ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਾਣਕ ਮੋਤੀ


(1)
ਕਹਿੰਦੇ ਠੀਕ ਸਿਆਣੇ ਖੇਤੀ ਖਸਮਾਂ ਸੇਤੀ ।
ਮਾਰੇ ਜਾਦ ਵੀ ਮਾਰੇ ਮਾਰੇ ਘਰ ਦਾ ਭੇਤੀ ।
ਕਿੱਲੇ ਬੱਧੀਆਂ ਤੜਫਣ ਖਸਮਾਂ ਬਾਝ ਤਿਹਾਈਆਂ ।
ਕਹਿ ਗਏ ਨੌਵੇਂ ਸਤਿਗੁਰ ਮਾਈਆਂ ਰੱਬ ਰਜਾਈਆਂ ।
ਲਾ ਕੇ ਮੁਸ਼ਕਿਲ ਨਿਭਦੀ ਤੱਗੜੇ ਦੇ ਨਾਲ ਯਾਰੀ।
ਝਗੜੇ ਵਿੱਚ ਕਚਹਿਰੀ ਹੁੰਦੀ ਸਦਾ ਖੁਆਰੀ ।
ਮੁਛਾਂ ਨੂੰ ਵੱਟ ਚਾੜ੍ਹੇ , ਰੰਘੜ ਪੀਹਵੇ ਚੱਕੀ ।
ਪੂਰੀ ਰੱਖੇ ਆਕੜ ਲੱਤ ਮੰਜੀ ਤੇ ਰੱਖੀ ।
ਮੂਰਖ ਨੂੰ ਕੀ ਮੱਤਾਂ , ਪੱਥਰ ਨੂੰ ਕੀ ਪਾਲਾ ।
ਕਾਂਵਾਂ ਨੂੰ ਕੀ ਚੋਗਾ , ਖੋਤੇ ਨੂੰ ਕੀ ਮਾਲਾ ।
ਬਚਪਣ ਦੀ ਨਹੀਂ ਰੀਸ , ਯਾਰਾਂ ਨਾਲ ਬਹਾਰਾਂ ।
ਸਦਾ ਨਾ ਐਸ਼ ਜਵਾਨੀ ਸਦਾ ਨਾ ਸੁਅਬਤ ਯਾਰਾਂ ।
ਛਿੰਜਾਂ ਦੇ ਵਿੱਚ ਗੱਭਰੂ , ਖਬਰਾਂ ਵਿੱਚ ਅਖਬਾਰਾਂ ।
(2)
ਨੰਗੇ ਨੂੰ ਬਸ ਕੱਪੜਾ , ਭੁੱਖੇ ਨੂੰ ਬੱਸ ਰੋਟੀ ।
ਜਦ ਵੀ ਮਰਦੈ ਬੰਦਾ , ਮਾਰੇ ਨੀਯਤ ਖੋਟੀ ।
ਉਹ ਦਿਨ ਸਮਝੋ ਡੁੱਬਾ , ਘੋੜੀ ਚੜ੍ਹਿਆ ਕੁੱਬਾ ।
ਨਾਲ ਮਹਿੰਗਾਈ ਮਰਦੀ , ਪਰਜਾ ਡੰਗ ਟਪਾਂਦੀ ।
ਜਦ ਮਿਲ ਜਾਵੇ ਕੁਰਸੀ , ਨੇਤਾ ਜੀ ਦੀ ਚਾਂਦੀ ।
ਜਦ ਵੀ ਕੱਲੀ ਬਹਿਕੇ , ਅਨ੍ਹੀ ਪੀਹਵੇ ਚੱਕੀ ।
ਪੁੱਛਣ ਵਾਲਾ ਕੇਹੜਾ , ਕੁੱਤੀ ਜਾਵੇ ਚੱਟੀ ।
ਚਾਰ ਚਫੇਰੇ ਲੁੱਟਾਂ , ਕਿਹੜੇ ਕੰਮ ਆਜਾਦੀ ।
ਹਾਕਮ ਹੋਵੇ ਬੋਲਾ , ਹਰ ਪਾਸੇ ਬਰਬਾਦੀ ।
ਜੇ ਕਿਧਰੇ ਲੱਗ ਜਾਵੇ , ਬਾਂਦਰ ਦੇ ਹੱਥ ਗਹਿਣਾ ।
ਤਾਂ ਫਿਰ ਪੱਕਾ ਸਮਝੋ, ਔਖਾ ਵਾਪਿਸ ਲੈਣਾ ।
ਤੱਗੜਾ ਛੱਡੇ ਹੂਰੇ , ਮਾੜਾ ਕੱਢੇ ਗਾਲਾਂ ।
ਵਿਹਲੀ ਫਿਰਦੀ ਰਹਿਕੇ , ਪੈਣ ਜਦੋਂ ਤ੍ਰਿਕਾਲਾਂ ।
ਜਦ ਫਿਰ ਚੇਤਾ ਆਵੇ , ਕੁਚੱਜੀ ਮਾਰੇ ਛਾਲਾਂ ।
(3)
ਰਾਜਿਆਂ ਦੇ ਘਰ ਲਾਲਾਂ ਦਾ , ਕਦੇ ਨਾ ਹੁੰਦਾ ਕਾਲ ।
ਮਾੜੇ ਸਦਾ ਕੰਗਾਲ ਸਾਂਭੇ ਜਾਣ ਨਾ ਬਾਲ ।
ਨੌਂ ਸੌ ਚੂਹੇ ਖਾ ਕੇ ਬਿੱਲੀ ਤੁਰ ਪਈ ਮੱਕੇ ।
ਵੇਖ ਕੇ ਸਾਰੇ ਲੋਕੀ ਰਹਿ ਗਏ ਹੱਕੇ ਬੱਕੇ ।
ਸਾਫ ਦਿਲਾਂ ਦਾ ਹੋਵੇ ਬੰਦਾ ਭਾਂਵੇਂ ਦੇਸੀ ।
ਜੋਗ ਨਾ ਭਸਮ ਲਗਾਇਆਂ , ਜੋਗ ਨਾ ਮੈਲੇ ਵੇਸੀਂ ।
ਮਾੜੀ ਮੱਤ ਨਾ ਦੇਈਏ ,ਕਹਿ ਗਏ ਗੱਲ ਸਿਆਣੇ ।
ਐਵੀਆਂ ਫੋਕੀਆਂ ਗੱਲਾਂ , ਜਿਸ ਤਨ ਲੱਗੇ ਜਾਣੇਂ ।
ਫਸਲਾਂ ਨੂੰ ਹੜ੍ਹ ਮਾਰੇ , ਜੱਟ ਨੂੰ ਕਰਜਾ ਮਾਰੇ ।
ਹਾੜੀ ਸਾਉਣੀ ਸੁੱਕ ਜਾਏ , ਦਿਨੇ ਵਿਖਾਵੇ ਤਾਰੇ ।
( 4)
ਘਰ ਵਿੱਚ ਕਲਾ ਕਲੰਦਰ, ਚੁਗਲੀ ਤੇ ਚਗਿਆੜੀ ।
ਜੋ ਕੁੱਝ ਆਵੇ ਘਰ ਵਿੱਚ, ਸੱਭ ਕੁੱਝ ਜਾਵੇ ਸਾੜੀ ।
ਵੇਚ ਵੱਟ ਕੇ ਸੱਭ ਕੁੱਝ , ਪੁੱਤ ਪ੍ਰਦੇਸੀਂ ਘੱਲੇ ।
ਕਿਹੜੇ ਕੰਮ ਔਲਾਦ , ਜੇ ਲਾ ਦੇਵੇ ਥੱਲੇ ।
ਗੱਲੀਂ ਵੱਡੀ ਮੈਂ , ਕਰਤੂਤੀਂ ਮੇਰੀ ਭੈਣ ।
ਕਾਹਦੀ ਘਰ ਵਿਚ ਖੁਸ਼ੀ , ਜੇ ਖਾਲੀ ਤੋਰੀ ਨੈਣ ।
ਕਦੇ ਨਾ ਵੱਢੀਏ ਛਾਂਵਾਂ , ਛਾਂਵਾਂ ਵਾਂਗਰ ਮਾਂਵਾਂ ।
ਵੱਡਿਆਂ ਦਾ ਹੈ ਕਹਿਣਾ ਰੁੱਖ ਤਾਂ ਹੁੰਦੇ ਗਹਿਣਾ ।
(5)
ਘਰ ਦੇ ਕੰਮ ਭੁਲਾ ਕੇ , ਰਹੀਏ ਠੇਕੇ ਠਾਣੇ ।
ਕਰੀਏ ਨਾ ਜੇ ਮਿਹਣਤ , ਭੁੱਖੇ ਸੌਣ ਨਿਆਣੇ ।
ਅਪਨੇ ਘਰ ਦੀ ਕੁੱਲੀ , ਘਰ ਦੀ ਰੁੱਖੀ ਮਿੱਸੀ ।
ਨਾਲ ਸਬਰ ਦੇ ਖਾਈਏ , ਸ਼ਹਿਦੋਂ ਲੱਗੇ ਮਿੱਠੀ ।
ਮਾੜੀ ਉਮਰ ਬੁਢੇਪਾ , ਜਾਂ ਫਿਰ ਉਮਰ ਰੰਡੇਪਾ ।
ਰਮਜ ਸਮਝਣੀ ਔਖੀ , ਰੱਬ ਦੇ ਰੰਗ ਨਿਆਰੇ ।
ਸਦਾ ਸਮੇਂ ਤੋਂ ਡਰੀਏ , ਕਦ ਡੋਬੇ ਕਦ ਤਾਰੇ ।
ਕੀਤੇ ਕੰਮ ਅਵੱਲੇ , ਲਾ ਦਿੰਦੇ ਹਨ ਥੱਲੇ ।
ਮਾਣ ਕਦੇ ਨਾ ਕਰੀਏ , ਰਹੀਏ ਵਿੱਚ ਔਕਾਤਾਂ ।
ਜੋ ਕੁੱਝ ਦਿੱਤਾ ਉਸਦਾ , ਉਸ ਦੀਆਂ ਸੱਭੇ ਦਾਤਾਂ ।
(6)
ਜਿੱਸ ਦੀ ਕੋਠੀ ਦਾਣੇ , ਕਮਲੇ ਹੋੇਣ ਸਿਆਣੇ ।
ਕਰੀਏ ਨੇਕ ਕਮਾਈ , ਨਾ ਫਿਰ ਚਿੰਤਾ ਰਾਈ ।
ਬੰਦੇ ਦੀ ਹੈ ਮੁੱਛ , ਤੇ ਔਰਤ ਦੀ ਹੈ ਗੁੱਤ ।
ਦੋਵੇਂ ਸ਼ਾਨ ਵਧਾਂਦੇ ,ਪਗੜੀ ਲਾਲ ਪਰਾਂਦੇ ।
ਘਰ ਵਿੱਚ ਕਿੱਕਰ ਬੇਰੀ , ਕੰਡੇ ਜਾਂਦੇ ਕੇਰੀ ।
ਐਵੇਂ ਲੈ ਲਿਆ ਪੰਗਾ , ਹੋ ਗਿਆ ਯਾਰਾ ਕੰਘਾ ।
ਕੌਣ ਬਂਨ੍ਹੇ ਗਾ ਬੱਲੀ , ਬਿੱਲੀ ਦੇ ਗਲ ਟੱਲੀ ।
ਮਾਂ ਤੇ ਧੀ ਦਾ ਪਰਦਾ , ਕੀਤੇ ਬਿਨ ਨਹੀਂ ਸਰਦਾ ।
ਕੰਧ ਓਹਲੇ ਪ੍ਰਦੇਸ , ਸਦਾ ਨਾ ਕਾਲੇ ਕੇਸ ।
ਰੱਬ ਰਲਾਈ ਜੋੜੀ , ਇੱਕ ਅਨ੍ਹਾ ਇੱਕ ਕੋੜ੍ਹੀ ।
ਕਰੀਏ ਨੇਕ ਕਮਾਈ , ਨਾ ਫਿਰ ਚਿੰਤਾ ਰਾਈ ।
ਰੁੱਖੀ ਮਿੱਸੀ ਖਾਈਏ , ਰੱਬ ਦਾ ਸ਼ੁਕਰ ਮਨਾਈਏ ।
(7)
ਜੱਟ ਨਹੀਂ ਗੰਨਾ ਦਿੰਦਾ , ਦਿੰਦਾ ਗੁੜ ਦੀ ਪੇਸੀ ।
ਪਤਾ ਉਦੋਂ ਹੈ ਲਗਦਾ , ਜਦ ਹੋਈਏ ਪ੍ਰਦੇਸੀ ।
ਯੂਰੋ ਡਾਲਰ ਅੱਜ ਦੇ , ਪੱਤਿਆਂ ਨਾਲ ਨਾ ਲੱਗਦੇ ।
ਕੰਮ ਕਰਦੇ ਜਦ ਕਾਮੇ , ਚੇਤੇ ਆਉਂਦੇ ਮਾਮੇ ।
ਘਰ ਦੀ ਯਾਦ ਸਤਾਂਦੀ , ਮਾਂ ਚੇਤੇ ਹੈ ਆਉਂਦੀ ।
ਬੋਲ ਬਨੇਰੇ ਕਾਂਵਾਂ , ਕੁੱਟ ਚੂਰੀਆਂ ਪਾਂਵਾਂ ।
ਜੇ ਮਾਹੀ ਘਰ ਆਵੇ , ਮੁੱਕਣ ਹਉਕੇ ਹਾਵੇ ।
ਧੀਆਂ ਮੋਹ ਦੀ ਨਦੀ , ਸੁਕਦੀ ਨਹੀਂ ਇਹ ਕਦੀ ।
ਰੋਕੋ ਯਾਰ ਭ੍ਰੂੂਣ , ਧੀ ਵੀ ਮਾਣੇ ਜੂਨ ।
ਮਾਰਾਂ ਗੇ ਜੇ ਧੀ , ਰਹੇ ਗਾ ਪਿੱਛੇ ਕੀ ।
ਧੀਆਂ ਜੇ ਕਰ ਹੱਸਣ , ਤਾਂਹੀਓਂ ਹੀ ਘਰ ਵੱਸਣ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1115

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ