ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੀਤ ਦੇ ਮਹਾਨ ਰਚੈਤਾ ਰਾਮ ਸਿੰਘ ਢਿੱਲੋ (ਮਹਿਰਾਜ ਵਾਲਾ) ਨੂੰ ਯਾਦ ਕਰੇਂਦਿਆਂ

(ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ)


ਗੀਤ ਸੰਗੀਤ ਰੂਹ ਦੀ ਖੁਰਾਕ ਹੁੰਦਾ , ਜੇਕਰ ਉਹ ਮਿਆਰੀ ਲਿਖਿਆ ਅਤੇ ਗਾਇਆ ਗਿਆ ਹੋਵੇ। ਪੰਜਾਬ ਦੇ ਬਹੁਤ ਹੀ ਨਾਮਵਰ ਲਿਖਾਰੀ ਅਤੇ ਗਾਇਕ ਹੋਏ ਹਨ, ਜਿੰਨ੍ਹਾਂ ਨੇ ਸਮੇਂ ਸਮੇਂ ਤੇ ਇਸ ਖੁਰਾਕ ਨੂੰ ਲੋਕਾਂ ਤੱਕ ਪਹੁੰਚਦਾ ਕੀਤਾ। ਜੇਕਰ ਲੇਖਕਾਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਮੂਹਰਲੀਆਂ ਸਫਾਂ ਦੇ ਵਿੱਚ ਗੀਤਕਾਰੀ ਅਤੇ ਗਾਇਕੀ ਦੇ ਉਸਤਾਦ ਸਵ: ਲਾਲ ਚੰਦ ਯਮਲਾ ਜੱਟ ਜੀ ਦਾ ਨਾਮ ਧਰੂ ਤਾਰੇ ਵਾਂਗ ਚਮਕਦਾ ਅਤੇ ਚਮਕਦਾ ਰਹੇਗਾ, ਜਿੰਨ੍ਹਾਂ ਨੇ ਜੋ ਲਿਖਿਆ ੳਹੀ ਗਾਇਆ। ਐਸੇ ਬਹੁਤ ਘੱਟ ਲੇਖਕ ਅਤੇ ਗਾਇਕ ਹਨ ਜਿੰਨ੍ਹਾਂ ਨੇ ਆਪੇ ਲਿਖ ਕੇ ਤੇ ਗਾ ਕੇ ਲੁਕਾਈ ਦੇ ਝੋਲੀ ਪਾਇਆ ਤੇ ਉਹ ਵੀ ਮਿਆਰੀ। ਇਹਨਾਂ ਦੇ ਵਿੱਚ ਬਾਬਾ ਗੁਰਦਾਸ ਮਾਨ ਦਾ ਨਾਮ ਵੀ ਉੱਘੜ ਕੇ ਸਾਹਮਣੇ ਆਉਂਦਾ । ਪਾਲੀ ਦੇਤਵਾਲੀਆ ਵੀ ਭਾਂਵੇ ਪਹਿਲਾਂ ਤਾਂ ਲੇਖਕ ਦੇ ਰੂਪ ਵਿੱਚ ਸਥਾਪਿਤ ਹੋਏ ਤੇ ਬਾਅਦ ਵਿੱਚ ਆ ਕੇ ਉਹਨਾਂ ਨੇ ਗਾਉਣਾ ਵੀ ਸ਼ੁਰੂ ਕੀਤਾ ਜਿੰਨ੍ਹਾਂ ਨੇ ਆਪਣਾ ਨਾਮ ਸਥਾਪਿਤ ਲੇਖਕਾਂ ਅਤੇ ਗਾਇਕਾਂ ਵਿੱਚ ਚਮਕਾ ਲਿਆ। ਐਸੇ ਹੋਰ ਵੀ ਕਾਫੀ ਸਾਰੇ ਲੇਖਕ ਅਤੇ ਗਾਇਕ ਹਨ ਜਿੰਨ੍ਹਾਂ ਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ।
ਸਵ: ਕੁਲਦੀਪ ਮਾਣਕ ਇਕੱਲੇ ਪੰਜਾਬ ਦਾ ਹੀ ਨਹੀ ਸਗੋਂ ਹਰ ਦੇਸ਼ ਦਾ ਚਹੇਤਾ ਗਾਇਕ ਬਣਿਆ, ਜਿੱਥੇ ਵੀ ਕਿਤੇ ਪੰਜਾਬੀ ਵਸੇ ਹੋਏ ਹਨ। ਉਹਨਾਂ ਦੀਆਂ ਗਾਈਆਂ ਕਲੀਆਂ ਤੇ ਗੀਤ ਰਹਿੰਦੀ ਦੁਨੀਆਂ ਤੱਕ ਪੰਜਾਬੀਆਂ ਨੂੰ ਸਕੂਨ ਦਿੰਦੇ ਰਹਿਣਗੇ। ਕੁਲਦੀਪ ਮਾਣਕ ਦੇ ਨਾਲ ਹੀ ਦੇਵ ਥਰੀਕਿਆਂ ਵਾਲੇ ਦਾ ਨਾਮ ਐਸਾ ਜੁੜਿਆ ਕਿ ਜਿੱਥੇ ਮਾਣਕ ਸਾਹਬ ਦਾ ਜਿਕਰ ਹੋਵੇਗਾ, ਉੱਥੇ ਦੇਵ ਜੀ ਦਾ ਨਾਮ ਵੀ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ। ਜਿੰਨ੍ਹੇ ਗੀਤ ਕਲੀਆਂ ਮਾਣਕ ਜੀ ਨੇ ਦੇਵ ਜੀ ਦੇ ਗਾਏ ਹਨ, ਐਨੇ ਸ਼ਾਇਦ ਹੀ ਕਿਸੇ ਹੋਰ ਗਾਇਕ ਨੇ ਇੱਕ ਗੀਤਕਾਰ ਦੇ ਗਾਏ ਹੋਣ। ਜੇਕਰ ਦੇਵ ਜੀ ਦੇ ਗੀਤਾਂ ਦੇ ਨਾਲ-ਨਾਲ ਕਿਸੇ ਹੋਰ ਗੀਤਕਾਰ ਦੇ ਗੀਤ ਮਾਣਕ ਨੇ ਗਾਏ ਹਨ ਤਾਂ ਨਿਰਸੰਦੇਹ ਉਹ ‘‘ਸਵ: ਰਾਮ ਸਿੰਘ ਢਿੱਲੋ ਮਹਿਰਾਜ ਵਾਲੇ'' ਦੇ ਹੀ ਹਨ। ਰਾਮ ਸਿੰਘ ਦਾ ਪਰਿਵਾਰ ਪਿੱਛੋਂ ਪਾਕਿਸਤਾਨ 'ਚੋਂ ਆ ਕੇ ਪਿੰਡ ਮਹਿਰਾਜ ਵਾਲਾ ਜੋ ਕਿ ਸੀ ਮੁਕਤਸਰ ਸਾਹਿਬ ਅਤੇ ਮਲੋਟ ਦੇ ਵਿਚਕਾਰ ਵਸਿਆ ਹੋਇਆ , ਆ ਕੇ ਰਹਿਣ ਲੱਗਾ। ਵੱਡੇ ਭਾਈ ਸ. ਲਛਮਣ ਸਿੰਘ ਨੇ ਪਿੰਡ ਦੀ ਸਰਪੰਚੀ ਕਾਫੀ ਚਿਰ ਕੀਤੀ। ਇਹਨਾਂ ਦੇ ਪਿਤਾ ਦਾ ਨਾਮ ਸ. ਸਰਦਾਰਾ ਸਿੰਘ ਅਤੇ ਮਾਤਾ ਦਾ ਨਾਮ ਸ਼ਾਮ ਕੌਰ ਸੀ। ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ ਰਾਮ ਸਿੰਘ ਨੂੰ ਛੋਟੇ ਹੁੰਦਿਆਂ ਹੀ ਲਿਖਣ ਦੀ ਚੇਟਕ ਲੱਗੀ ਜੋ ਕਿ ਉਹਨਾਂ ਦੇ ਆਖਰੀ ਸਮੇਂ ਤੱਕ ਉਹਨਾਂ ਤੇ ਹਾਵੀ ਰਹੀ। ਉਹਨਾਂ ਨੇ ਲੇਖਣੀ ਦੇ ਵਿੱਚ ਕਿਸੇ ਨੂੰ ਵੀ ਭਾਂਵੇ ਆਪਣਾ ਗੁਰੂ ਨਹੀ ਸੀ ਧਾਰਿਆ, ਪਰ ਉਹਨਾਂ ਦੀ ਯਾਦ ਸ਼ਕਤੀ ਐਨੀ ਪਬਲ ਸੀ ਕਿ ਥੋੜੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਰਣਜੀਤ ਸਿੰਘ ਜੋ ਕਿ ਉਹਨਾਂ ਦਾ ਭਤੀਜਾ ਅਤੇ ਆਪਣੇ ਹੋਰਨਾਂ ਦੋਸਤਾਂ ਤੋਂ ਗੀਤ ਰਚਨਾਂ ਕਾਗਜ਼ਾਂ ਤੇ ਲਿਖਵਾਉਂਦਾ ਰਿਹਾ। ਉਹਨਾਂ ਦੀਆਂ ਲਿਖੀਆਂ ਰਚਨਾਵਾਂ ਤੇ ਮਾਣਕ ਸਾਹਬ ਦੀਆਂ ਗਾਈਆਂ ਅੱਜ ਵੀ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਰਹੀਆਂ ਹਨ। ਜਿੱਥੇ ਉਹਨਾਂ ਦੇ ਮਿਆਰੀ ਗੀਤਾਂ ਵਿੱਚ :- ‘ਸਦਾ ਸੂਰਮੇ ਸਮਝਣ ਧੀ ਤੇ ਭੈਣ ਬਿਗਾਨੀ ਨੂੰ, ‘ਗੋਲੀ ਮਾਰੋ ਐਹੋ ਜਿਹੇ ਬਨਾਉਟੀ ਯਾਰ ਦੇ, ‘ਜਵਾਨੀ ਜੜ੍ਹਾ ਪੱਟਣ ਨੂੰ ਕਾਹਲੀ ਜਾਲਮ ਸਰਕਾਰ ਦੀਆਂ, ‘ਮਾਰਨਾ ਸੀ ਜਾਲਮ ਸਕਾਟਾ ਸਾਂਡਰਸ ਰੋੜਤਾ, ‘ਸ਼ੱਕ ਪੂਰੂੰ ਮਹਿਰਾਜ ਵਾਲੇ ਬੀਬਾ ਘਬਰਾਵੀਂ ਨਾਂ, ‘ਦੱਸੋ ਖਾਂ ਭਲਾਂ ਕੀ ਬੀਤਦੀ ਇਹਨਾਂ ਧੀਆਂ ਬੇਜੁਬਾਨੀਆਂ ਨਾਲ, ‘ਪੰਜ ਵਜੇ ਬੰਦ ਹੋਗੀਆਂ ਕਚਿਹਰੀਆਂ ਕਸੂਤਾ ਜੱਬ ਪੈ ਗਿਆ, ‘ਐਸ ਪੀ ਦਾ ਕਾਲ ਭੱਜ ਕੇ ਡੀ ਐਸ ਪੀ ਦੇ ਮੋਢਿਆਂ ਤੇ ਬਹਿ ਗਿਆ ਆਦਿ ਹੋਰ ਵੀ ਸੈਂਕੜੇ ਮਿਆਰੀ ਗੀਤ ਲਿਖੇ ਤੇ ਮਾਣਕ ਸਾਹਬ ਨੇ ਗਾਏ, ਉੱਥੇ ਉਹਨਾਂ ਨੇ ਕਿੱਸਾ ‘ਹਰਫੂਲ ਡਾਕੂ' ਅਤੇ ‘ਬਾਬਾ ਬੰਦਾ ਸਿੰਘ ਬਹਾਦਰ' ਦੇ ਕਿੱਸੇ ਲਿਖੇ ਤੇ ਮਾਣਕ ਸਾਹਬ ਦੀ ਕੜਕਦੀ ਅਤੇ ਦਮਦਾਰ ਅਵਾਜ ਵਿੱਚ ਰਿਕਾਰਡ ਹੋਏ, ਜੋ ਹਰ ਪੰਜਾਬੀ ਦੀ ਅੱਜ ਵੀ ਜੁਬਾਨ ਤੇ ਹਨ। ਪੰਜਾਬ ਦੇ ਮਸ਼ਹੂਰ ਗਾਇਕ ਕਰਤਾਰ ਸਿੰਘ ਰਮਲਾ ਦੀ ਅਵਾਜ ਵਿੱਚ ਹੋਏ ਰਿਕਾਰਡ ‘‘ਬੂਥੇ ਤੇ ਬੌਂਕਰ ਮਾਰੀ ਕਿਉਂ ਅਤੇ ਡਰਦੀ ਘਰੇ ਕਰਾਂ ਨਾ ਗੱਲ ਕਾੜ੍ਹਨੀ ਕੁੱਤਾ ਚੱਟ ਗਿਆ'' ਵੀ ਏਸੇ ਕਲਮ 'ਚੋਂ ਉਪਜੇ ਹੋਏ ਸਨ। ਮਾਣਕ ਜੀ ਦੇ ਨਾਲ ਪੀਤਮ ਬਰਾੜ ਵੀ ਗਾਇਆ ਕਰਦੇ ਸਨ। ਉਹਨਾਂ ਨੇ ਵੀ ਰਾਮ ਸਿੰਘ ਢਿੱਲੋਂ ਦੇ ਕਈ ਗੀਤ ਰਿਕਾਰਡ ਕਰਵਾਏ :- ‘ਸਿਖਰ ਦੁਪਿਹਰੇ ਗੇੜੇ ਮਾਰਦੀ ਦਾ ਸੁੱਕ ਗਿਆ ਸਰੀਰ ਵਿੱਚੋਂ ਖੂਨ ਹਾਣੀਆਂ, ‘ਖੇਤੋਂ ਘਰ ਨੂੰ ਲਵਾ ਦੇ ਟੈਲੀਫੂਨ ਹਾਣੀਆਂ' ਆਦਿ। ਇਸੇ ਤਰ੍ਹਾਂ ਸੀ ਮੁਕਤਸਰ ਸਾਹਿਬ ਦੇ ਪੱਤਰਕਾਰ ਮਨਜੀਤ ਸਿੰਘ ( ਅਜਾਦ ਸੋਚ) ਨੇ ਗੱਲ ਕਰਦਿਆਂ ਦੱਸਿਆ ਕਿ ਸ. ਰਾਮ ਸਿੰਘ ਢਿੱਲੋਂ ਨਾਲ ਮੇਰੀ ਗੂੜੀ ਦੋਸਤੀ ਸੀ, ਪਹਿਲਾਂ ਮੈਨੂੰ ਵੀ ਕਾਫੀ ਗਾਉਣ ਦਾ ਸੌਂਕ ਸੀ, ਜਿਸ ਕਰਕੇ ਢਿੱਲੋਂ ਸਾਹਬ ਨੇ ਮੈਨੂੰ ਵੀ ਆਪਣੀ ਇੱਕ ਅਨਮੋਲ ਰਚਨਾ ‘‘ਗਾਉਣ ਵਾਲਾ ਗਾਉਂਦਾ ਜੇ ਕਵੀ ਨੂੰ ਭੁੱਲ ਜੇ, ਆਪੇ ਮਾਪੇ ਕਰਨ ਧੀਆਂ ਦੇ ਮੁੱਲ ਜੇ, ਲੀਕ ਲੱਗ ਜਾਵੇ ਓਹਦੇ ਖਾਨਦਾਨ ਤੇ, ਏਦੂ ਮਾੜੀ ਗੱਲ ਕਿਹੜੀ ਐ ਜਹਾਨ ਤੇ'' ਦਿੱਤੀ। ਜਿਸ ਨੂੰ ਕਿ ਮੈਂ ਆਪਣੀ ਹਿੱਕ ਨਾਲ ਲਾ ਕੇ ਰੱਖਿਆ ਹੋਇਆ ।
ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਉਹਨਾਂ ਕੋਲ ਅਮਰਜੋਤ, ਚਮਕੀਲਾ, ਕੇ ਦੀਪ, ਜਗਮੋਹਨ ਕੌਰ, ਸੀਤਲ ਸਿੰਘ ਸੀਤਲ, ਮਾਣਕ ਸਾਹਬ ਅਤੇ ਹੋਰ ਵੀ ਕਾਫੀ ਉੱਚ ਕੋਟੀ ਦੇ ਗਾਇਕ ਆਉਂਦੇ ਰਹੇ ਹਨ। ਸ. ਸੁਰਜੀਤ ਸਿੰਘ ਸੰਧੂ ਜੋ ਕਿ ਉਹਨਾਂ ਦੇ ਮਾਮਾ ਜੀ ਲੱਗਦੇ ਹਨ, ਇਸ ਸਮੇਂ ਉਹਨਾਂ ਦੀ ਉਮਰ 90 ਨੂੰ ਢੁੱਕੀ ਹੋਈ ਨੇ ਭਰੇ ਮਨ ਨਾਲ ਦੱਸਿਆ ਕਿ ਨਸ਼ਿਆਂ ਦੇ ਚੰਦਰੇ ਪਕੋਪ ਨੇ ਸਾਡਾ ਹੀ ਨਹੀ ਬਲਕਿ ਪੰਜਾਬ ਦਾ ਹੀਰਾ ਸਾਥੋਂ ਖੋਹ ਲਿਆ। ਮੌਜੂਦਾ ਸਰਪੰਚ ਜਗਸੀਰ ਸਿੰਘ ਨੇ ਗੱਲ ਕਰਦਿਆਂ ਦੱਸਿਆ ਕਿ ਰਾਮ ਸਿੰਘ ਢਿੱਲੋਂ ਨੇ ਸਾਡੇ ਪਿੰਡ ਮਹਿਰਾਜ ਵਾਲੇ ਦੀ ਪੰਜਾਬ ਵਿੱਚ ਵੱਖਰੀ ਪਹਿਚਾਣ ਬਣਾਈ। ਢਿੱਲੋਂ ਸਾਹਬ ਦੇ ਬਹੁਤ ਨੇੜੇ ਦੇ ਮਿੱਤਰ ਗੁਰਜੰਟ ਸਿੰਘ ਜੰਟਾ ਜੋ ਕਿ ਏਸੇ ਹੀ ਪਿੰਡ ਦਾ ਵਸਨੀਕ ਨੇ ਭਾਵੁਕ ਹੁੰਦਿਆ ਦੱਸਿਆ ਕਿ ਮੈਨੂੰ ਵੀ ਗਾਉਣ ਦਾ ਅਤੇ ਲਿਖਣ ਦਾ ਕਾਫੀ ਸੌਂਕ , ਮੈਨੂੰ ਢਿੱਲੋਂ ਸਾਹਬ ਨੇ ਆਵਦੇ ਲਿਖੇ ਹੋਏ 5 ਗੀਤ ਦਿੱਤੇ ਸਨ। ਏਸੇ ਤਰ੍ਹਾਂ ਪਰਿਵਾਰਕ ਮੈਂਬਰਾਂ ਨੇ ਗੱਲ ਕਰਦੇ ਦੱਸਿਆ ਕਿ ਮਾਣਕ ਚਹੁੰਦਾ ਸੀ ਕਿ ਰਾਮ ਸਿੰਘ ਢਿੱਲੋਂ ਦੀ ਢੁੱਕਵੀਂ ਯਾਦਗਾਰ ਪਿੰਡ ਵਿੱਚ ਬਣਾਈ ਜਾਵੇ। ਜਿੱਥੇ ਹਰ ਸਾਲ ਉਸਦੀ ਯਾਦ ਵਿੱਚ ਮੇਲਾ ਲੱਗਿਆ ਕਰੇ ਪਰ ਇਹ ਖਾਹਿਸ਼ ਵੀ ਅਧੂਰੀ ਹੀ ਰਹੀ। ਬੇਸ਼ੱਕ ਉਹਨਾਂ ਦੇ ਨਾਮ ਤੇ ਰਾਮ ਸਿੰਘ ਢਿੱਲੋਂ ਸਪੋਰਟਸ ਕਲੱਬ ਬਣਿਆ । ਰਣਜੀਤ ਸਿੰਘ ਢਿੱਲੋਂ ਸਾਹਿਬ ਦੇ ਭਤੀਜੇ ਨੇ ਗੱਲ ਕਰਦਿਆਂ ਦੱਸਿਆ ਕਿ ‘ਉਹਨਾਂ ਦੇ ਗੀਤਾਂ ਦੀਆਂ ਲਿਖੀਆਂ ਦੋ ਕਾਪੀਆਂ ਚਮਕੌਰ ਸਿੰਘ ਚਮਕ ਜੋ ਕਿ ਕਿਸੇ ਸਮੇਂ ਪੀ.ਐਸ.ਈ.ਬੀ ਮਹਿਕਮੇ ਵਿੱਚ ਰੁਪਾਣੇ ਡਿੳੂਟੀ ਤੇ ਸੀ ਲੈ ਕਿ ਗਿਆ ਸੀ, ਉਸਨੇ ਨਾ ਤਾਂ ਉਹ ਰਿਕਾਰਡ ਹੀ ਕਰਵਾਏ ਅਤੇ ਨਾ ਹੀ ਉਹ ਕਾਪੀਆਂ ਹੀ ਵਾਪਸ ਦਿੱਤੀਆਂ। ਜਿੱਥੇ ਢਿੱਲੋਂ ਸਾਹਿਬ ਨੇ ਮਿਆਰੀ ਗੀਤ ਲਿਖੇ ਉੱਥੇ ਉਹਨਾਂ ਨੇ ਪੰਜਾਬੀ ਮੁਹਾਵਰਿਆਂ ਦਾ ਵੀ ਜਿਕਰ ਕੀਤਾ ‘‘ਪਹਿਲਾਂ ਇਸ਼ਕ ਦਾ ਭੂਤ ਚਮੇੜੀਏ ਨਾ'' (ਦੱਬੀਆਂ ਸੁਰਾਂ ਦਾ ਮੁੱਲ ਪਾਇਆ ਨਾ ਤੇਰੇ ਤੋਂ ਬਿਨਾ ਕਿਸੇ ਨੇ ਜੈਲਦਾਰਾ ) ਕਿੱਸਾ ਹਰਫੂਲ ਵਿੱਚੋਂ ਵੀ ਬਾਖੂਬੀ ਨਾਲ ਬਿਆਨ ਕੀਤੇ।
ਬੜੇ ਭਾਵੁਕ ਹੁੰਦਿਆਂ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮੌਤ ਤੋਂ ਸਿਰਫ ਇੱਕ ਦਿਨ ਪਹਿਲਾਂ ਹੀ ਨੇੜੇ ਦੇ ਪਿੰਡ ਫੂਲੇਵਾਲਾ ਵਿਖੇ ਪਰਮਿੰਦਰ ਸੰਧੂ ਅਤੇ ਜਸਵੰਤ ਸੰਦੀਲੇ ਦਾ ਅਖਾੜਾ ਲੱਗਾ ਸੀ, ਤੇ ਚਾਚਾ ਜੀ ਢਿੱਲੋਂ ਸਾਹਬ ਕਾਫੀ ਬਿਮਾਰ ਸਨ ਤੇ ਉਹ ਦੋਨੋਂ (ਪਰਮਿੰਦਰ ਤੇ ਸੰਦੀਲਾ) ਉਹਨਾਂ ਦਾ ਘਰ ਪਤਾ ਲੈਣ ਆਏ ਤੇ ਉਹਨਾਂ ਨੇ ਇੱਕ ਗੀਤ ਦੀ ਮੰਗ ਕੀਤੀ, ਤੇ ਢਿੱਲੋਂ ਸਾਹਬ ਨੇ ਉਹਨਾਂ ਨੂੰ ਜੋ ਗੀਤ ਦਿੱਤਾ ਉਹ ਸਟੇਜ ਤੋਂ ਸਾਂਝਾ ਵੀ ਕੀਤਾ ਜਿਸ ਦੇ ਬੋਲ ਸਨ ‘‘ਮੈਂ ਮੁਫਤੀ ਪਿਕਚਰ ਵੇਖੀ ਬੇਬੇ ਤੇ ਲੜ ਪਏ ਜੇਠ'' ਤੇ ਓਸੇ ਰਾਤ ਹੀ ਤਕਰੀਬਨ ਰਾਤ ਦੇ 12 ਵਜੇ 10ਵੇਂ ਮਹੀਨੇ 1992 ਨੂੰ ਰਾਮ ਸਿੰਘ ਢਿੱਲੋਂ ਇਸ ਦੁਨੀਆਂ ਤੋਂ ਰੁਖਸਤ ਹੋ ਗਏ। ਉਹਨਾਂ ਦੀ ਉਮਰ ਪਰਿਵਾਰ ਮੁਤਾਬਕ ਮੌਤ ਵੇਲੇ 60 ਸਾਲ ਦੱਸੀ ਗਈ। ਜਦੋਂ ਕਿ ਉਸਦੇ ਮਿੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੀ ਭੈੜੀ ਆਦਤ ਨੇ ਉਸ ਦੀ ਜਵਾਨੀ ਨੂੰ ਬੁਢਾਪੇ ਵਿੱਚ ਬਦਲ ਦਿੱਤਾ ਸੀ। ਸਾਡੇ ਮੁਤਾਬਕ ਤਾਂ ਉਸਦੀ ਉਮਰ ਤਕਰੀਬਨ 50ਕੁ ਸਾਲ ਹੀ ਸੀ। ਭਾਂਵੇ ਜੋ ਵੀ ਪਰ ਰਾਮ ਸਿੰਘ ਢਿੱਲੋਂ ਵਰਗੇ ਗੀਤਕਾਰ ਨਿੱਤ ਨਿੱਤ ਨਹੀ ਪੈਦਾ ਹੁੰਦੇ। ਉਸ ਤੋਂ ਸਮਾਜ ਅਤੇ ਪੰਜਾਬ ਨੂੰ ਕਾਫੀ ਸਾਰੀਆਂ ਆਸਾਂ ਸਨ, ਸਮੇਂ ਤੋਂ ਪਹਿਲਾਂ ਹੀ ਐਸੇ ਮਹਾਨ ਲੇਖਕ ਦਾ ਜਾਣਾ ਪਰਿਵਾਰ ਤੇ ਸਮਾਜ ਲਈ ਕਾਫੀ ਦੁਖਦਾਇਕ । ਜੇਕਰ ਪਿੰਡ ਅਤੇ ਕਲੱਬ ਕੋਸ਼ਿਸ਼ ਕਰਨ ਸਰਕਾਰ ਤੋਂ ਮਦਦ ਲੈ ਕੇ ਐਸੇ ਮਹਾਨ ਲੇਖਕ ਦੀ ਢੁੱਕਵੀਂ ਯਾਦਗਾਰ ਬਣਾਈ ਜਾਵੇ ਤਾਂ ਇਹੀ ਉਸ ਮਹਾਨ ਲੇਖਕ ਨੂੰ ਨਮਨ ਅਤੇ ਸੱਚੀ ਸਰਧਾਂਜਲੀ ਹੋਵੇਗੀ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1560
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ