ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਭਾਰਤ 'ਚ ਵਾਪਰਿਆ ਖ਼ੂਨੀ ਘੁਟਾਲਾ : ਵਿਆਪਮ

ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼ ਵਿਚ ਵਿਆਪਮ ਘੁਟਾਲੇ ਦੀ ਜਾਂਚ ਸੀਬੀਆਈ ਹਵਾਲੇ ਕਰ ਦਿੱਤੀ ਹੈ। ਇਸ ਦੇ ਨਾਲ ਮੁਲਜ਼ਮਾਂ, ਗਵਾਹਾਂ ਅਤੇ ਹੋਰ ਵਿਅਕਤੀਆਂ ਦੀਆਂ ਰਹੱਸਮਈ ਮੌਤਾਂ ਬਾਰੇ ਵੀ ਜਾਂਚ ਕੀਤੀ ਜਾਏਗੀ। ਚੀਫ਼ ਜਸਟਿਸ ਐਚ ਐਲ ਦੱਤੂ ਦੀ ਅਗਵਾਈ ਹੇਠਲੀ ਤਿੰਨ ਮੈਂਬਰੀ ਬੈਂਚ ਨੇ ਮੱਧ ਪ੍ਰਦੇਸ਼ ਦੇ ਰਾਜਪਾਲ ਰਾਮ ਨਰੇਸ਼ ਯਾਦਵ ਨੂੰ ਹਟਾਉਣ ਲਈ ਪਾਈਆਂ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਕੇਂਦਰ ਅਤੇ ਮੱਧ ਪ੍ਰਦੇਸ਼ ਸਰਕਾਰ ਨੂੰ ਨੋਟਿਸ ਜਾਰੀ ਕੀਤੇ ਹਨ। ਯਾਦਵ ਨੂੰ ਇਕ ਕੇਸ ਵਿਚ ਮੁਲਜ਼ਮ ਬਣਾਇਆ ਗਿਆ ਹੈ ਪਰ ਉਨ੍ਹਾਂ ਹਾਈਕੋਰਟ ਤੋਂ ਇਸ ਆਧਾਰ ਤੇ ਰਾਹਤ ਲੈ ਲਈ ਸੀ ਕਿ ਸੰਵਿਧਾਨਕ ਅਹੁਦੇ 'ਤੇ ਬੈਠੇ ਹੋਣ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਨਹੀਂ ਚਲ ਸਕਦਾ। ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਇੱਕ ਤੋਂ ਬਾਅਦ ਇੱਕ ਮੌਤ ਹੋ ਜਾਣ ਨਾਲ ਮੱਧ ਪ੍ਰਦੇਸ਼ ਦੇ ਵਿਆਪਮ ਖ਼ੂਨੀ ਘੁਟਾਲੇ ਦਾ ਰਹੱਸ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਇਸ ਘੁਟਾਲੇ ਦੇ ਮਾਮਲੇ ਵਿੱਚ ਫ਼ਰਜ਼ੀ ਪ੍ਰੀਖਿਆਰਥੀਆਂ ਬਾਰੇ ਜਾਂਚ ਕਰ ਰਹੇ ਜੱਬਲਪੁਰ ਮੈਡੀਕਲ ਕਾਲਜ ਦੇ ਡੀਨ ਡਾ. ਅਰੁਣ ਸ਼ਰਮਾ, ਖੋਜੀ ਪੱਤਰਕਾਰ ਅਕਸ਼ੈ ਸਿੰਘ ਅਤੇ ਇੱਕ ਟਰੇਨੀ ਪੁਲੀਸ ਇੰਸਪੈਕਟਰ ਅਨਾਮਿਕਾ ਦੀਆਂ ਭੇਤਭਰੀ ਹਾਲਤ ਵਿੱਚ ਹੋਈਆਂ ਮੌਤਾਂ ਨੇ ਇਸ ਮਾਮਲੇ ਨੂੰ ਬੇਹੱਦ ਸ਼ੱਕੀ ਬਣਾ ਦਿੱਤਾ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਘੁਟਾਲੇ ਨਾਲ ਸਬੰਧਿਤ ਹੁਣ ਤਕ ਲੱਗਭੱਗ 46 ਵਿਅਕਤੀਆਂ ਦੀਆਂ ਗ਼ੈਰ-ਕੁਦਰਤੀ ਢੰਗ ਨਾਲ ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਮੱਧ ਪ੍ਰਦੇਸ਼ ਦੇ ਰਾਜਪਾਲ ਰਾਮ ਨਰੇਸ਼ ਯਾਦਵ ਦੇ ਬੇਟੇ ਅਤੇ ਇੱਕ ਹੋਰ ਡੀਨ ਵੀ ਸ਼ਾਮਿਲ ਹਨ। ਇਸ ਤੋਂ ਸਾਬਤ ਹੋ ਰਿਹਾ ਹੈ ਕਿ ਦਾਲ ਵਿਚ ਕਾਲਾ ਹੀ ਨਹੀਂ, ਸਾਰੀ ਦਾਲ ਹੀ ਕਾਲੀ ਹੈ।
ਵਿਆਪਮ ਘੁਟਾਲੇ ਦੀ ਜਾਂਚ ਹਾਈ ਕੋਰਟ ਦੇ ਹੁਕਮਾਂ ਤਹਿਤ ਐਸ. ਟੀ. ਐਫ. ਕਰ ਰਹੀ ਹੈ। 1000 ਫਰਜ਼ੀ ਭਰਤੀ ਦੀ ਗੱਲ ਤਾਂ ਖ਼ੁਦ ਸ਼ਿਵਰਾਜ ਸਿੰਘ ਚੌਹਾਨ ਵਿਧਾਨ ਸਭਾ ਵਿੱਚ ਸਵੀਕਾਰ ਕਰ ਚੁੱਕੇ ਹਨ। ਇਸ ਤੋਂ ਇਲਾਵਾ 2008 ਤੋਂ 2010 ਦੇ ਦਰਮਿਆਨ ਸਰਕਾਰੀ ਨੌਕਰੀਆਂ ਨਾਲ ਜੁੜੀਆਂ 10 ਪ੍ਰੀਖਿਆਵਾਂ ਵਿੱਚ ਧਾਂਦਲੀ ਦੇ ਦੋਸ਼ ਹਨ। 55 ਕੇਸ, 2,530 ਦੋਸ਼ੀਆਂ ਅਤੇ 1,980 ਗ੍ਰਿਫ਼ਤਾਰੀਆਂ ਦੇ ਬਾਵਜੂਦ ਇਸ ਖ਼ੂਨੀ ਘੁਟਾਲੇ ਦਾ ਰਹੱਸ ਦਿਨ-ਬ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਮੁੱਖ ਮੰਤਰੀ ਸ਼ਿਵਰਾਜ ਦਾ ਇਸ ਸੰਬੰਧ ਵਿਚ ਕਹਿਣਾ ਹੈ ਕਿ ਸਾਰੀਆਂ ਮੰਦਭਾਗੀ ਘਟਨਾਵਾਂ ਨੂੰ ਵਿਆਪਮ ਜਾਂ ਉਸ ਦੀ ਜਾਂਚ ਨਾਲ ਜੋੜ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਦੂਸਰੇ ਪਾਸੇ ਵਿਆਪਮ ਘੁਟਾਲੇ ਦੀ ਜਾਂਚ ਦੀ ਨਿਗਰਾਨੀ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਦਾ ਮੰਨਣਾ ਹੈ ਕਿ ਘੁਟਾਲੇ ਨਾਲ ਜੁੜੇ ਲੋਕਾਂ ਦੀਆਂ ਲੜੀਵਾਰ ਮੌਤਾਂ ਭੇਦਭਰੀਆਂ ਨਹੀਂ ਲਗਦੀਆਂ ਪਰ ਅਸਧਾਰਨ ਹਨ।
ਉਧਰ ਕਾਂਗਰਸ ਨੇ ਕਿਹਾ ਹੈ ਕਿ ਕਥਿਤ 45 ਮੌਤਾਂ ਦੀ ਜ਼ਿੰਮੇਵਾਰੀ ਤੋਂ ਮੁੱਖ ਮੰਤਰੀ ਬਚ ਨਹੀਂ ਸਕਦੇ। ਕਾਂਗਰਸ ਵੱਲੋਂ ਇਸ ਘੁਟਾਲੇ ਵਿੱਚ ਮੱਧ ਪ੍ਰਦੇਸ ਦੇ ਰਾਜਪਾਲ ਰਾਮ ਨਰੇਸ਼ ਯਾਦਵ, ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਉਨ੍ਹਾਂ ਦੀ ਪਤਨੀ ਸਮੇਤ ਹੋਰ ਕਈ ਸਿਆਸੀ ਅਤੇ ਪ੍ਰਸ਼ਾਸਕੀ ਵਿਅਕਤੀਆਂ ਦੇ ਸ਼ਾਮਲ ਹੋਣ ਦੇ ਦੋਸ਼ ਲਗਾਏ ਜਾ ਰਹੇ ਹਨ ਭਾਵੇਂ ਕਿ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।
ਵਿਆਪਕ ਘੁਟਾਲੇ ਦਾ ਇਤਿਹਾਸ
ਵਿਆਪਮ ਘੁਟਾਲੇ ਦੀ ਸ਼ੁਰੂਆਤ ਸਾਲ 2007 ਤੋਂ ਹੋਈ ਮੰਨੀ ਜਾਂਦੀ ਹੈ ਪਰ ਇਹ ਮਾਮਲਾ 2013 ਵਿੱਚ ਸਾਹਮਣੇ ਆਇਆ। ਅਗਸਤ 2013 ਵਿੱਚ ਇਸ ਘੁਟਾਲੇ ਦੀ ਜਾਂਚ ਮੱਧ ਪ੍ਰਦੇਸ਼ ਪੁਲੀਸ ਦੀ ਇੱਕ ਸਪੈਸ਼ਲ ਟਾਸਕ ਫੋਰਸ ਵੱਲੋਂ ਸ਼ੁਰੂ ਕੀਤੀ ਗਈ, ਜਿਸ ਦੀ ਨਿਗਰਾਨੀ ਲਈ ਮੱਧ ਪ੍ਰਦੇਸ਼ ਹਾਈ ਕੋਰਟ ਨੇ ਸਾਬਕਾ ਜੱਜ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਬਣਾਈ ਹੈ। ਵਿਆਪਮ ਦੁਆਰਾ 2008 ਤੋਂ 2013 ਤਕ 39 ਲੱਖ ਦੇ ਲਗਪਗ ਵਿਦਿਆਰਥੀਆਂ ਅਤੇ ਨੌਕਰੀਆਂ ਦੇ ਚਾਹਵਾਨ ਵਿਅਕਤੀਆਂ ਦਾ ਟੈਸਟ ਲਿਆ ਗਿਆ ਜਿਸ ਵਿੱਚ 2000 ਕਰੋੜ ਤੋਂ ਵੱਧ ਦਾ ਘੁਟਾਲਾ ਹੋਇਆ ਦੱਸਿਆ ਜਾਂਦਾ ਹੈ।

ਮੰਤਰੀ ਤੇ ਅਫ਼ਸਰ ਘਿਰੇ
ਜਾਣਕਾਰੀ ਅਨੁਸਾਰ ਇਸ ਮੰਡਲ ਦੇ ਮੈਂਬਰ ਤੇ ਅਧਿਕਾਰੀ ਸਿਆਸੀ ਨੇਤਾ ਵੱਲੋਂ ਅਤੇ ਸੂਬੇ ਦੀ ਉੱਚ ਅਫ਼ਸਰਸ਼ਾਹੀ ਦੀ ਮਿਲੀਭੁਗਤ ਨਾਲ ਲਗਾਤਾਰ ਛੇ ਸਾਲ ਇੰਨੇ ਵੱਡੇ ਘੁਟਾਲੇ ਨੂੰ ਅੰਜ਼ਾਮ ਦਿੰਦੇ ਰਹੇ। ਇਸ ਘੁਟਾਲੇ ਦਾ ਪਰਦਾਫਾਸ਼ ਹੋ ਜਾਣ ਨਾਲ 2007 ਤੋਂ ਲੈ ਕੇ 2013 ਤਕ ਦੇ ਵਿਆਪਮ ਦੇ ਟੈਸਟਾਂ ਰਾਹੀਂ ਵੱਖ ਵੱਖ ਕੋਰਸਾਂ ਵਿੱਚ ਦਾਖ਼ਲ ਹੋਏ ਵਿਦਿਆਰਥੀਆਂ ਅਤੇ ਨੌਕਰੀ ਪ੍ਰਾਪਤ ਕਰ ਚੁੱਕੇ ਵਿਅਕਤੀਆਂ ਦੇ ਭਵਿੱਖ 'ਤੇ ਵੀ ਪ੍ਰਸ਼ਨਚਿੰਨ ਲੱਗਿਆ ਦਿਖਾਈ ਦੇ ਰਿਹਾ ਹੈ।
ਇਸ ਬੋਰਡ ਵੱਲੋਂ ਭਰਤੀ ਵਾਸਤੇ ਇੱਕ ਟੈੱਸਟ ਲਿਆ ਗਿਆ ਜਿਸ ਵਿੱਚ ਭਾਰੀ ਰਿਸ਼ਵਤ ਲੈ ਕੇ ਫਰਜ਼ੀ ਪ੍ਰੀਖਿਆਰਥੀ ਬਿਠਾਏ ਗਏ। ਕਈਆਂ ਦੇ ਗੁਪਤ ਢੰਗ ਨਾਲ ਪੇਪਰ ਕਰਵਾਏ ਗਏ। ਜਦੋਂ ਲੋਕਾਂ ਦੇ ਦਬਾਅ ਹੇਠ ਜਾਂਚ ਅੱਗੇ ਵਧੀ ਤਾਂ ਰਾਜ ਦੇ ਮੁੱਖ ਮੰਤਰੀ, ਉਸ ਦੇ ਪਰਿਵਾਰ ਦੇ ਜੀਆਂ ਅਤੇ ਰਾਜ ਦੇ ਗਵਰਨਰ ਤੱਕ ਵੀ ਗੱਲ ਪਹੁੰਚ ਗਈ।

ਭਾਰਤ 'ਚ ਵਾਪਰੇ ਘੁਟਾਲੇ
ਇੱਥੇ ਜ਼ਿਕਰਯੋਗ ਹੈ ਕਿ ਭਾਰਤ ਵਿੱਚ ਹੋਏ ਸਕੈਮ ਯਾਨੀ ਘੁਟਾਲਿਆਂ ਦੀ ਕੋਈ ਘਾਟ ਨਹੀਂ ਹੈ। ਅਜ਼ਾਦੀ ਤੋਂ ਲੈ ਕੇ ਹੁਣ ਤੱਕ ਕਈ ਵੱਡੇ-ਵੱਡੇ ਘੁਟਾਲੇ ਹੋਏ। ਕਦੇ ਬੋਫੋਰਸ ਤਾਂ ਕਦੇ 2-ਜੀ ਘੁਟਾਲਾ... ਕਦੇ ਕੋਲ ਬਲਾਕ ਵੰਡ ਘੁਟਾਲਾ ਤੇ ਕਦੇ ਸੀਡਬਲਿਊਜੀ ਪੈਟਰੋਲ ਪੰਪ ਘੁਟਾਲਾ, ਕਾਰਗਿਲ ਤਾਬੂਤ ਘੁਟਾਲਾ... ਇੱਕ-ਇੱਕ ਕਰਕੇ ਹੌਲੀ-ਹੌਲੀ ਸਾਰੇ ਘੁਟਾਲੇ ਕਿਸੇ ਨਾ ਕਿਸੇ ਢੰਗ ਨਾਲ ਲੋਕਾਂ ਦੇ ਸਾਹਮਣੇ ਆਉਂਦੇ ਰਹੇ, ਪਰ ਕਿਸੇ ਵੱਡੇ ਨੇਤਾ ਜਾਂ ਅਧਿਕਾਰੀ ਨੂੰ ਹਾਲੇ ਤੱਕ ਸਜ਼ਾ ਨਹੀਂ ਹੋਈ। ਗਵਾਹ ਚੁੱਪ ਕਰਾ ਦਿੱਤੇ ਗਏ, ਸਬੂਤ ਮਿਟਾ ਦਿੱਤੇ ਗਏ ਅਤੇ ਸਮੇਂ ਨਾਲ ਲੋਕ ਭੁੱਲ ਗਏ। ਹੁਣ ਭਾਰਤ ਵਿੱਚ ਸਭ ਤੋਂ ਖ਼ਤਰਨਾਕ ਖ਼ੂਨੀ ਘੁਟਾਲਾ ਵਿਆਪਮ ਵਾਪਰਿਆ ਹੈ। ਮੱਧ ਪ੍ਰਦੇਸ਼ ਦੇ ਰਾਜਪਾਲ ਤੋਂ ਲੈ ਕੇ ਮੁੱਖ ਮੰਤਰੀ, ਮੰਤਰੀ ਅਤੇ ਸਾਰੇ ਅਧਿਕਾਰੀ ਇੱਕ-ਇੱਕ ਕਰਕੇ ਸਾਰੇ ਸ਼ੱਕ ਦੇ ਘੇਰੇ ਵਿੱਚ ਆਉਂਦੇ ਜਾ ਰਹੇ ਹਨ... ਨਿਰਦੋਸ਼ ਆਪਣੀ ਜਾਨ ਗੁਆ ਰਹੇ ਹਨ ਅਤੇ ਅਸਲ ਦੋਸ਼ੀਆਂ ਦਾ ਹਾਲੇ ਤੱਕ ਪਰਦਾਫਾਸ਼ ਨਹੀਂ ਹੋਇਆ।

ਕਿਵੇਂ ਵਾਪਰਿਆ ਵਿਆਪਮ ਘੁਟਾਲਾ
ਮੱਧ ਪ੍ਰਦੇਸ਼ ਵਿੱਚ ਜਦੋਂ ਲਕਸ਼ਮੀਕਾਂਤ ਸ਼ਰਮਾ ਸਿੱਖਿਆ ਮੰਤਰੀ ਸਨ, ਤਾਂ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਵਿਵਸਾਇਕ ਪ੍ਰੀਖਿਆ ਮੰਡਲ ਆ ਗਿਆ। 'ਵਿਆਪਮ' ਦਰਅਸਲ ਮੱਧ ਪ੍ਰਦੇਸ਼ ਸਰਕਾਰ ਦਾ ਨਾਂ ਹੈ ਜਿਹੜਾ ਸੂਬੇ ਦੇ ਮੈਡੀਕਲ, ਡੈਂਟਲ ਅਤੇ ਇੰਜਨੀਅਰਿੰਗ ਕਾਲਜਾਂ ਦੇ ਦਾਖ਼ਲਾ ਟੈਸਟਾਂ ਤੋਂ ਇਲਾਵਾ ਪੁਲੀਸ ਅਧਿਆਪਕਾਂ ਅਤੇ ਬੈਂਕ ਕਰਮਚਾਰੀਆਂ ਆਦਿ ਦੀ ਭਰਤੀ ਲਈ ਇਮਤਿਹਾਨ ਕਰਵਾਉਂਦਾ ਹੈ।
ਸਿੱਖਿਆ ਮੰਤਰੀ ਸ਼ਰਮਾ ਨੇ ਓਪੀ ਸ਼ੁਕਲਾ ਨੂੰ ਆਪਣਾ ਓਐਸਡੀ ਤਾਇਨਾਤ ਕੀਤਾ, ਜਦਕਿ ਉਨ੍ਹਾਂ ਦੇ ਖ਼ਿਲਾਫ਼ ਲੋਕ ਕਮਿਸ਼ਨ ਵਿੱਚ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਦਰਜ ਸੀ। ਸ਼ਰਮਾ ਦੇ ਕਹਿਣ 'ਤੇ ਸਿੱਖਿਆ ਵਿਭਾਗ ਵਿੱਚ ਤਾਇਨਾਤ ਪੰਕਜ ਤ੍ਰਿਵੇਦੀ ਨੂੰ ਵਿਆਪਮ ਦਾ ਕੰਟਰੋਲਰ ਬਣਾ ਦਿੱਤਾ ਗਿਆ। ਤ੍ਰਿਵੇਦੀ ਨੇ ਆਪਣੇ ਨੇੜਲੇ ਨਿਤਿਨ ਮਹਿੰਦਰਾ ਨੂੰ ਵਿਆਪਮ ਦੇ ਆਨਲਾਈਨ ਵਿਭਾਗ ਦਾ ਹੈੱਡ ਅਰਥਾਤ ਸਿਸਟਮ ਐਨਾਲਿਸਟ ਬਣਾਇਆ। ਮੈਡੀਕਲ ਅਤੇ ਇੰਜੀਨੀਅਰਿੰਗ ਕਾਲਜਾਂ ਦੇ ਦਾਖਲੇ ਦਾ ਸਿੱਧਾ ਜ਼ਿੰਮਾ ਉੱਚ ਸਿੱਖਿਆ ਮੰਤਰਾਲੇ ਕੋਲ ਸੀ। ਸਰਕਾਰੀ ਨੌਕਰੀ ਵਿੱਚ ਭਰਤੀ ਦੀਆਂ ਪ੍ਰੀਖਿਆਵਾਂ ਵੀ ਇਸੇ ਵਿਭਾਗ ਰਾਹੀਂ ਕਰਵਾਈਆਂ ਜਾਂਦੀਆਂ ਸਨ। ਇਹ ਵੀ ਦੋਸ਼ ਹਨ ਲਕਸ਼ਮੀਕਾਂਤ ਸ਼ਰਮਾ ਨੇ ਰਾਜਸੀ ਸ਼ਕਤੀ ਦੀ ਵਰਤੋਂ ਕਰਦਿਆਂ ਦੂਜੀਆਂ ਭਰਤੀਆਂ ਵਿੱਚ ਵੀ ਦਖ਼ਲ ਦਿੱਤਾ।
ਇਸ ਘੁਟਾਲੇ ਦੀ ਜਾਂਚ ਦੌਰਾਨ ਛਾਪੇਮਾਰੀ ਵਿਚ ਇੰਦੌਰ ਦੇ ਜਗਦੀਸ਼ ਸਾਗਰ ਦਾ ਨਾਂ ਆਇਆ। 7 ਜੁਲਾਈ, 2013 ਨੂੰ ਇੰਦੌਰ ਵਿੱਚ ਪੀਐਮਟੀ ਦੀ ਪ੍ਰਵੇਸ਼ ਪ੍ਰੀਖਿਆ ਵਿੱਚ ਕੁਝ ਵਿਦਿਆਰਥੀ ਫਰਜੀ ਨਾਂ 'ਤੇ ਪ੍ਰੀਖਿਆ ਦਿੰਦੇ ਫੜੇ ਗਏ। ਵਿਦਿਆਰਥੀਆਂ ਤੋਂ ਪੁੱਛਗਿੱਛ ਦੌਰਾਨ ਡਾ. ਜਗਦੀਸ਼ ਸਾਗਰ ਦਾ ਨਾਂ ਸਾਹਮਣੇ ਆਇਆ। ਸਾਗਰ ਨੂੰ ਪੀਐਮਟੀ ਘੁਟਾਲੇ ਦਾ ਮੁਖੀ ਦੱਸਿਆ ਗਿਆ।
ਮੈਡੀਕਲ ਪ੍ਰਵੇਸ਼ ਪ੍ਰੀਖਿਆ ਵਿੱਚ ਧਾਂਦਲੀ ਕਰਕੇ ਜਗਦੀਸ਼ ਸਾਗਰ ਨੇ ਕਰੋੜਾਂ ਦੀ ਜਾਇਦਾਦ ਖੜ੍ਹੀ ਕਰ ਲਈ ਸੀ। ਜਗਦੀਸ਼ ਸਾਗਰ ਦੇ ਇੱਥੇ ਛਾਪੇਮਾਰੀ ਦੌਰਾਨ ਗੱਦਿਆਂ ਦੇ ਅੰਦਰ 13 ਲੱਖ ਦੀ ਨਕਦੀ, ਕਈ ਜਾਇਦਾਦਾਂ ਅਤੇ ਤਕਰੀਬਨ 4 ਕਿਲੋ ਸੋਨੇ ਦੇ ਗਹਿਣੇ ਮਿਲੇ ਸਨ। ਸਾਗਰ ਤੋਂ ਐਸਟੀਐਫ ਦੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਇਹ ਏਨਾ ਵੱਡਾ ਨੈੱਟਵਰਕ ਹੈ, ਜਿਸ ਵਿੱਚ ਮੰਤਰੀ ਤੋਂ ਲੈ ਕੇ ਅਧਿਕਾਰੀ ਅਤੇ ਦਲਾਲਾਂ ਦਾ ਪੂਰਾ ਗਿਰੋਹ ਕੰਮ ਕਰ ਰਿਹਾ ਹੈ। ਸਾਗਰ ਵੀ ਮੋਟੀ ਰਕਮ ਲੈ ਕੇ ਫਰਜ਼ੀ ਢੰਗ ਨਾਲ ਵੱਡੇ ਮੈਡੀਕਲ ਕਾਲਜਾਂ ਵਿੱਚ ਵਿਦਿਆਰਥਣਾਂ ਨੂੰ ਦਾਖ਼ਲੇ ਦਿਵਾ ਰਿਹਾ ਸੀ। ਜਗਦੀਸ਼ ਸਾਗਰ ਦੀ ਗਵਾਹੀ ਇਸ ਪੂਰੇ ਘੁਟਾਲੇ ਵਿੱਚ ਅਹਿਮ ਸਾਬਤ ਹੋਈ।
ਇਸ ਪੂਰੇ ਮਾਮਲੇ ਵਿੱਚ ਮੁੱਖ ਮੰਤਰੀ ਦਾ ਸਾਬਕਾ ਓਐਸਡੀ ਵੀ ਜਾਂਚ ਦੇ ਘੇਰੇ ਵਿੱਚ ਹੈ। ਪੀਐਮਟੀ ਘੁਟਾਲੇ ਵਿੱਚ ਅਰਵਿੰਦੋ ਮੈਡੀਕਲ ਕਾਲਜ ਦੇ ਚੇਅਰਮੈਨ ਡਾ. ਵਿਨੋਦ ਭੰਡਾਰੀ ਅਤੇ ਵਿਆਪਮ ਦੇ ਪ੍ਰੀਖਿਆ ਕੰਟਰੋਲਰ ਡਾ. ਪੰਕਜ ਤ੍ਰਿਵੇਦੀ ਦੀਆਂ ਗ੍ਰਿਫ਼ਤਾਰੀਆਂ ਹੋਈਆਂ। ਸਾਬਕਾ ਮੰਤਰੀ ਓਪੀ ਸ਼ੁਕਲਾ ਨੂੰ ਘੁਟਾਲੇ ਦੇ ਪੈਸਿਆਂ ਦੇ ਨਾਲ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਰ ਸੁਆਲ ਤਾਂ ਇਹ ਹੈ ਕਿ ਏਨਾ ਵੱਡਾ ਘੁਟਾਲਾ ਹੋ ਗਿਆ, ਕਈ ਗਵਾਹਾਂ ਦੀਆਂ ਮੌਤਾਂ ਹੋ ਗਈਆਂ, ਪਰ ਇਸ ਘੁਟਾਲੇ ਦਾ ਮੁੱਖ ਦੋਸ਼ੀ ਕੌਣ ਹੈ, ਉਹ ਹਾਲੇ ਤੱਕ ਸਾਹਮਣੇ ਕਿਉਂ ਨਹੀਂ ਆ ਰਿਹਾ। ਅਜਿਹੇ ਸੁਆਲ ਭਾਰਤੀ ਲੋਕਤੰਤਰ ਤੇ ਕਾਨੂੰਨ ਦੇ ਅਕਸ ਧੁੰਦਲਾ ਕਰ ਰਹੇ ਹਨ।

ਲੇਖਕ : ਕਰਮਜੀਤ ਕੌਰ ਕਿਸ਼ਾਵਲ ਹੋਰ ਲਿਖਤ (ਇਸ ਸਾਇਟ 'ਤੇ): 5
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1034
ਲੇਖਕ ਬਾਰੇ
ਆਪ ਪੰਜਾਬ ਦੀ ਬਹੁ ਚਰਚੀਤ ਲੇਖਿਕਾ ਹੈ। ਆਪ ਕਵਿਤਾ ਅਤੇ ਵਾਰਤਕ ਦੇ ਨਾਲ ਸਾਹਿਤ ਸਿਰਜਨਾ ਕਰ ਰਹੇ ਹੋ। ਆਪ ਜੀ ਦੀ ਕਲਮ ਕੋਈ ਗੱਲ ਕਹਿਣ ਤੋਂ ਨਹੀ ਡਰਦੀ। ਆਪ ਜੀ ਦੀਆਂ ਰਚਨਾਵਾ ਵਿੱਚ ਪੰਜਾਬ ਅਤੇ ਮਨੁੱਖਤਾ ਲਈ ਪ੍ਰੇਮ ਝਲਕਦਾ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ