ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬੁੜ੍ਹੀਆਂ ਦਾ ਤਾਂਗਾ

ਸਾਡੇ ਪਿੰਡ ਸੀ ਚਾਚਾ ਸੰਤੂ , ਟਾਂਗੇ ਵਾਲਾ ਗੱਪੀ,
ਹਰਦਮ ਸੀ ਜੋ ਹਾਸੇ ਵਾਲੀ , ਕਿੱਲੀ ਰੱਖਦਾ ਨੱਪੀ ।
ਹੋ ਗਿਆ ਚਿੱਟਾ ਕੁੱਕੜ ਪਰ ਦਿੱਲ ਦਾ ਬੜਾ ਜਵਾਨ,
ਜੀਵਣ ਦੇ ਪਿੜ ਅੰਦਰ ਪਰ ਤਗੜਾ ਸੀ ਭਲਵਾਨ।
ਰੱਖਿਆ ਨਾਲ ਸ਼ੌਕ ਦੇ ਉਸ ਨੇ ਇੱਕ ਟਾਂਗਾ ਘੋੜੀ,
ਰੱਬ ਰਲਾਈ ਜੋੜੀ ਵਾਹਵਾ ਇੱਕ ਅੰਨ੍ਹਾ ਇੱਕ ਕੋੜ੍ਹੀ।
ਟਾਂਗੇ ਦਾ ਨਾਂ ਰੂੜਾ ਰੱਖਿਆ , ਘੋੜੀ ਦਾ ਨਾਂ ਕਮਲੀ,
ਪਿੰਡ ਦੇ ਲੋਕੀਂ ਕਹਿੰਦੇ ਸਾਰੇ, ਸੰਤੂ ਚਾਚਾ ਅਮਲੀ।
ਢਿਚਕੂੰ ਢਿਚਕੂੰ ਕਰਦੀ, ਘੋੜੀ ਦੀ ਸੀ ਚਾਲ,
ਜਿਹੜਾ ਬਹਿ ਜਾਏ ਆਖੇ, ਟਾਂਗਾ ਬੜਾ ਕਮਾਲ।
ਟਾਂਗੇ ਦੇ ਦੋ ਪਹੀਏ ਇਉਂ ਜਿਉਂ ਹੁੰਦੀਆਂ ਖੜਤਾਲਾਂ ।
ਸਬਰ ਸ਼ੁਕਰ ਵਿੱਚ ਦੋਵੇਂ ਚਲਦੇ ਹਰ ਵੇਲ ਹਰ ਹਾਲਾਂ ,
ਘਰ ਵਾਲੀ ਸੀ ਸੁਹਣੀ , ਪਰ ਕੰਨਾ ਤੋਂ ਸੀ ਬੋਲੀ ,
ਦੋਵੇਂ ਰੱਖਦੇ ਹਾਸੇ ਦੀ ਸੀ, ਭਰੀ ਭਰਾਈ ਝੋਲੀ ।
ਕਹਿੰਦੇ ਚਾਚੀ ਕੁੱਬੀ , ਨਾਂ ਸੀ ਕਰਮੋ ਰਾਣੀ ,
ਕਈਆਂ ਉੱਸਦਾ ਨਾਂ ਸੀ ਰੱਖਿਆ ਚਾਚੀ ਸੁਰਮੇ ਦਾਣੀ ।
ਹਾਸੇ ਦੇ ਵਿੱਚ ਕੁੱਝ ਗਪੌੜੇ,ਤੇ ਗੱਪਾਂ ਦੇ ਵਿੱਚ ਹਾਸੇ,
ਹਰ ਦਮ ਘੋਲੀ ਰੱਖਦੇ ਦੋਵੇਂ , ਹਾਸੇ ਵਿੱਚ ਪਤਾਸੇ ।
ਰੋਜ ਸਵੇਰੇ ਚਾਚਾ ਸੀ ,ਜਦ ਟਾਂਗਾ ਲੈ ਜਾਂਦਾ ,
ਕਰਮੋ ਰਾਣੀ ਨੂੰ ਵੀ ਨਾਲੇ ਅੱਗੇ ਨਾਲ ਬਿਠਾਂਦਾ।
ਰੋਜ ਰਾਤ ਨੂੰ ਖਾਂਦੇ ਰਲਕੇ ਦੋਂਵੇਂ,ਕੁੱਕੜ ਸੀ ਬੇ ਬਾਂਗਾ ,
ਟਾਂਗੇ ਤੇ ਸੀ ਲਿਖਿਆ , ਇਹ ਬੁੜ੍ਹੀਆਂ ਦਾ ਟਾਂਗਾ ।
ਚਾਚੇ ਦੇ ਦੋ ਮੁੰਡੇ ਛੜੇ , ਇੱਕੋ ਛੱਤ ਵਰਾਂਡਾ ,
ਇੱਕ ਦਾ ਨਾਂ ਸੀ ਮਿਰਜਾ , 'ਤੇ ਦੂਜੇ ਦਾ ਨਾਂ ਰਾਂਝਾ
ਇੱਕ ਡੇਰੇ ਜਾ ਬੈਠਾ ਬਣ ਕੇ ਕਿਤੇ ਨਿਹੰਗ ,
ਦੂਜਾ ਕਿਧਰੇ ਤੁਰ ਗਿਆ ਬਣ ਕੇ ਮਸਤ ਮਲੰਗ ।
ਇਹ ਟਾਂਗਾ ਤੇ ਘੋੜੀ ਨਾਜਰ ਦੇ ਦੋ ਗਹਿਣੇ,
ਜੂੰ ਦੀ ਚਾਲੇ ਚਲਦਾ , ਤਾਂਗੇ ਦੇ ਕੀ ਕਹਿਣੇ ।
ਜੇ ਕੋਈ ਮਿਲ ਜਾਏ ਰਾਹ ਵਿੱਚ ਪੈਦਲ ਜਾਂਦੀ ਮਾਈ ,
ਂਫੜ ਕੇ ਆਪ ਬਿਠਾਂਉਂਦਾ ਕਹਿਕੇ ਚਾਚੀ ਤਾਈ ।
ਜਿੰਨਾ ਮਰਜੀ ਦੇ ਦਈਂ ਸੇਵਾ ਨਹੀਂ ਕਰਾਇਆ ,
ਤੈਨੂੰ ਘੱਟਾ ਫੱਕਦੀ ਨੂੰ ਤਰਸ ਤੇਰੇ ਤੇ ਆਇਆ ।
ਮੈਂ ਤਾਂ ਆਪਣਾ ਤਾਂਗਾ ਬੁੜ੍ਹੀਆਂ ਲਈ ਬਨਾਇਆ ।
ਜੇ ਕੋਈ ਮਿਲ ਜਾਏ ਬੰਦਾ , ਕੋਰਾ ਦਵੇ ਜੁਵਾਬ ।
ਫੱਟੇ ਤੇ ਕੀ ਲਿਖਿਆ ਅੱਗੇ ਵੇਖੋ ਜਰਾ ਜਨਾਬ ।
ਰੋਜ ਸਵੇਰੇ ਜਾਣਾ ਸ਼ਹਿਰ , ਸਾਮਾਂ ਨੂੰ ਘਰ ਆਣਾ ,
ਰੋਜ ਬਿਠਾਈ ਫਿਰਨਾ ਬੁੜ੍ਹੀਆਂ ਦਾ ਬਸ ਲਾਣਾ ।
ਹੋਵੇ ਕਿਤੇ ਇਕੱਠ , ਜਾਂ ਫਿਰ ਕਿਤੇ ਮਕਾਣ ,
ਜਾਂ ਫਿਰ ਜਾਣਾ ਪੈ ਜਾਏ ਸ਼ਗਨ ਛੁਹਾਰਾ ਲਾਉਣ ।
ਤੜਕੇ ਤੜਕੇ ਚਾਚਾ ,ਝੱਟ ਹੋ ਜਾਂਦਾ ਹਾਜਰ ,
ਪਾ ਕੇ ਨਵੀਂ ਫਤੂਈ , ਬਨ੍ਹ ਸਲੇਟੀ ਚਾਦਰ ।
ਛੱਡ ਕੇ ਲੰਮਾ ਫਰਲਾ , ਪਿਛੇ ਲੰਮਾ ਲੜ ,
ਚੱਲ ਖਾਂ ਕਮਲੀ ਰਾਣੀ , ਕਹੇ ਲਗਾਮਾਂ ਫੜ ।
ਇੱਕ ਦਿਨ ਵਰ੍ਹਿਆ ਮੀਂਹ , ਹੋ ਗਿਆ ਚਿੱਕੜ ਖੋਭਾ ,
ਖੂਬ ਕਰਾਈ ਮੀਂਹ ਨੇ , ਸਾਰੇ ਨੂੰ ਤੋਬਾ ਤੋਬਾ ।
ਪਾ ਲਿਆ ਕੱਚੀ ਸੜਕੇ , ਚਾਚੇ ਨੇ ਸੀ ਟਾਂਗਾ ,
ਚਾਚਾ ਅੱਗੇ ਬਹਿਕੇ , ਹੀਰ ਪਿਆ ਸੀ ਗਾਂਦਾ ।
ਐਵੇਂ ਭੋਲ ਭੁਲੇਖੇ , ਚਾਚੇ ਚੁਕਿਆ ਛਾਂਟਾ ,
ਬਦਲ ਲਿਆ ਘੋੜੀ ਨੇ , ਆਪਣੀ ਲੀਹੋਂ ਕਾਂਟਾ ।
ਤਿਲਕ ਗਈ ਜਦ ਘੋੜੀ ਤੇ ਵੱਖੀ ਪਰਨੇ ਟਾਂਗਾ ,
ਬੁੜ੍ਹੀਆਂ ਦਾ ਸੱਭ ਲਾਣਾ ਹੋ ਗਿਆ ਘੋਲ ਪਲਾਂਗਾ ।
ਚਿੱਕੜ ਦੇ ਵਿੱਚ ਲੀੜੇ ਲੱਤੇ ਹੋ ਗਏ ਡੱਬ ਖੜੱਬੇ ,
ਵੇਖ ਨਜਾਰਾ ਬੁੜੀਆਂ ਦਾ , ਰਾਹੀ ਹੱਸਣ ਲੱਗੇ ।
ਰੱਬ ਦਾ ਸ਼ੁਕਰ ਮਨਾਇਆ ਬੱਚ ਗਏ ਗਿੱਟੇ ਗੋਡੇ ,
ਆਈਆਂ ਕਈ ਝਰੀਟਾਂ , ਬੱਚ ਗਏ ਬਾਂਹਵਾਂ ਮੋਢੇ ।
ਚਾਚੇ ਫੜਕੇ ਬਾਹੋਂ ਬੁੜ੍ਹੀਆਂ ਮਸਾਂ ਉਠਾਈਆਂ ,
ਮੰਗੇ ਸੁੱਖਾਂ ਸੰਤੂ, ਕਹਿ ਕੇ ਚਾਚੀਆਂ ਤਾਈਆਂ ।
ਨਾ ਹੁਣ ਚਾਚਾ ਸੰਤੂ ,ਨਾ ਬੁੜ੍ਹੀਆਂ ਨਾ ਹਾਸੇ ,
ਇੱਕ ਦੂਜੇ ਤੋਂ ਰੁੱਸੇ , ਲੱਗਦੇ ਚਾਰੇ ਪਾਸੇ ।

ਲੇਖਕ : ਰਵੇਲ ਸਿੰਘ ਇਟਲੀ ਹੋਰ ਲਿਖਤ (ਇਸ ਸਾਇਟ 'ਤੇ): 63
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1071

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ