ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹੁਸਨ ਅਤੇ ਕਲਮ ਦਾ ਸੁਮੇਲ- ਸਰੁੱਚੀ ਕੰਬੋਜ

ਖੂਬਸੂਰਤ ਦਿਲ ਤੇ ਖੂਬਸੂਰਤ ਦਿਮਾਗ ਨਾ-ਸਿਰਫ ਆਪਣੇ-ਆਪ ਦੇ 'ਅਕਸ' ਤੇ 'ਨਕਸ਼' ਨੂੰ ਨਿਖਾਰਨ ਅਤੇ ਉਭਾਰਨ ਦਾ ਹੀ ਕੰਮ ਕਰਦਾ ਹੈ, ਬਲਕਿ ਉਸ ਅੰਦਰ ਵਗਦੀ ਪਾਕਿ-ਪਵਿੱਤਰ, ਸਵੱਛ-ਵਿਚਾਰਧਾਰਾ ਆਪਣੇ ਖਾਨਦਾਨ, ਦੇਸ਼, ਕੌਮ ਅਤੇ ਸਮਾਜ ਵਿਚ ਨਵੀਆਂ ਸਲਾਹੁਣ-ਯੋਗ ਪਗਡੰਡੀਆਂ ਵਾਹਣ ਦਾ ਦਮ ਵੀ ਰੱਖਦੀ ਹੈ। ਇਹ ਵੀ ਇਕ ਸੱਚ ਹੈ ਕਿ ਜਿਤਨਾ ਅੰਦਰਲੀ ਸੁੰਦਰਤਾ ਉਚਾਈ ਦੀਆਂ ਸਦੀਵੀ-ਛੋਹਾਂ ਪ੍ਰਦਾਨ ਕਰਦੀ ਹੈ, ਉਤਨੀ ਬਾਹਰਲੀ ਸੁੰਦਰਤਾ ਨਹੀ। ਪਰ, ਜੇਕਰ ਅੰਦਰਲੀ ਤੇ ਬਾਹਰਲੀ ਖੂਬਸੂਰਤੀ, ਭਾਵ ਦੋਨੋ ਹੁਸਨ ਇਕੱਠੇ ਹੋ ਜਾਣ, ਉਪਰੋਂ ਜੋਬਨੇ ਦਾ ਵਗਦਾ ਹੜ੍ਹ ਹੋਵੇ ਅਤੇ ਸਬੱਬੀ ਹੱਥ ਵਿਚ ਲਾ-ਜੁਵਾਬ ਕਲਮ ਵੀ ਆ ਜਾਵੇ, ਫਿਰ ਤਾਂ ਉਸ 'ਅਕਸ' ਨੂੰ 'ਸੁਭਾਗਾ' ਅਕਸ ਹੀ ਕਹਿਣਾ ਬਣਦਾ ਹੈ। ਹਾਂ ਜੀ : ਐਸੇ ਨਿਵੇਕਲੇ ਬਣੇ ਇਕ ਸ਼ਾਨਾ-ਮੱਤੇ 'ਅਕਸ' ਦਾ ਨਾਂਉਂ ਹੈ- ਸਰੁੱਚੀ ਕੰਬੋਜ।
ਜਿਲ੍ਹਾ ਅਬੋਹਰ ਦੇ ਪਿੰਡ ਚੱਕ ਬਨ ਵਾਲਾ ਦੀ ਜੰਮਪਲ ਸਰੁੱਚੀ ਨੂੰ ਸੱਭਿਆਚਾਰਕ ਗਤੀ-ਵਿਧੀਆਂ ਵਿਚ ਹਿੱਸਾ ਲੈਣ ਦਾ ਸ਼ੌਕ ਸਕੂਲ ਦੌਰਾਨ ਹੀ ਲੱਗ ਗਿਆ ਸੀ। ਉਸ ਨੇ ਸ਼ਹੀਦ ਭਗਤ ਸਿੰਘ ਇੰਜੀਨੀਰਿੰਗ ਕਾਲਜ, ਫਿਰੋਜਪੁਰ ਤੋਂ ਬੀ.-ਟੈਕ ਕਰਨ ਤੱਕ ਆਪਣਾ ਸੱਭਿਆਚਾਰਕ ਸ਼ੌਕ ਬਕਾਇਦਾ ਬਰਕਰਾਰ ਰੱਖਿਆ। ਜਿਉਂ-ਜਿਉਂ ਉਹ ਸੁਰਤ ਸੰਭਾਲਦੀ ਗਈ, ਤਿਉਂ-ਤਿਉਂ ਉਸ ਦੇ ਦਿਲ ਅਤੇ ਦਿਮਾਗ ਉਤੇ 'ਤਿੜਕਦੇ ਸਮਾਜੀ ਰਿਸ਼ਤੇ', ਹੋ ਰਹੇ ਵਿਤਕਰੇ, ਭ੍ਰਿਸ਼ਟਾਚਾਰ, ਨੇਤਾਵਾਂ ਦੇ ਕਿਰਦਾਰ ਆਦਿ ਸਬੰਧੀ ਇਕ ਤੋਂ ਬਾਅਦ ਇਕ ਸਵਾਲ ਭਾਰੂ ਹੁੰਦੇ ਗਏ। ਆਖਿਰ ਉਹ ਦਿਨ ਵੀ ਆ ਗਿਆ, ਜਦੋਂ ਸਵਾਲਾਂ ਦਾ ਇਹ 'ਲਾਵਾ' ਕਲਮ ਥਾਣੀ ਫੁਟ ਤੁਰਿਆ। ਕਲਮ 'ਚੋਂ ਨਿਕਲਦੇ ਸ਼ਬਦ, ਕਹਾਣੀ, ਕਵਿਤਾ ਅਤੇ ਲੇਖ ਦਾ ਰੂਪ ਧਾਰਨ ਲੱਗੇ। ਸਮਾਜ ਵਿਚ ਅਮੀਰੀ-ਗਰੀਬੀ ਦੇ ਪਾੜੇ ਦੌਰਾਨ ਗਰੀਬ ਨਾਲ ਉਸ ਬੇ-ਇਨਸਾਫੀ ਹੁੰਦੀ ਦੇਖੀ ਤਾਂ 'ਅਨੋਖਾ-ਇਨਸਾਫ' ਤੇ 'ਸੁੰਦਰਾਂ' ਕਹਾਣੀ ਨੇ ਜਨਮ ਲੈ ਲਿਆ। ਬੁਢਾਪੇ 'ਚ ਸੰਤਾਨ ਵਲੋਂ ਮਾਂ-ਬਾਪ ਦੀ ਹੁੰਦੀ ਬੇ-ਅਦਬੀ ਅਤੇ ਬੁਢਾਪੇ ਦੀ ਡਗੋਰੀ ਖੁੱਸਦੀ ਵੇਖ ਕੇ 'ਸਹਾਰਾ' ਅਤੇ 'ਬੁੱਢੀ ਦਾਦੀ' ਕਹਾਣੀਆਂ ਬਣ ਗਈਆਂ। ਇਵੇਂ ਹੀ ਬਾਪ ਅਤੇ ਪੁੱਤਰ ਦੇ ਆਪਸੀ ਪਿਆਰ, ਮੋਹ ਅਤੇ ਅਪਣੱਤ ਦੀ ਸੋਚਣੀ ਵਿਚ ਜਿੰਮੀ-ਅਸਮਾਨ ਦਾ ਆ ਗਿਆ ਅੰਤਰ ਨਜਰੀ ਆਇਆ ਤਾਂ 'ਫਰਕ' ਕਹਾਣੀ ਬਣ ਨਿਕਲੀ। ਜਮਾਨੇ ਦੀ ਹਰ ਪੱਖ ਤੋਂ ਬਦਲ ਗਈ ਸੋਚ ਵੇਖ ਕੇ 'ਦੁਨੀਆਂ ਬਦਲ ਗਈ', ਹਰ ਚੀਜ ਵਿਚ ਹੋ ਰਹੀ ਮਿਲਾਵਟ ਤੋਂ ਚਿੰਤਤ ਹੋ ਕੇ 'ਜਮਾਨਾ ਮਿਲਾਵਟ ਦਾ' ਅਤੇ ਕਿਸੇ ਉਤੇ ਤਰਸ ਖਾ ਕੇ ਉਸ ਦੀ ਮਦਦ ਕਰਨ ਬਦਲੇ ਅਚਾਨਕ ਖੁਦ ਨੂੰ ਕੁੜਿੱਕੀ 'ਚ ਫਸਾ ਲੈਣ ਦਾ ਨਤੀਜਾ ਭੁਗਤਣ ਵਜੋਂ 'ਸਫੈਦ ਖੂਨ' ਆਦਿ ਅਨਗਿਣਤ ਕਹਾਣੀਆਂ ਕਲਮ ਚੋਂ ਟਪਕ-ਟਪਕ ਬਾਹਰ ਨਿਕਲਣ ਲੱਗੀਆਂ।
ਇਕ ਸਵਾਲ ਦਾ ਜੁਵਾਬ ਦਿੰਦਿਆਂ ਪਿਤਾ ਸ੍ਰੀ ਦਰਸ਼ਨ ਲਾਲ ਅਤੇ ਮਾਤਾ ਸ੍ਰੀਮਤੀ ਮੀਰਾਂ ਜੀ ਦੀ ਲਾਡਲੀ ਸਰੁੱਚੀ ਨੇ ਕਿਹਾ, 'ਮੈਂ ਇਕ ਆਮ ਸ਼੍ਰੈਣੀ ਦੀ ਲਿਖਣ ਵਾਲੀ ਸਾਹਿਤ ਦੀ ਵਿਦਿਆਰਥਣ ਹਾਂ| ਰੱਬ ਨੇ ਮੇਰੇ ਹੱਥ ਕਲਮ ਫੜਾ ਦਿੱਤੀ ਤੇ ਮੈਂ ਲਿਖਣ ਲੱਗ ਪਈ|' ਉਨ੍ਹਾਂ ਅੱਗੇ ਦੱਸਿਆ ਕਿ ਅਜੇ ਉਹ ਇਕ ਹੀ ਕਹਾਣੀ ਲਿਖ ਰਹੀ ਹੁੰਦੀ ਹੈ ਕਿ ਉਸ ਦੇ ਜਿਹਨ ਵਿਚ ਕਈ ਹੋਰ ਕਹਾਣੀਆਂ ਉਸਲ-ਵੱਟੇ ਲੈਣ ਲੱਗ ਜਾਂਦੀਆਂ ਹਨ, ਜਿਨ੍ਹਾਂ ਨੂੰ ਜਦ ਤਕ ਉਹ ਕਲਮ ਦਾ ਇੰਜੈਕਸ਼ਨ ਲਗਾ ਕੇ ਕੋਰੇ ਕਾਗਜ ਦੀ ਹਿੱਕੜੀ ਉਤੇ ਕੱਢ ਨਹੀਂ ਦਿੰਦੀ, ਉਤਨੀ ਦੇਰ ਸਕੂਨ ਨਹੀ ਮਿਲਦਾ ਉਸਨੂੰ।
'ਦੇਸ਼ ਦੁਆਬਾ', 'ਦਾ ਟਾਈਮਜ ਆਫ ਪੰਜਾਬ', 'ਪੰਜਾਬੀ ਸੱਚ ਕਹੂੰ', 'ਸਪੋਕਸਮੈਨ', 'ਖੁੱਲ੍ਹੀ ਸੋਚ', 'ਪੰਜਾਬੀ ਜਾਗਰਣ', 'ਪੰਜਾਬੀ ਇੰਨ ਹਾਲੈਂਡ''ਆਸ਼ਿਆਨਾ', 'ਪੰਜਾਬ ਟਾਈਮਜ', 'ਸਾਂਝੀ ਖਬਰ', 'ਸੂਰਜ', 'ਪੰਜਾਬ ਟੈਲੀਗ੍ਰਾਫ', 'ਮਾਲਵਾ ਪੋਸਟ', 'ਦਲੇਰ ਖਾਲਸਾ', 'ਪੰਜ-ਆਬੀ ਸੱਥ', 'ਸਕੇਪ ਪੰਜਾਬ' ਅਤੇ 'ਆਪਣਾ ਪੰਜਾਬ' ਆਦਿ ਰੋਜਾਨਾ, ਸਪਤਾਹਿਕ ਅਤੇ ਮਾਸਿਕ ਨਿਊਜ-ਪੇਪਰਾਂ ਦੇ ਕਾਲਮਾਂ ਦਾ ਸ਼ਿੰਗਾਰ ਬਣੀਆਂ ਉਸ ਦੀਆਂ ਰਚਨਾਵਾਂ ਜਿਉਂ-ਜਿਉਂ ਪਾਠਕਾਂ ਤੱਕ ਅੱਪੜਦੀਆਂ ਗਈਆਂ ਤਿਉਂ-ਤਿਉਂ ਸੁਹਿਰਦ ਪਾਠਕਾਂ ਵਲੋਂ ਉਸਨੂੰ ਅੱਗੇ ਵਧਣ ਲਈ ਖੂਬ ਹੱਲਾ-ਸ਼ੇਰੀ ਮਿਲਦੀ ਗਈ। ਸਰੁੱਚੀ ਬੇਸ਼ੱਕ ਕਵਿਤਾਵਾਂ ਦਾ ਖਰੜਾ ਵੀ ਬਰਾਬਰ ਹੀ ਤਿਆਰ ਕਰੀ ਬੈਠੀ ਹੈ, ਪਰ ਨਿਕਟ ਭਵਿੱਖ ਵਿਚ, ਪਹਿਲੇ ਉਹ ਆਪਣਾ ਕਹਾਣੀ-ਸੰਗ੍ਰਹਿ ਪਾਠਕਾਂ ਦੇ ਹੱਥਾਂ 'ਚ ਫੜਿਆ ਵੇਖਣ ਨੂੰ ਉਤਾਵਲੀ ਹੈ।
ਮਾਨ-ਸਨਮਾਨ ਦੀ ਗੱਲ ਛਿੜੀ ਤਾਂ ਸਰੁੱਚੀ ਨੇ ਕਿਹਾ, 'ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ, ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.), ਜਿਸ ਦੀ ਕਿ ਮੈਂਬਰ ਹੋਣ ਦਾ ਵੀ ਮੈਨੂੰ ਗੌਰਵ ਹੈ, ਨੇ ਮੈਨੂੰ 26 ਦਸੰਬਰ, 16 ਨੂੰ 'ਉਭਰਦੀ ਕਵਿੱਤਰੀ' ਅਤੇ 'ਗਿੱਧਿਆਂ ਦੀ ਰਾਣੀ' ਦੇ ਸਨਮਾਨ-ਪੱਤਰ ਨਾਲ ਸਨਮਾਨਿਤ ਕੀਤਾ ਹੈ, ਜਿਸ ਦੇ ਲਈ ਸੰਸਥਾ ਦੀ ਮੈਂ ਰਿਣੀ ਹਾਂ।'
ਹੁਸਨ, ਜਵਾਨੀ, ਉਚ-ਵਿਦਵਤਾ ਅਤੇ ਖੂਬਸੂਰਤ ਕਲਮ ਦਾ ਸੁਮੇਲ ਬਣੀ ਇਸ ਹੋਣਹਾਰ ਮੁਟਿਆਰ ਤੋਂ ਕਵਿਤਾ ਅਤੇ ਕਹਾਣੀ-ਜਗਤ ਨੂੰ ਭਰਵੀਆਂ ਆਸਾਂ ਹਨ। ਸ਼ਾਲ੍ਹਾ ! ਕਲ-ਕਲ ਵਗਦਾ ਇਹ ਖੂਬਸੂਰਤ ਕਲਮੀ-ਝਰਨਾ ਇਵੇਂ ਹੀ ਨਿਰੰਤਰ, ਅਤੁੱਟ ਵਗਦਾ ਰਵ੍ਹੇ! ਆਮੀਨ!

ਲੇਖਕ : ਪ੍ਰੀਤਮ ਲੁਧਿਆਣਵੀ ਹੋਰ ਲਿਖਤ (ਇਸ ਸਾਇਟ 'ਤੇ): 25
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :783

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ