ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇੱਕ ਸੋ ਉਨੰਜਾ ਮਾਡਲ ਟਾਊਨ

“149 ਮਾਡਲ ਟਾਊਨ” ਕਹਿਕੇ ਉਹ ਝੱਟ ਰਿਕਸ਼ੇ ਤੇ ਬੈਠ ਗਈ। ਹੱਥਲਾ ਬੈਗ ਉਸ ਨੇ ਨਾਲ ਸੀਟ ਤੇ ਹੀ ਰੱਖ ਲਿਆ। ਬੈਗ ਵਿੱਚ ਵੀ ਕੀ ਹੋਣਾ ਸੀ ਓਹੀ ਪਾਣੀ ਦੀ ਬੋਤਲ, ਕਾਗਜ ਵਿੱਚ ਵਲੇਟੀਆਂ ਦੋ ਪਰੋਠੀਆਂ, ਲੇਡੀਜ ਪਰਸ, ਰੁਮਾਲ ਤੇ ਮੋਬਾਇਲ ਫੋਨ।ਉਹ ਅਕਸਰ ਹੀ ਇੱਦਾਂ ਹੀ ਕਰਦੀ ਸੀ ਜਦੋ ਵੀ ਉਹ ਆਪਣੀ ਮਾਂ ਨੂੰ ਮਿਲਣ ਆਉਦੀ ਸੀ।
ਰਿਕਸੇ ਤੇ ਬੈਠਦੀ ਉਹ ਆਪਣੇ ਵਿਚਾਰਾਂ ਚ ਗੁਆਚ ਗਈ। ਪਹਿਲੋ ਪਹਿਲ ਜਦੋ ਵੀ ਉਹ ਘਰੇ ਕਬੀਲਦਾਰੀ ਵਿੱਚ ਪ੍ਰੇਸ਼ਾਨ ਹੁੰਦੀ ਜਾ ਕਿਸੇ ਗੱਲ ਨੁੰ ਲੈ ਕੇ ਕੋਈ ਤਕਰਾਰ ਹੋ ਜਾਂਦੀ ਤਾਂ ਉਹ ਝੱਟ ਹੀ ਮਾਂ ਕੋਲੇ ਆ ਜਾਂਦੀ ਦਿਲ ਦਾ ਗੁਭ ਗੁਭਾਟ ਕੱਢ ਕੇ ਸ਼ਾਮੀ ਤਰੋ ਤਾਜਾ ਹੋ ਕੇ ਆਪਣੇ ਘਰ ਪਰਤ ਜਾਂਦੀ। ਫਿਰ ਆਪਣੇ ਬਾਪ ਦੇ ਗੁਜਰਨ ਤੋ ਬਾਅਦ ਅਕਸਰ ਉਹ ਆਪਣੀ ਮਾਂ ਦੀ ਇੱਕਲਤਾ ਦੂਰ ਕਰਨ ਲਈ ਤੇ ਮਾਂ ਦਾ ਦਿਲ ਹੌਲਾ ਕਰਨ ਲਈ ਹਰ ਦਸੀ ਪੰਦਰੀ ਮਾਂ ਕੋਲੇ ਜਰੂਰ ਗੇੜਾ ਮਾਰਦੀ ਇਸ ਨਾਲ ਉਸਦੀ ਮਾਂ ਨੂੰ ਵੀ ਸਕੂਨ ਜਿਹਾ ਮਿਲਦਾ। ਮਾਂਵਾਂ ਧੀਆਂ ਖੂਬ ਗੱਲਾਂ ਕਰਦੀਆਂ ।ਭਰਾ ਤੇ ਭਾਬੀ ਕੌੜਦੇ ।ਉਹਨਾ ਨੂੰ ਲੱਗਦਾ ਕਿ ਇਹ ਉਹਨਾ ਦੀਆਂ ਹੀ ਚੁਗਲੀਆਂ ਕਰਦੀਆਂ ਹਨ। ਆਨੀ ਬਹਾਨੀ ਉਹ ਦੋਵੇ ਜੀ ਕਨਸੋਆ ਲੈਂਦੇ ਰਹਿੰਦੇ।ਮੋਬਾਇਲ ਤੇ ਤਾਂ ਉਹ ਨਿੱਤ ਹੀ ਕਾਫੀ ਕਾਫੀ ਚਿਰ ਲੱਗੀਆਂ ਰਹਿੰਦੀਆਂ। ਇੱਕੱਲੀ ਬੈਠੀ ਮਾਂ ਦਾ ਉਹ ਫੋਨ ਜਰੂਰ ਸੁਣਦੀ ਤੇ ਕਦੇ ਵੀ ਵਿਚਾਲੋਂ ਨਾ ਕੱਟਦੀ ਚਾਹੇ ਉਸ ਨੂੰ ਸਕੂਲੋ ਜ਼ਾ ਘਰੋ ਝਿੜਕਾਂ ਹੀ ਕਿਉ ਨਾ ਪੈਦੀਆਂ।
ਰਿਕਸ਼ੇ ਵਾਲਾ ਆਪਣੀ ਮਸਤੀ ਵਿੱਚ ਜਾ ਰਿਹਾ ਸੀ ਫਲਾਈ ਓਵਰ ਨੂੰ ਕਰਾਸ ਕਰਕੇ ਉਹ ਟੀ ਵੀ ਟਾਵਰ ਕੋਲ ਦੀ ਕਦੋਂ ਮੁੜ ਗਿਆ ਉਸ ਨੂੰ ਪਤਾ ਹੀ ਨਾ ਲੱਗਾ ।ਤੇ ਗੁਰੂਦਵਾਰੇ ਵਾਲੇ ਚੌਂਕ ਦੀਆਂ ਲਾਈਟਾ ਕੋਲ ਉਹ ਪਹੁੰਚ ਚੁਕਿਆ ਸੀ।ਉਸ ਨੂੰ ਨਾਲਦੀ ਲੰਘਦੇ ਕਿਸੇ ਵਹੀਕਲ ਜਾ ਆਦਮੀ ਬਾਰੇ ਕੋਈ ਪਤਾ ਨਹੀ ਸੀ ਲੱਗਿਆ। ਡੂੰਘੀ ਸੋਚ ਵਿੱਚ ਖੁੱਭਿਆ ਬੰਦਾ ਸੁੱਤੇ ਵਾਂਗ ਹੀ ਹੁੰਦਾ ਹੈ। ਪਤਾ ਨਹੀ ਉਸਨੂੰ ਰਿਕਸ਼ੇ ਤੇ ਬੈਠੀ ਨੂੰ ਕਿਸ ਕਿਸ ਨੇ ਦੇਖਿਆ ਹੋਵੇਗਾ। ਖਬਰੇ ਕੋਈ ਰਿਸ਼ਤੇਦਾਰ ਹੀ ਕੋਲ ਦੀ ਲੰਘ ਗਿਆ ਹੋਵੇ। ਤੇ ਗੁੱਸਾ ਹੀ ਕਰੇ ਕਿ ਮੇਰੇ ਵੱਲ ਵੇਖਿਆ ਨਹੀ ਮੈਨੂੰ ਬੁਲਾਇਆ ਹੀ ਨਹੀ।
ਉਹਨਾ ਮਾਵਾਂ ਧੀਆਂ ਦੀਆਂ ਗੱਲਾ ਤੇ ਫੋਨ ਤੇ ਇਹ ਚਾਰੇ ਭਰਾ ਇਤਰਾਜ ਕਰਨ ਲੱਗੇ। ਘਰਵਾਲੀ ਦੇ ਭੜਕਾਏ ਤੇ ਗੁੱਸੇ ਵਿੱਚ ਆਏ ਵੱਡੇ ਨੇ ਇੱਕ ਦਿਨ ਮਾਂ ਤੋ ਮੋਬਾਇਲ ਫੋਨ ਹੀ ਖੋਹ ਲਿਆ ਤੇ ਸਵਿੱਚ ਆਫ ਕਰ ਦਿੱਤਾ। ਭੈਣ ਨੂੰ ਆਪਣੇ ਘਰ ਆਉਣ ਤੋ ਵੀ ਰੋਕ ਦਿੱਤਾ।ਧੀ ਨਾਲ ਹੋਏ ਇਸ ਧੱਕੇ ਤੇ ਮਾਂ ਮਨ ਮਸੋਸ ਕੇ ਰਹਿ ਗਈ ਸੀ । ਭੈਣ ਦੀ ਅਰਜੋਈ ਤੇ ਕਿਤੇ ਵੀ ਸੁਣਵਾਈ ਨਾ ਹੋਈ ਤੇ ਵਿਚਾਲੜਾ ਵੀ ਵੱਡੇ ਦੀ ਬੋਲੀ ਬੋਲਣ ਲੱਗਾ। ਹੁਣ ਪੁੱਤਰਾਂ ਦੀ ਮੁਥਾਜ਼ੀ ਝੱਲਦੀ ਤੇ ਧੀ ਦਾ ਵਿਛੋੜਾ ਸਹਾਰਦੀ ਮਾਂ ਬਹੁਤ ਦੁਖੀ ਰਹਿੰਦੀ ।ਜਦੋ ਵੀ ਉਹ ਮਾਂ ਦੀ ਦੇਖ ਰੇਖ ਲਈ ਭਰਾਵਾਂ ਨੂੰ ਨੂੰ ਕੁਝ ਕਹਿੰਦੀ ਤਾਂ ਉਹ ਭੜਕ ਜਾਂਦੇ। ਉਹ ਕਿਸੇ ਦੀ ਦਖਲ ਅੰਦਾਜੀ ਬਰਦਾਸਤ ਨਹੀ ਸੀ ਕਰਦੇ। ਆਖਿਰ ਉਹ ਧੀ ਸੀ ਉਸ ਘਰ ਦੀ। ਪਰ ਉਸਦੀ ਕੌਣ ਸੁਣਦਾ ਸੀ। ਉਹ ਮਾਂ ਨੂੰ ਵੀ ਤਾਂ ਨਹੀ ਸੀ ਛੱਡ ਸਕਦੀ।
“ਮਾਤਾ ਜੀ ਉਤਰੋ।ਮਾਡਲ ਟਾਊਨ ਆ ਗਿਆ। ” ਕਹਿ ਕੇ ਭਾਈ ਨੇ ਰਿਕਸ਼ਾ ਰੋਕ ਦਿੱਤਾ।ਸਾਹਮਣੇ ਕੋਠੀ ਤੇ ਬਿਜਲੀ ਦੇ ਲਾਟੂਆਂ ਨਾਲ ਜਗਮਗਾਉਦੀਆਂ ਲੜੀਆਂ ਬਹੁਤ ਸੁੰਦਰ ਲੱਗ ਰਹੀਆ ਸਨ।ਚਾਹੇ ਨਿੰਮ ਬਨਿਆ ਉਸ ਨੂੰ ਨਜਰ ਨਹੀ ਆਇਆ ਪਰ ਕੋਠੀ ਅੰਦਰ ਪੂਰੀ ਚਹਿਲ ਪਹਿਲ ਸੀ। ਹੁਣ ਕੋਠੀ ਮੂਹਰੇ ਕਿਸੇ ਡਾਕਟਰ ਜ਼ੋੜੇ ਦੀ ਨੇਮ ਪਲੇਟ ਲੱਗੀ ਹੋਈ ਸੀ ਸਾØਇਦ ਉਸ ਦੇ ਭਤੀਜੇ ਤੇ ਭਤੀਜ ਨੂੰਹ ਦੇ ਨਾਮ ਦੀ ਹੀ ਸੀ। ਪਹਿਲਾ ਜਦੋ ਉਹ ਪੇਕੇ ਘਰ ਆਉੰਦੀ ਹੁੰਦੀ ਤਾਂ ਇਕੱਲੀ ਉਹਨਾ ਦੀ ਕੋਠੀ ਹੀ ਡਬਲ ਸਟੋਰੀ ਨਹੀ ਸੀ ਹੁੰਦੀ। ਉਸ ਨੂੰ ਇਸ ਕੋਠੀ ਤੇ ਆਪਣੀ ਮੇਰ ਜਿਹੀ ਆਉਂਦੀ ।ਹੁਣ ਕੋਠੀ ਚਾਹੇ ਤਿੰਨ ਮਜਿੰਲੀ ਬਣ ਗਈ ਪਰ ਉਸਨੂੰ ਪੇਕਿਆਂ ਵਾਲੀ ਉਹ ਅਪਣੱਤ ਜਿਹੀ ਨਹੀ ਆਈ।
ਅਜੇ ਕਲ੍ਹ ਹੀ ਉਸ ਨੂੰ ਕਿਸੇ ਹੋਰ ਕੋਲੋਂ ਪਤਾ ਲੱਗਿਆ ਕਿ ਵੱਡੇ ਦੇ ਦੋ ਪੋਤੀਆਂ ਮਗਰੋ ਪੋਤਾ ਹੋਇਆ ਹੈ। ਉਹ ਕਾਫੀ ਚਿਰ ਤੋ ਹੀ ਪੇਕੇ ਘਰ ਦੇ ਬੂਹੇ ਤੇ ਨਿੰਮ ਬੱਝਿਆ ਵੇਖਣਾ ਲੋਚਦੀ ਸੀ। ਬਸ ਭਰਾ ਦੇ ਬੋਲੇ ਸ਼ਬਦ “ਤੂੰ ਮੇਰੇ ਘਰੇ ਨਾ ਆਈ।” ਉਸ ਨੂੰ ਰੋਕੀ ਬੈਠੇ ਸਨ।ਪਰ ਪੇਕੇ ਤਾਂ ਪੇਕੇ ਹੀ ਹੁੰਦੇ ਹਨ।ਤੇ ਇਸ ਲਈ ਅੱਜ ਉਹ ਮਨ ਮਾਰ ਕੇ ਸਿਰਫ ਬੂਹੇ ਅੱਗੇ ਨਿੰਮ ਬੱਝਿਆ ਵੇਖਣ ਦੀ ਤਾਂਘ ਲੈ ਕੇ ਹੀ ਇੱਥੇ ਆਈ ਸੀ।ਘਰੇ ਵੀ ਇਸੇ ਗੱਲ ਦਾ ਵਾਅਦਾ ਕਰਕੇ ਆਈ ਸੀ ਕਿ ਉਹ ਕੋਠੀ ਅੰਦਰ ਨਹੀ ਜਾਵੇਗਾ। ਕਿਸੇ ਨਾਲ ਗੱਲ ਵੀ ਨਹੀ ਕਰੇ ਗੀ। ਛੋਟੇ ਪੁੱਤ ਨੇ ਬਥੇਰਾ ਕਿਹਾ ਸੀ ਮੰਮੀ ਮੈ ਤੁਹਾਨੂੰ ਕਾਰ ਤੇ ਲੈ ਚਲਦਾ ਹਾਂ ਪਰ ਉਹ ਇਕੱਲੀ ਹੀ ਆਉਣਾ ਚਾਹੁੰਦੀ ਸੀ। ਘਰ ਅੰਦਰਲੇ ਰੌਣਕ ਮੇਲੇ ਨੂੰ ਵੇਖ ਕੇ ਉਸ ਨੂੰ ਬਹੁਤ ਖੁਸੀ ਤੇ ਸਕੂਨ ਮਿਲਿਆ।ਉਸਦੀ ਇੱਛਾ ਪੂਰੀ ਹੋ ਗਈ ਸੀ ।
“ਨਹੀ ਬਸ ਵਾਪਸ ਬੱਸ ਅੱਡੇ ਚਲੋ।” ਕਹਿਕੇ ਉਹ ਰਿਕਸ਼ੇ ਤੇ ਹੀ ਬੈਠੀ ਰਹੀ। ਰਿਕਸ਼ੇ ਵਾਲਾ ਉਸ ਦੀ ਗੱਲ ਨੂੰ ਸਮਝ ਨਾ ਸਕਿਆ । “ਮਾਤਾ ਜੀ ਤੁਸੀ ਦੱਸਿਆ ਨਹੀ ਕਿ ਮਾਡਲ ਟਾਊਨ ਕਿਸ ਦੇ ਫੇਸ ਚ ਜਾਣਾ ਸੀ ਮਾਡਲ ਟਾਊਨ ਦੇ ਵੀ ਤਿੰਨ ਫੇਸ ਹਨ ਤੇ ਤਿੰਨਾ ਵਿੱਚ ਹੀ 149 ਨੰਬਰ ਕੋਠੀ ਹੈ। ਕਿਤੇ ਤੁਸੀ ਇੱਕ ਫੇਸ ਜਾਂ ਤਿੰਨ ਫੇਸ ਤਾਂ ਨਹੀ ਸੀ ਜਾਣਾ।” ਰਿਕਸੇ਼ ਵਾਲੇ ਨੇ ਗੱਲ ਸਪਸਟ ਕਰਨ ਦੀ ਕੋਸਿ਼ਸ ਕੀਤੀ।
“ਨਹੀ……ਨਹੀ… ਬਸ ਤੂੰ ਵਾਪਿਸ ਬੱਸ ਅੱਡੇ ਨੂੰ ਹੀ ਚਲ।” ਕਹਿਕੇ ਅੱਖ ਚੋ ਡਿਗਦਾ ਹੰਝੂ ਹੱਥਲੇ ਰੁਮਾਲ ਨਾਲ ਪੁਝਿਆ।ਰਿਕਸਾ ਵਾਪਿਸ ਮੁੜ ਪਿਆ ਪਰ ਇੱਕ ਸੋ ਉਨੰਜਾ ਮਾਡਲ ਟਾਊਨ ਅਜੇ ਵੀ ਚਮਕ ਰਿਹਾ ਸੀ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :956
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ