ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਬੂਤਰਬਾਜ ਆਪਣੀ ਚਾਲ ਵਿਚ ਫਸਾ ਰਹੇ ਹਨ ਭੋਲੀ ਭਾਲੀ ਜਨਤਾ ਨੂੰ

ਇਸ ਅਤਿ ਦੀ ਮਹਿੰਗਾਈ ਦੇ ਜਮਾਨੇ ਵਿਚ ਹਰ ਇਨਸਾਨ ਭਾਵੇਂ ਉਹ ਪੜਿਆ ਲਿਖਿਆ ਹੈ ਭਾਵੇਂ ਅਨਪੜ,ਪੈਸੇ ਦੀ ਦੌੜ ਵਿਚ ਇਕ ਦੂਜੇ ਤੋਂ ਅੱਗੇ ਨਿਕਲ ਰਿਹਾ ਹੈ,ਨਜਾਇਜ਼ ਜਾ ਜ਼ਾਇਜ਼ ਤਰੀਕੇ ਨਾਲ ਪੈਸੇ ਕਮਾਉਣ ਨੂੰ ਲੋਕ ਪਹਿਲ ਦੇ ਰਹੇ ਹਨ। ਜਿੰਦਗੀ ਜੀਣ ਲਈ ਪੈਸੇ ਦੀ ਅਤਿਅੰਤ ਜਰੂਰਤ ਹੁੰਦੀ ਹੈ,ਪਰ ਹੱਕ ਸੱਚ ਦੀ ਕਮਾਈ ਸੈਂਕੜਿਆਂ ਵਿਚੋਂ ਚੰਦ ਕੁ ਇਨਸਾਨ ਹੀ ਕਰਦੇ ਹੋਣਗੇ,ਅਤੇ ਉਨਾਂ ਦਾ ਗੁਜਾਰਾ ਇਸ ਕਮਾਈ ਨਾਲ ਚਲਣਾ ਬਹੁਤ ਮੁਸ਼ਕਿਲ ਹੈ ਇਸ ਕਰਕੇ ਦੋ ਨੰਬਰ ਦੀ ਕਮਾਈ ਕਰਨ ਨੂੰ ਅੱਜ ਦਾ ਇਨਸਾਨ ਤਰਲੋਮੱਛੀ ਹੋ ਰਿਹਾ ਹੈ,ਭਾਵੇਂ ਇਸਦੇ ਨਤੀਜੇ ਅਤਿਅੰਤ ਭਿਆਨਕ ਹੀ ਕਿਉਂ ਨਾ ਹੋਣ।
ਬੇਰੁਜਗਾਰੀ ਦਾ ਦੈਂਤ ਆਮ ਇਨਸਾਨ ਨੂੰ ਨਿਗਲਣ ਲਈ ਮੂੰਹ ਅੱਡੀ ਖੜਾ ਹੈ,ਨਸ਼ਿਆਂ ਨੇ ਵੀ ਪੰਜਾਬ ਦੀ ਜਵਾਨੀ ਨੂੰ ਪੂਰੀ ਤਰਾਂ ਆਪਣੀ ਜਕੜ ਵਿਚ ਲੈ ਰੱਖਿਆ ਹੈ। ਹਰ ਇਕ ਇਨਸਾਨ ਦੀ ਚੰਗੀਜਿੰਦਗੀ ਜੀਣ ਦੀ ਅਤੇ ਆਪਣੀ ਔਲਾਦ ਦੀ ਵਧੀਆ ਪਰਵਰਿਸ਼ ਦੀ ਤਮੰਨਾ ਹੁੰਦੀ ਹੈ ਜੋ ਕਿ ਪੈਸੇ ਨਾਲ ਹੀ ਪੂਰੀ ਹੋ ਸਕਦੀ ਹੈੈ,ਇਸੇ ਲਈ ਹਰ ਇਨਸਾਨ ਉਪਰੋਕਤ ਗੱਲਾਂ ਨਾਲ ਸਹਿਮਤ ਹੁੰਦਾ ਹੋਇਆ ਜਾਇਜ਼ ਨਜਾਇਜ਼ ਹਰ ਹਥਿਆਰ ਵਰਤ ਕੇ ਇਸ ਦੌੜ ਵਿਚ ਸ਼ਾਮਿਲ ਹੁੰਦਾ ਹੈ। ਪਰ ਵਿਚਾਰਧਾਰਾ ਅਲੱਗ ਹੈ ਕੋਈ ਇਨਸਾਨ ਹੱਡ ਭੰਨਵੀਂ ਮਿਹਨਤ ਕਰਦੇ ਹਨ,ਪਰ ਜਿਆਦਾ ਗਿਣਤੀ ਐਸੇ ਇਨਸਾਨਾਂ ਦੀ ਹੈ ਕਿ ਕਰੀਏ ਵੀ ਕੁਝ ਨਾ ਪਰ ਪੈਸਾ ਧੜਾਧੜ ਆਈ ਜਾਵੇ। ਇਸ ਵਿਚ ਕੋਈ ਦੋ ਰਾਇ ਨਹੀਂ ਕਿ ਇਸ ਤਰਾਂ ਦਾ ਪੈਸਾ ਤਾਂ ਸਿਰਫ ਦੋ ਨੰਬਰ ਦੇ ਧੰਦੇ ਕਾਰਨ ਹੀ ਆ ਸਕਦਾ ਹੈ,ਇਸ ਤਰਾਂ ਦੇ ਧੰਦੇ ਕਈ ਵਾਰ ਇਨਸਾਨ ਨੂੰ ਜੇਲ ਦੀਆਂ ਕਾਲ ਕੋਠੜੀਆਂ ਵੀ ਵਿਖਾ ਦਿੰਦੇ ਹਨ,ਉਸ ਤੋਂ ਇਨਸਾਨ ਦੇ ਪੱਲੇ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਬਚਦਾ। ਕਿਰਤ ਤੋਂ ਦੂਰ ਹੋ ਕਿ ਮਾੜੇ ਧੰਦੇ ਕਰਨੇ ਕੋਈ ਵਧੀਆ ਗੱਲ ਨਹੀਂ। ਅੱਜਕਲ ਨੌਜੁਆਨਾਂ ਚ ਬਾਹਰ ਜਾਣ ਦਾ ਜੋ ਰੁਝਾਨ ਵਧ ਰਿਹਾ ਹੈ ਇਹ ਵੀ ਚਿੰਤਾ ਦਾ ਵਿਸ਼ਾ ਹੈ,ਧੋਖੇਬਾਜ ਏਜੰਟ,ਨੌਸਰਬਾਜਾਂ ਤੇ ਕਬੂਤਰਬਾਜਾਂ ਨੇ ਆਪਣਾ ਜਾਲ ਵਿਛਾ ਰੱਖਿਆ ਹੈ ਜਿਨਾ ਦਾ ਮੁਖ ਮਕਸਦ ਲੋਕਾਂ ਨੂੰ ਲੁੱਟਣਾ ਤੇ ਆਪਣੀਆਂ ਤਿਜੌਰੀਆਂ ਭਰਨਾ ਹੈ।
ਬਹੁਤ ਸਾਰੇ ਐਸੇ ਕਬੂਤਰਬਾਜ ਹਨ ਜਿਨਾਂ ਦੇ ਪੋਲ ਦਿਨੋ ਦਿਨ ਖੁਲ ਰਹੇ ਹਨ ਕਿ ਉਹ ਕਿਸ ਤਰਾਂ ਲੋਕਾਂ ਨੂੰ ਆਪਣੇ ਮੱਕੜ ਜਾਲ ਵਿਚ ਫਸਾ ਕਿ ਲੁੱਟ ਰਹੇ ਹਨ,ਗੈਰ ਕਾਨੂੰਨੀ ਢੰਗ ਨਾਲ ਵੀਜਾ ਲਗਵਾਉਣ ਵਾਲਿਆਂ ਦੀ ਗਿਣਤੀ ਦਿਨੋ ਦਿਨ ਵਧ ਰਹੀ ਹੈ। ਆਮ ਨੌਜੁਆਨ ਵੀ ਬਹੁਤੇ ਝਮੇਲੇ ਵਿਚ ਨਾ ਪੈ ਕੇ ਸੌਖੇ ਢੰਗ ਨਾਲ ਬਾਹਰ ਜਾਣ ਨੂੰ ਤਰਜੀਹ ਦਿੰਦੇ ਹਨ,ਅਤੇ ਜਮੀਨਾਂ ਘਰ ਬਾਰ ਵੇਚ ਕਿ ਬਾਹਰ ਜਾਣ ਲਈ ਉਤਾਵਲੇ ਹੋ ਰਹੇ ਹਨ। ਆਮ ਜਨਤਾ ਨੌਸਰਬਾਜਾਂ ਦੀਆਂ ਚਾਲਾਂ ਵਿਚ ਆ ਕੇ ਠੱਗੀ ਜਾਂਦੀ ਹੈ,ਗਲਤ ਡਾਕੂਮੈਂਟ ਲਗਾ ਕਿ ਬਾਹਰ ਜਾਣ ਦਾ ਰਿਵਾਜ ਆਮ ਪਰਚੱਲਿਤ ਹੋ ਚਲਿਆ ਹੈ।ਪਰ ਐਸੇ ਲੋਕ ਸਮੇਂ ਅਤੇ ਪੈਸੇ ਦੀ ਬਰਬਾਦੀ ਕਰਕੇ ਪਿਛੋਂ ਹੱਥ ਮਲਦੇ ਹਨ। ਫਰਜੀ ਪਾਸਪੋਰਟ ਬਣਾਉਣਾ ਅੱਜਕਲ ਗੋਰਖ ਧੰਦਾ ਬਣ ਗਿਆ ਹੈ। ਵੱਡੇ ਵੱਡੇ ਲੋਕ ਐਸੇ ਕਾਰਨਾਮਿਆਂ ਚ ਫਸ ਗਏ ਹਨ ਕੀ ਸਿਆਸੀ,ਧਾਰਮਿਕ,ਅਫਸਰਸ਼ਾਹੀ,ਖਿਡਾਰੀ,ਕਲਾਕਾਰ,ਗੀਤਕਾਰ ਸਾਰੇ ਹੀ ਐਸੇ ਧੰਦਿਆਂ ਵਿਚ ਲਿਪਤ ਹਨ। ਹੇਰਾ ਫੇਰੀ ਦਾ ਧੰਦਾ ਜੋਰਾਂ ਤੇ ਹੋਣ ਕਰਕੇ,ਇਸ ਨਾਲ ਸੰਬੰਧਤ ਦਫਤਰ ਵੀ ਚੌਕਨੇ ਹੋ ਗਏ ਹਨ,ਸਮੇਂ ਦੇ ਮੁਤਾਬਕ ਬਾਹਰ ਜਾਣ ਦੇ ਕਾਇਦੇ ਕਾਨੂੰਨ ਸਮੇਂ ਦੀਆਂ ਸਰਕਾਰਾਂ ਨੇ ਕਾਫੀ ਸਖਤ ਕੀਤੇ ਹੋਏ ਹਨ,ਪਰ ਇਹ ਨੌਸਰਬਾਜ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ ਨਹੀਂ ਆਉਂਦੇ,ਲੋਕਾਂ ਦੇ ਭੋਲੇਪਨ ਦਾ ਫਾਇਦਾ ਉਠਾ ਕਿ ਉਨਾਂ ਨੂੰ ਐਸੇ ਸਬਜਬਾਗ ਵਿਖਾਉਂਦੇ ਹਨ ਕਿ ਬੰਦਾ ਇਨਾਂ ਦੇ ਬਹਿਕਾਵੇ ਵਿਚ ਆ ਕੇ ਇਨਾ ਦਾ ਹੀ ਹੋ ਕੇ ਰਹਿ ਜਾਂਦਾ ਹੈ ਪਤਾ ਉਦੋਂ ਲਗਦਾ ਹੈ ਜਦੋਂ ਠੱਗਿਆ ਜਾਂਦਾ ਹੈ ਫਿਰ ਪਛਤਾਵਾ,ਪੁਲਿਸ,ਅਤੇ ਅਦਾਲਤਾਂ ਦੇ ਚੱਕਰਾਂ ਵਿਚ ਐਸਾ ਉਲਝਦਾ ਹੈ ਕਿ ਕਿ ਬਾਹਰ ਤਾਂ ਕੀ ਆਪਣੇ ਦੇਸ਼ ਵਿਚ ਵੀ ਕੰਮ ਕਰਨ ਜੋਗਾ ਨਹੀਂ ਰਹਿੰਦਾ। ਹਰ ਇਕ ਦੇਸ਼ ਦਾ ਆਪੋ ਆਪਣਾ ਕਾਨੂੰਨ ਹੈ,ਪਰ ਇਹ ਕਬੂਤਰਬਾਜ ਸਿਰਫ ਲੋਕਾਂ ਤੋਂ ਪੈਸੇ ਬਟੋਰਦੇ ਹਨ ਅਤੇ ਬਾਹਰ ਭੇਜਣ ਦੀ ਤਾਕ ਵਿਚ ਆਪਣੇ ਹੀ ਦੇਸ਼ ਵਿਚ ਹਵਾਈ ਜਹਾਜ ਦਾ ਇਕ ਚੱਕਰ ਲਗਵਾ ਦਿੰਦੇ ਹਨ ਤੇ ਉਸਤੋਂ ਬਾਦ ਕਿਤੇ ਵਿਖਾਈ ਨਹੀਂ ਦਿੰਦੇ ਆਮ ਇਨਸਾਨ ਤੋਂ ਇਹ 15-20 ਲੱਖ ਰੁਪਏ ਬਟੋਰ ਲੈਂਦੇ ਹਨ ਤੇ ਲੈਂਦੇ ਵੀ ਅਡਵਾਂਸ ਹਨ,ਤੇ ਉਸ ਤੋਂ ਬਾਦ ਐਸੇ ਰਫੂ ਚੱਕਰ ਹੁੰਦੇ ਹਨ ਕਿ ਲੱਭਿਆਂ ਵੀ ਨਹੀਂ ਲਭਦੇ। ਜਿਨਾਂ ਲੋਕਾਂ ਨੇ ਇਨਾਂ ਦੇ ਚੱਕਰਾਂ ਵਿਚ ਆਪਣਾ ਧੰਨ ਅਤੇ ਜਮੀਨ ਗਵਾ ਲਈ ਹੈ ਉਹ ਨਾ ਘਰ ਦੇ ਰਹਿੰਦੇ ਹਨ ਤੇ ਨਾ ਹੀ ਘਾਟ ਦੇ ਫਿਰ “ਅਬ ਪਛਤਾਇਆ ਕਿਆ ਹੋਏ,ਜਬ ਚਿੜੀਆ ਚੁਗ ਗਈ ਖੇਤ” ਵਾਲੀ ਕਹਾਵਤ ਹੀ ਰਹਿ ਜਾਂਦੀ ਹੈ।
ਜਿਨਾਂ ਸਿਆਸਤਦਾਨਾਂ ਜਾਂ ਵੱਡੇ ਨੇਤਾਵਾਂ ਨੇ ਦੁਨੀਆ ਨੂੰ ਸਹੀ ਮਾਰਗ ਦਰਸ਼ਨ ਕਰਨਾ ਹੁੰਦਾ ਹੈ,ਉਹ ਵੀ ਐਸੇ ਧੰਦਿਆਂ ਚ ਲਿਪਤ ਹਨ ਤੇ ਲੋਕਾਂ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। ਜਾਅਲੀ ਪਾਸਪੋਰਟ ਬਣ ਰਹੇ ਹਨ,ਬੰਦਾ ਕੋਈ,ਫੋਟੋ ਕਿਸੇ ਦੀ,ਰਹਿਣ ਦਾ ਐਡਰੈਸ ਗਲਤ,ਪਤਾਹੋਰ ਥਾਂ ਦਾ ਸਭ ਪਾਸੇ ਘਪਲੇਬਾਜ਼ੀ ਹੋ ਰਹੀ ਹੈ। ਏਜੰਟ ਲੋਕ ਕਿਸ ਕਦਰ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ। ਇਥੇ ਪੈਸੇ ਨਾਲ ਸਭ ਕੁਝ ਮਿਲ ਜਾਂਦਾ ਹੈ,ਜਦੋਂ ਕਿਤੇ ਐਸੇ ਲੋਕ ਫੜੇ ਜਾਂਦੇ ਹਨ ਤਾਂ ਫਿਰ ਸਫਾਈਆਂ ਦਿੰਦੇ ਨਹੀਂ ਥੱਕਦੇ ਅਤੇ ਆਮ ਹੀ ਕਹਿੰਦੇ ਹਨ ਕਿ ਇਹ ਕੰਮ ਸਿਆਸਤ ਤੋਂ ਪਰੇਰਿਤ ਹੈ ਤੇ ਸਾਨੂੰ ਐਂਵੇਂ ਫਸਾਇਆ ਜਾ ਰਿਹਾ ਹੈ। ਬੇਤੁਕੇ ਬਿਆਨ ਦੇ ਕੇ ਆਪਣੀ ਖਲਾਸੀ ਕਰਾਉਣਾ ਚਾਹੁੰਦੇ ਹਨ। ਇਹ ਕਬੂਤਰਬਾਜ ਦੇਸ਼ ਅਤੇ ਵਿਦੇਸ਼ ਦੇਨੋਂ ਥਾਈਂ ਹੀ ਲੋਕਾਂ ਨੂੰ ਲੁੱਟ ਰਹੇ ਹਨ,ਇਨਾਂ ਦੇ ਨਾਲ ਹੀ ਬਾਹਰਲੇ ਏਜੰਟਾਂ ਦੀ ਸੰਢ-ਗੰਢ ਰਲੀ ਹੁੰਦੀ ਹੈ,ਤੇ ਆਪਣੀਆਂ ਤਿਜੌਰੀਆਂ 2 ਨੰ.ਦੇ ਧੰਦੇ ਨਾਲ ਗੈਰ ਕਾਨੂੰਨੀ ਢੰਗ ਨਾਲ ਭਰ ਰਹੇ ਹਨ,ਭੋਲੀ ਭਾਲੀ ਜਨਤਾ ਇਨਾਂ ਦੇ ਸਬਜਬਾਗ ਵਿਚ ਉਲਝ ਜਾਂਦੀ ਹੈ।
ਅਾਮ ਜਨਤਾ ਅਤੇ ਦੇਸ਼ ਦੇ ਨੌਜੁਆਨਾਂ ਨੂੰ ਐਸੇ ਕਬੂਤਰਬਾਜਾਂ ਤੋਂ ਚੁਕੰਨੇ ਹੋਣ ਦੀ ਸਖਤ ਲੋੜ ਹੈ,ਸੁਚੇਤ ਰਹਿਣਾ ਚਾਹੀਦਾ ਹੈ,ਕਿਉਂਕਿ ਇਹ ਲੋਕ ਕਿਸੇ ਦੇ ਮਿਤ ਨਹੀਂ,ਇਨਾਂ ਨੇ ਤਹਾਨੂੰ ਲੁਟ ਕੇ ਆਪਣੀਆਂ ਤਿਜੌਰੀਆਂ ਭਰਨੀਆਂ ਹਨ ਤੇ ਫਿਰ ਇਹ ਦੋ ਨੰ. ਦਾ ਕਮਾਇਆ ਪੈਸਾ ਕਿਸੇ ਚੰਗੇ ਕੰਮਾਂ ਦੇ ਵਿਚ ਨਹੀਂ ਲੱਗਦਾ,ਕੋਰਟ ਕਚਹਿਰੀਆਂ,ਬਿਮਾਰੀਆਂ ਜਾਂ ਕਿਸੇ ਐਸੇ ਕੰਮਾਂ ਤੇ ਲਗਦਾ ਹੈ ਭਾਵ ਜਿਵੇਂ ਕਮਾਇਆ ਹੁੰਦਾ ਹੈ,ਉਵੇਂ ਹੀ ਚਲਿਆ ਜਾਂਦਾ ਹੈ। ਜਿਸ ਗਰੀਬ ਜੰਤਾ ਦਾ ਉਹ ਹੁੰਦਾ ਉਨਾਂ ਦੀਆਂ ਬਦਸੀਸਾਂ ਇਨਾਂ ਦੀ ਔਲਾਦ ਨੂੰ ਲਗਦੀਆਂ ਹਨ - ਇਹ ਹਕੀਕਤ ਹੈ।
ਇਸੇ ਕਰਕੇ ਦੇਸ਼ ਦੇ ਆਮ ਨੌਜੁਆਨਾਂ ਨੂੰ ਇਹੀ ਬੇਨਤੀ ਹੈ ਕਿ ਆਪਣੇ ਦੇਸ਼ ਵਿਚ ਰਹਿ ਕੇ ਹੀ ਕਾਰੋਬਾਰ ਕੀਤਾ ਜਾਵੇ,ਦੇਸ਼ ਦੀ ਤਰੱਕੀ ਵਿਚ ਬਣਦਾ ਸਹਿਯੋਗ ਪਾਇਆ ਜਾਵੇ,ਕੋਈ ਘਰੇਲੂ ਆਪਣੇ ਕਾਰੋਬਾਰ ਕਰਕੇ ਸਰਕਾਰ ਤੋਂ ਗਰਾਂਟਾ ਲੈ ਕੇ ਕੰਮ ਕੀਤੇ ਜਾਣ,ਜੇਕਰ ਬਾਹਰ ਜਾਣ ਦਾ ਵਿਚਾਰ ਬਣਦਾ ਵੀ ਹੈ ਤਾਂ ਮਨਜੂਰਸ਼ੁਦਾ ਏਜੰਸੀਆਂ,ਪ੍ਮਾਣਿਤ ਏਜੰਟਾਂ ਰਾਹੀਂ ਸਹੀ ਦਸਤਾਵੇਜ ਨਾਲ ਹੀ ਜਾਇਆ ਜਾਵੇ। ਇਸ ਤਰਾਂ ਕਰਨ ਨਾਲ ਸਮੇਂ ਦੀ ਬੱਚਤ ਧੰਨ ਦੀ ਬੱਚਤ ਤੇ ਦਿਮਾਗੀ ਪਰੇਸ਼ਾਨੀ ਤੋਂ ਬਚਿਆ ਜਾ ਸਕਦਾ ਹੈ। ਕਿਸੇ ਧੋਖੇਬਾਜ ਏਜੰਟਾਂ ਦੇ ਧੱਕੇ ਨਾ ਚੜੋ ਜੋ ਕਿ ਅਡਵਾਂਸ ਲੈ ਕੇ ਤੁਹਾਡੀਆਂ ਰਾਤਾਂ ਦੀ ਨੀਂਦ ਅਤੇ ਦਿਨ ਦਾ ਚੈਨ ਹਰਾਮ ਕਰਦੇ ਹੋਣ ਅਤੇ ਉਨਾਂ ਦੇ ਪਿਛੇ ਪਿਛੇ ਨਾ ਘੁੰਮਣਾ ਪਵੇ ਤੇ ਨਾ ਹੀ ਪਛਤਾਵਾ ਲਵੋ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1337
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ