ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਓ ਨਵੇਂ ਪੈਂਡੇ ਤਹਿ ਕਰੀਏ

ਜਦੋਂ ਵੀ ਕਿਸੇ ਨਵੀਂ ਚੀਜ਼ ਦੀ ਆਮਦ ਹੁੰਦੀ ਹੈ । ਉਸ ਨੂੰ ਅਸੀਂ ਸਾਰੇ ਜੀ ਆਇਆ ਆਖਦੇ ਹਾਂ । ਇਹ ਤਕਰੀਬਨ ਹਰ ਦੇਸ਼ ਦੇ ਲੋਕ ਕਰਦੇ ਹਨ, ਤੇ ਹਰ ਸਮਾਜ ਦੇ ਲੋਕ ਨਵੇਂ ਸਾਲ ਨੂੰ ਜੀ ਆਇਆ ਆਖਦੇ ਹਨ । ਵੈਸੇ ਤਾਂ ਕੇਵਲ 2015 ਦੀ ਥਾਂ 2016 ਨੇ ਕੁਦਰਤੀ ਤੌਰ ਤੇ ਲੈ ਲੈਣੀ ਹੈ । 2015 ਨੂੰ ਜਾਣੋਂ ਕੋਈ ਵੀ ਰੋਕ ਨਹੀਂ ਸਕਦਾ । 2016 ਨੂੰ ਆਣ ਤੋਂ ਕੋਈ ਰੋਕ ਨਹੀਂ ਸਕਦਾ । ਸਿਰਫ਼ ਕੈਲੰਡਰ ਬਦਲ ਜਾਣਾ ਹੈ, ਸੂਰਜ ਹਮੇਸ਼ਾ ਵਾਂਗ ਚੜ੍ਹਨਾ ਹੈ, ਰਾਤ ਹਮੇਸ਼ਾ ਵਾਂਗ ਪੈਣੀ ਹੈ । ਇਹ ਪਰਕਿਰਿਆ ਜਦੋਂ ਦੀ ਮਨੁੱਖਤਾ ਪੈਂਦਾ ਹੋਈ ਹੈ, ਉਦੋਂ ਦੀ ਚਲ ਰਹੀ ਹੈ । ਹਰ ਜਾਣ ਵਾਲਾ ਸਮਾਂ ਕੁਝ ਖੱਟੀਆਂ-ਮਿੱਠੀਆਂ ਯਾਦਾਂ ਛੱਡ ਜਾਂਦਾ ਹੈ । ਚੰਗਾ ਵਕਤ ਸਾਨੂੰ ਮਿੱਠੀ ਯਾਦ ਦੇ ਜਾਂਦਾ ਹੈ, ਤੇ ਬੁਰਾ ਵਕਤ ਸਾਨੂੰ ਕੌੜੀ ਯਾਦ ਦੇ ਜਾਂਦਾ ਹੈ ।
ਜਦੋਂ ਦੀ ਮਨੁੱਖ ਜਾਤੀ ਪੈਂਦਾ ਹੋਈ ਹੈ, ਨਿਤਾਣੇ-ਜਰਵਾਣੇ, ਅਮੀਰ-ਗਰੀਬ, ਰੰਗ-ਨਸਲ, ਭੇਦ-ਭਾਂਵ, ਜਾਤ-ਪਾਤ, ਛੂਤ-ਛਾਤ, ਦਾ ਵਿਖਰੇਵਾ ਸਦੀਆਂ ਤੋਂ ਚਲ ਰਿਹਾ ਹੈ । ਭੁੱਖ, ਗਰੀਬੀ, ਜਹਾਲਤ, ਧਾਰਮਿਕ ਕੱਟੜਤਾ ਦੀ ਅਲਾਮਤ ਅੱਜ ਤੱਕ ਸਾਰੀ ਦੁਨੀਆਂ ਖਤਮ ਨਹੀਂ ਕਰ ਸਕੀ । 21ਵੀਂ ਸਦੀ ਵਿੱਚ ਵੀ ਔਰਤ ਦਾ ਸੋਸ਼ਣ, ਬਾਲ ਮਜ਼ਦੂਰੀ, ਭਰੂਣ ਹੱਤਿਆ, ਆਰਥਿਕ ਮੰਦਹਾਲੀ ਦਾ ਸੰਤਾਪ ਅਜੇ ਤੱਕ ਖਤਮ ਨਹੀਂ ਹੋ ਸਕਿਆ ।
ਅੱਜ ਸਾਡੇ ਸਮਾਜ ਦਾ ਵੱਡਾ ਹਿੱਸਾ ਪੜ੍ਹਿਆ ਲਿਖਿਆ ਹੈ, ਲੇਕਿਨ ਇਸ ਦੇ ਬਾਵਜੂਦ ਅਸੀਂ ਨਸ਼ਿਆਂ ਦੀ ਬੁਰਾਈ ਮੁਕਾ ਨਹੀਂ ਸਕੇ । ਗੁੰਡੇ, ਬਦਮਾਸ਼ ਹਲਕੇ ਕੁੱਤੇ ਵਾਂਗ ਘੁੰਮ ਰਹੇ ਹਨ । ਗਰੀਬ ਇਨਸਾਫ਼ ਲਈ ਧੱਕੇ ਖਾ ਰਿਹਾ ਹੈ । ਲੋਕ ਬੇਇਲਾਜ਼ ਮਰ ਰਹੇ ਹਨ । ਅੱਜ ਇਲਾਜ਼ ਐਨਾ ਮਹਿੰਗਾ ਹੋ ਗਿਆ ਹੈ ਕਿ ਸਾਡੇ ਵਿੱਤ ਤੋਂ ਬਾਹਰ ਦੀ ਗੱਲ ਹੈ । ਘਰੇਲੂ ਪਰੇਸ਼ਾਨੀਆਂ ਲਾ-ਇਲਾਜ਼ ਬੀਮਾਰੀਆਂ ਬਣ ਰਹੀਆਂ ਹਨ । ਕਿਤੇ ਕਿਸਾਨ ਆਤਮ ਹੱਤਿਆ ਕਰ ਰਹੇ ਹਨ । ਕਿਤੇ ਬਜ਼ੁਰਗ ਮਾਤਾ-ਪਿਤਾ ਬਿਰਧ ਆਸ਼ਰਮ ਵਿੱਚ ਜ਼ਿੰਦਗੀ ਦਾ ਆਖ਼ਰੀ ਸਮਾਂ ਬਤੀਤ ਕਰ ਰਹੇ ਹਨ । ਇੱਕ ਨੌਕਰੀ ਹੈ ਹਜ਼ਾਰ ਬੇਰੁਜ਼ਗਾਰ ਹਨ । ਨਵੀਂ ਪੀੜੀ ਨੂੰ ਨੌਕਰੀ ਦੀ ਕੋਈ ਆਸ ਨਹੀਂ ਦਿਸਦੀ, ਇਸੇ ਕਰਕੇ ਜਵਾਨੀ ਕੁਰਾਹੇ ਪਈ ਹੋਈ ਹੈ । ਹਰ ਰੋਜ਼ ਜੁਰਮ, ਮਾਰ-ਧਾੜ ਵੱਧ ਰਹੀਂ ਹੈ । ਜ਼ਿੰਦਗੀ ਆਪਣੀ ਚੂਲ ਤੋਂ ਹਿਲ ਗਈ ਜਾਪਦੀ ਹੈ । ਅਰਾਜਕਤਾ, ਬੇ-ਯਕੀਨੀ, ਅੰਧ-ਵਿਸ਼ਵਾਸ਼ ਨੇ ਆਲਮ ਨੂੰ ਜਕੜਿਆ ਹੋਇਆ ਹੈ ।
ਚਾਰੇ ਪਾਸੇ ਰਿਸ਼ਵਤ, ਮਿਲਾਵਟ, ਅਫ਼ਸਰ ਸ਼ਾਹੀ ਦਾ ਰਾਜ ਹੈ । ਅਯੋਗ ਲੋਕ ਯੋਗ ਅਹੁਦਿਆਂ ਤੇ ਬੈਠ ਕੇ ਸਾਡੇ ਅਦਾਰਿਆਂ ਨੂੰ ਬਰਬਾਦ ਕਰ ਰਹੇ ਹਨ । ਅਯੋਗ ਲੋਕਾਂ ਨੂੰ ਅੱਗੇ ਲਿਆ ਕੇ ਸਾਰੇ ਸਿਸਟਮ ਦਾ ਬੇੜਾ ਗਰਕ ਕੀਤਾ ਜਾ ਰਿਹਾ ਹੈ ।
ਭਾਰਤ ਵਿੱਚ ਲੋਕਤੰਤਰ ਦੇ ਨਾਂ ਤੇ ਧ੍ਰਿਤਰਾਸ਼ਟਰਾਂ , ਦੁਰਯੋਧਨਾਂ ਨੇ ਲੋਕਾਂ ਤੇ ਜ਼ੁਲਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਵੋਟ ਦੀ ਰਾਜਨੀਤੀ ਸਾਡੇ ਲੀਡਰਾਂ ਦਾ ਕਾਮਯਾਬ ਹਥਿਆਰ ਹੈ । ਬੜੀ ਚਲਾਕੀ ਨਾਲ ਲੋਕਾਂ ਦਾ ਧਿਆਨ ਅਸਲ ਸਮੱਸਿਆਵਾਂ ਤੋਂ ਹਟਾ ਕੇ ਦੂਜੇ ਪਾਸੇ ਜੋੜਿਆ ਜਾ ਰਿਹਾ ਹੈ । ਭਾਰਤ ਵਿੱਚ ਰਾਜ ਕਿਸੇ ਪਾਰਟੀ ਦਾ ਵੀ ਆ ਜਾਵੇ ਆਮ ਬੰਦਾ ਸਦਾ ਨਿਤਾਣਾ ਹੀ ਰਹਿੰਦਾ ਹੈ । ਪੂਰਾ ਰਾਜਨੀਤਿਕ ਢਾਂਚਾ ਗੰਦਗੀ ਦਾ ਢੇਰ ਹੈ, ਕੇਵਲ ਸਿਆਸੀ ਪਾਰਟੀਆਂ ਨੇ ਨਾਂ ਹੀ ਬਦਲੇ ਹਨ । ਆਮ ਲੋਕ ਸਿਆਸੀ ਲੋਕਾਂ ਦਾ ਕੇਵਲ ਵੋਟ ਬੈਂਕ ਬਣ ਕੇ ਰਹਿ ਗਏ ਹਨ । ਸਾਡੇ ਲੀਡਰਾਂ ਨੂੰ ਲੋਕਾਂ ਨਾਲੋਂ ਜ਼ਿਆਦਾ ਵੋਟ ਬੈਂਕ ਦੀ ਚਿੰਤਾ ਰਹਿੰਦੀ ਹੈ ।
ਵਾਤਾਵਰਨ ਐਨਾ ਦੂਸ਼ਿਤ ਹੈ ਮਨੁੱਖ ਤਾ ਕੀ, ਜੀਵ-ਜੰਤੂ ਵੀ ਸਾਹ ਨਹੀਂ ਲੈ ਸਕਦੇ । ਪਾਣੀ ਦੂਸ਼ਿਤ, ਹਵਾ ਦੂਸ਼ਿਤ, ਵਾਯੂਮੰਡਲ ਦੂਸ਼ਿਤ । ਕਿਵੇਂ ਸਾਫ਼ ਹੋਵੇਗਾ ਸਾਡਾ ਆਲਾ- ਦੁਆਲਾ, ਕਿਵੇਂ ਤੰਦਰੁਸਤ ਹੋਵੇਗਾ ਸਾਡਾ ਸਮਾਜ, ਪਰਿਵਾਰ ਅਤੇ ਅਸੀਂ, ਆਣ ਵਾਲੀ ਨਸਲ ਬਿਮਾਰੀ ਗਰਭ ਵਿੱਚੋਂ ਲੈ ਕੇ ਆਵੇਗੀ । ਕਿਵੇਂ ਕਾਬੂ ਪਾਵਾਂਗੇ ਇਨ੍ਹਾਂ ਸਮੱਸਿਆਵਾਂ ਤੇ ? ਇਹ ਗੰਭੀਰ ਮਸਲੇ ਪੂਰੀ ਮਨੁੱਖਤਾ ਲਈ ਚੈਲਿਜ਼ ਹਨ । ਇਹ ਮਸਲੇ ਬਗੈਰ ਸੁਹਰਿਦ ਸੋਚ ਤੋਂ ਹੱਲ ਨਹੀਂ ਹੋ ਸਕਦੇ । ਇਹ ਮਸਲੇ ਅੱਜ ਦੁਖਾਂਤ ਬਣ ਚੁੱਕੇ ਹਨ ।
ਦੋਸਤੋ ! ਆਓ ਅੱਜ ਭਵਿੱਖ ਤੇ ਚਿੰਤਨ ਕਰੀਏ । ਆਪਣੀਆਂ ਸੋਚਾਂ ਵਿੱਚ ਜਾਗਰੂਕਤਾ ਲਿਆਈਏ । ਸਿਆਣੇ ਕਹਿੰਦੇ ਹਨ,, ਜਦੋਂ ਕਿਸੇ ਨੂੰ ਅਹਿਸਾਸ ਹੋ ਜਾਵੇ, ਮੈਂ ਕੀ ਗਲਤੀਆਂ ਕਰਦਾ ਹਾਂ, ਉਹ ਮੁੜਕੇ ਕੁਰਾਹੇ ਨਹੀਂ ਪੈਂਦਾ ,, । ਨਿਰਸੰਦੇਹ ਜੀਵਨ-ਜਾਂਚ ਵਿੱਚ ਤਬਦੀਲੀ ਆਉਂਦੀ ਹੈ । ਜਦੋਂ ਤੱਕ ਸੋਚ ਚੇਤਨ ਨਹੀਂ ਹੋ ਜਾਂਦੀ, ਕੋਈ ਵੀ ਤਬਦੀਲੀ ਸੰਭਵ ਨਹੀਂ । ਸੋਚ ਦੀ ਸ਼ਕਤੀ ਨੇ ਮਸਤਕ ਵਿੱਚ ਗਿਆਨ ਦਾ ਦੀਵਾ ਬਾਲਣਾ ਹੈ ।
ਆਓ ਅੱਜ ਸੋਚਾਂ ਵਿੱਚ ਤਰਕ ਦਾ ਦੀਵਾ ਬਾਲੀਏ । ਆਓ ਇੱਕ ਸਿਹਤਮੰਦ, ਨਰੋਈ ਦੁਨੀਆਂ ਦਾ ਨਿਰਮਾਣ ਕਰੀਏ, ਜਦੋਂ ਸਾਡੀ ਸੋਚ ਬਦਲ ਗਈ ਸਾਡਾ ਹਰ ਦਿਨ ਨਵੇਂ ਸਾਲ ਵਰਗਾ ਹੋਵੇਗਾ । ਚਾਰੇ ਪਾਸੇ ਖੁਸ਼ਹਾਲੀ ਤੇ ਤੰਦਰੁਸਤ ਜੀਵਨ ਮਹਿਕ ਉਠੇਗਾ । ਆਓ । ਦੋਸਤੋ ਅੱਜ ਸੋਚਾਂ ਦਾ ਨਿਰਮਾਣ ਕਰੀਏ ।
ਕਲ ਕਰੇ ਸੋਂ ਆਜ ਕਰ , ਆਜ ਕਰੇ ਸੋਂ ਅਬ
ਪਲ ਮੇਂ ਪਰਲੋਂ ਹੋਗੀ , ਫੇਰ ਕਰੇਗਾ ਕਬ ।।

ਲੇਖਕ : ਐੱਸ. ਸੁਰਿੰਦਰ ਹੋਰ ਲਿਖਤ (ਇਸ ਸਾਇਟ 'ਤੇ): 30
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :591
ਲੇਖਕ ਬਾਰੇ
ਆਪ ਜੀ ਪ੍ਰਵਾਸੀ ਕਵੀ ਹਨ। ਹੁਣ ਤੱਕ ਆਪ ਜੀ ਨੇ ਪੰਜਾਬੀ ਕਵਿਤਾ ਵਿੱਚ ਮਾਹਿਏ ਕਾਵਿ ਰੂਪ ਨੂੰ ਵਿਧੇਰੇ ਸਿਰਜਿਆ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਵਿਸ਼ਵ ਪੰਜਾਬੀ ਕਾਨਫ਼ਰੰਸ 2017