਫਿਰ ਸਰਕਾਰ ਕਰੇ ਸਾਰੇ॥
(19)
ਝਪਟਮਾਰਾਂ ਦੀ ਅੱਜਕਲ ਬਣੀ ਚਾਂਦੀ,ਅੱਖ ਦੇ ਫੋਰ ਚ ਹੀ ਸਭ ਕੁਝ ਖੋਹ ਲੈਂਦੇ।
ਬਾਜ਼ ਦੇ ਵਾਂਗ ਇਹ ਨਿਗਾਹ ਤੇਜ ਰੱਖਣ,ਜਾਂਦੇ ਰਾਹੀ ਦੀ ਜੇਬ ਨੇ ਟੋਹ ਲੈਂਦੇ॥
ਕਈ ਮਿੱਠੀ ਬੋਲੀ ਦਾ ਹੱਥਕੰਡਾ ਵਰਤਕੇ ਵੀ,ਸਾਥ ਬਣਾ ਕੇ ਮਨ ਨੇ ਮੋਹ ਲੈਂਦੇ।
ਦੱਦਾਹੂਰੀਏ ਜਿਹੇ ਜਦੋਂ ਫਿਰ ਜਾਣ ਠੱਗੇ,ਮਾਰ ਦੁਹੱਥੜਾਂ ਕਿਸਮਤ ਨੂੰ ਰੋ ਲੈਂਦੇ॥
(20)
ਬੁਢਾਪਾ ਪੈਨਸ਼ਨ ਤਾਂ ਸਮੇਂ ਸਿਰ ਨਹੀਂ ਮਿਲਦੀ,ਸਰਕਾਰ ਕਰ ਨਾ ਸਕੀ ਹੈ ਹੱਲ ਕੋਈ।
ਬਜੁਰਗ ਸੁਬਹ ਹੀ ਬੈਂਕਾਂ ਵਿਚ ਜਾ ਖੜਦੇ,ਅਫਸਰ ਸੁਣੇ ਨਾ ਧਿਆਨ ਨਾਲ ਗੱਲ ਕੋਈ॥
ਲੂਲੇ ਲੰਗੜੇ ਕਈ ਨਿਗਾਹ ਤੋਂ ਹਨ ਆਹਰੀ,ਦੁਖ ਇਨਾਂ ਦਾ ਸਕੇ ਨਾ ਝੱਲ ਕੋਈ।
ਦੱਦਾਹੂਰੀਆ ਬੇਨਤੀ ਕਰੇ ਰੱਬਾ,ਵਾਲੀਵਾਰਸ ਛੇਤੀ ਇਨਾਂ ਦਾ ਘੱਲ ਕੋਈ॥
(21)
ਘਰਾਂ ਵਿਚ ਤਾਂ ਲੰਗੇ ਡੰਗ ਹੈ ਆਉਂਦੀ,ਦੇ ਕੇ ਪਾਕਿਸਤਾਨ ਨੂੰ ਪਿਆਰ ਜਤਾਉਣ ਲੱਗੇ।
ਪਹਿਲਾਂ ਦੇਸ਼ ਦਾ ਝੋਨਾ ਤਾਂ ਪਾਲ ਲਵੋ,ਇਹੇ ਨਵੇਂ ਹੀ ਪੂਰਨੇ ਪਾਉਣ ਲੱਗੇ॥
ਬਿਜਲੀ ਸਰਪਲੱਸ ਹੈ ਹੋ ਜਾਣੀ,ਕਹਿ ਕਹਿ ਜਨਤਾ ਨੂੰ ਬੁੱਧੂ ਬਣਾਉਣ ਲੱਗੇ।
ਦੱਦਾਹੂਰੀਆ ਸਰਕਾਰ ਦੀਆਂ ਗਿੱਦੜ ਸਿੰਗੀਆਂ ਤੋਂ ਬੁੱਧੀਜੀਵੀ ਵੇਖੋ ਘਬਰਾਉਣ ਲੱਗੇ॥
(22)
ਨੁਕਤਾਚੀਨੀ ਨਾ ਕਰੇ ਜੇ ਮਹਿਕਮਾ ਕੋਈ,ਸੁਧਰ ਸਕਦਾ ਹੈ ਕਾਫੀ ਸਮਾਜ ਲੋਕੋ।
ਤੂੰ ਤੂੰ ਮੈਂ ਮੈਂ ਨਾ ਹੋਵੇ ਕਿਸੇ ਬਰਾਦਰੀ ਦੀ,ਖੁਲ ਸਕੇ ਨਾ ਕਿਸੇ ਦਾ ਪਾਜ ਲੋਕੋ॥
ਵੰਡੀਆਂ ਪਾਉਣ ਦਾ ਅਜੋਕੇ ਸਮਾਜ ਅੰਦਰ,ਪੈ ਗਿਆ ਹੈ ਨਵਾਂ ਰਿਵਾਜ ਲੋਕੋ।
ਦੱਦਾਹੂਰੀਆ ਏਕਾ ਹੈ ਰਹਿ ਸਕਦਾ,ਨਿੰਦੀਏ ਨਾ ਜੇ ਕਿਸੇ ਦੀ ਜਾਤ ਪਾਤ ਲੋਕੋ॥
(23)
ਨਸ਼ੇ ਛੁਡਾਉਣ ਦਾ ਦੌਰ ਜਾਪੇ ਖਤਮ ਹੋਇਆ,ਹੋ ਸਕਿਆ ਨਾ ਠੋਸ ਕੋਈ ਹੱਲ ਲੋਕੋ।
ਸਰਕਾਰ ਅਖਬਾਰਾਂ ਵਿਚ ਸੁਰਖੀਆਂ ਛਾਪ ਕੇ ਤੇ,ਬਣਾਉਂਦੀ ਰਹੀ ਫੋਕੀ ਹੀ ਭੱਲ ਲੋਕੋ॥
ਗਵਾਂਢੀ ਦੇਸ਼ ਦੀ ਨੀਤ ਬਦਨੀਤ ਜਾਪੇ,ਸਿਰੇ ਲੱਗੀ ਨਾ ਕੋਈ ਵੀ ਗੱਲ ਲੋਕੋ।
ਦੱਦਾਹੂਰੀਆ ਕੁਝ ਆਪਣੇ ਆਵਦੇ ਨੇ,ਕੁਝ ਦਿੱਤੇ ਗਵਾਂਢੀ ਨੇ ਘੱਲ ਲੋਕੋ॥
(24)
ਪਿੰਡਾਂ ਸ਼ਹਿਰਾਂ ਦੇ ਮੋੜ ਤੇ ਖੋਲ ਠੇਕੇ,ਸਰਕਾਰ ਮੁਲਾਜਮਾਂ ਨੂੰ ਨਸ਼ੇ ਛੁਡਾਉਣ ਲੱਗੀ।
ਪਹਿਲਾਂ ਚਾਟ ਤੇ ਲਾ ਕੇ ਜਵਾਨੀ ਪੰਜਾਬ ਦੀ ਨੂੰ,ਮੋਹ ਡਾਢਾ ਹੈ ਹੁਣ ਦਿਖਾਉਣ ਲੱਗੀ॥
ਠੇਕਿਆਂ ਰਾਹੀਂ ਭਰ ਤਿਜੌਰੀਆਂ ਨੂੰ,ਉਤੋਂ ਉਤੋਂ ਹੈ ਪਿਆਰ ਜਤਾਉਣ ਲੱਗੀ।
ਸਰਕਾਰ ਦੋਸਤੋ ਸਰਕਾਰੀ ਮੁਲਾਜਮਾਂ ਨੂੰ,ਤਨਖਾਹ ਬਚਾਉਣ ਦਾ ਵੱਲ ਸਮਝਾਉਣ ਲੱਗੀ॥
(25)
ਵੈਸੇ ਲਿਖਾਰੀ ਤਾਂ ਪੰਜਾਬ ਵਿਚ ਬਹੁਤ ਹੋਏ,ਪਰ ਪੰਜ ਲੇਖਕਾਂ ਦਾ ਖੁਲਾਸਾ ਅਖਬਾਰਾਂ ਨੇ ਕਰ ਦਿੱਤਾ।
ਹਰ ਲਿਖਾਰੀ ਦੀਆਂ ਲਿਖਤਾਂ ਸਲਾਹੁਣਯੋਗ ਹੁੰਦੀਆਂ,ਪਰ ਇਨਾਂ ਨੂੰ ਸਨਮੁਖ ਲੁਕਾਈ ਦੇ ਕਰ ਦਿੱਤਾ॥
ਵੰਨਗੀ ਹਰ ਲਿਖਾਰੀ ਦੀ ਹੁੰਦੀ ਅਲੱਗ ਅਲੱਗ,ਇਨਾ ਨਗ ਹੈ ਹੀਰੇ ਵਿਚ ਜੜ ਦਿੱਤਾ।
ਦੱਦਾਹੂਰੀਆ ਸਰਕਾਰ ਵਿਚ ਰਹਿੰਦਿਆਂ ਹੀ,ਇਹ ਉਪਰਾਲਾ ਨਿਵੇਕਲਾ ਕਰ ਦਿੱਤਾ॥
(26)
ਅੰਗਰੇਜੀ ਸਿੱਖਣ ਸਿਖਾਉਣ ਦੀ ਗੱਲ ਪਿਛੋਂ,ਪਹਿਲਾਂ ਨਿਆਂ ਪੰਜਾਬੀ ਦੇ ਨਾਲ ਕਰਵਾਈਏ ਜੀ।
ਮਾਤ ਭਾਸ਼ਾ ਇਹ ਸਾਡੇ ਪੁਰਖਿਆਂ ਦੀ,ਇਹਦੇ ਸਤਿਕਾਰ ਚ ਸੀਸ ਨਿਵਾਈਏ ਜੀ॥
ਲਿਖਣੀ ਬੋਲਣੀ ਨਹੀਂ ਆਉਂਦੀ ਜਿਨਾਂ ਨੂੰ ਮਾਂ ਬੋਲੀ,ਸਿਖਾ ਕੇ ਉਨਾਂ ਨੂੰ ਫਰਜ ਨਿਭਾਈਏੇ ਜੀ।
ਦੱਦਾਹੂਰੀਆ ਬੱਸਾਂ ਦੇ ਫੱਟਿਆਂ ਤੇ ਮੀਲ ਪੱਥਰਾਂ ਤੇ ਤਾਂ,ਪਹਿਲਾਂ ਪੰਜਾਬੀ ਲਿਖਵਾਈਏ ਜੀ॥
(27)
ਗਿਣਤੀ ਮਿਣਤੀ ਵਾਲੀ ਚੀਜ ਹੈ ਖਤਮ ਹੋਈ,ਇਹਦਾ ਕਰੀ ਨਾ ਕਦੇ ਹੰਕਾਰ ਬੰਦੇ।
ਮਿਠਤ ਹਲੀਮੀ ਤੇ ਸੰਜਮ ਵਿਚ ਰਹਿਕੇ ਕਰ ਲਵੀਂ,ਇਸਤੇਮਾਲ ਬੰਦੇ॥
ਭਾਵੇਂ ਪੁੱਛ ਕੇ ਵੇਖ ਸਿਆਣਿਆਂ ਤੋਂ,ਜੇਕਰ ਆਂਵਦਾ ਨਹੀਂ ਇਤਬਾਰ ਬੰਦੇ।
ਦੱਦਾਹੂਰੀਆ ਵਰਤੀਂ ਸੰਕੋਚ ਕੇ ਜੇ,ਹੋ ਜਾਵੇਂਗਾ ਮਾਲੋ ਮਾਲ ਬੰਦੇ॥
(28)
ਦੇਰ ਆਏ ਤੇ ਆਏ ਦਰੁਸਤ ਭਾਵੇਂ,ਬਿਲਕੁਲ ਇਹ ਸੱਚੀ ਗੱਲ ਭਾਸਦੀ ਏ।
ਪਹਿਲਾਂ ਸੌਂ ਗਈ ਸੀ ਮਾਨਯੋਗ ਸਰਕਾਰ ਸਾਡੀ,ਇਹੋ ਵੀਰਨੋ ਇਨਾਂ ਦੀ ਤਾ੍ਸਦੀ ਏ॥
ਅੰਗਰੇਜੀ ਸਿਖਾਉਣਗੇ ਸੱਚਮੁਚ ਅਧਿਆਪਕਾਂ ਨੂੰ,ਸੱਚੀ ਗੱਲ ਬਿਲਕੁਲ ਜਾਪਦੀ ਏ।
ਦੱਦਾਹੂਰੀਆ ਕੋਠੇ ਚੜ ਕੇ ਵੇਖ ਭਾਵੇਂ,ਜੰਤਾ ਪੰਜਾਬ ਦੀ ਸਾਰੀ ਅਲਾਪਦੀ ਏ॥
(29)
ਊਰੀ ਵਾਂਗ ਘੁੰਮਦਾ ਫਿਰੇ ਬੰਦਾ,ਰਿਹਾ ਸਮਾਂ ਨਾ ਗੱਲ ਕਰਨ ਦਾ ਵੀ।
ਜੀਹਨੇ ਘੱਲਿਆ ਹੈ ਮੇਲਾ ਵੇਖਣੇ ਲਈ,ਉਹਦੇ ਘਰ ਵਿਚ ਹਾਜਰੀ ਭਰਨ ਦਾ ਵੀ॥
ਹੈਂਕੜਬਾਜ ਦੀ ਅੜੀ ਮੈਂ ਕਿਉਂ ਝੱਲਾਂ ਕੋਈ,ਮਤਲਬ ਨਹੀਂ ਓਸ ਤੋਂ ਡਰਨ ਦਾ ਵੀ।
ਕਰਾਂ ਜੇ ਮਰਜੀ ਖੁਦਮੁਖਤਿਆਰ ਹਾਂ ਮੈਂ,ਚੇਤਾ ਭੁਲ ਗਿਆ ਇਸਨੂੰ ਮਰਨ ਦਾ ਵੀ॥
(30)
ਪਹਿਲਾਂ ਵਰਗਾ ਹਸਦਾ ਵਸਦਾ ਪੰਜਾਬ ਵੇਖਣਾ ਚਾਹਵਦੇ ਜੇ,ਥੋੜੀ ਕੁਬਾਨੀ ਤਾਂ ਦੋਸਤੋ ਪਊ ਕਰਨੀ।
ਰਲ ਮਿਲਕੇ ਨਸ਼ਿਆਂ ਖਿਲਾਫ ਸਭ ਨੂੰ ਹੰਭਲਾ ਮਾਰਕੇ,ਜੰਗ ਤਾਂ ਪਊ ਲੜਨੀ॥
ਮੈਂ ਨੂੰ ਮਾਰਨਾ ਪੈਣਾ ਏ ਹਰ ਹੀਲੇ, ਪਿਓਂਦ ਜਵਾਨੀ ਤੇ ਵੀਰਨੋ ਤਾਂ ਚੜਨੀ।
ਪਹਿਲ ਕਰਨੀ ਪੈਣੀ ਏ 50-60 ਸਾਲ ਵਾਲਿਆਂ ਨੂੰ,ਜਵਾਨੀ ਅਜੋਕੀ ਨਾਲ ਹੈ ਤਾਂ ਖੜਨੀ॥
(31)
ਇਸ ਵਾਰ ਚਾਰੋ ਧਾਮਾਂ ਦੀ ਯਾਤਰਾ ਫੇਰ ਥੰਮੀ,ਇਹ ਵੀ ਕੁਦਰਤੀ ਲਗਦਾ ਨੇਮ ਕੋਈ।
ਪਾਪ ਜਦੋਂ ਲੋਕਾਈ ਤੇ ਵਧ ਜਾਂਦੇ,ਲੱਗੇ ਲੋਕਾਂ ਦੇ ਉਤੇ ਬਲੇਮ ਕੋਈ॥
ਪੰਦਰਾ ਹਜਾਰ ਸ਼ਰਧਾਲੂ ਹੜਾਂ ਦੇ ਵਿਚ ਘਿਰ ਗਏ,ਟੁਟਿਆ ਪੁਲਾਂ ਦਾ ਦੱਸਣ ਫਰੇਮ ਕੋਈ।
ਸਾਰੇ ਯਾਤਰੀ ਸਹੀ ਸਲਾਮਤ ਘਰ ਪਰਤਣ,ਦਾਤਿਆ ਉਨਾਂ ਤੇ ਕਰ ਦੇ ਰਹਿਮ ਕੋਈ॥
(32)
ਧੰਦਿਆਂ ਵਿਚ ਹੀ ਜਾਣ ਫਸਦੇ,ਅੱਜਕਲ ਦੇ ਨੌਜੁਆਨ ਲੋਕੋ।
ਨਸ਼ਿਆਂ ਤੇ ਬੇਰੁਜਗਾਰੀ ਵਿਚ ਫਸ ਗਈ ਹੈ,ਇਨਾਂ ਦੀ ਜਾਨ ਲੋਕੋ॥
ਡੱਕਾ ਭੰਨ ਕੇ ਕਦੇ ਨਾ ਕਰਨ ਦੂਹਰਾ,ਫੋਕੀ ਚੌਧਰ ਹੀ ਹਰ ਥਾਂ ਜਮਾਣ ਲੋਕੋ।
ਦੱਦਾਹੂਰੀਆ ਵੇਖੇ ਜਾਰੋ ਜਾਰ ਰੋਂਦੇ,ਜਵਾਨੀ ਭੰਗ ਦੇ ਭਾਣੇ ਗਵਾਣ ਲੋਕੋ॥
(33)
ਸਵਾਰਥੀ ਹੋਇਆ ਹੈ ਅੱਜਕਲ ਜਗ ਸਾਰਾ,ਬਿਨਾ ਸਵਾਰਥੋਂ ਜਗ ਵਿਚ ਕੋਈ ਬੰਦਾ।
ਸਵਾਰਥ ਹੋਵੇ ਤਾਂ ਗੇੜੇ ਪੰਜਾਹ ਮਾਰਨ,ਦੁਖ ਸੁਖ ਵਿਚ ਹੈ ਪਹੁੰਚਦਾ ਕੋਈ ਬੰਦਾ॥
ਸਵਾਰਥ ਪਿਛੇ ਜਿਊਂਦੇ ਤੇ ਮਰੀ ਜਾਂਦੇ,ਜਾਂਦਾ ਸੱਚ ਨੂੰ ਸਦਾ ਲਕੋਈ ਬੰਦਾ।
ਦੱਦਾਹੂਰੀਆ ਸਵਾਰਥ ਕੱਢਣ ਦੇ ਲਈ,ਸ਼ਰਮ ਹਯਾ ਦੀ ਲਾਹੁੰਦਾ ਹੈ ਲੋਈ ਬੰਦਾ॥
(34)
ਹਾਂ ਪੱਖੀ ਜੇ ਰੱਖੇਂਗਾ ਸੋਚ ਬੰਦੇ,ਕਾਮਯਾਬੀ ਫਿਰ ਚੁੰਮੇਗੀ ਪੈਰ ਤੇਰੇ।
ਜੇ-ਯੱਕ ਵਿਚ ਫਸਿਆ ਰਿਹਾ ਉਮਰ ਸਾਰੀ,ਬਣ ਜਾਣਗੇ ਦੁਸ਼ਮਣ ਆਪਣੇ ਤੇ ਗੈਰ ਤੇਰੇ॥
ਜੇ ਮੰਜਿਲ ਦਰ ਮੰਜਿਲ ਅੱਗੇ ਰਿਹਾ ਵਧਦਾ,ਵਿਚਾਰ ਪੁਛਣਗੇ ਚੱਤੋ ਹੀ ਪਹਿਰ ਤੇਰੇ।
ਦੱਦਾਹੂਰੀਏ ਦੀ ਮੰਨ ਕੇ ਵੇਖ ਤਾਂ ਸਹੀ,ਹੋਜੂ ਘਰ ਦੇ ਵਿਚ ਲਹਿਰ ਬਹਿਰ ਤੇਰੇ॥
(35)
ਆਤਮ ਵਿਸ਼ਵਾਸ ਹੋਵੇ ਜੇ ਆਪਣੇ ਆਪ ਉਤੇ,ਕੰਮ ਅਧੂਰਾ ਫਿਰ ਕੋਈ ਨਹੀਂ ਰਹਿ ਸਕਦਾ।
ਚਾਰੇ ਕੰਨੀਆਂ ਤੋਂ ਜੋ ਇਨਸਾਨ ਪੂਰਾ,ਸ਼ਰੀਕ ਕੋਈ ਵੀ ਕੁਝ ਨਹੀਂ ਕਹਿ ਸਕਦਾ॥
ਸੋਚ ਸਮਝ ਤੋਂ ਜੋ ਹੈ ਕੰਮ ਲੈਂਦਾ,ਰਸਤੇ ਭੁਲ ਕੇ ਗਲਤ ਨਹੀਂ ਪੈ ਸਕਦਾ।
ਖਾਲਸ ਖੁਰਾਕ ਖਾਧੀ ਜੇ ਦੱਦਾਹੂਰੀਆ ਕਹੇ,ਮੱਲ ਵਿਚ ਅਖਾੜੇ ਨਹੀਂ ਢਹਿ ਸਕਦਾ॥
(36)
ਦਾਅਵੇ ਬੰਨ ਦਾ ਵੱਡੇ ਤੋਂ ਵੱਡੇ ਜੋ ਤੂੰ,ਰੁਲ ਜਾਣਗੇ ਮਿੱਟੀ ਦੇ ਵਿਚ ਬੰਦੇ।
ਕੰਮ ਲੁਕਾਈ ਦੇ ਵਿਚ ਤੂੰ ਕਰ ਐਸੇ,ਹੋਣਾ ਪਵੇ ਨਾ ਉਥੇ ਜਾ ਜਿਚ ਬੰਦੇ॥
ਤੇਰੀਆਂ ਯਾਦਾਂ ਸੀਨੇ ਵਸਾਉਣ ਲੋਕੀਂ,ਹਰ ਸਮੇਂ ਹੀ ਪੈਂਦੀ ਰਹੇ ਖਿਚ ਬੰਦੇ।
ਸੱਚ ਮੰਨ ਲਵੀਂ ਤੂੰ ਦੱਦਾਹੂਰੀਏ ਦਾ,ਐਂਵੇ ਜਾਣ ਨਾ ਲਈ ਤੂੰ ਟਿਚ ਬੰਦੇ॥
(37)
ਬਦਲਵੇਂ ਪ੍ਰਬੰਧਾਂ ਬਿਨਾਂ ਦਰਖਤ ਪੱਟਣੇ ਨੂੰ,ਸਰਕਾਰੀ ਧੱਕਾ ਹੀ ਆਪਾਂ ਕਹਿ ਸਕਦੇ।
ਜੀਵਤ ਰਹਿਣ ਲਈ ਬੂਟੇ ਲਗਾਈ ਜਾਈਏ,ਪਾ੍ਣੀ ਜੀਵਤ ਨਾ ਇਨਾ ਬਿਨਾ ਰਹਿ ਸਕਦੇ॥
ਆਪ ਸਰਕਾਰ ਖੁਦ ਇਸ ਤੇ ਗੌਰ ਕਰਲੇ,ਲੁਕਾਈ ਨੂੰ ਤਾਂਹੀ ਇਹੇ ਨੇ ਕਹਿ ਸਕਦੇ।
ਦੱਦਾਹੂਰੀਏ ਜੇ ਇਨਾਂ ਨੂੰ ਬਚਾਈਏ ਤਾਂ,ਜੀਵਨ ਆਪਾਂ ਨੂੰ ਤਾਂ ਇਹ ਦੇ ਸਕਦੇ॥
(38)
ਚੌਕੇ ਲਿਖਣ ਦਾ ਰਿਦਮ ਕੋਈ ਵੱਖਰਾ ਨਹੀਂ,ਮੈਟਰ ਕਿਤੋਂ ਨਾ ਕਿਤੋਂ ਹੈ ਲੱਭ ਜਾਂਦਾ।
ਤੁਕ ਨਾਲ ਤੁਕ ਤਾਂ ਮਿਲਾਉਣੀ ਜਰੂਰ ਪੈਂਦੀ,ਲਿਖ ਦਈਏ ਜਦੋਂ ਵੀ ਫਬ ਜਾਂਦਾ॥
ਫੇਸਬੁਕ ਤੇ ਸਤਿਕਾਰਯੋਗ ਵੀਰ ਪੁਛਦੇ,ਇਹ ਤੈਨੂੰ ਕਿਵੇਂ ਹੈ ਸਭ ਫਬ ਜਾਂਦਾ।
ਦੱਦਾਹੂਰੀਏ ਨੂੰ ਸੋਝੀ ਮਾਲਿਕ ਬਖਸ਼ ਦੇਵੇ,ਜਦੋਂ ਨਾਮ ਲੈ ਕੇ ਹੈ ਉਹਦਾ ਲੱਗ ਜਾਂਦਾ॥
(39)
ਸਤਿਨਾਮ ਸਿੰਘ ਖਿਡਾਰੀ ਨੇ ਜੋ ਹੈ ਗੱਲ ਆਖੀ,ਅੰਤਰ ਆਤਮਾ ਦੀ ਉਹ ਆਵਾਜ਼ ਲੋਕੋ।
ਹਕੀਕਤ ਸੀ ਹੈ ਜੋ ਲਿਖ ਦਿਤੀ,ਭਾਵੇਂ ਖੁਲ ਜਾਏ ਕਿਸੇ ਦਾ ਪਾਜ ਲੋਕੋ॥
ਗਿਲਾ ਆਪਣਿਆਂ ਤੇ ਹੁੰਦੈ ਇਨਸਾਨ ਨੂੰ ਤਾਂ,ਰੱਖੀਏ ਕਦੇ ਨਾ ਲੁਕੋ ਕੇ ਰਾਜ ਲੋਕੋ।
ਦੱਦਾਹੂਰੀਏ ਸਿਫਤ ਕਰਨੀ ਹੈ ਬਣਦੀ,ਹੁੰਦਾ ਫਿਰੇ ਭਾਵੇਂ ਕੋਈ ਨਾਰਾਜ ਲੋਕੋ॥
(40)
ਹਰ ਮਹਿਕਮੇ ਚੋਂ ਭਿ੍ਸ਼ਟ ਅਫਸਰਾਂ ਦੀ,ਦਸਦੇ ਸੂਚੀ ਹੈ ਸਰਕਾਰ ਬਣਾਉਣ ਲੱਗੀ।
ਸੂਚੀ ਬਣਾਉਣ ਵਾਲੀ ਪੂਰੀ ਟੀਮ ਨੂੰ ਹੀ,ਭੰਬਲ ਭੂਸੇ ਦੇ ਵਿਚ ਪਾਉਣ ਲੱਗੀ॥
ਕੀਹਨੂੰ ਸੱਤਰਪੁੰਨਾ ਤੇ ਕੀਹਨੂੰ ਭਿ੍ਸ਼ਟ ਕਹੀਏ,ਚਿੰਤਾ ਉਨਾਂ ਨੂੰ ਇਹ ਸਤਾਉਣ ਲੱਗੀ।
ਦੱਦਾਹੂਰੀਆ ਹਮਾਮ ਵਿਚ ਸਭ ਨੰਗੇ,ਕੱਛੇ ਕੀਹਦੇ ਸਰਕਾਰ ਪਵਾਉਣ ਲੱਗੀ॥
(41)
ਭਾਰਤ ਵਿਚੋਂ ਭਿ੍ਸ਼ਟਾਚਾਰੀ ਜਦੋਂ ਖਤਮ ਹੋਗੀ,ਉਸ ਦਿਨ ਸ਼ੁਰੂ ਹੋ ਜਾਊ ਸੁਨਹਿਰੀ ਯੁਗ ਲੋਕੋ।
ਕਾਲੇ ਦੌਰ ਦਾ ਜਮਾਨਾ ਫਿਰ ਖਤਮ ਹੋਣਾ,ਦੇਸ਼ ਵਾਸੀ ਫੇਰ ਵਸਣਗੇ ਘੁੱਗ ਲੋਕੋ॥
ਹੁਣ 10 ਹਜਾਰ ਵਾਲੇ ਕੰਮ ਤੇ 50 ਹਜਾਰ ਰਿਸ਼ਵਤ ਲੱਗੇ,ਕਾਲਜਿਓਂ ਨਿਕਲੇ ਰੁੱਗ ਲੋਕੋ।
ਦੱਦਾਹੂਰੀਆ ਸਰਕੰਡੇ ਨੂੰ ਸਾਫ ਕਰਕੇ,ਚਾਰੋਂ ਤਰਫ ਗੁਲਾਬ ਪੈਂਦਾ ਹੈ ਉਗ ਲੋਕੋ॥
(42)
ਮਾਂ ਬੋਲੀ ਪੰਜਾਬੀ ਦੇ 6 ਗੀਤਕਾਰ ਹੋਏ,ਸਾਨੀ ਨਹੀਂ ਹੈ ਉਨਾਂ ਦਾ ਕੋਈ ਇੱਥੇ।
ਅੱਜਕਲ ਦੇ ਬਹੁਤੇ ਗੀਤਕਾਰਾਂ ਨੇ ,ਲਾਹ ਰੱਖੀ ਹੈ ਸ਼ਰਮ ਦੀ ਲੋਈ ਇੱਥੇ॥
ਗੁਰਦੇਵ ਮਾਨ,ਹਸਨਪੁਰੀ,ਦੀਦਾਰ ਤੇ ਉਸਤਾਦ ਯਮਲਾ ਜੀ ਬਾਝੋਂ,ਲੱਗੇ ਮਾਂ ਬੋਲੀ ਹੀ ਖੋਈ ਇੱਥੇ।
ਦੱਦਾਹੂਰੀਆ,ਮਾਨ ਮਰਾੜਾਂ ਤੇ ਦੇਵ ਥਰੀਕੇ ਜੀ ਨੇ,ਕੋਸ਼ਿਸ਼ ਕਰਕੇ ਅੱਜ ਵੀ ਮਾਲਾ ਪਰੋਈ ਇੱਥੇ॥
(43)
ਦਾਨ ਬਹੁਤ ਹੀ ਕਿਸਮ ਦੇ ਕਰਨ ਲੋਕੀਂ,ਉਤਮ ਸਭ ਤੋਂ ਦਾਨ ਹੈ ਖੂਨ ਲੋਕੋ।
ਕਿਸੇ ਮਰਦੇ ਦੀ ਜਾਨ ਹੈ ਜਦੋਂ ਬਚਦੀ,ਉਦੋਂ ਚੜ ਜਾਂਦਾ ਹੈ ਪੂਰਾ ਜਨੂੰਨ ਲੋਕੋ॥
ਹੌਲਾ ਫੁਲ ਸਰੀਰ ਉਦੋਂ ਜਾਪਦਾ ਏ,ਮੁਖ ਚਮਕਦਾ ਜਿਵੇਂ ਹੈ ਮੂਨ ਲੋਕੋ।
ਦੱਦਾਹੂਰੀਆ ਉਹਦੇ ਘਰ ਘਾਟ ਨਾ ਕੋਈ,ਐਸੇ ਦਾਨੀ ਨੂੰ ਦੇਵੇ ਸਕੂਨ ਲੋਕੋ॥
(44)
ਪਹਿਲਾਂ ਉਤਰਾਖੰਡ ਤੇ ਹੁਣ ਦਾਰਜੀਲਿੰਗ ਦੇ ਵਿਚ ਕਾਹਤੋਂ,ਹੋ ਗਿਆ ਐਨਾ ਕਰੋਪ ਦਾਤਾ।
ਇਨਸਾਨੀਅਤ ਉਤੇ ਦੁਖਾਂ ਦਾ ਪਹਾੜ ਟੁੱਟਾ,ਲਾਈ ਜਾਂਦਾ ਹੈ ਕੋਈ ਅਰੋਪ ਦਾਤਾ॥
ਤੇਰੀ ਬਖਸ਼ੀ ਜਿੰਦਗੀ ਦਾ ਲੁਤਫ ਲੈਣ ਲਈ,ਪਹਾੜੀਂ ਜਾਵੇ ਲੈ ਕੇ ਹੋਪ ਦਾਤਾ।
ਦੱਦਾਹੂਰੀਆ ਕਹੇ ਤੇਰੀਆਂ ਤੂੰ ਜਾਣੇ,ਬਿਠਾ ਦਿੰਨੈ ਘਰੀਂ ਅਫਸੋਸ ਦਾਤਾ॥
(45)
ਧਰਨਿਆਂ ਬਿਨਾਂ ਨਾ ਗੱਲ ਕੋਈ ਸੁਣੇ ਇੱਥੇ,ਧਰਨਿਆਂ ਬਿਨਾਂ ਨਾ ਫੈਸਲੇ ਹੋਣ ਇੱਥੇ।
ਸੱਤੀ ਵੀਹੀਂ ਸੌ ਹੁੰਦਾ ਤਕੜਿਆਂ ਦਾ,ਗਰੀਬ ਕਰਮਾਂ ਨੂੰ ਬੈਠ ਕੇ ਰੋਣ ਇੱਥੇ॥
68 ਸਾਲ ਹੋ ਗਏ ਸਭ ਕੁਝ ਵੇਖਦਿਆਂ ਨੂੰ,ਹੱਕ ਗਰੀਬਾਂ ਦਾ ਜਰਵਾਣੇ ਹੀ ਖੋਹਣ ਇੱਥੇ।
ਦੱਦਾਹੂਰੀਆ ਸਰਮਾਏਦਾਰੀ ਦਾ ਯੁੱਗ ਅੱਜਕਲ,ਕਾਮਿਆਂ ਨੂੰ ਹੀ ਰਗੜੇ ਲਾਉਣ ਇੱਥੇ॥
(46)
ਲੋਕ ਲਹਿਰ ਅੱਗੇ ਕੁਝ ਅੜੇ ਨਾਹੀਂ,ਆਈ ਆਪਣੀ ਤੇ ਜਦ ਵੀ ਆਂਵਦੀ ਹੈ।
ਆਪਣੇ ਹੱਥੀਂ ਆਪੇ ਹੀ ਕਾਜ ਸਵਾਰੀਏ ਜੀ,ਇਸ ਅਖਾਣ ਨੂੰ ਜਾਮਾ ਪਹਿਨਾਂਵਦੀ ਹੈ॥
20-50 ਲੱਖ ਰੁਪੈ ਦੀ ਗੱਲ ਛੱਡੋ,ਕੰਮ ਕਰੋੜਾਂ ਦੇ ਸਿਰੇ ਚੜਾਂਵਦੀ ਹੈ।
ਦੱਦਾਹੂਰੀਆ ਸਰਕਾਰੀ ਖੁਸ਼ਾਮਦਾਂ ਕਰੇ ਨਾਂਹੀ,ਹੱਥੀਂ ਕਰਕੇ ਸਭ ਵਿਖਾਂਵਦੀ ਹੈ॥
(47)
ਨਰੇਗਾ-ਮਨਰੇਗਾ ਦਾ ਦਮ ਹੈ ਘੁਟ ਹੋਇਆ,ਰੁਜਗਾਰ ਦੇਣ ਵਿਚ ਸਰਕਾਰ ਨਾਕਾਮ ਜਾਪੇ।
ਜਿਹੜੀਆਂ ਸਹੂਲਤਾਂ ਗਰੀਬਾਂ ਤਾਈਂ ਮਿਲਣੀਆਂ ਸੀ,ਅਫਸਰ ਸਰਕਾਰੀ ਉਹ ਖਾਈ ਜਾਣ ਆਪੇ॥
365 ਚੋਂ 100 ਦਿਨ ਰੁਜਗਾਰ ਦੇਣਾ,ਸਰਕਾਰ ਵਾਰ ਵਾਰ ਰਾਗ ਇਹ ਅਲਾਪੇ।
ਦੱਦਾਹੂਰੀਆ ਗਰੀਬੀ ਨਹੀਂ ਗਰੀਬ ਖਤਮ ਹੋਣੇ,ਨੀਤੀ ਸਰਕਾਰ ਦੀ ਸਭ ਨੂੰ ਇਹ ਭਾਸੇ॥
(48)
ਬਾਲ ਮਜਦੂਰੀ ਦਾ ਹੱਲ ਨਾ ਕਦੇ ਹੋਣਾ,ਮਹਿੰਗਾਈ ਘੁਟ ਰਹੀ ਹੈ ਸਭ ਦਾ ਦਮ ਲੋਕੋ।
ਗੁਜਾਰਾ ਮੁਸ਼ਕਿਲ ਹੀ ਨਹੀਂ ਹੋਣਾ ਹੈ ਅਸੰਭਵ,ਘਰ ਦਾ ਕੱਲਾ ਕੱਲਾ ਜੀਅ ਜੇ ਕਰੇ ਨਾ ਕੰਮ ਲੋਕੋ॥
ਵਿਕਾਸ ਬਿਨਾਂ ਤਰੱਕੀ ਨਹੀਂ ਸੰਭਵ,ਹਰ ਦੇਸ਼ ਦਾ ਹੁੰਦੈ ਜੋ ਥੰਮ ਲੋਕੋ।
ਦੱਦਾਹੂਰੀਆ ਲੀਹ ਜਦੋਂ ਗੱਡੀ ਚੜਨ ਲੱਗੇ,ਪੈ ਜਾਵੇ ਚੋਣਾਂ ਦਾ ਕੰਮ ਚ ਘੜੰਮ ਲੋਕੋ॥
(49)
ਮਰਦਾਂ ਵਾਂਗ ਹਰਨਾਮ ਕੌਰ ਦੇ ਦਾੜੀ ਤੇ ਮੁੱਛਾਂ,ਬੰਦਿਆਂ ਵਾਂਗ ਹੈ ਉਸਦੀ ਦਿਖ ਲੋਕੋ।
ਅੱਜ ਦੀ ਅਵਾਜ ਦੇ ਮੇਨ ਪੰਨੇ ਤੇ ਇਹ ਖਬਰ ਲੱਗੀ,ਪੜਿਆ ਮੈਂ ਅਖਬਾਰ ਦੇ ਵਿਚ ਲੋਕੋ॥
11 ਸਾਲ ਦੀ ਉਮਰ ਤੋਂ ਇਹ ਸਭ ਹੋਣ ਲੱਗਾ,ਅਮਿ੍ਤ ਪਾਨ ਕੀਤੇ ਵਾਂਗੂੰ ਲੱਗੇ ਸਿੱਖ ਲੋਕੋ।
ਮੇਰੇ ਮਾਲਿਕ ਦੀ ਰਜਾ ਅਜੀਬ ਦੇਖੀ,ਹਰ ਅਦਾ ਦੇ ਵਿਚ ਅਜੀਬ ਹੀ ਖਿੱਚ ਲੋਕੋ॥
(50)
ਸਰਕਾਰੀ ਡਿਊਟੀ ਹੈ ਵੀਰਨੋ 8 ਘੰਟੇ,ਪਰ ਭੂੰਡ ਆਸ਼ਕ 24 ਘੰਟੇ ਡਿਊਟੀ ਲਾਈ ਰੱਖਦੇ।
ਟੈਂਕੀ ਖਾਲੀ ਹੋਣ ਨਾ ਦੇਣ ਵਹੀਕਲਾਂ ਦੀ,ਹਰ ਵੇਲੇ ਹੀ ਫੁਲ ਕਰਵਾਈ ਰੱਖਦੇ॥
ਮਾਂ ਪਿਉ ਦੇ ਨੋਟਾਂ ਤੇ ਐਸ਼ ਕਰਦੇ,ਸਕੂਲਾਂ ਕਾਲਜਾਂ ਨੂੰ ਦਿਲੋਂ ਭੁਲਾਈ ਰੱਖਦੇ।
ਬਿਨਾਂ ਤਨਖਾਹ ਤੋਂ ਦੱਦਾਹੂਰੀਆ ਕਹੇ,ਡਿਊਟੀ ਕਰਕੇ ਨੰਬਰ ਬਣਾਈ ਰੱਖਦੇ॥
(51)
ਬੰਦਾ ਮਾਰ ਕੇ 2 ਘੰਟੇ ਬਾਦ ਰਿਹਾਅ ਹੋਜੋ,ਭਾਰਤ ਦੇਸ਼ ਦਾ ਲਚਕੀਲਾ ਕਾਨੂੰਨ ਲੋਕੋ।
ਐਸੀਆਂ ਪੜ ਕੇ ਸੁਰਖੀਆਂ ਅਖਬਾਰਾਂ ਦੀਆਂ,ਚੜੇ ਦਰਿੰਦਿਆਂ ਨੂੰ ਇਥੇ ਜਨੂੰਨ ਲੋਕੋ॥
ਡਰ ਡੁਕਰ ਨਾਂ ਦੀ ਕੋਈ ਚੀਜ ਹੈ ਨੀ,ਇਕ ਦਿਨ ਚ 10 ਕਰ ਦਿਓ ਭਾਵੇਂ ਖੂਨ ਲੋਕੋ।
ਦੱਦਾਹੂਰੀਆ ਜਿਸ ਦੇਸ਼ ਦਾ ਕਾਨੂੰਨ ਵਿਕ ਜਾਏ,ਬਚਾ ਸਕਦਾ ਨਹੀਂ ਅਫਲਾਤੂਨ ਲੋਕੋ॥
(52)
ਮਰਨੇ ਨੂੰ ਵੀ ਵਿਆਹ ਵਿਚ ਬਦਲ ਦਿੰਦੇ,ਐਨੇ ਖਰਚ ਦਾ ਹੋਇਆ ਰਿਵਾਜ ਅੱਜਕਲ।
ਦੌਰ ਮੰਦੇ ਦਾ ਚਲਦਾ ਸ਼ੱਕ ਨਾ ਕੋਈ,ਰੌਲਾ ਪਾਉਂਦੈ ਸਾਰਾ ਸਮਾਜ ਅੱਜਕਲ॥
ਫੋਕੀ ਵਾਹ ਵਾਹ ਖੱਟਣੀ ਹੈ ਚਾਹੁੰਦੇ,ਵਧ ਗਿਆ ਮੂਲ ਦੇ ਨਾਲੋਂ ਵਿਆਜ ਅੱਜਕਲ।
ਦੱਦਾਹੂਰੀਆ ਜਿਊਂਦਾ ਮਰਦਾ ਰਿਹੈ ਭੁੱਖਾ,ਨਾ ਹੀ ਕਰਵਾਉਂਦਾ ਕੋਈ ਇਲਾਜ ਅੱਜਕਲ॥
(53)
ਮਾਲਿਕ ਬਣਾਇਆ ਜੋ ਨਾ ਤੂੰ ਬਣ ਸਕਿਆ,ਜਾਤਾਂ ਪਾਤਾਂ ਦੀਆਂ ਵੰਡੀਆਂ ਪਾਲੀਆਂ ਤੂੰ।
ਮਾਨਸ ਕੀ ਜਾਤ ਸਭ ਏਕ ਹੈ ਤੇ ਕੀਤੀ ਗੌਰ ਨਾ,ਗੋਤ ਜਾਤਾਂ ਹੈ ਨਾਲ ਲਿਖਾ ਲੀਆਂ ਤੂੰ॥
ਏਕ ਪਿਤਾ ਏਕਸ ਕੇ ਹਮ ਹੈਂ ਬਾਰਿਕ ਭੁਲਾ ਕੇ ਤੇ,ਮਜਬ ਕੌਮਾਂ ਹੈ ਆਪੇ ਬਣਾ ਲੀਆਂ ਤੂੰ।
ਦੱਦਾਹੂਰੀਆ ਨਾ ਬਣ ਇਨਸਾਨ ਸਕਿਆ,ਦੂਰੀਆਂ ਮਾਲਿਕ ਦੇ ਨਾਲ ਵਧਾ ਲੀਆਂ ਤੂੰ॥
(54)
ਕਾਹਲੀ ਕਾਹਲੀ ਨੇ ਮਾਰ ਲਈ ਕੁਲ ਦੁਨੀਆ,ਸਮਾਂ ਹੈ ਨੀ ਕਿਸੇ ਕੋਲ ਬਹਿਣ ਦਾ ਜੀ।
ਸੁਣਨਾ ਚਾਹੁੰਦਾ ਨਾ ਕਿਸੇ ਦੀ ਗੱਲ ਕੋਈ,ਨਾ ਹੀ ਵਕਤ ਹੈ ਕਿਸੇ ਨੂੰ ਕਹਿਣ ਦਾ ਜੀ॥
ਤੇਜੀ ਕਰਕੇ ਜਾਨਾਂ ਗਵਾਈ ਜਾਂਦੇ,ਜਿਗਰਾ ਰਿਹਾ ਨਾ ਸਿਆਣੀ ਗੱਲ ਕਹਿਣ ਦਾ ਜੀ।
ਦੱਦਾਹੂਰੀਆ ਅੰਤ ਨਜਦੀਕ ਜਾਪੇ,ਦੁਨੀਆਦਾਰੀ ਦਾ ਕਿਲਾ ਹੁਣ ਢਹਿਣ ਦਾ ਜੀ॥
(55)
ਸਿਆਸੀ ਪਾਰਟੀਆਂ ਇਕ ਦੂਜੇ ਵਿਰੁਧ ਡਟਦੀਆਂ ਨੇ,ਜੇ ਵਿਕਾਸ ਲਈ ਡਟਣ ਤਾਂ ਗੱਲ ਹੋਰ ਹੋਵੇ।
ਕੰਡਾ ਇਕ ਦੂਜੇ ਦਾ ਫਿਰਨ ਕੱਢਦੀਆਂ ਇਹ,ਗਵਾਂਢੀ ਦੇਸ਼ ਦਾ ਕੱਢਣ ਗੱਲ ਹੋਰ ਹੋਵੇ॥
ਲਾਰੇ ਲਾ ਲਾ ਵਕਤ ਟਪਾਉਂਦੀਆਂ ਨੇ,ਜਾਮਾ ਅਮਲੀ ਪਹਿਨਾਉਣ ਤਾਂ ਗੱਲ ਹੋਰ ਹੋਵੇ।
ਜਵਾਨੀ ਨਸ਼ਿਆਂ ਨੇ ਚੂੰਡ ਲਈ ਦੱਦਾਹੂਰੀਆ ਕਹੇ,ਬਾਹਰ ਕੱਢ ਵਿਖਾਉਣ ਤਾਂ ਗੱਲ ਹੋਰ ਹੋਵੇ॥
(56)
ਪ੍ਰਧਾਨ ਮੰਤਰੀ ਨੂੰ ਬਾਹਰਲੇ ਦੌਰੇ ਤਾਂ ਫਬਦੇ ਨਾ, ਚਾਹੀਦਾ ਦੇਸ਼ ਦੇ ਵਲ ਵੀ ਧਿਆਨ ਦੇਣਾ।
ਸਾਰੇ ਸੂਬਿਆਂ ਦੀ ਮੀਟਿੰਗ ਬੁਲਾ ਕੇ ਤੇ,ਠੋਸ ਚਾਹੀਦਾ ਕੋਈ ਬਿਆਨ ਦੇਣਾ॥
ਕਿਹੜੇ ਸੂਬੇ ਚ ਕਿੰਨਾ ਵਿਕਾਸ ਹੋਇਆ,ਚਾਹੀਦਾ ਮੁਖ ਮੰਤਰੀਆਂ ਦਾ ਇਮਤਿਹਾਨ ਲੈਣਾ।
ਦੱਦਾਹੂਰੀਆ ਚੰਗੇ ਨੰਬਰਾਂ ਚ ਜੋ ਪਾਸ ਹੋਵਣ,ਸਮੇਂ ਸਮੇਂ ਤੇ ਬਣਦਾ ਸਨਮਾਨ ਦੇਣਾ॥
(57)
ਅਕਸ ਵਿਦੇਸ਼ਾਂ ਦੇ ਵਿਚ ਸੁਧਾਰਦੇ ਨੇ,ਆਪਣੇ ਦੇਸ਼ ਦੇ ਵਿਚ ਖਰਾਬ ਹੋਇਆ।
ਕਰੋੜਾਂ ਰੁਪਈਆਂ ਦਾ ਬੋਝ ਹੋਰ ਪਾਉਣ ਲੱਗੇ,ਪੰਜਾਬ ਤਾਂ ਪਹਿਲਾਂ ਹੀ ਬਹੁਤ ਬਰਬਾਦ ਹੋਇਆ॥
2017 ਦੀਆਂ ਚੋਣਾਂ ਜਿਤਣ ਦੇ ਲਈ ਮੁੱਦਾ,ਲਗਦਾ ਇਹ ਇਜਾਦ ਹੋਇਆ।
ਦੱਦਾਹੂਰੀਆ ਜਾਗਰਣ ਦੀ ਖਬਰ ਪੜਕੇ,ਹਾਜਮਾ ਵਿਰੋਧੀਆਂ ਦਾ ਬੇਸਵਾਦ ਹੋਇਆ॥

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :763
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ