ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਲੋਪ ਹੋ ਰਹੀ ਬਹੁ ਗੁਣੀ ਫਸਲ ਸਣ

ਸਣ ਪੰਜਾਬ ਦੀ ਕਿਰਸਾਣੀ ਲਈ ਅਤੇ ਹੋਰ ਕਈ ਕੰਮਾਂ ਵਿੱਚ ਕੰਮ ਆਉਣ ਵਾਲੀ ਫਸਲ ਹੈ। ਜੋ ਮੁੱਖ ਤੌਰ ਤੇ ਰੱਸੇ, ਰੱਸੀਆਂ ਬਨਾਉਣ ਦੇ ਕੰਮ ਆਉਂਦੀ ਹੈ । ਬੇਸ਼ਕ ਇੱਸ ਮੰਤਵ ਲਈ ਕਪਾਹ , ਮੁੰਜ ,ਬਗੜ , ਏਰਾ ਦੱਭ ਸਨੁੱਕੜਾ ਜਾਂ ਥੋਹਰ ਦੀ ਇੱਕ ਖਾਸ ਕਿਸਮ ਵੀ ਇੱਸ ਕੰਮ ਲਈ ਵਰਤੋਂ ਵਿੱਚ ਲਿਆਏ ਜਾਂਦੇ ਹਨ ਪਰ ਸਣ ਦੀ ਰੱਸੀ ਦਾ ਬਣਿਆ ਰੱਸਾ ਸੱਭ ਤੋਂ ਵੱਧੀਆ ਤੇ ਪੱਕਾ ਤੇ ਸੌਖਾ ਤੇ ਸਸਤਾ ਗਿਣਿਆ ਜਾਂਦਾ ਹੈ । ਹੱਥਲੇ ਲੇਖ ਵਿੱਚ ਮੈਂ ਸਣ ਦੀ ਫਸਲ ਤੇ ਇੱਸ ਤੋਂ ਰੱਸੇ ਰੱਸੀਆਂ ਵਾਣ ਆਦ ਬਨਾਉਣ ਬਾਰੇ ਅਤੇ ਇੱਸ ਦੇ ਹੋਰ ਕਈ ਫਾਇਦਿਆਂ ਬਾਰੇ ਗੱਲ ਕਰਾਂਗਾ ।
ਸਣ ਪੰਜਾਬ ਦੀ ਸਾਉਣੀ ਦੀ ਫਸਲ ਹੈ ਜੋ ਮੈਰਾ ਬਾਰਾਨੀ ਤੇ ਰੇਤਲੀਆਂ ਜਮੀਨਾਂ ਵਿੱਚ ਘੱਟ ਬਾਰਸ਼ ਤੇ ਥੋੜ੍ਹੀ ਮਹਿਣਤ ਨਾਲ ਹੀ ਤਿਆਰ ਹੋਣ ਵਾਲੀ ਫਸਲ ਹੈ। ਇੱਸ ਦਾ ਬੂਟਾ ਲਗ ਪਗ ਪੰਜ ਛੇ ਫੁੱਟ ਦੀ ਲੰਬਾਈ ਵਾਲਾ ਹੁੰਦਾ ਹੈ ਜਦ ਇੱਸ ਨੂੰ ਸੰਘਣੇ ਗਾੜ੍ਹੇ ਪੀਲੇ ਰੰਗ ਦੇ ਬੜੇ ਸੁੰਦਰ ਗੁੱਛੇ ਦਾਰ ਫੁੱਲ ਜਦ ਲਗਦੇ ਹਨ,ਵਿੇਂ ਲੱਗਦਾ ਹੈ ਜਿਵੇਂ ਇੱਸ ਖੇਤ ਵਿੱਚ ਕੁਦਰਤ ਰਾਣੀ ਨੇ ਇੱਸ ਰੰਗ ਦੀ ਮਖਮਲੀ ਚਾਦਰ ਹੀ ਵਿਛਾ ਦਿੱਤੀ ਹੋਵੇ । ਫੁੱਲਾਂ ਤੋਂ ਬਾਅਦ ਇਸ ਨੂੰ ਗੁੱਛੇ ਦਾਰ ਫਲ ਲਗਦੇ ਹਨ ਜੋ ਪੱਕਣ ਤੇ ਬਾਅਦ ਡੋਡੀਆਂ ਵਿੱਚ ਛਣਕਦੇ ਬੜੇ ਚੰਗੇ ਲਗਦੇ ਹਨ । ਜਿਨ੍ਹਾਂ ਦੇ ਛਣਕਣੇ ਬਨਾ ਕੇ ਬੱਚੇ ਖੇਡਦੇ ਵੀ ਹਨ ।
ਫਸਲ ਪੱਕਣ ਤੋਂ ਬਾਅਦ ਇੱਸ ਨੂੰ ਕੱਟ ਕੇ ਸੁਕਾ ਕੇ ਇੱਸ ਦੀਆਂ ਡੋਡੀਆਂ ਵੱਖਰੇ ਕਰਕੇ ਇੱਸਦੇ ਬੀਜ ਸੰਭਾਲ ਲਏ ਜਾਂਦੇ ਹਨ ਤੇ ਬਾਕੀ ਦੇ ਛੋਟੇ 2 ਪੂਲੇ ਬਨਾਏ ਜਾਂਦੇ ਹਨ ਤੇ ਫਿਰ ਇਨ੍ਹਾਂ ਨੂੰ ਕਿਸੇ ਖੜ੍ਹੇ ਪਾਣੀ ਛੱਪੜ ਆਦ ਵਿੱਚ ਇਨ੍ਹਾ ਦੀ ਛਿੱਲ ਚੰਗੀ ਤਰ੍ਹਾਂ ਗਲਣ ਤੱਕ ਕੁੱਝ ਦਿਨਾਂ ਤੱਕ ਪਾਣੀ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ਤੇ ਉਪਰਲੇ ਰੇਸ਼ੇ ਵੱਖਰੇ ਹੋਣ ਵਾਲੇ ਹੋਣ ਤੇ ਪੂਲਿਆਂ ਨੂੰਪਾਣੀ ਵਿੱਚੋਂ ਬਾਹਰ ਕੱਢ ਕੇ ਕਿਸੇ ਖੁਲ੍ਹੇ ਥਾਂ ਖੜੇ ਰੁਖ ਕਰ ਕੇ ਧੁੱਪ ਵਿਚ ਸੁਕਾਇਆ ਜਾਂਦਾ ਹੈ । ਤੇ ਸਿਆਲ ਦੀ ਰੁੱਤੇ ਇਨ੍ਹਾਂ ਸੁਕਾਏ ਪੂਲਿਆਂ ਵਿਚੋਂ ਲੋਕ ਸਣ ਦੇ ਸੁਕੇ ਬੂਟੇ ਤੋੜ ਕੇ ਸਣ ਦੇ ਰੇਸ਼ੇ ਕੱਢਦੇ ਹਨ ।ਂ ਵੱਖਰੇ ਕੀਤੇ ਖਾਲੀ ਨਿੱਕੇ 2 ਸਣ ਦੇ ਬੂਟਿਆਂ ਦੇ ਟੋਟਿਆਂ ਨੂੰ ਸੱਲੇ ਜਾਂ ਛੱਲੇ ਕਿਹਾ ਜਾਂਦਾ ਹੈ ਤੇ ਵੱਖਰੇ ਕੀਤੀ ਸਣ ਨੂੰ ਬੜੇ ਤਰੀਕੇ ਨਾਲ ਗੁੱਛੀਆਂ ਜਿਹੀਆਂ ਬਨਾ ਸੰਭਾਲਿਆ ਜਾਂਦਾ ਹੈ ।
ਇਹ ਕੰਮ ਸਿਆਲ ਦੀ ਰੱਤੇ ਧੁੱਪੇ ਬੈਠ ਕੇ ਕੀਤਾ ਜਾਂਦਾ ਹੈ ,ਨਾਲੋ ਨਾਲ ਸੱਲਿਆਂ ਨੂੰ ਅੱਗ ਲਾ ਕੇ ਸੇਕਣ ਦਾ ਬੜਾ ਮਜਾ ਆਉਂਦਾ ਹੈ ਗੱਲ ਕੀ ਇਕੱ ਪੰਥ ਦੋ ਕਾਜ ਵਾਲੀ ਗੱਲ ਹੋ ਜਾਂਦੀ ਹੈ । ਸੱਣ ਦੇ ਰੇਸ਼ਅਿਾਂ ਦੀਆਂ ਜੂੜੀਆਂ ਬਨਾ ਕੇ ਸੰਭਾਲ ਲਈਆਂ ਜਾਂਦੀਆਂ ਹਨ । ਸਣ ਦੇ ਵਾਧੂ ਸੱਲੇ ਵੀ ਰੋਟੀ ਟੁੱਕ ਵੇਲੇ ਅੱਗ ਬਾਲਣ ਲਈ ਸੰਭਾਲ ਲਏ ਜਾਂਦੇ ਕਿਉਂਕਿ ਇਨ੍ਹਾਂ ਸੱਲਿਆਂ ਨੂੰ ਅੱਗ ਬੜੀ ਛੇਤੀ ਲੱਗਦੀ ਹੈ । ਫਿਰ ਇੱਸ ਤੋਂ ਸਣ ਦੀ ਰੱਸੀ ਵੱਟਣ ਕੰਮ ਸ਼ੁਰੂ ਹੁੰਦਾ ਹੈ ਘਰ ਦੇ ਬਜੁਰਗ ਘਰ ਦੇ ਕੰਮ ਵਿਚੋਂ ਵਿਹਲ ਵੇਲੇ ਇੱਸ ਕੰਮ ਨੂੰ ਬੜੇ ਸ਼ੌਕ ਨਾਲ ਕਰਦੇ ਹਨ । ਲੱਗ ਪਗ ਦੋ ਦੋ ਫੁੱਟ ਦੀਆਂ ਦੋ ਬਾਂਸ ਦੀਆਂ ਲੁਕੜੀਆਂ ਨੂੰ ਲੈ ਕੇ ਐਨ ਵਿਚਕਾ ਛੇਕ ਕਰਕੇ ਇੱਸ ਵਿੱਚ ਇੱਕ ਹੋਰ ਇੱਸ ਤੌਂ ਜਰਾ ਲੰਮੀ ਬਾਂਸ ਦੀ ਲੱਕੜ ਨੂੰ ਜੋ ਹੇਠੋਂ ਜਰਾ ਮੋਟੀ ਰੁਖੀ ਜਾਂਦੀ ਹੋਵੇਧੁਰਾ ਬਨਾ ਕੇ ਉੱਤੇ ਰੱਸੀ ਬਨ੍ਹ ਕੇ ਘੁਮਾਉਣ ਲਈ ਯੋਗ ਬਨਾਇਆ ਜਾਂਦਾ ਹੈ । ਰੱਸੀ ਵੱਟਣ ਵਾਲੇ ਇੱਸ ਸਿੱਧੇ ਸਾਦੇ ਆਪੌਂ ਬਨਾਏ ਸੰਦ ਨੂੰ ਢੇਰਾ ਕਿਹਾ ਜਾਂਦਾ ਹੈ ਇੱਸ ਤਰ੍ਹਾਂ ਵਿਚਕਾਰਲੀ ਲਕੜੀ ਦੇ ਸਿਰੇ ਤੇ ਸਣ ਦਾ ਲੰਮ ਰੇਸਾ ਬਨ੍ਹ ਕੇ ਵਿਚਕਾਰਲੀਆਂ ਦੋ ਲਕੜੀਆਂ ਲੰਘਾ ਕੇ ਕਰਾਸ ਜਿਹਾ ਬਨਾ ਕੇ ਘੁਮਾ ਕੇ ਵੱਟ ਚਾੜ੍ਹ ਕੇ ਹੌਲੀ ਹੌਲੀ ਸਣ ਦੀ ਰੱਸੀ ਦਾ ਗੋਲ ਪਿੰਨਾ ਜਿਹਾ ਬਨਾਇਆ ਜਾਂਦਾ ਹੈ । ਇਹ ਕੰਮ ਕਈ ਵਾਰ ਰੱਸੀ ਵੱਟਣ ਵਾਲਾ ਬਂੰਦਾ ਆਪ ਹੀ ਕਰਦਾ ਹੈ ਤੇ ਕਈ ਵਾਰ ਢੇਰੇ ਨੂੰ ਘੁਮਾਉਣ ਦਾ ਕੰਮ ਕਿਸੇ ਨਿਆਣੇ ਬਾਲ ਤੋਂ ਵੀ ਲਿਆ ਜਾਂਦਾ ਹੈ । ਸਣ ਦੇ ਬੀਜਾਂ ਨੂੰ ਸਰਘੰਡ ਕਿਹਾ ਜਾਂਦਾ ਹੈ ਜਿਨ੍ਹਾਂ ਦੀ ਤਾਸੀਰ ਗਰਮ ਹੋਣ ਕਰਕੇ ਕਈ ਰੋਗਾਂ ਵਿੱਚ ਬੜੇ ਕੰਮ ਆਉਂਦੇ ਹਨ । ਜੋ ਲੋੜ ਪੈਣ ਤੇ ਅੱਜ ਕੱਲ ਪੰਸਾਰੀਆਂ ਦੀਆਂ ਦੁਕਾਨਾਂ ਤੋਂ ਮਹਿੰਗੇ ਭਾਅ ਮਿਲਦੇ ਹਨ ।
ਇੱਸ ਤਰ੍ਹਾਂ ਸਣ ਤੋਂ ਬਨਾਈ ਰੱਸੀ ਨੂੰ ਅਨੇਕਾਂ ਕੰਮਾਂ ਵਿਚ ਵਰਤਿਆ ਜਾਂਦਾ ਹੈ ,ਵਾਹੀ ਜੋਤੀ ਵਿੱਚ ਕੰਮ ਲਈ ਰੱਸੇ ਪਸੂਆਂ ਦੇ ਰੱਸੇ ,ਨਥਾਂ ,ਮੰਜੇ ਬਨਾਉਣ ਲਈ ਵਾਣ ਤੇ ਹੋੲ ਕਈ ਕੰਮਾਂ ਵਿਚ ਸਣ ਦਾ ਬਨਾਇਆ ਰੱਸਾ ਬੜਾ ਨਿੱਗਰ ਤੇ ਦੇਰ ਤੱਕ ਕੰਮ ਆਉਣ ਵਾਲਾ ਹੁੰਦਾ ਹੈ ।ਸਣ ਦੇ ਵਾਣ ਦੇ ਬੁਣੇ ਮੰਜੇ ਕਈ ਰੰਗ ਦੇ ਬਨਾੲੈ ਜਾਂਦੇ ਹਨ ਜੋ ਪਹਿਲਾਂ ਲੋਕ ਧੀਆਂ ਨੂੰ ਦਾਜ ਵਿਚ ਵੀ ਦਿੰਦੇ ਸਨ । ਸਮੇਂ ਦੇ ਬਦਲਣ ਨਾਲ ਪਲਾਸਟਿਕ ਦੀ ਕਾਢ ਨੇ ਸਣ ਜਾਂ ਹੋਰ ਕਈ ਕਿਸਮ ਦੀਆਂ ਵਿਧੀਆਂ ਨੂੰ ਲੱਗ ਪਗ ਖਤਮ ਹੀ ਕਰ ਦਿੱਤਾ ਹੈ ।
ਪੰਜਾਬ ਦੀ ਅਜੋਕੀ ਕਿਰਸਾਣੀ ਵਿੱਚ ਜਿੱਥੇ ਕਨਕ ਝੋਨੇ ਕਮਾਦ ਦੀ ਬਿਜਾਈ ਨੂੰ ਜਿਆਦਾ ਲਾਹੇ ਵੰਦ ਸਮਝ ਕੇ ਹੋਰ ਦਾਲਾਂ ਦੀਆਂ ਫਸਲਾਂ ਤੇਲ ਦੇ ਬੀਜਾਂ ਵਾਲੀਆਂ ਫਸਲਾਂ ਵੱਲੋਂ ਲਗ ਪਗ ਮੂਹੰ ਹੀ ਮੋੜ ਲਿਆ ਹੈ ਓਥੇ ਸਣ ਦੀ ਸਸਤੀ ਤੇ ਬਹੁ ਗੁਣੀ ਫਸਲ ਨੂੰ ਗੁਆੳਣ ਵਿੱਚ ਕੋਈ ਕਸਰ ਵੀ ਨਹੀਂ ਛੱਡੀ । ਅੱਜ ਲੋੜ ਹੈ ਕਿਰਸਾਣੀ ਧੰਦੇ ਵਿੱਚ ਇਹੋ ਜਿਹੀ ਸੌਖੀ ਤੇ ਸਸਤੀ ਫਸਲ ਨੂੰ ਅਪਨੇ ਖੇਤਾਂ ਵਿੱਚ ਕੁੱਝ ਨਾ ਕੁੱਝ ਥਾਂ ਦੇ ਕੇ ਉਗਾ ਕੇ ਕੰਮ ਲਿਆਉਣ ਦੀ ।
ਧਰਤੀ ਦੀ ਸੁੰਦਰਤਾ ਕਾਇਮ ਰੱਖਣ ਲਈ ਅਤੇ ਬਹਹੁ ਗੁਣਾਂ ਵਾਲੀ ਇਹੋ ਜਿਹੀ ਸੁੰਦਰ ਫਸਲ ਨੂੰ ਬੀਜਣ ਦੀ ਲੋੜ ਨਹੀਂ ਮੁਕਾਉਣੀ ਚਾਹੀਦੀ ।
ਰੀਝ ਗਿਆ ਜੱਟ ਝੋਨੇ ਤੇ ਹੀ ਜਾਂ ਫਿਰ ਕਨਕ ਕਮਾਦ ,
ਘੱਟਦਾ ਹੈ ਪਾਣੀ ਦਾ ਪੱਧਰ ਇਹ ਨਾ ਇੱਸ ਨੂੰ ਯਾਦ ।
ਅਲਸੀ ਦੇ ਫੁੱਲ ਰੰਗ ਕਾਸ਼ਣੀ ਮੂੰਗੀ ਮਸਰ ਤੇ ਚਣੇ ,
ਮਾਂਹਾਂ ਮੋਠਾਂ ਨੂੰ ਮਨੋਂ ਭੁਲਾ ਕੇ ,ਬੀਜੇ ਹੋਰ ਅਨਾਜ ।
ਪੈਸੇ ਪਿੱਛੇ ਲੱਗੀਆਂ ਦੌੜਾਂ , ਨਾ ਕੋਈ ਚੱਜ ਸੁਆਦ ।
ਛੱਲੀਆਂ ਸ਼ਹਿਰੋਂ ਮੁਲ ਲਿਆਵੇ,ਜਦੋਂ ਨਿਆਣੇ ਮੰਗਣ ,
ਹੌਲੀ ਹੌਲੀ ਭੁੱਲਦਾ ਲੱਗਦੈ ਇਹ ਸਰਹੋਂ ਦਾ ਸਾਗ ।
ਆਪਣੇ ਸੀਨੇ ਬੰਦਾ ਲੱਗਦੈ ਆਪ ਚੁਭੋਂਦਾ ਖੰਜਰ ,
ਮਾਰ ਨਾ ਦੇਵੇ ਆਪਣੇ ਮਿੱਤਰ ਪਾ ਕੇ ਵਾਧੂ ਖਾਦ ।
ਡਰ ਹੈ ਇਹ ਹਰਿਆਲੀ ਧਰਤੀ ਕਰ ਦੇਵੇ ਨਾ ਬੰਜਰ ,
ਤਰਸੇ ਨਾ ਫਿਰ ਪਾਣੀ ਨੂੰ , ਇੱਸ ਦੀ ਕਦੇ ਔਲਾਦ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1891

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ