ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਟ੍ਰੈਫਿਕ ਨਿਯਮਾਂ ਪ੍ਰਤੀ ਸੁਚੇਤ ਹੋਣ ਦੀ ਲੋੜ

ਟ੍ਰੈਫਿਕ ਨਿਯਮਾਂ ਪ੍ਰਤੀ ਸਾਡੀ ਉਦਾਸੀਨਤਾ ਸੜਕਾਂ ’ਤੇ ਵਧ ਰਹੇ ਹਾਦਸਿਆਂ ਦਾ ਕਾਰਨ ਬਣ ਰਹੀ ਹੈ। ਅਜੋਕੇ ਤੇਜ਼-ਰਫ਼ਤਾਰ ਯੁੱਗ ਵਿਚ ਹਰ ਮਨੁੱਖ ਨੂੰ ਆਪਣੀ ਮਜ਼ਿਲ ’ਤੇ ਪਹੁੰਚਣ ਦੀ ਕਾਹਲੀ ਹੈ। ਜਿਸ ਕਰਕੇ ਵਾਹਨਾਂ ਨੂੰ ਤੇਜ਼ੀ ਨਾਲ ਚਲਾਉਣ ਦਾ ਨਹੀਂ ਬਲਕਿ ਨਿਰਧਾਰਿਤ ਗਤੀ ਤੋਂ ਵੱਧ, ਅੰਨ੍ਹੇਵਾਹ ਭਜਾਉਣ ਦਾ ਰੁਝਾਨ ਆਮ ਜਿਹਾ ਹੋ ਗਿਆ ਹੈ, ਜਿਸ ਨਾਲ ਸੜਕਾਂ ’ਤੇ ਇੱਕ-ਦੂਜੇ ਤੋਂ ਅਗਾਂਹ ਨਿਕਲਣ ਦੇ ਚੱਕਰ ਵਿਚ ਕਈ ਮਾਸੂਮ ਤੇ ਬੇਦੋਸ਼ੀਆਂ ਜਾਨਾਂ ਮੌਤ ਦੇ ਮੂੰਹ ਵਿਚ ਜਾ ਪੈਂਦੀਆਂ ਹਨ।
ਸੜਕਾਂ ’ਤੇ ਵੱਧ ਰਹੇ ਹਾਦਸਿਆਂ ਪ੍ਰਤੀ ਜਿੱਥੇ ਤੇਜ਼-ਰਫ਼ਤਾਰੀ ਜਿੰਮੇਵਾਰ ਹੈ ਉੱਥੇ ਨਾਲ ਦੇ ਨਾਲ ਆਰਥਿਕ ਪੱਖੋਂ ਰੱਜੇ-ਪੁੱਜੇ ਤੇ ਖੁਸ਼ਹਾਲ ਘਰਾਂ ਦੇ ਅਲੜ੍ਹ ਉਮਰ ਦੇ ਬੱਚੇ (ਮੁੰਡੇ-ਕੁੜੀਆਂ) ਜਿੰਨ੍ਹਾਂ ਦੀ ਉਮਰ ਅਜੇ ਬਹੁਤ ਛੋਟੀ (ਅਠਾਰ੍ਹਾਂ ਸਾਲ ਤੋਂ ਘੱਟ) ਹੁੰਦੀ ਹੈ, ਨੂੰ ਮਾਪਿਆਂ ਵੱਲੋਂ ਮੋਟਰ ਸਾਈਕਲ ਅਤੇ ਕਾਰਾਂ ਆਦਿ ਮੁਹੱਈਆ ਕਰਵਾਉਣ ਦਾ ਰੁਝਾਨ ਵੀ ਜਿੰਮੇਵਾਰ ਹੈ। ਘੱਟ ਸਮਝ ਅਤੇ ਟ੍ਰੈਫਿਕ ਨਿਯਮਾਂ ਤੋਂ ਸੱਖਣੇ ਹੋਣ ਦੇ ਕਾਰਨ ਇਹ ਅੱਲੜ੍ਹ ਜਿੱਥੇ ਆਪਣੇ ਆਪ ਨੂੰ ਖਤਰੇ ਵਿਚ ਪਾਉਂਦੇ ਹਨ, ਉੱਥੇ ਨਾਲ ਦੇ ਨਾਲ ਸੜਕਾਂ ’ਤੇ ਚੱਲਣ ਵਾਲੇ ਦੂਜੇ ਰਾਹਗੀਰਾਂ ਦੀ ਜਾਨ ਦਾ ਖੌਅ ਵੀ ਬਣਦੇ ਹਨ। ਨਿਰਧਾਰਿਤ ਗਤੀ-ਸੀਮਾ ਤੋਂ ਵੱਧ ਰਫ਼ਤਾਰ ’ਤੇ ਮੋਟਰ ਸਾਈਕਲ, ਸਕੂਟਰ ਜਾਂ ਕਾਰ ਚਲਾਉਣੀ, ਇੱਕ ਮੋਟਰ ਸਾਈਕਲ ਜਾਂ ਸਕੂਟਰ ਆਦਿ ’ਤੇ ਤਿੰਨ-ਤਿੰਨ ਸਵਾਰੀਆਂ ਦਾ ਬੈਠਣਾ, ਲਾਲ ਬੱਤੀ ਦੀ ਪਰਵਾਹ ਨਾ ਕਰਨੀ, ਸੜਕਾਂ ਉੱਪਰ ਪੈਦਲ ਚੱਲਣ ਵਾਲਿਆਂ ਪ੍ਰਤੀ ਅਣਦੇਖੀ, ਸੜਕਾਂ ਉੱਪਰ ਘੱਟ ਉਮਰ ਦੇ ਬੱਚਿਆਂ ਵੱਲੋਂ ਸਕੂਲ ਦੀ ਛੁੱਟੀ ਸਮੇਂ ਆਪਸ ਵਿਚ ਰੇਸਾਂ ਲਗਾਉਣੀਆਂ ਆਦਿ ਵਰਗੇ ਵਰਤਾਰੇ ਆਮ ਹੀ ਵੇਖਣ ਨੂੰ ਮਿਲਦੇ ਹਨ, ਜਿਨ੍ਹਾਂ ਕਾਰਨ ਆਏ ਦਿਨ ਕਈ ਸੜਕੀ-ਹਾਦਸੇ ਵਾਪਰਦੇ ਹਨ।
ਜੇ ਇਨ੍ਹਾਂ ਹਾਦਸਿਆਂ ਦੇ ਕਾਰਨਾਂ ਦੀ ਹੋਰ ਨਿਸ਼ਾਨਦੇਹੀ ਕੀਤੀ ਜਾਵੇ ਤਾਂ ਉਪਰੋਕਤ ਤੋਂ ਇਲਾਵਾ ਸੜਕ ਹਾਦਸਿਆਂ ਦੇ ਕਾਰਨਾਂ ਵਿੱਚੋਂ ਪ੍ਰਮੁੱਖ ਕਾਰਨ ਆਟੋ-ਰਿਕਸ਼ਾ, ਬੱਸਾਂ, ਟੈਕਸੀਆਂ ਦੇ ਚਾਲਕਾਂ ਦੀ ਟ੍ਰੈਫਿਕ ਨਿਯਮਾਂ ਦੇ ਪ੍ਰਤੀ ਅਣਗਹਿਲੀ ਵੀ ਹੁੰਦੀ ਹੈ, ਵੱਧ ਸਵਾਰੀਆਂ ਬਿਠਾਉਣ ਜਾਂ ਇੱਕ-ਦੂਜੇ ਤੋਂ ਅਗਾਂਹ ਨਿਕਲਣ ਦੇ ਚੱਕਰ ਵਿਚ ਇਹ ਵਾਹਨ ਚਾਲਕ ਆਪ-ਹੁਦਰੀ ਡਰਾਈਵਿੰਗ ਕਰਦੇ ਹਨ, ਜਿਸ ਕਾਰਨ ਪਿੱਛੋਂ ਆ ਰਹੇ ਵਾਹਨ ਇਨ੍ਹਾਂ ਆਟੋ-ਰਿਕਸ਼ਿਆਂ, ਟੈਂਪੂਆਂ ਦੀ ਚਪੇਟ ਵਿਚ ਆ ਕੇ ਆਪਸ ਵਿਚ ਟਕਰਾ ਜਾਂਦੇ ਹਨ। ਜਿਸ ਕਾਰਨ ਕਈ ਲੋਕ ਫੱਟੜ ਹੁੰਦੇ ਹਨ ਅਤੇ ਕਈਆਂ ਦਾ ਜਾਨੀ ਤੇ ਮਾਲੀ ਨੁਕਸਾਨ ਵੀ ਹੋ ਜਾਂਦਾ ਹੈ।
ਇਸ ਤੋਂ ਇਲਾਵਾ ਵੱਡੇ ਸ਼ਹਿਰਾਂ-ਕਸਬਿਆਂ ਦੇ ਵੱਡੇ ਚੌਂਕਾਂ ਵਿਚ ਲਾਲ ਬੱਤੀਆਂ ਦਾ ਨਾ ਹੋਣਾ ਜਾਂ ਖਰਾਬ ਹੋਣਾ, ਸੜਕਾਂ ’ਤੇ ਗੱਡੀਆਂ ਠੀਕ ਢੰਗ ਨਾਲ ਨਿਰਧਾਰਿਤ ਪਾਰਕਿੰਗ ਵਾਲੀ ਜਗ੍ਹਾਂ ’ਤੇ ਨਾ ਲਗਾਉਣਾ, ਜਾਂ ਓਵਰਲੋਡ ਗੱਡੀਆਂ ਆਦਿ ਗੱਲਾਂ ਵੀ ਸੜਕੀ ਹਾਦਸਿਆਂ ਦੇ ਕਾਰਨਾਂ ਵਿੱਚੋਂ ਪ੍ਰਮੁੱਖ ਹਨ।ਸੜਕਾਂ ਉਪਰ ਲੋੜੀਂਦੇ ਡੀਵਾਇਡਰਾਂ ਦੀ ਘਾਟ, ਪ੍ਰਸ਼ਾਸਨ ਵੱਲੋਂ ਟ੍ਰੈਫਿਕ ਪ੍ਰਤੀ ਨਿਯਮਾਂ ਦੀ ਪਾਲਣਾ ਕਰਾਉਣ ਵਿਚ ਅਸਮਰੱਥਤਾ ਆਦਿ ਗੱਲਾਂ, ਅਤੇ ਇਸ ਦੇ ਨਾਲ ਕਈ ਵਾਰ ਟੁੱਟੀਆਂ ਸੜਕਾਂ ਵੀ ਹਾਦਸਿਆਂ ਦਾ ਕਾਰਨ ਬਣਦੀਆਂ ਹਨ।
ਸੋ ਇਨ੍ਹਾਂ ਗੱਲਾਂ ਦਾ ਧਿਆਨ ਰੱਖਦਿਆਂ ਹੋਇਆਂ ਘੱਟੋ- ਘੱਟ ਹਰੇਕ ਵਾਹਨ ਚਾਲਕ ਦੀ ਨਿੱਜੀ ਜਿੰਮੇਵਾਰੀ ਅਤੇ ਨੈਤਿਕ ਫ਼ਰਜ ਬਣਦਾ ਹੈ ਕਿ ਟ੍ਰੈਫਿਕ ਨਿਯਮਾਂ ਦੇ ਸਾਰੇ ਪੱਖਾਂ ਤੋਂ ਸੁਚੇਤ ਹੋ ਕੇ ਵਾਹਨ ਚਲਾਏ ਜਾਣ। ਜਿੱਥੋਂ ਤਕ ਸਕੂਲੀ ਵਿਦਿਆਰਥੀਆਂ/ ਬੱਚਿਆਂ ਦਾ ਸਵਾਲ ਹੈ ਉੱਥੇ ਸਕੂਲੀ ਪ੍ਰਬੰਧਕਾਂ ਤੇ ਮਾਪਿਆਂ ਵੱਲੋਂ ਬੱਚਿਆਂ ਨੂੰ ਟ੍ਰ੍ਰ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਉਣ ਵਾਸਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਤੇ ਪ੍ਰਸ਼ਾਸਨ ਨਾਲ ਰਲ ਕੇ ਬੱਚਿਆਂ ਵਿਚ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਸਤੇ ਸੈਮੀਨਾਰ/ ਕੈਂਪ ਆਦਿ ਲਗਾਉਣੇ ਚਾਹੀਦੇ ਹਨ। ਅਜੋਕੀਆਂ ਟ੍ਰੈਫਿਕ ਪ੍ਰਸਥਿਤੀਆਂ ਨੂੰ ਸਾਹਮਣੇ ਰੱਖ ਕੇ ਬੱਚਿਆਂ ਵਿਚ ਟ੍ਰੈਫਿਕ ਪ੍ਰਤੀ ਸੁਚੇਤਤਾ ਪੈਦਾ ਕਰਨ ਵਾਸਤੇ ਪ੍ਰਾਇਮਰੀ ਅਤੇ ਉਚੇਰੀ ਦੇ ਸਿੱਖਿਆ ਦੇ ਵਿਭਾਗਾਂ, ਯੂਨੀਵਰਸਿਟੀਆਂ ਵੱਲੋਂ ਮਾਹਿਰਾਂ ਦੀ ਮਦਦ ਨਾਲ ਸਕੂਲ ਅਤੇ ਕਾਲਜ ਪੱਧਰ ਤਕ ਦੀਆਂ ਜਮਾਤਾਂ ਲਈ ਟ੍ਰੈਫਿਕ ਨਿਯਮਾਂ ਪ੍ਰਤੀ ਪਾਠਕ੍ਰਮ ਤਿਆਰ ਕਰ ਕੇ ਇਸ ਨੂੰ ਲਾਜ਼ਮੀ ਸਿੱਖਿਆ ਦਾ ਅੰਗ ਬਣਾਉਣਾ ਚਾਹੀਦਾ ਹੈ।
ਮਾਪਿਆਂ ਨੂੰ ਨਿਰਧਾਰਿਤ ਉਮਰ-ਸੀਮਾ ਤੋਂ ਪਹਿਲਾਂ ਬੱਚਿਆਂ ਨੂੰ ਦੋ-ਪਹੀਆ ਜਾਂ ਚਾਰ-ਪਹੀਆ ਵਾਹਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਭਾਵੇਂ ਕਿ ਪ੍ਰਸ਼ਾਸਨ ਵੱਲੋਂ ਸ਼ਹਿਰਾਂ-ਕਸਬਿਆਂ ਅੰਦਰ ਟ੍ਰੈਫਿਕ ਦੀ ਸਥਿਤੀ ਨੂੰ ਚੁਸਤ-ਦਰੁੱਸਤ ਕਰਨ ਲਈ ਕਈ ਢੰਗ ਸਾਧਨ ਅਪਣਾਏ ਜਾਂਦੇ ਹਨ, ਪਰ ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਪ੍ਰਸ਼ਾਸਨ ਨੂੰ ਟ੍ਰੈਫਿਕ ਸਬੰਧੀ ਨਿਯਮਾਂ ਦੀ ਪਾਲਣਾ ਕਰਾਉਣ ਹਿੱਤ ਯੋਗ ਕਦਮ ਪੁੱਟਣੇ ਚਾਹੀਦੇ ਹਨ।ਟ੍ਰੈਫਿਕ ਨਿਯਮਾਂ ਪ੍ਰਤੀ ਅਣਗਹਿਲੀ ਕਰਨ ਅਤੇ ਗਲਤ ਡਰਾਈਵਿੰਗ ਕਰਨ ਵਾਲਿਆਂ ਪ੍ਰਤੀ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਨਾਲ ਦੇ ਨਾਲ ਸਮੁੱਚੇ ਵਾਹਨ-ਚਾਲਕਾਂ ਦਾ ਵੀ ਮੁੱਢਲਾ ਫ਼ਰਜ ਬਣਦਾ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਵੀ ਦੇਣ, ਤਾਂ ਹੀ ਇੱਕ ਸੁਚੱਜੇ ਤੇ ਸੁਚਾਰੂ ਸੜ੍ਹਕੀ ਹਾਦਸਿਆਂ ਰਹਿਤ ਸਮਾਜ ਦਾ ਨਿਰਮਾਣ ਹੋ ਸਕੇਗਾ।

ਲੇਖਕ : ਬਿਕਰਮਜੀਤ ਸਿੰਘ ਜੀਤ ਹੋਰ ਲਿਖਤ (ਇਸ ਸਾਇਟ 'ਤੇ): 17
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1256
ਲੇਖਕ ਬਾਰੇ
ਆਪ ਜੀ ਬਤੌਰ ਪਰੂਫ਼ ਰੀਡਰ ਅੈਸ.ਜੀ.ਪੀ.ਸੀ. ਵਿੱਚ ਕੰਮ ਕਰ ਰਹੇ ਹੋ। ਆਪ ਜੀ ਉੱਚ ਵਿਚਾਰਕ ਅਤੇ ਪੰਜਾਬੀ ਚਿੰਤਕ ਹੋ ਆਪ ਜੀ ਦੇ ਅਖਬਾਰਾ ਵਿਚ ਲੇਖ ਛਪਦੇ ਰਹਿੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲੱਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ