ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਹਾਨਗਰ

ਕੱਲ੍ਹ ਤੇ ਕਮਾਲ ਹੋ ਗਈ!
ਦਲੀਪ ਨੂੰ ਮਨਪ੍ਰੀਤ ਦੇ ਸਰੀਰ ਦੀ ਸੁਗੰਧ ਹਾਲੇ ਵੀ ਆ ਰਹੀ ਸੀ। ਅੱਜ ਸਵੇਰ ਦੇ ਉਹ ਤੇ ਮਨਪ੍ਰੀਤ ਕਈ ਵੇਰ ਫ਼ੋਨ ਤੇ ਗੱਲ ਕਰ ਚੁੱਕੇ ਸੀ। ਬਹੁਤ ਖ਼ੂਬਸੂਰਤ ਕੁੜੀ ਐ। ਪਤਾ ਨਹੀਂ ਸਾਰੀ ਰਾਤ ਕਿਵੇਂ ਲੰਘ ਗਈ!... ਉਹਨੇ ਇਕ ਮਿੰਟ ਲਈ ਵੀ ਸੌਣ ਨਹੀਂ ਦਿੱਤਾ ਤੇ ਨਾ ਹੀ ਬੋਰ ਹੋਣ ਦਿੱਤਾ। ਗੱਲਾਂ ਕਰਦੀ ਰਹੀ। ਬਹੁਤ ਹੀ ਖ਼ੂਬਸੂਰਤ। ਕਦੇ ਉਹ ਕਿਤਾਬਾਂ ਦੀ ਗੱਲ ਛੇੜ ਲੈਂਦੀ ਤੇ ਕਦੋ ਪੇਂਟਿੰਗਜ਼ ਦੀ। ਕਦੇ ਕਿਸੇ ਚੰਗੀ ਫ਼ਿਲਮ ਦੀ, ਤੇ ਕਦੇ ਦੁਨੀਆ 'ਚ ਚਲ ਰਹੇ ਡਿਜ਼ਾਈਨਜ਼ ਦੀ। ਉਹ ਹਰ ਗੱਲ ਬਾਰੇ ਚੇਤੰਨ ਸੀ। ਉਹਦੇ ਮੂੰਹੋਂ ਹਰ ਗੱਲ ਨਪੀ ਤੁਲੀ ਨਿਕਲਦੀ।
ਉਂਜ ਤਾਂ ਉਹ ਔਰਤਾਂ ਤੋਂ ਜਲਦੀ ਬੋਰ ਹੋ ਜਾਂਦਾ ਸੀ। ਪਰ ਮਨਪ੍ਰੀਤ ਦਾ ਕੋਈ ਜੁਆਬ ਨਹੀਂ। ਬਿਸਤਰ ਤੇ ਦਿਮਾਗ਼ ਦੋਹਾਂ ਦੇ ਲਈ ਉਹ ਕਮਾਲ ਦੀ ਸਾਥਣ ।
ਉਹਦੀ ਮਨਪ੍ਰੀਤ ਨਾਲ ਮੁਲਾਕਾਤ ਵੀ ਬਹੁਤ ਹੀ ਕਮਾਲ ਤਰੀਕੇ ਨਾਲ ਹੋਈ। ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕੱਲ੍ਹ ਉਹਦੀ ਮੁਲਾਕਾਤ ਮਨਪ੍ਰੀਤ ਨਾਲ ਹੋਵੇਗੀ। ਤੇ ਨਾ ਹੀ ਉਹਨੂੰ ਖ਼ਿਆਲ ਸੀ ਕਿ ਕਾਲਜ ਦੇ ਦਿਨਾਂ ਦੀ ਦੋਸਤ ਭਾਵਨਾ ਉਹਨੂੰ ਇੰਜ ਮਿਲੇਗੀ?
ਅੱਜ ਸਵੇਰ ਦਾ ਦਫਤਰ 'ਚ ਬੈਠਾ ਉਹ ਇਹਨਾਂ ਖਿਆਲਾਂ 'ਚ ਗੁਆਚਿਆ ਹੋਇਆ ਸੀ ਕਿ ਅਚਾਨਕ ਡਾਕਟਰ ਨੇ ਦਰਵਾਜ਼ਾ ਖੜਕਾਇਆ।
ਦਲੀਪ ਨੇ ਉਹਨੂੰ ਅੰਦਰ ਆਉਣ ਲਈ ਕਿਹਾ।
ਬਜ਼ੁਰਗ ਡਾਕਟਰ ਖੁਸ਼ ਸੀ, ‘‘ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਕੱਲ੍ਹ ਮੇਰੇ ਘਰ ਆਏ ਤੇ ਮੇਰੀ ਬੇਟੀ ਭਾਵਨਾ ਨੂੰ ਮਿਲੇ। ਹੋਰ ਵੀ ਖੁਸ਼ੀ ਦੀ ਗੱਲ ਮੇਰੇ ਲਈ ਤਾਂ ਇਹ ਸੀ ਕਿ ਤੁਸੀਂ ਇਕ ਦੂਜੇ ਨੂੰ ਕਾਲਜ ਦੇ ਦਿਨਾਂ ਤੋਂ ਜਾਣਦੇ ਹੋ।'' ਡਾਕਟਰ ਦੀਆਂ ਅੱਖਾਂ ਗਿੱਲੀਆਂ ਸਨ। ‘‘ਬਹੁਤ ਜ਼ਿੱਦੀ ਕੁੜੀ । ਹਮੇਸ਼ਾ ਆਪਣੀ ਮਰਜ਼ੀ ਕਰਦੀ ।... ਪਰ ਹੁਣ ਤੁਹਾਨੂੰ ਉਹਨੂੰ ਮਿਲਣ ਉਪਰੰਤ ਮੇਰੇ ਬੁਢਾਪੇ ਦਾ ਫਿਕਰ ਲੱਥ ਗਿਆ ।... ਮੇਰਾ ਕੀ ਪਤਾ ਕਦੋਂ ਅੱਖਾਂ ਮੀਟ ਜਾਵਾਂ? ਹੁਣ ਮੈਨੂੰ ਕੋਈ ਚਿੰਤਾ ਨਹੀਂ।'' ਉਹ ਇਕ ਅਜੀਬ ਸਕੂਨ ਮਹਿਸੂਸ ਕਰ ਰਿਹਾ ਸੀ।
ਦਲੀਪ ਨੇ ਗੱਲ ਅੱਗੇ ਨਾ ਤੋਰੀ ਤਾਂ ਉਹ ਉਠ ਕੇ ਚਲਾ ਗਿਆ ਤੇ ਆਪਣੇ ਕੰਮ 'ਚ ਰੁਝ ਗਿਆ।
ਡਾਕਟਰ ਦੇ ਜਾਣ ਪਿੱਛੋਂ ਉਹ ਫਿਰ ਕੱਲ੍ਹ 'ਚ ਗੁਆਚ ਗਿਆ।
ਕੱਲ੍ਹ ਉਹ ਡਾਕਟਰ ਦੇ ਘਰ ਵਲ ਗਿਆ ਸੀ। ਉਸ ਸੋਚਿਆ ਡਾਕਟਰ ਕਈ ਵੇਰ ਬੁਲਾ ਚੁੱਕਾ। ਇੱਧਰ ਆਇਆ ਹੀ ਹੋਇਆਂ, ਮਿਲਦਾ ਚੱਲਾਂ।
ਉਂਜ ਵੀ ਉਹ ਹਾਲੇ ਆਪਣੀ ਜ਼ਿੰਦਗੀ ਇਕੱਲਾ ਹੀ ਬਿਤਾ ਰਿਹਾ ਸੀ। ਡਾਕਟਰ ਨੇ ਕਈ ਵੇਰ ਆਪਣੀ ਬੇਟੀ ਦਾ ਜ਼ਿਕਰ ਕੀਤਾ ਸੀ।
ਕੱਲ੍ਹ ਜਦ ਉਹ ਡਾਕਟਰ ਦੇ ਘਰ ਪਹੁੰਚਿਆ ਤਾਂ ਦਰਵਾਜ਼ਾ ਭਾਵਨਾ ਨੇ ਹੀ ਖੋਲ੍ਹਿਆ। ਡਾਕਟਰ ਵੀ ਘਰ ਹੀ ਸੀ। ਇਸ ਤੋਂ ਪਹਿਲਾਂ ਕਿ ਉਹ ਇਕ ਦੂਜੇ ਨੂੰ ਮਿਲਾਉਂਦਾ, ਉਹ ਖੁਦ ਹੀ ਇੱਕ ਦੂਜੇ ਨੂੰ ਪਹਿਚਾਣ ਗਏ।
ਡਾਕਟਰ ਬਹੁਤ ਖੁਸ਼ ਹੋਇਆ।
ਮਗਰੋਂ ਭਾਵਨਾ ਦਲੀਪ ਨੂੰ ਅੰਦਰ ਲੈ ਗਈ ਤੇ ਬੀਅਰ ਆਫਰ ਕੀਤੀ। ਉਸ ਇੱਕ ਗਿਲਾਸ ਪੀਣਾ ਮੰਨ ਲਿਆ।
ਉਹ ਕਾਲਜ਼ ਤੋਂ ਇੱਥੇ ਤੱਕ ਦੇ ਸਫ਼ਰ ਬਾਰੇ ਗੱਲਾਂ ਕਰਦੇ ਰਹੇ।
ਭਾਵਨਾ ਦਾ ਉਹੀ ਖ਼ੂਬਸੂਰਤ ਚਿਹਰਾ, ਲੰਮੇ ਵਾਲ। ਜਦ ਉਹ ਹੱਸਦੀ ਤਾਂ ਉਹਦੇ ਚਿੱਟੇ ਦੰਦ ਉਹਦੀ ਖ਼ੂਬਰਸੂਰਤੀ ਨੂੰ ਹੋਰ ਵਧਾ ਦਿੰਦੇ। ਜਦ ਉਹ ਮੁਸਕਰਾਉਂਦੀ ਤਾਂ ਉਹਦੀਆਂ ਗੱਲ੍ਹਾਂ 'ਚ ਡੂੰਘ ਪੈ ਜਾਂਦੇ। ਕਾਲਜ 'ਚ ਦਲੀਪ ਉਹਨੂੰ ਛੇੜਦਾ ਹੁੰਦਾ ਸੀ, ‘‘ਤੇਰੀ ਸੱਸ ਤੈਨੂੰ ਬਹੁਤ ਪਿਆਰ ਕਰੇਗੀ।''
ਸਾਰਾ ਕਾਲਜ ਉਹਦੀ ਖੂਬਸੂਰਤੀ ਨੂੰ ਨਿਹਾਰਦਾ। ਉਹਨੂੰ ਸਨੇਹ ਕਰਦਾ। ਪਰ ਭਾਵਨਾ ਹਮੇਸ਼ਾ ਉਡਾਰੀਆਂ ਲੈਂਦੀ। ਅਗਾਂਹ ਤਾਂ ਦਲੀਪ ਵੀ ਵਧਣਾ ਚਾਹੁੰਦਾ ਸੀ, ਪਰ ਭਾਵਨਾ ਵਾਂਗੁ ਨਹੀਂ। ਭਾਵਨਾ ਤਾਂ ਆਪਣੇ ਮਤਲਬ ਲਈ ਕੁਝ ਵੀ ਕਰ ਸਕਦੀ ਸੀ। ਕੁਝ ਵੀ ਦੇ-ਲੈ ਸਕਦੀ ਸੀ।
ਤੇ ਅਖ਼ੀਰ ਉਹਨਾਂ ਆਪਸ ਵਿਚ ਵਿੱਥ ਰੱਖ ਲਈ ਤੇ ਆਪੋ-ਆਪਣੇ ਰਾਹ ਅਲਗ ਅਲਗ ਤੁਰ ਪਏ।
ਭਾਵਨਾ ਫਰਿਜ 'ਚੋਂ ਹੋਰ ਬੀਅਰ ਲੈਣ ਚਲੀ ਗਈ। ਦਲੀਪ ਕਾਲਜ ਦੇ ਦਿਨਾਂ ਤੇ ਭਾਵਨਾ ਦੇ ਸਾਥ ਨੂੰ ਚੇਤੇ ਕਰਦਾ ਖ਼ਿਆਲਾਂ 'ਚ ਗੁਆਚਿਆ ਰਿਹਾ।
ਜ਼ਿੰਦਗੀ ਦਾ ਸਫਰ ਤੈਅ ਕਰਦਿਆਂ ਇਕ ਦਿਨ ਅਜਿਹਾ ਆਇਆ ਕਿ ਉਹਦੀ ਮੁਲਾਕਾਤ ਡਾਕਟਰ ਨਾਲ ਹੋ ਗਈ। ਉਹ ਵਿਹਲਾ ਸੀ। ਹੁਣੇ ਹੁਣੇ ਰਿਟਾਇਰ ਹੋਇਆ ਸੀ। ਸਾਇੰਸ 'ਚ ਪੀ.ਐਚ.ਡੀ. ਸੀ। ਐਨਵਾਇਰਮੈਂਟ ਤੇ ਸਪੈਸ਼ਲਾਈਜ਼ ਕਰਦਾ ਸੀ। ਉਨ੍ਹਾਂ ਦੀ ਤੁਆਰੁਫ ਤੋਂ ਬਾਅਦ ਕੰਮ ਬਾਰੇ ਗੱਲਬਾਤ ਹੋਈ ਤਾਂ ਦਲੀਪ ਨੇ ਉਸਨੂੰ ਆਪਣੇ ਲਈ ਕੰਮ ਕਰਨ ਵਾਸਤੇ ਆਖਿਆ। ਡਾਕਟਰ ਨੂੰ ਚੰਗਾ ਲੱਗਾ।
ਉਹ ਦੋਵੇਂ ਆਪਸ 'ਚ ਗੱਲ ਕਰਦੇ। ਕੰਪਨੀ ਨੂੰ ਅੱਗੇ ਵਧਾਉਣ ਲਈ ਲੰਮੀਆਂ ਵਿਚਾਰਾਂ ਹੁੰਦੀਆਂ। ਤੇ ਇਸ ਸਬ ਡਿਸਕਸ਼ਨ 'ਚ ਦਲੀਪ ਦੀ ਸੈਕਟਰੀ ਨਿਸ਼ਾ ਹਮੇਸ਼ਾ ਸ਼ਾਮਲ ਹੁੰਦੀ। ਡਾਕਟਰ ਨੂੰ ਲੱਗਾ ਕਿ ਦਲੀਪ ਤੇ ਮਿਸ ਨਿਸ਼ਾ ਦੇ ਕਾਫੀ ਗੂਹੜੇ ਸੰਬੰਧ ਹਨ।
ਇਕ ਦਿਨ ਡਾਕਟਰ ਨੇ ਮਜ਼ਾਕ 'ਚ ਹੀ ਉਹਨੂੰ ਕਿਹਾ, ‘‘ਸਰ, ਯੂ ਨੀਟ ਫੋਰ ਵਾਈਵਜ਼।... ਵਨ ਫਾਰ ਯੂਅਰ ਹੋਮ, ਵਨ ਫਾਰ ਯੂਅਰ ਆਫਿਸ, ਵਨ ਫਾਰ ਯੂਅਰ ਕੰਪਨੀ ਐਂਡ ਐਨਦਰ ਫਾਰ ਯੂਅਰ ਟਰੈਵਲ।'' ਦਲੀਪ ਹੱਸ ਪਿਆ।
ਡਾਕਟਰ ਨੇ ਫਿਰ ਕਿਹਾ, ‘‘ਨੋ ਸਰ! ਆਈ ਮੀਨ ਇਟ?...ਯੂਅਰ ਟਾਈਮ ਇਜ਼ ਵੈਲੀ ਪਰੀਸ਼ੀਅਸ।... ਯੂ ਆਲਵੇਜ਼ ਗਾਈਡ ਅੱਸ। ਐਂਡ ਯੂ ਸਿੰਪਲੀ ਥਿੰਕ ਐਂਡ ਪਲੈਨ।...''
ਤੇ ਇਕ ਦਿਨ ਡਾਕਟਰ ਨੇ ਕਹਿ ਹੀ ਦਿੱਤਾ, ‘‘ਬਾਈ ਦੀ ਵੇਅ ਸਰ! ਵਾਈ ਡੌਂਟ ਯੂ ਮੀਟ ਮਾਈ ਡਾੱਟਰ?''
ਉਹ ਸਮਝ ਨਾ ਸਕਿਆ ਕਿ ਡਾਕਟਰ ਦੇ ਮਨ ਵਿਚ ਕੀ ਸੀ।
‘‘ਉਹ ਕੀ ਕਰਦੀ ?''
‘‘ਐਡਵਰਟਾਈਜ਼ਿੰਗ ਕੰਪਨੀ ਦੀ ਕੰਸਲਟੈਂਟ ।...ਕੁਝ ਸਮਾਂ ਪਹਿਲਾਂ ਉਹਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਸੀ। ਇਕ ਬੇਟਾ । ਸਕੂਲ 'ਚ ਪੜ੍ਹਦਾ ਤੇ ਹੋਸਟਲ 'ਚ ਰਹਿੰਦਾ। ...ਮੈਂ ਬਜ਼ੁਰਗ ਹੋ ਗਿਆਂ। ਪਤਾ ਨਹੀਂ ਕਿੱਦਣ ਅੱਖਾਂ ਮੀਟ ਜਾਵਾਂ। ਉਹਨੂੰ ਕਈ ਵੇਰ ਸਮਝਾਇਆ ਏ ਕਿ ਮੁਨਾਸਬ ਸਾਥ ਦੇਖ ਕੇ ਸੈਟਲ ਹੋ ਜਾਵੇ। ਤੁਸੀਂ ਕਿਸੇ ਦਿਨ ਘਰ ਆਓ। ਮੈਂ ਤੁਹਾਨੂੰ ਉਸ ਨਾਲ ਮਿਲਵਾ ਦੇਵਾਂਗਾ। ...ਸ਼ੀ ਇਜ਼ ਏ ਵੇਰੀ ਨਾਈਸ ਵੂਮੇਨ।''
ਦਲੀਪ ਸੋਚਾਂ 'ਚ ਡੁੱਬਾ ਹੋਇਆ ਸੀ ਕਿ ਭਾਵਨਾ ਬੀਅਰ ਲੈ ਆਈ।
‘‘ਕਿੱਥੇ ਪਹੁੰਚ ਗਏ ਹਜ਼ੂਰ?'' ਭਾਵਨਾ ਨੇ ਉਸਨੂੰ ਖ਼ਿਆਲਾਂ ਤੋਂ ਮੁਕਤ ਕਰਾਉਂਦਿਆਂ ਬੀਅਰ ਦਾ ਮੱਗ ਅੱਗੇ ਕੀਤਾ।
ਦੋਹਾਂ ਚੀਅਜ਼ ਕਰ ਫਿਰ ਬੀਅਰ ਪੀਣੀ ਸ਼ੁਰੂ ਕਰ ਦਿੱਤੀ।
ਦਲੀਪ ਦੱਸ ਰਿਹਾ ਸੀ ਕਿ ਕਾਲਜ ਚੋਂ ਨਿਕਲਣ ਬਾਅਦ ਉਸ ਇਕ ਕੰਪਨੀ ਬਣਾ ਲਈ। ਉਹਦੀ ਕੰਪਨੀ ਰੀਸਰਚ ਦਾ ਕੰਮ ਕਰਦੀ । ਦੇਸ਼ ਦੇ ਵੱਡੇ-ਵੱਡੇ ਸਾਇੰਸਦਾਨ ਉਸ ਕੰਪਨੀ ਲਈ ਕੰਮ ਕਰਦੇ ਹਨ। ਵੱਡੀਆਂ ਵੱਡੀਆਂ ਕੰਪਨੀਆਂ ਤੇ ਸਰਕਾਰਾਂ ਉਸਨੂੰ ਪ੍ਰੋਜੈਕਟ ਦਿੰਦੀਆਂ ਹਨ ਤੇ ਉਹ ਉਹਨਾਂ ਤੇ ਰੀਸਰਚ ਕਰਕੇ ਨਤੀਜਾ ਕੱਢ ਉਨ੍ਹਾਂ ਨੂੰ ਦਿੰਦਾ।
ਭਾਵਨਾ ਦੱਸ ਰਹੀ ਸੀ ਕਿ ਉਹ ਇਕ ਐਡਵਰਟਾਈਜ਼ਿੰਗ ਕੰਪਨੀ 'ਚ ਕੰਸਲਟੈਂਟ ਦਾ ਕੰਮ ਕਰ ਰਹੀ । ਉਹ ਏਜੰਸੀ ਵੱਡੀਆਂ ਵੱਡੀਆਂ ਕੰਪਨੀਆਂ ਲਈ ਫੈਸ਼ਨ ਸ਼ੋਅ ਕਰਵਾਉਂਦੀ । ਚੰਗੀ ਤੋਂ ਚੰਗੀ ਕੰਪਨੀ ਉਹਦੀ ਕਲਾੲੀਂਟ । ਵੱਡੇ ਵੱਡੇ ਨੇਤਾ ਉਹਦੇ ਨੇੜੇ ਹਨ। ਇਕ ਤੋਂ ਇਕ ਖੂਬਸੂਰਤ ਮਾਡਲ ਨਾਲ ਉਹਦਾ ਕਾਂਟਰੈਕਟ । ਤੇ ਉਹ ਇਨ੍ਹਾਂ ਕੰਪਨੀਆਂ ਲਈ ਦੇਸ਼ ਦੇ ਫੈਸਲੇ ਕਰਨ ਵਾਲੇ ਅਫਸਰਾਂ ਤੇ ਰਾਜਨੀਤਿਕਾਂ ਲਈ ਉਹਨਾਂ ਦੀਆਂ ਬਾਕੀ ਲੋੜਾਂ ਦਾ ਪ੍ਰਬੰਧ ਵੀ ਕਰਾਉਂਦੀ ।
ਗੱਲਾਂ ਕਰਦਿਆਂ ਭਾਵਨਾ ਵੀ ਸੋਚਾਂ 'ਚ ਕੁੱਝ ਪਲਾਂ ਲਈ ਕਾਲਜ ਪਹੁੰਚ ਗਈ। ਕਾਲਜ ਦੇ ਦਿਨਾਂ 'ਚ ਜਦ ਦਲੀਪ ਤੇ ਭਾਵਨਾ ਕਿਸੇ ਕੈਫੇ 'ਚ ਜਾਂਦੇ ਤਾਂ ਇਕ ਦੂਜੇ ਨੂੰ ਜੱਫੀ ਪਾ ਬੈਠੇ ਰਹਿੰਦੇ। ਇਕ ਦੂਜੇ ਨੂੰ ਚੁੰਮਦੇ ਰਹਿੰਦੇ, ਇਕ ਦੂਜੇ ਦਾ ਹੱਥ ਘੁੱਟਦੇ। ਇਕ ਦੂਜੇ ਦੇ ਸਰੀਰ ਦੀ ਗਰਮੀ ਮਹਿਸੂਸ ਕਰਦੇ। ਭਾਵਨਾ ਦਾ ਜੀਅ ਕਰਦਾ ਕਿ ਕਿਤੇ ਚੱਲ ਕੇ ਉਹ ਸਰੀਰ ਦੀ ਅੱਗ ਵੀ ਬੁਝਾਉਣ, ਪਰ ਦਲੀਪ ਹਮੇਸ਼ਾ ਰੁੱਕ ਜਾਂਦਾ। ਪਤਾ ਨਹੀਂ ਕਿਹੜੇ ਸੰਸਕਾਰਾਂ ਕਾਰਨ। ਭਾਵਨਾ ਉਹਨੂੰ ਬੁੱਧੂ ਕਹਿੰਦੀ ਤੇ ਚੂੰਢੀਆਂ ਵੱਡਦੀ।
ਭਾਵਨਾ ਨੇ ਸਿਗਰਟ ਸੁਲਗਾਈ ਤੇ ਲੰਮੇ ਲੰਮੇ ਕਸ਼ ਲੈਣ ਲਗ ਪਈ।
ਅੱਜ ਵੀ ਭਾਵਨਾ ਸੋਫੇ ਤੇ ਬੈਠੀ ਉਹਦਾ ਹੱਥ ਆਪਣੇ ਹੱਥ 'ਚ ਫੜ੍ਹ ਦਬਾਉਂਦੀ ਰਹੀ ਤੇ ਗੱਲਾਂ ਕਰਦੀ ਰਹੀ।
‘‘ਤੂੰ ਬਿਲਕੁਲ ਨਹੀਂ ਬਦਲਿਆ। ਮੈਂ ਤੇਰੇ ਕੋਲ ਬੈਠੀ ਹਾਂ। ਤੇਰਾ ਜੀਅ ਨਹੀਂ ਕਰਦਾ, ਮੈਨੂੰ ਖਾ ਜਾਵੇਂ?...'' ਉਹਨੇ ਮਨ 'ਚ ਆਖਿਆ।
ਦਲੀਪ ਨੇ ਭਾਵਨਾ ਨੂੰ ਜੱਫੀ 'ਚ ਲੈ ਲਿਆ। ਭਾਵਨਾ ਨੇ ਕੋਈ ਇਤਰਾਜ਼ ਨਾ ਕੀਤਾ ਸਗੋਂ ਉਸ ਨੇ ਦਲੀਪ ਨੂੰ ਚੁੰਮ ਲਿਆ ਤੇ ਫਿਰ ਇਕ ਦੂਜੇ ਨੂੰ ਚੁੰਮਦੇ ਹੀ ਗਏ।
ਕੁਝ ਚਿਰ ਮਗਰੋਂ ਉਹ ਬਿਸਤਰੇ ਤੇ ਸਨ।
ਬਾਅਦ 'ਚ ਉਹ ਉੱਥੇ ਹੀ ਸੋਂ ਗਏ।
**** *** *** ***
ਜਦ ਉੱਠੇ ਤਾਂ ਸ਼ਾਮ ਹੋ ਚੁੱਕੀ ਸੀ।
ਭਾਵਨਾ ਨੇ ਇਕ ਪਾਰਟੀ ਤੇ ਜਾਣਾ ਸੀ। ਉਸ ਦਲੀਪ ਨੂੰ ਵੀ ਚੱਲਣ ਲਈ ਜ਼ਿੱਦ ਕੀਤੀ। ਉਸ ਦੱਸਿਆ ਕਿ ਇਹ ‘ਅਡਲਟ' ਪਾਰਟੀ । ਉਹ ਵੀ ਚੱਲੇ। ਦਲੀਪ ਹਮੇਸ਼ਾ ਗੱਡੀ 'ਚ ਇਕ ਪਾਰਟੀ ਸੂਟ ਰਖਦਾ। ਉਹਨੇ ਉਹੀ ਮੰਗਾਇਆ ਤੇ ਦੋਵੇਂ ਤਿਆਰ ਹੋ ਕੇ ਪਾਰਟੀ 'ਚ ਪਹੁੰਚ ਗਏ।
ਪਾਰਟੀ ਦੇ ਹੋਸਟ ਮਿਸਟਰ ਤੇ ਮਿਸੇਜ਼ ਉਡੀਕ ਰਹੇ ਸਨ। ਭਾਵਨਾ ਨੇ ਦਲੀਪ ਨਾਲ ਇੰਟਰੋਡਿਊਜ਼ ਕਰਾਇਆ। ਉਹ ਬਹੁਤ ਨਿੱਘ ਨਾਲ ਮਿਲੇ। ਹੌਲੀ ਹੌਲੀ ਪਾਰਟੀ 'ਚ ਲੋਕ ਆਉਣੇ ਸ਼ੁਰੂ ਹੋ ਗਏ। ‘‘ਅਡਲਟ'' ਪਾਰਟੀ ਹੋਣ ਕਰਕੇ ਜੋੜੇ ਹੀ ਬੁਲਾਏ ਗਏ ਸਨ। ਪਰ ਜੇ ਕਿਸੇ ਦਾ ਬੁਆਇ ਫਰੈਂਡ ਜਾਂ ਗਰਲ ਫਰੈਂਡ ਨਹੀਂ ਤਾਂ ਪਾਰਟੀ 'ਚ ਆਉਣ ਦੀ ਮਨਾਹੀ ਨਹੀਂ ਸੀ। ਪਰ ਉਹ ਹੋਣਾ ਇਸ ‘‘ਫੈਮਿਲੀ ਕਲੱਬ'' ਦਾ ਮੈਂਬਰ ਚਾਹੀਦਾ ਜਾਂ ਕਿਸੇ ਦਾ ਖ਼ਾਸ ਮਹਿਮਾਨ।
ਸਭ ਤੋਂ ਪਹਿਲਾਂ ਵਨੀਤਾ ਤੇ ਫਾਰੁਖ ਆਏ।
ਜੋ ਵੀ ਆਉਂਦਾ ਭਾਵਨਾ ਉਹਨੂੰ ਇੰਟਰੋਡਿਊਜ਼ ਕਰਾਉਂਦੀ। ਸਾਰੇ ਲੋਕ ਬਹੁਤ ਖੁੱਲ੍ਹੇ ਤੇ ਨਿੱਘੇ ਸਨ। ਵੀਹ ਪੱਚੀ ਲੋਕਾਂ ਨਾਲ ਮਾਹੌਲ ਨਿੱਘਾ ਜਿਹਾ ਹੋ ਗਿਆ।
ਹੌਲੀ ਹੌਲੀ ਕੋਈ ਕਿਸੇ ਕਾਰਨਰ ਤੇ ਕਿਸੇ ਦੀ ਔਰਤ ਨਾਲ ਜੁੜ ਗਿਆ ਤੇ ਕੋਈ ਕਿਸੇ ਦੇ ਮਰਦ ਨਾਲ।
ਮਜ਼ਾਕ ਵੀ ਚਲਦਾ ਰਿਹਾ। ਤੇ ਹੋਰ ਕੋਈ ਇਕ ਦੂਜੇ ਦਾ ਨਿੱਘ ਵੀ ਮਾਣ ਰਿਹਾ ਸੀ।
ਦਲੀਪ ਤੇ ਭਾਵਨਾ ਇਕ ਪਾਸੇ ਬੈਠੇ ਗੱਲਾਂ ਕਰਦੇ ਰਹੇ।
ਦਲੀਪ ਨੂੰ ਲੱਗਾ ਭਾਵਨਾ ਬਹੁਤ ਬਦਲ ਗਈ । ਕਾਲਜ ਦੇ ਜ਼ਮਾਨੇ 'ਚ ਜਦ ਉਹ ਅਲਗ ਅਲਗ ਆਪੋ ਆਪਣੇ ਰਾਹ ਤੁਰੇ ਤਾਂ ਉਦੋਂ ਉਹ ਕਿਸੇ ਦੀਆਂ ਵੀ ਗੱਲਾਂ 'ਚ ਆ ਕੇ ਉਹਦੇ ਨਾਲ ਤੁਰ ਜਾਂਦੀ ਸੀ। ਹੁਣ ਉਹਦੇ 'ਚ ਪੂਰਾ ਕਾਨਫੀਡੈਂਸ ਸੀ। ਹਰ ਚੀਜ਼ ਦਾ ਨਾਪ ਤੋਲ ਜਾਣ ਗਈ ਸੀ। ਉਹ ਖਾਣ, ਪੀਣ, ਪਹਿਨਣ ਤੇ ਹਰ ਚੀਜ਼ ਬਾਰੇ ਸੁਚੇਤ ਸੀ।
‘‘ਦਲੀਪ! ਮੈਂ ਜ਼ਿੰਦਗੀ 'ਚ ਹਰ ਰੰਗ ਦੇਖਿਆ। ਮੈਂ ਪੀਲੇ, ਨੀਲੇ, ਲਾਲ ਤੇ ਕਾਲੇ ਸਾਰੇ ਸਾਰੇ ਮਾਹੌਲ ਦੇਖੇ। ਬਸ ਹੁਣ ਕੁਝ ਦੇਖਣ ਲਈ ਨਹੀਂ ਰਿਹਾ।... ਅੱਗੇ ਲੋਕੀ ਮੇਰਾ ਇਸਤੇਮਾਲ ਕਰ ਜਾਂਦੇ ਸਨ, ਹੁਣ ਮੈਂ ਉਹਨਾਂ ਦਾ ਕਰਦੀ ਹਾਂ। ਬਸ ਇਹੀ ਮੇਰੀ ਜ਼ਿੰਦਗੀ ।'' ਉਹ ਗੱਲਾਂ ਗੱਲਾਂ 'ਚ ਭਾਵੁਕ ਹੋ ਜਾਂਦੀ।
ਇਸ ਪਾਰਟੀ 'ਚ ਮਿਸ ਮਨਪਰੀਤ ਵੀ ਆਈ ਸੀ। ਖ਼ੂਬਸੂਰਤ ਜਿਸਮ ਤੇ ਅਦਾ। ਲੰਬੇ ਬਾਲ ਤੇ ਚਮਕਦੀਆਂ ਅੱਖਾਂ। ਉਹ ਭਾਵਨਾ ਦੇ ਲਈ ਮਾਡਲਿੰਗ ਕਰਦੀ ਸੀ। ਉਹ ਸਾਰੇ ਲੋਕਾਂ ਨੂੰ ਮਿਲੀ ਤੇ ਹੱਸਦੀ ਖੇਡਦੀ ਦਲੀਪ ਤੇ ਭਾਵਨਾ ਕੋਲ ਆ ਗਈ। ਹੁਣ ਉਹ ਤਿੰਨੇ ਗੱਲਾਂ ਕਰਨ ਲੱਗੇ।
ਭਾਵਨਾ ਨੇ ਮਨਪਰੀਤ ਨੂੰ ਦੱਸਿਆ ਕਿ ਉਹ ਕਾਲਜ ਦੇ ਦੋਸਤ ਹਨ। ਸਗੋਂ ਇਕ ਦੂਜੇ ਲਈ ਉਹ ਦੋਸਤ ਤੋਂ ਵੀ ਵੱਧ ਸਨ ਤੇ ਹਨ। ਉਦੋਂ ਵੀ ਤੇ ਹੁਣ ਵੀ।
ਪਾਰਟੀ ਚਲਦੀ ਰਹੀ ਤੇ ਉਹ ਗੱਲਾਂ ਕਰਦੇ ਰਹੇ।
ਅਚਾਨਕ ਮਿਸਿਜ਼ ਸੁਨੀਤਾ ਨੇ ਸਭ ਦਾ ਧਿਆਨ ਆਪਣੇ ਵਲ ਕਰਕੇ ਕਿਹਾ, ‘‘ਦੋਸਤੋ ਸਾਡੀ ਰਾਏ ਕਿ ਆਪਾਂ ਅੱਜ ਦੀ ਰਾਤ ਦਾ ਫੈਸਲਾ ਹੁਣੇ ਕਰੀਏ ਤੇ ਇਕ ਡਰਾਅ ਕੱਢੀਏ। ਜਿੰਨੇ ਮਰਦ ਇੱਥੇ ਹਨ ਉਹ ਆਪੋ ਆਪਣੀ ਗੱਡੀ ਦੀਆਂ ਚਾਬੀਆਂ ਇਸ ਘੜੇ 'ਚ ਪਾ ਦੇਣ। ਸਾਰੀਆਂ ਔਰਤਾਂ, ਕੁੜੀਆਂ ਜੋ ਇਸ ਪਰੇਡ 'ਚ ਹਿੱਸਾ ਲੈਣਾ ਚਾਹੁਣ, ਇਸ ਘੜੇ ਚੋਂ ਵਾਰੀ ਵਾਰੀ ਚਾਬੀ ਕੱਢਣ। ਜਿਹਦੀ ਚਾਬੀ ਜਿਹਨੂੰ ਆਈ, ਉਹ ਮਰਦ ਉਸ ਨਾਲ ਅੱਜ ਦੀ ਰਾਤ ਜਾਏਗਾ।...ਸਭ ਨੂੰ ਮਨਜ਼ੂਰ?'' ਮਿਸਿਜ਼ ਸੁਨੀਤਾ ਨੇ ਅਖੀਰਲਾ ਸ਼ਬਦ ਜ਼ੋਰ ਨਾਲ ਕਿਹਾ।
ਸਭ ਵਲੋਂ ਖੁਸ਼ੀ ਦਾ ਇਜ਼ਹਾਰ ਹੋਇਆ। ਸਭ ਨੇ ਆਪੋ ਆਪਣੀਆਂ ਚਾਬੀਆਂ ਘੜੇ 'ਚ ਪਾਈਆਂ। ਮਨਪਰੀਤ ਨੇ ਉਸ ਤੋਂ ਵੀ ਚਾਬੀ ਖੋਹ ਘੜੇ 'ਚ ਪਾ ਦਿੱਤੀ। ਸ਼ਾਇਦ ਉਹ ਭਾਵਨਾ ਸਾਹਮਣੇ ਨਹੀਂ ਸੀ ਚਾਹੁੰਦਾ, ਅਜਿਹਾ ਰਿਸ਼ਤਾ ਕਿਸੇ ਹੋਰ ਨਾਲ ਬਨਾਉਣਾ। ਪਰ ਮਨਪਰੀਤ ਨੇ ਜਦ ਚਾਬੀ ਮੰਗੀ ਤਾਂ ਉਹ ਨਾਂਹ ਨਾ ਕਰ ਸਕਿਆ।
ਭਾਵਨਾ ਦੇਖ ਰਹੀ ਸੀ।
ਪਹਿਲਾਂ ਤਾਂ ਉਹ ਕੁਝ ਝੇਂਪਿਆ। ਪਰ ਭਾਵਨਾ ਨੇ ਉਹਨੂੰ ਖੁਸ਼ੀ ਖੁਸ਼ੀ ਹਾਂ ਹੀ ਨਹੀਂ ਕੀਤੀ, ਸਗੋਂ ਦੱਸਿਆ ਕਿ ਅੱਜਕਲ ਉਹਨਾਂ ਦੇ ਸਰਕਲ 'ਚ ਤਾਂ ਇਹ ਆਮ ਗੱਲ । ਇਹ ਇਕ ਕਲੋਜ਼ ਗਰੁਪ । ਇਵੇਂ ਔਰਤ ਮਰਦ ਇਕ ਦੂਜੇ ਨਾਲ ਬਦਲਣ ਨਾਲ ਇਧਰ ਉਧਰ ਮੂੰਹੋ ਮਾਰਨ ਤੇ ਰੋਕ ਲਗ ਜਾਂਦੀ ।
ਉਂਜ ਇਸ ਪਰੇਡ 'ਚ ਜੋ ਚਾਹੇ ਉਹੀ ਸ਼ਾਮਲ ਹੋ ਸਕਦਾ। ਜੋ ਨਾਂ ਚਾਹੇ ਤਾਂ ਕੋਈ ਜ਼ਬਰਦਸਤੀ ਨਹੀਂ।
ਭਾਵਨਾ ਇਸ ਪਰੇਡ 'ਚ ਸ਼ਾਮਲ ਨਾ ਹੋਈ।
ਹੁਣ ਉਹ ਖਾਮੋਸ਼ ਸਿਗਰਟ ਦੇ ਕਸ਼ ਤੇ ਕਸ਼ ਲਾਉਂਦੀ ਰਹੀ।
ਜਦ ਸਭ ਕੁੜੀਆਂ ਔਰਤਾਂ ਨੇ ਚਾਬੀਆਂ ਕੱਢੀਆਂ ਤਾਂ ਮਨਪਰੀਤ ਦੇ ਹੱਥ ਦਲੀਪ ਦੀ ਹੀ ਚਾਬੀ ਆਈ। ਮਨਪਰੀਤ ਖੁਸ਼ੀ ਨਾਲ ਖਿੜ ਗਈ। ‘‘ਉਹ ਦਲੀਪ ਨਾਲ ਅੱਜ ਦੀ ਰਾਤ ਬਿਤਾਏਗੀ?...ਵਾਹ!'' ਉਹਨੂੰ ਚੰਗਾ ਲੱਗਾ, ‘‘ਨਵਾਂ ਆਦਮੀ!... ਨਵਾਂ ਤਜ਼ਰਬਾ!... ਤੇ ਉਹ ਵੀ ਸਿੰਗਲ ਤੇ ਅਮੀਰ?''
ਦਲੀਪ ਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀਆਂ ਪਾਰਟੀਆਂ ਦਾ ਸਿਲਸਿਲਾ ਕਾਫੀ ਸਮੇਂ ਤੋਂ ਚਲ ਰਿਹਾ ਸੀ। ਕੋਈ ਮਰਦ ਕਿਸੇ ਔਰਤ ਨਾਲ ਚਲਾ ਜਾਂਦਾ ਤੇ ਕੋਈ ਔਰਤ ਕਿਸੇ ਮਰਦ ਨਾਲ। ਕਿਸੇ ਨੂੰ ਇਤਰਾਜ਼ ਨਹੀਂ ਹੁੰਦਾ।
ਇਹ ਗਰੁਪ ਸੋਚਦਾ ਇਹਦੇ ਨਾਲ ਜ਼ਿੰਦਗੀ 'ਚ ਸਖਣਾਪਣ ਨਹੀਂ ਆਉਂਦਾ ਤੇ ਏਡਜ਼ ਵਰਗੀਆਂ ਬਿਮਾਰੀਆਂ ਤੋਂ ਵੀ ਬਚਾਅ ਰਹਿੰਦਾ।
ਭਾਵਨਾ ਖਾਮੋਸ਼ ਇਹ ਸਭ ਦੇਖਦੀ ਸਿਗਰਟ ਤੇ ਸਿਗਰਟ ਫੂਕੀ ਗਈ।
ਮਨਪਰੀਤ ਨੇ ਦਲੀਪ ਨੂੰ ਡਾਂਸ ਲਈ ਇਨਵਾਈਟ ਕੀਤਾ। ਉਹ ਇਕ ਦੂਜੇ ਨਾਲ ਚਿੰਬੜ ਕੇ ਡਾਂਸ ਕਰਨ ਲੱਗੇ। ਮਨਪਰੀਤ ਕਦੇ ਕਦੇ ਉਹਨੂੰ ੰਮ ਲੈਂਦੀ। ਪਰ ਉਹ ਝੇਂਪ ਜਾਂਦਾ ਤੇ ਭਾਵਨਾ ਵਲ ਚੋਰ ਅੱਖ ਨਾਲ ਵੇਖਦਾ।
ਭਾਵਨਾ ਸਿਗਰਟ ਤੇ ਸਿਗਰਟ ਫੂਕੀ ਜਾ ਰਹੀ ਸੀ।
ਭਾਵਨਾ ਸ਼ਾਇਦ ਅੰਦਰੋਂ ਤਿਲਮਿਲਾ ਰਹੀ ਸੀ। ਦਲੀਪ ਨੂੰ ਖ਼ੁਦ ਆਜ਼ਾਦੀ ਦੇਣ ਉਪਰੰਤ ਵੀ ਉਹ ਇਹ ਨਾ ਸਹਾਰ ਸਕੀ?
ਅਸਲ 'ਚ ਉਸ ਕਦੇ ਕਿਸੇ ਨੂੰ ‘‘ਆਪਣਾ ਮਰਦ'' ਸਮਝਿਆ ਹੀ ਨਹੀਂ ਸੀ। ਪਰ ਅੱਜ ਅਚਾਨਕ ਉਹਨੂੰ ਅਜੀਬ ਮਹਿਸੂਸ ਹੋ ਰਿਹਾ ਸੀ। ਉਹ ਬਹੁਤ ਚਿਰ ਬਾਅਦ ਮਿਲੇ ਸਨ। ਕਿੰਨੇ ਸਾਲ ਲੰਘ ਗਏ। ਭਾਵਨਾ ਸਮਝਦੀ ਅੱਜ ਦੀ ਅਚਾਨਕ ਮੁਲਾਕਾਤ 'ਚ ਉਹ ਬਹੁਤ ਨੇੜੇ ਹੋ ਗਏ ਸਨ।
ਭਾਵਨਾ ਉਦਾਸ ਹੋਣੀ ਸ਼ੁਰੂ ਹੋ ਗਈ। ਉਹਨੂੰ ਇਹ ਤਾਂ ਪਤਾ ਸੀ ਕਿ ਦਲੀਪ ਪੂਰੇ ਦਾ ਪੂਰਾ - ਸਬੂਤਾ ਉਹਦਾ ਨਹੀਂ, ਪਰ ਅੱਜ ਦੀ ਮੁਲਾਕਾਤ ਨੇ ਉਹਨੂੰ ਆਪਣਾ ਸਮਝ ਲਿਆ ਸੀ।
ਇਸ ਪਲ ਭਾਵਨਾ ਨੂੰ ਆਪਣਾ ਆਪ ਕੁਝ ਅਧੂਰਾ ਅਧੂਰਾ ਲੱਗਾ।
ਉਸ ਸੋਚਿਆ ਉਹ ਦਲੀਪ ਨੂੰ ਮਨਪਰੀਤ ਨਾਲ ਨਹੀਂ ਜਾਣ ਦੇਵੇਗੀ। ਉਹਨੂੰ ਰੋਕੇਗੀ ਤੇ ਕਹੇਗੀ ਇਹ ‘‘ਮੇਰਾ ਮਰਦ'' ।
ਪਰ ਉਸ ਦੇਖਿਆ ਮਨਪਰੀਤ ਦਲੀਪ ਦੀਆਂ ਬਾਹਾਂ 'ਚ ਮਗਨ ਸੀ। ਉਹ ਇਕ ਦੂਜੇ ਦੇ ਸ਼ਰੀਰ ਦੇ ਸੇਕ ਮਹਿਸੂਸ ਕਰਦੇ ਆਪਣੀ ਦੁਨੀਆ 'ਚ ਹੀ ਮਗਨ ਸਨ।
ਭਾਵਨਾ ਤੋਂ ਇਹ ਸਹਾਰ ਨਾ ਹੋਇਆ।
ਉਹਦਾ ਜੀਅ ਕੀਤਾ ਮਨਪਰੀਤ ਨੂੰ ਕਹੇ ਕਿ, ‘‘ਉਸ ਮਾਮੂਲੀ ਕੁੜੀ ਨੂੰ ਇੱਥੇ ਪਹੁੰਚਾਉਣ ਵਾਲੀ ਸਿਰਫ ਭਾਵਨਾ ਹੀ ਸੀ। ਤੇ ਅਜ ਉਹ ‘‘ਉਸੇ ਦੇ ਮਰਦ'' ਨੂੰ ਉਧਾਲ ਰਹੀ ਸੀ? ਉਹਨੂੰ ਹੀ «ਟ ਰਹੀ ਸੀ?...''
ਪਰ ਉਹ ਇੰਜ ਨਾ ਕਰ ਸਕੀ।
ਉਠੀ ਤੇ ਘਰ ਚਲੀ ਗਈ।
ਮਗਰੋਂ ਹੌਲੀ ਹੌਲੀ ਸਾਰੇ ਹੀ ਚਲੇ ਗਏ। ਮਨਪਰੀਤ ਤੇ ਦਲੀਪ ਵੀ।
ਤੇ ਉਨ੍ਹਾਂ ਦੀ ਸਾਰੀ ਰਾਤ ਪਤਾ ਨਹੀਂ ਕਿਵੇਂ ਬੀਤ ਗਈ।
ਅੱਜ ਸਾਰਾ ਦਿਨ ਉਹਨੂੰ ਮਨਪਰੀਤ ਨਾਲ ਬਿਤਾਏ ਸਮੇਂ ਦੀ ਯਾਦ ਆਉਂਦੀ ਰਹੀ। ਉਸਦੇ ਸਰੀਰ ਤੇ ਮਨ ਵਿਚ ਇਕ ਐਸੀ ਗੁਦਗੁਦਾਹਟ ਹੋ ਉਠਦੀ ਜੋ ਉਸ ਪਹਿਲੀ ਵੇਰ ਮਹਿਸੂਸ ਕੀਤੀ ਸੀ। ਉਹ ਕਈ ਵੇਰ ਮਨਪਰੀਤ ਨਾਲ ਟੈਲੀਫੋਨ ਉਤੇ ਗੱਲ ਕਰ ਚੁੱਕਾ ਸੀ। ਅਜ ਸ਼ਾਮ ਨੂੰ ਫਿਰ ਮਿਲਣ ਦਾ ਵਾਅਦਾ ਵੀ ਹੋ ਚੁੱਕਾ ਸੀ।
ਤੇ ਇਸ ਤਰ੍ਹਾਂ ਉਹਦਾ ਸਾਰਾ ਦਿਨ ਬੀਤਦਿਆਂ ਪਤਾ ਹੀ ਨਾ ਲੱਗਾ।
ਦਲੀਪ ਤੇ ਮਨਪਰੀਤ ਨੇ ਅਜ ਫਿਰ ਮਿਲਣਾ ਸੀ। ਸ਼ਾਮ ਨੂੰ ਮਨਪਰੀਤ ਨਾਲ ਮਿਲਣ ਦਾ ਸਮਾਂ ਹੋ ਰਿਹਾ ਸੀ। ਮਿੱਥੇ ਸਮੇਂ ਉਹ ਕਾਹਲੀ ਨਾਲ ਉਹਦੇ ਵਲ ਜਾਣ ਲਈ ਆਪਣੇ ਕੈਬਿਨ 'ਚੋਂ ਬਾਹਰ ਆਇਆ ਤਾਂ ਬਾਹਰ ਆ ਕੇ ਪਤਾ ਲੱਗਾ ਕਿ ਡਾਕਟਰ ਆਪਣੀ ਕੁਰਸੀ ਤੇ ਹੀ ਸ਼ਾਂਤ ਸਦਾ ਲਈ ਅੱਖਾਂ ਮੀਟੀ ਬੈਠਾ ਸੀ।

ਲੇਖਕ : ਐਸ. ਬਲਵੰਤ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :843
ਲੇਖਕ ਬਾਰੇ
ਐੱਸ ਬਲਵੰਤ ਪੰਜਾਬੀ ਸਾਹਿਤ ਵਿੱਚ ਜਾਣਿਆ ਪਹਿਛਾਣਿਆ ਨਾਂ ਹੈ। ਆਪ ਪੰਜਾਬੀ ਸਾਹਿਤ ਦੀ ਝੋਲੀ 10 ਤੋਂ ਵੱਧ ਪੁਸਤਕਾ ਪਾ ਚੁੱਕੇ ਹੋ। ਦਿੱਲੀ ਵਿੱਚ ਆਪ ਪ੍ਰਕਾਸ਼ਨ ਦਾ ਰੋਜ਼ਗਾਰ ਕਰਨ ਉਪਰੰਤ ਹੁਣ ਬਰਤਾਨੀਆ ਵਿੱਚ ਵਸ ਗਏ ਹੋ। ਆਪ ਆਪਣੀ ਸਾਹਿਤ ਸਿਰਜਨਾ (ਕਹਾਣੀ, ਵਾਰਤਕ ਅਤੇ ਕਵਿਤਾ) ਰਾਹੀਂ ਸਮਕਾਲੀ ਸਰੋਕਾਰਾ ਨੂੰ ਉਜਾਗਰ ਕਰਦੇ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017