ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੀਵਾਨ ਸਿੰਘ “ਮਹਿਰਮ” 1914 -1972

ਆਪ ਦਾ ਜਨਮ ਪਿੰਡ ਨੰਗਲ ਸ਼ਾਹੂ ਤਹਿਸੀਲ ਨਾਰੋਵਾਲ , ਜਿਲਾ ਸਿਆਲ ਕੋਟ (ਹੁਣ ਪਾਕਿਸਤਾਨ ) ਸ. ਰਾਮ ਸਿੰਘ ਇੱਕ ਖਾਂਦੇ ਪੀਂਦੇ ਜਿਮੀਂਦਾਰ ਦੇ ਘਰ ਵਿਖੇ ਹੋਇਆ । ਮੁੱਢਲੀ ਸਿਖਿਆ ਆਪ ਨੇ ਆਪਣੇ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਹੀ ਪ੍ਰਾਪਤ ਕੀਤੀ , ਮਿਡਲ ਪਾਸ ਪਸਰੂਰ ਤੋਂ ਕੀਤੀ । ਮੈਟ੍ਰਿਕ ਆਪ ਨੇ ਲਾਹੌਰ ਕੀਤੀ ,ਆਪ ਪੰਜਾਬੀ ,ਉਰਦੂ , ਫਾਰਸੀ ਦੇ ਵਿਦਵਾਨ ਸਨ । ਕਵਿਤਾ ਦੇ ਨਾਲ 2 ਆਪ ਨੂੰ ਸੁਰੀਲੇ ਗਲੇ ਦੀ ਦਾਤ ਧੁਰ ਤੋਂ ਹੀ ਮਿਲੀ ਸੀ ,ਸਕੂਲ ਵਿੱਚ ਜਦੋਂ ਵੀ ਕਿਤੇ ਕੋਈ ਨਜਮ ਪੜ੍ਹਨ ਦਾ ਮੌਕਾ ਮਿਲਦਾ ਆਪ ਦੀ ਸੁਰੀਲੀ ਆਵਾਜ ਦਾ ਜਾਦੂ ਸ੍ਰੋਤਿਆਂ ਨੂੰ ਕੀਲ ਲੈਂਦਾ । ਆਪ ਇੱਕ ਵਧੀਆ ਗਜ਼ਲਕਾਰ ਤੇ ਗਜ਼ਲਗੋ ਵੀ ਸਨ ।
ਦੇਸ਼ ਦੀ ਵੰਡ ਤੋਂ ਬਾਅਦ ਆਪ ਨੂੰ ਪਾਕਿਸਤਾਨ ਵਿੱਚ ਛੱਡੀ ਜਮੀਨ ਬਦਲੇ ਪਿੰਡ ਭੈਣੀ ਪਸਵਾਲ ਤਹਿਸੀਲ ਗੁਰਦਾਸ ਪੁਰ ਵਿੱਚ ਆਲਾਟਮੈਂਟ ਹੋਈ । ਇਹ ਪਿੰਡ ਦਰਿਆ ਬਿਆਸ ਦੇ ਨਾਲ ਹੋਣ ਕਰਕੇ ਆਏ ਦਿਨ ਹੜ੍ਹਾਂ ਦੀ ਮਾਰ ਵਿੱਚ ਰਹਿਣ ਕਰਕੇ ਇੱਸ ਇਲਾਕੇ ਦੀ ਹਾਲਤ ਬਹੁਤ ਮਾੜੀ ਸੀ । ਇੱਸ ਲਈ ਆਪ ਨੇ ਕਾਦੀਆਂ (ਗਰਦਾਸਪੁਰ ) ਵਿੱਚ ਇੱਕ ਸਕੂਲ ਵਿਚ ਗਿਆਨੀ ਕਾਲਜ਼ ਖੋਲ੍ਹ ਕੇ ਉਥੇ ਹੀ ਆਪਣੀ ਰਿਹਾਇਸ਼ ਵੀ ਰੱਖ ਲਈ । ਇਹ ਸਮਾਂ ਸਟੇਜੀ ਕਵੀ ਦਰਬਾਰਾਂ ਦਾ ਸੀ। ਜਦੋਂ ਵੱਡੇ ਵੱਡੇ ਕਵੀ ਦਰਬਾਰ ਦੂਰ ਦੁਰਾਡੇ ਹੁੰਦੇ ਸਨ ਤਾਂ ਇਨ੍ਹਾਂ ਨੂੰ ਉਚੇਚੇ ਤੌਰ ਬੁਲਾਇਆ ਜਾਂਦਾ ,ਖਾਸ ਕਰਕੇ ਸ਼ਿਵ ਦੇ ਲੋਹੇ ਦੇ ਸ਼ਹਰਿ ਬਟਾਲੇ ਵਿੱਚ, ਜਿੱਥੇ ਉਨ੍ਹਾਂ ਦੇ ਸਮਕਾਲੀ ਬਰਕਤ ਰਾਮ ਯੁਮਨ , ਮੇਲਾ ਰਾਮ ਤਾਇਰ ,ਸਾਧੂ ਸਿੰਘ ਹਮਦਰਦ ,ਕਰਤਾਰ ਸਿੰਘ ਬਲੱਗਣ , ਅਮਰ ਸਿੰਘ ਦੁਸਾਂਝ ,ਸੁਖਪਾਲ ਵੀਰ ਹਸਰਤ ,ਮੇਦਨ ਸਿੰਘ ਮੇਦਨ ,ਹਾਸ ਰੱਸ ਕਵੀ ਗੋਪਾਲ ਦਾਸ ਗੋਪਾਲ , ਬਲਵੰਤ ਸਿੰਘ ਜੋਸ਼ , ਹਜਾਰਾ ਸਿੰਘ ਗੁਦਾਸਪੁਰੀ ,ਜਨਕ ਰਾਜ ਸਰਾਫ ,ਆਰ ,ਨੀਲਮ ,ਵਿਸ਼ਨੂੰ ਗੁਰਦਾਸ ਪੁਰੀ ਪਰਮੇਸ਼ਰੀ ਦਾਸ “ਦਾਸ “,ਪ੍ਰੀਤਮ ਸਿੰਘ ਦਰਦੀ ,ਕਾਮਰੇਡ ਮੁਲਖ ਰਾਜ ਅਤੇ ਉੱਸ ਵੇਲੇ ਦਾ ਬਿਰਹੋਂ ਦਾ ਸੁਲਤਾਨ ਨੌਜੁਵਾਨ ਕਵੀ ਸ਼ਵਿ ਕੁਮਾਰ ਬਟਾਲਵੀ ਨਵਾਂ ਪੁੰਗਰਦਾ ਕਵੀ ਵੀ ਇਨ੍ਹਾਂ ਮਹਿਫਲਾਂ ਦਾ ਸਿੰਗਾਰ ਹੋਇਆ ਕਰਦਾ ਸੀ । ਪਰ ਦੀਵਾਨ ਸਿੰਘ ਮਹਿਰਮ ਵੀ ਇਨ੍ਹਾਂ ਕਵੀ ਦਰਬਾਰਾਂ ਦੀ ਨਿਵੇਕਲੀ ਸ਼ਾਨ ਹੁੰਦਾ ਸੀ । ਇਕ ਵਾਰ ਇੱਕ ਕਵੀ ਦਰਬਾਰ ਸ਼ਹੀਦ ਊਧਮ ਸਿੰਘ ਦੀ ਯਾਦ ਵਿੱਚ ਸਨਾਮ ਵਿਖੇ ਹੋਇਆ ਤਾਂ ਇੱਸ ਬਲੰਦ ਆਵਾਜ ਮਹਿਰਮ ਨੇ ਊਧਮ ਸਿੰਘ ਦੀ ਇਹ ਵਾਰ “ ਮੈਨੂੰ ਲੰਦਨ ਵਾਸੀਓ ਮੈਂ ਖੜਾਂ ਪੁਕਾਰਾਂ , ਮੈਂ ਕਾਤਿਲ ਹਾਂ ਐਡਵਾਇਰ ਦਾ ਦਿੰਦਾ ਹਾਂ ਟਾਹਰਾਂ “ਮੈਨੂੰ ਫੜ ਲਓ ਵਾਸੀਓ ਮੈਂ ਖੜਾਂ ਪੁਕਾਰਾਂ “ ਜਦ ਸਟੇਜ ਤੇ ਬੜੀ ਉੱਚੀ ਹੇਕ ਵਿੱਚ ਪੜ੍ਹੀ ਤਾਂ ਦਰਸ਼ਕਾਂ ਵਿੱਚ ਜੋਸ਼ ਦਾ ਇੱਕ ਹੜ੍ਹ ਆ ਗਿਆ । ਮਹਿਰਮ ਦੀ ਇਹ ਵਾਰ ਬਾਅਦ ਵਿੱਚ ਸਕੂਲਾਂ ਦੀਆਂ ਕਿਤਾਬਾਂ ਦੇ ਸਿਲੇਬਸ ਵਿੱਚ ਲੱਗੀ। ਭਾਸ਼ਾ ਵਿਭਾਗ ਵੱਲੋਂ ਉਨ੍ਹਾਂ ਨੂੰ ਕਈ ਮਾਣ ਸਨਮਾਨ ਮਿਲੇ ਜਿਨ੍ਹਾਂ ਦਾ ਵੇਰਵਾ ਬਹੁਤ ਲੰਮਾ ਹੈ।
ਕੁੱਝ ਸਮੇਂ ਪਿੱਛੋਂ ਦੀਵਾਨ ਸਿੰਘ ਮਹਿਰਮ ਕਾਦੀਆਂ ਛੱਡ ਕੇ ਨਵਾਂ ਸ਼ਾਹਲਾ (ਗੁਰਦਾਸ ਪੁਰ ) ਵਿੱਚ ਆ ਟਿਕੇ ਅਤੇ ਆਖਰੀ ਸਾਹਾਂ ਤੱਕ ਇੱਥੇ ਹੀ ਰਹੇ । ਗੁਰਦਾਸ ਪੁਰ ਵਿੱਚਵੀ ਉਨ੍ਹਾਂ ਇੱਕ ਗਿਆਨੀ ਕਾਲੇਜ ਖੋਲ੍ਹਿਆ ਅਤੇ ਨਾਲ ਹੀ ਪੰਜਾਬੀ ਦਰਬਾਰ ਨਾਂ ਦੀ ਇੱਕ ਕਵੀ ਸਭਾ ਬਨਾਈ ਜਿੱਥੇ ਰੋਜ ਕੋਈ ਨਾ ਕੋਈ ਕਵੀ ਸਭਾ ਹੁੰਦੀ ,ਅਤੇ ਨੇੜੇ ਤੇੜੇ ਖਾਸ ਮੋਕਿਆਂ ਤੇ ਕਵੀ ਦਰਬਾਰ ਆਯੋਜਨ ਹੁੰਦੇ ਰਹਿੰਦੇ । ਦੀਵਾਨ ਸਿੰਘ ਮਹਿਰਮ ਨਿਰੇ ਕਵੀ ਹੀ ਨਹੀਂ ਸਨ ,ਸਗੋਂ ਉਹ ਵਿਦਿਆ ਦੇ ਪ੍ਰਸਾਰ ਅਤੇ ਇਲਾਕੇ ਦੀ ਉੱਨਤੀ ਵਿੱਚ ਵੀ ਬੜੀ ਰੁਚੀ ਰੱਖਦੇ ਸਨ ,ਪਿੰਡ ਨਵਾਂ ਸ਼ਹਲਾ ਉੱਗੋ ਕੇ ਪਬਲਿਕ ਹਾਈ ਸਕੂਲ ਦੇ ਉਹ ਪ੍ਰਬੰਧਕ ਕਮੇਟੀ ਦੇ ਸਰਗਰਮ ਮੈਂਬਰ ਵੀ ਸਨ ,ਅਤੇ ਇਸੇ ਪਿੰਡ ਦੇ ਸਰਪੰਚ ਵੀ ਰਹੇ । ਦਰਿਆ ਬਿਆਸ ਤੇ ਕੈਰੋਂ ਸਰਕਾਰ ਵੇਲੇ ਹੜ੍ਹਾਂ ਦੀ ਰੋਕ ਥਾਮ ਲਈ ਧੁੱਸੀ ਬੰਂਨ੍ਹ ਬਨਾਉਣ ਵਿੱਚ ਉਨ੍ਹਾਂ ਦਾ ਬੜਾ ਯੋਗ ਦਾਨ ਸੀ । ਉਨ੍ਹਾਂ ਦੇ ਪੰਜ ਬੇਟੇ ਤੇ ਇੱਕ ਬੇਟੀ ਸੀ ਜੋ ਉੱਚ ਵਿਦਿਆ ਪ੍ਰਾਪਤ ਕਰਕੇ ਚੰਗੇ 2 ਅਹੁਦਿਆਂ ਤੇ ਰਹਿ ਚੁਕੇ ਹਨ । ਜੋ ਅਜੇ ਵੀ ਇੱਸ ਪਿੰਡ ਵਿੱਚ ਇਹ ਪ੍ਰਿਵਾਰ ਮਹਿਰਮ ਪ੍ਰਿਵਾਰ ਕਰਕੇ ਜਾਣਿਆ ਜਾਂਦਾ ਹੈ । ਪਰ ਬਹੁਤੇ ਸਾਹਿਤਕਾਰਾਂ ਵਾਂਗ ਮਹਿਰਮ ਦੀ ਤ੍ਰਾਸਦੀ ਵੀ ਇਹ ਹੈ ਕਿ ਅੱਜ ਇੱਸ ਪ੍ਰਿਵਾਰ ਵਿੱਚ ਉਨ੍ਹਾਂ ਵਰਗੀ ਰੁਚੀ ਲੈ ਕੇ ਉਨ੍ਹਾਂ ਦੇ ਨਕਸ਼ੇ ਕਦਮ ਤੇ ਕੋਈ ਨਹੀਂ ਤੁਰ ਸਕਿਆ ,ਬੜੀ ਮਿਹਣਤ ਤੇ ਕਾਫੀ ਭਾਲ ਕਰਕੇ ਉਨ੍ਹਾਂ ਦੀਆਂ ਲਿਖੀਆਂ ਕੁੱਖ ਪੁਸਤਕਾਂ ਕਿਸੇ ਨਾ ਕਿਸੇ ਰੂਪ ਵਿੱਚ ਮਿਲ ਸਕੀਆਂ ਹਨ ਜਿਨ੍ਹਾਂ ਦਾ ਵੇਰਵਾ ਕੁੱਝ ਵੰਨਗੀਆਂ ਨਾਲ ਦਿੱਤਾ ਜਾ ਰਿਹਾ ਹੈ । 1,ਸਰਬੱਤ ਦਾ ਭਲਾ । ਵੰਨਗੀ - ,ਭਲਾ ਕਿਵੇਂ ਸਰਬੱਤ ਦਾ ਹੋਵੇ ,ਬੰਦਾ ਹੀ ਬੰਦੇ ਨੂੰ ਕੁਹਵੇ ,ਇੱਕ ਪਿਆ ਹੱਸਦਾ ਇੱਕ ਪਿਆ ਰੋਵੇ ,ਇੱਕ ਦੀ ਛੁਰੀ ਤੇ ਇੱਕ ਦਾ ਗਲਾ । ਤੇਰੇ ਭਾਣੇ ਸਰਬੱਤ ਦਾ ਭਲਾ । 2,ਤੱਤੀ ਤਵੀ , ਵੰਨਗੀ- ,ਓ ਭਾਰਤ ਦੇ ਮੋਇਓ ਲੋਕੋ ,ਓ ਜੁਲਮਾਂ ਦੇ ਕੋਹਿਓ ।ਓ ਦੁੱਖਾਂ ਦੀ ਚੱਕੀ ਝੋਇਓ ,ਓ ਭੁੱਖਾਂ ਨੂੰ ਢੋਇਓ ਲੋਕੋ, ਓ ਸਦੀਆਂ ਦੇ ਦਾਸ ਗੁਲਾਮੋ ,ਓ ਆਕਾਸ਼ੋਂ ਡਿੱਗਿਓ ਲੋਕੋ ,ਮਿੱਟੀ ਮਿਟੀ ਹੋਇਓ ਲੋਕੋ । ਉੁਠੋ ਮੱਥਿਓਂ ਧੋ ਲਓ ਦਾਗ , ਜਾਗ ਜਾਗ ਮੇਰੀ ਜੰਤਾ ਜਾਗ । 3,ਨਿਰੰਕਾਰੀ ਨੂਰ , ਇਹ ਪੁਸਤਕ ਖਸਤਾ ਹਾਲਤ ਵਿੱਚ ਮਿਲੀ ਹੈ 4, ਕਲਗੀ ਵਾਲਾ , - 5,ਬੋਲਿਆ ਹਿਮਾਲੀਆ - 6,ਜੀਵੇ ਦੇਸ਼ ਮਹਾਨ - 7,ਦੁਸ਼ਟ ਦਮਨ - 8,ਮਿਰਜਾ ਕਾਦੀਆਂ - 9 ,ਰੁਬਾਈਆਂ - 10 ,ਬਾਬਲ ਵਰ ਲੋੜੀਏ - 11,ਪਾਣੀ ਤੇ ਲਕੀਰਾਂ (ਗਜਲ ਸੰਗ੍ਰਹਿ ) ਵੰਨਗੀ ,-ਮੈਂ ਪਾਣੀ ਤੇ ਲਕੀਰੋਂ ਜਿੰਦਗੀ ਨੂੰ ਵੱਧ ਨਹੀਂ ਡਿੱਠਾ , ਬੜੀ ਮਜਬੂਤ ਹੈ ਇਹ ਜਿਨ ਫਿਰ ਵੀ ਖਾਮ ਰਹਿੰਦੀ ਹੈ “ਤਰਲਿਆਂ ਤੂਫਾਨਾਂ ਨੂੰ ਕੀ ਰੋਕਣਾ , ਹਿੱਕ ਦਾ ਉਭਾਰ ਰੋਕ ਥਾਮ ਹੈ “ ਅਤੇ ਇਹ ਮਿੱਟੀ ਅਜਲ ਤੋਂ ਮੈਲੀ ਇਹਨੁੰ ਕਿੰਨ ਸਾਫ ਕਰਾ ਏ , ਪਦਾਰਥ ਸੱਭ ਬਿਣਸਣ ਹਾਰ ਦੁਨੀਆ ਛੱਡ ਜਾਣੀ ਏ “।
ਦੀਵਾਨ ਸਿੰਘ ਮਹਿਰਮ ਆਪਣੀ ਇੱਸ ਸਾਹਿਤਿਕ ਦੇਣ ਕਰਕੇ ਸਾਹਿਤ ਜਗਤ ਵਿੱਚ ਸਦਾ ਅਮਰ ਰਹੇ ਗਾ ਲੰਮੇ ਸਮੇ ਤੋਂ ਉੱਸ ਦੀ ਯਾਦ ਵਿੱਚ ਗਠਨ ਕੀਤੀ ਮਹਿਰਮ ਸਾਹਿਤ ਸਭਾ ਨਵਾਂ ਸ਼ਾਹਲਾ ਅਤੇ ਉੱਸ ਦੀ ਯਾਦ ਵਿੱਚ ਨਵਾਂ ਸ਼ਾਹਲਾ ਗੁਰਦਾਸਪੁਰ ਦੀਵਾਨ ਸਿੰਘ ਮਹਿਰਮ ਯਾਦਗਾਰੀ ਕਮਿਊਨਟੀ ਹਾਲ , ਜਿੱਥੇ ਹੋਰ ਕਈ ਸਮਾਗਮਾਂ ਦੇ ਇਲਾਵਾ ਸਮੇਂ 2 ਸਿਰ ਮਹਿਰਮ ਸਭਾ ਵੱਲੋਂ ਦੀਵਾਨ ਸਿੰਘ ਮਹਿਰਮ ਦੀ ਯਾਦ ਤਾਜਾ ਰੱਖਣ ਲਈ ਸਭਾ ਦੇ ਮੌਜੂਦਾ ਪ੍ਰਧਾਨ ਡਾਕਟਰ ਮਲਕੀਅਤ ਸੁਹਲ ਜਿਨ੍ਹਾਂ ਦੀਵਾਨ ਸਿੰਘ ਮਹਿਰਮ ਦੀ ਨੇੜਤਾ ਕਾਫੀ ਮਾਣੀ ਹੈ ,ਉਨ੍ਹਾਂ ਦੀ ਪ੍ਰਧਾਨਗੀ ਹੇਠ ਕਵੀ ਦਰਬਾਰ ਹੁੰਦੇ ਰਹਿੰਦੇ ਹਨ ।
ਮੇਰਾ ਨੇੜਿੳਂ ਡਿੱਠਾ ਦੀਵਾਨ ਸਿੰਘ ਮਹਿਰਮ ਇੱਕ ਸਦਾ ਬਹਾਰ ,ਯਾਰਾਂ ਦਾ ਯਾਰ ,ਮਿਲਣ ਸਾਰ , ਰੰਗੀਨ ਮਿਜਾਜ, ਨਿਧੜਕ ,ਸਟੇਜ ਦਾ ਧਨੀ ,ਇੱਕ ਖੁਸ਼ ਪੋਸ਼ ਅਤੇ ਇੱਕ ਕਮਾਲ ਦੀ ਸ਼ਖਸੀਅਤ ਸੀ , ਜਿੱਸ ਦਾ ਅਜੋਕੇ ਸਮੇਂ ਵਿੱਚ ਜੋੜ ਮਿਲਣਾ ਬੜਾ ਮੁਸ਼ਕਿਲ ਹੈ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1023

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ