ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਵਿਜੇ ਵਿਵੇਕ

ਵਿਜੇ ਵਿਵੇਕ (15 ਜੂਨ,1957 ਤੋਂ ਹੁਣ ਤੱਕ)
ਵਿਜੇ ਵਿਵੇਕ ਦੀ ਪਹਿਲੀ ਰਚਨਾ 1999 ਵਿੱਚ 'ਚੱਪਾ ਕੁ ਪੂਰਬ’ ਦੇ ਰੂਪ ਵਿੱਚ ਪ੍ਰਕਾਸ਼ਿਤ ਹੁੰਦੀ ਹੈ। ਵਿਜੇ ਵਿਵੇਕ ਆਪਣੀ ਪੁਸਤਕ 'ਚੱਪਾ ਕੁ ਪੂਰਬ' ਰਾਹੀਂ ਪੰਜਾਬੀ ਗ਼ਜ਼ਲ ਵਿੱਚ ਪ੍ਰਵੇਸ਼ ਕਰਦਾ ਹੈ। ਉਸਦਾ ਅਨੁਭਵ ਅਤੇ ਮੁਹਾਵਰਾ ਵੱਖਰੀ ਕਿਸਮ ਦਾ ਹੈ ਜਿਸ ਨਾਲ ਉਸ ਦਾ ਅੰਦਾਜ਼ ਵਧੇਰੇ ਸੁਖਮਤਾ ਸਹਿਤ ਫ਼ੈਲਦਾ ਹੈ। ਵਿਜੇ ਵਿਵੇਕ ਨੂੰ ਆਪਣੀ ਗਜ਼ਲ ਦੀ ਸਿਰਜਨਾ ਕਰਨ ਵੇਲੇ ਸਹਿਜ ਅਤੇ ਟਕਾਅ ਚਹਿਦੇ ਹਨ, ਜਿਸ ਨਾਲ ਉਹ ਲੰਮੀ ਲਹਿਰ ਵਿੱਚ ਜੀਵਨ ਦੀ ਰਵਾਨਗੀ ਨੂੰ ਬਣ ਸਕੇ ਉਸਦੀ ਗ਼ਜ਼ਲ ਵਿੱਚ ਧਰਤੀ ਅਤੇ ਅਸਮਾਨ ਦੇ ਨਿਵੇਕਲੇ ਬਿੰਬ ਸਹਿਜ ਪ੍ਰਕਿਰਿਆ ਨਾਲ ਆਪਣੇ ਰੂਪ ਨੂੰ ਧਾਰਨ ਕਰ ਲੈਂਦੇ ਹਨ। ਉਹ ਜ਼ਿੰਦਗੀ ਦੇ ਵਿਹਾਰਕ ਰੂਪ ਨੂੰ ਬਿਆਨ ਕਰਦਾ ਹੋਇਆ ਇਸਦੀ ਸੰਦੀਵੀ ਹੋਂਦ ਉੱਪਰ ਵਧੇਰੇ ਕੇਂਦਰਿਤ ਰਹਿੰਦਾ ਹੈ।
ਦਰਸ਼ਨ ਬੁੱਟਰ ਅਨੁਸਾਰ " ਵਿਜੇ ਵਿਵੇਕ ਦੀ ਸ਼ਾਇਰੀ ਪਾਠਕ ਦੇ ਮਸਤਕ ਵਿਚ ਇੱਕ ਨਵਾਂ ਚਿੰਤਕ ਪੈਦਾ ਕਰਦੀ ਹੈ |"
ਵਿਜੇ ਵਿਵੇਕ ਅਨੁਸਾਰ "ਕਵਿਤਾ ਲਿਖੀ ਨਹੀਂ ਜਾਂਦੀ ਸਗੋਂ ਸੁੱਤੇ ਸੁਭਾਅ ਵਾਪਰਦੀ ਹੈ ਤੇ ਉਸ ਨੂੰ ਸੁੰਦਰ ਅਲੰਕਾਰਾਂ 'ਚ ਪਰੋ ਕੇ ਦਰਸ਼ਕਾਂ ਸਾਹਮਣੇ ਪੇਸ਼ ਕਰਨਾ ਹੀ ਇਕ ਚੰਗੇ ਸ਼ਾਇਰ ਦੀ ਨਿਸ਼ਾਨੀ ਹੈ | "
ਡਾ. ਜਸਵਿੰਦਰ ਕੌਰ ਸੱਗੂ ਅਨੁਸਾਰ ਚੱਪਾ ਕੁ ਪੂਰਬ ਵਿਜੇ ਵਿਵੇਕ ਦੀ ਸ਼ਾਇਰੀ ਦੀ ਸਮਰੱਥਾ ਦੀ ਪ੍ਰੋੜਤਾ ਕਰਦੀ ਹੈ। ਇਸ ਪੁਸਤਕ ਵਿੱਚ ਕੁੱਲ 49 ਗ਼ਜ਼ਲਾਂ ਅਤੇ 7 ਗੀਤ ਹਨ। ਉਹ ਬਹਿਰ ਵਜ਼ਨ ਦਾ ਪਰਪੱਕ ਸ਼ਾਇਰ ਹੈ। ਗ਼ਜ਼ਲ ਤੇ ਗੀਤ ਵਿੱਚ ਸੰਗੀਤ ਸ਼ਾਮਲ ਹੁੰਦਾ ਹੈ ਜੋ ਪਾਠਕ ਵਰਗ ਦੇ ਨਾਲ-ਨਾਲ ਸਰੋਤਾ ਵਰਗ ਤਕ ਵੀ ਕਵਿਤਾ ਨੂੰ ਲੈ ਕੇ ਜਾਂਦਾ ਹੈ। ਇਸ ਦਾ ਪ੍ਰਮਾਣ ਇਹ ਹੈ ਕਿ ਵਿਜੇ ਵਿਵੇਕ ਦੀ ਇਸ ਪੁਸਤਕ ਦੀਆਂ ਰਚਨਾਵਾਂ ਨੂੰ ਕਈ ਗਾਇਕਾਂ ਦੁਆਰਾ ਗਾਇਆ ਜਾ ਚੁੱਕਾ ਹੈ ਅਤੇ ਉਹ ਰਚਨਾਵਾਂ ਬਹੁਤ ਮਕਬੂਲੀਅਤ ਪ੍ਰਾਪਤ ਕਰ ਚੁੱਕੀਆਂ ਹਨ।
ਵਿਜੇ ਵਿਵੇਕ ਦੀ ਸ਼ਾਇਰੀ ਜ਼ਿੰਦਗੀ ਦੀ ਸੂਖ਼ਮਤਾ ਨੂੰ ਬਿਆਨ ਕਰਨ ਦੇ ਨਾਲ-ਨਾਲ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਪੇਸ਼ ਕਰਦੀ ਹੈ। ਉਸ ਕੋਲ ਆਪਣੀ ਗੱਲ ਕਹਿਣ ਲਈ ਇਤਿਹਾਸ ਤੇ ਮਿਥਿਹਾਸ ਦੀ ਪੁਖ਼ਤਾ ਸਮਝ ਹੈ। ਸ਼ਾਇਰ ਆਪਣੀ ਸ਼ਾਇਰੀ ਵਿੱਚ ਸੰਤੁਲਿਤ ਸਮਾਜ ਦੀ ਲੋਚਾ ਰੱਖਦਾ ਹੈ ਅਤੇ ਸਮਾਜ ਵਿਚਲੇ ਅਸੰਤੁਲਨ ਉੱਪਰ ਵਿਅੰਗ ਰਾਹੀਂ ਵਾਰ ਕਰਦਾ ਹੋਇਆ ਵਿਰੋਧਤਾ ਕਰਦਾ ਹੈ। ਇਹ ਵਿਅੰਗ ਰਾਜਸੀ ਪ੍ਰਬੰਧ ਤੋਂ ਲੈ ਕੇ ਪਰਿਵਾਰ ਤਕ ਫੈਲਿਆ ਹੋਇਆ ਹੈ।

ਵਿਜੇ ਵਿਵੇਕ ਸਾਇਰੀ ਦੇ ਹਰ ਇੱਕ ਪਲ ਦੀ ਰਵਾਨਗੀ ਨੂੰ ਮਾਨਣਾ ਚਾਹੁੰਦਾ ਹੈ। ਉਸਦੀ ਅੰਦਰੂਨੀ ਅਤੇ ਬਾਹਰੀ ਸੰਵੇਦਨਾ ਇਸ ਪਲ ਅੰਦਰ ਰੁਕ-ਰੁਕ ਕੇ ਜਵਾਨ ਹੁੰਦੀ ਹੈ ਅਤੇ ਕਿਸੇ ਸੁਨਹਿਰੇ ਭੱਵਿਖ ਦੀ ਆਸ ਵੀ ਕਰਦੀ ਹੈ। ਜਿਸ ਤਰ੍ਹਾਂ ਉਹ ਆਪਣੀ ਇਸ ਰਚਨਾ ਵਿੱਚ ਬਿਆਨ ਕਰ ਰਿਹਾ ਹੈ।
ਮਨਾਂ ਦੀ ਸਰਦ ਰੁੱਤ ਮਾਣੀ ਤਾਂ ਜਾਵੇ।
ਇਹ ਕੇਹੀ ਅਗਨ ਹੈ ਜਾਣੀ ਤਾਂ ਜਾਵੇ।

ਗਏ ਨਾ ਆਪ ਜੇ ਬਲ਼ਦੇ ਨਗਰ ਤਕ,
ਤੁਹਾਡੀ ਅੱਖ ਦਾ ਪਾਣੀ ਤਾਂ ਜਾਵੇ।

ਕਹੋ ਖ਼ੁਸ਼ਬੂ ਨੂੰ ਇਕ ਦਿਨ ਘਰ ਤੁਹਾਡੇ,
ਉਹ ਮੇਰੇ ਰਸਤਿਆਂ ਥਾਣੀ ਤਾਂ ਜਾਵੇ।

ਕਿਤੋਂ ਮਿਲ ਜਾਣ ਸ਼ਾਇਦ ਦਿਨ ਗਵਾਚੇ,
ਇਹ ਢੇਰੀ ਉਮਰ ਦੀ ਛਾਣੀ ਤਾਂ ਜਾਵੇ।

ਪਰਾਈ ਪੀੜ ਪਹਿਚਾਣਾਂਗੇ ਆਪਾਂ,
ਤੜਪ ਦਿਲ ਦੀ ਇਹ ਪਹਿਚਾਣੀ ਤਾਂ ਜਾਵੇ।

ਵਿਜੇ ਵਿਵੇਕ ਸਮੇਂ ਨਾਲ ਹਰ ਵੇਲੇ ਜੂਝਦਾ ਰਹਿੰਦਾ ਹੈ। ਇਸ ਲਈ ਉਸਦੀ ਹੇਠਲੀ ਗ਼ਜ਼ਲ ਵਿੱਚ ਇਹ ਵਿਰੋਧਾਭਾਸ ਨਜ਼ਰੀ ਆਉਂਦਾ ਹੈ :-
ਸੋਚਦਾ ਕੁਝ ਹੋਰ ਹਾਂ ਮੈਂ ਬੋਲਦਾ ਕੁਝ ਹੋਰ ਹਾਂ
ਵਸਤ ਕਿਧਰੇ ਹੋਰ ਗੁਮ ਹੈ ,ਫੋਲਦਾ ਕੁਝ ਹੋਰ ਹਾਂ
ਕੁਫਰ ਦਾ ਹਟਵਾਣੀਆ ਹਾਂ ਦੇ ਰਿਹਾਂ ਖੁਦ ਨੂ ਫਰੇਬ
ਵੇਚਦਾ ਕੁਝ ਹੋਰ ਹਾਂ ਮੈਂ ਤੋਲਦਾ ਕੁਝ ਹੋਰ ਹਾਂ
ਹੋਸ਼ ਤੇ ਮਸਤੀ ਮੇਰੀ ਇੱਕਮਿੱਕ ਨਹੀਂ ਹੋਈਆਂ ਅਜੇ
ਯਤਨ ਸੰਭਲਣ ਦਾ ਕਰਾਂ ਤਾਂ ਡੋਲਦਾ ਕੁਝ ਹੋਰ ਹਾਂ
ਕੁਝ ਕੁ ਤੇਰੀ ਅੱਖ ਵਿਚ ਵੀ ਫ਼ਰਕ ਹੈ , ਮੈਂ ਵੀ ਤਾਂ ਪਰ
ਦੂਰ ਦਾ ਕੁਝ ਹੋਰ ਹਾਂ ਤੇ ਕੋਲ ਦਾ ਕੁਝ ਹੋਰ ਹਾਂ
ਮੈਂ ਮੁਨਾਖਾ ਹੀ ਨਹੀਂ ਮੈਂ ਅਕਲ ਦਾ ਅੰਨ੍ਹਾ ਵੀ ਹਾਂ
ਮੈਂ ਗਵਾਇਆ ਹੋਰ ਕੁਝ ਹੈ ,ਟੋਲਦਾ ਕੁਝ ਹੋਰ ਹਾਂ
ਰਚਨਾਂ
ਚੱਪਾ ਕੁ ਪੂਰਬ

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1792
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ