ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਨਾਨਕ ਦਾ ਮੱਝੀਆਂ ਚਾਰਨ ਜਾਣਾ

ਬਾਲ ਨਾਨਕ ਵਲੋਂ ਜਨੇਊ ਪਰਥਾਏ ਦਿਤੀਆਂ ਦਲੀਲਾਂ ਤੋਂ ਨਿਰਉਤਰ ਹੋ ਕੇ ਪੰਡਤ ਹਰਦਿਆਲ ਮਹਿਤਾ ਕਾਲੂ ਜੀ ਨੂੰ ਇਕ ਪਾਸੇ ਕਰਕੇ ਆਖਣ ਲਗਾ “ਮਹਿਤਾ ਜੀ ਵਕਤ ਵਿਚਾਰੋ ਸਮੇਂ ਦੀ ਉਡੀਕ ਕਰੋ ਇਹ ਰਸਮ ਫੇਰ ਵੀ ਹੋ ਸਕਦੀ ਹੈ ਹੁਣ ਤੁਸੀਂ ਮਹਿਮਾਨਾਂ ਦੀ ਸੇਵਾ ਸੰਭਾਲ ਕਰੋ ਮੈਂ ਚਲਦਾ ਹਾਂ।“ ਪੰਡਤ ਹਰਦਿਆਲ ਤਾਂ ਚਲੇ ਗਿਆ ਪਰ ਜੁੜੇ ਇਕਠ ਵਿਚ ਕਈ ਸਵਾਲ ਕਈ ਸ਼ੰਕੇ ਛਡ ਗਿਆ ਇਕ ਦੰਦ ਕੱਥਾ ਦਾ ਜਨਮ ਹੋ ਗਿਆ।
ਮਹਿਤਾ ਕਾਲੂ ਜੀ ਦਾ ਭਾਈ ਚਾਰਾ ਮਹਿਤਾ ਜੀ ਨੂੰ ਦਲੀਲ ਦਿੰਦਾ ਆਖਦਾ ਸਦੀਆਂ ਤੋਂ ਚਲੀ ਆ ਰਹੀ ਪ੍ਰੰਪਰਾ ਨੂੰ ਇਕ ਝੱਟਕੇ ਨਾਲ ਤਾਂ ਬੰਦ ਨਹੀਂ ਕੀਤਾ ਜਾ ਸਕਦਾ, ਚੰਗਾ ਕਰੋ ਤਾਂ ਬ੍ਰਾਹਮਣੀ ਸਮਾਜ ਵਲੋਂ ਕੋਈ ਕਦਮ ਚੁਕਣ ਤੋਂ ਪਹਿਲਾਂ ਹੀ ਬਾਲਕ ਨੂੰ ਸੱਮਝਾ ਬੁੱਝਾ ਕੇ ਜਨੇਊ ਦੀ ਰਸਮ ਪੂਰੀ ਕਰ ਲਵੋ। ਆਂਡ ਗੁਆਂਡ ਦੀਆਂ ਤ੍ਰੀਮਤਾਂ ਤਰਾਂ ਤਰਾਂ ਦੀਆਂ ਗੱਲਾਂ ਕਰਦੀਆਂ ਨਾਨਕ ਤਾਂ ਬੜਾ ਬੀਬਾ ਰਾਣਾ ਹੈ ਪਰ ਜਿਸ ਪ੍ਰੇਤ ਰੂਹ ਦਾ ਇਸ ਤੇ ਪਹਿਰਾ ਹੈ ਉਹ ਹੀ ਨਹੀਂ ਪੇਸ਼ ਜਾਣ ਦਿੰਦੀ। ਕਈਆਂ ਮਾਂਦਰੀ ਪਾਸ ਲਿਜਾ ਕੇ ਇਲਾਜ ਕਰਾਉਣ ਦੇ ਸੁਝਾ ਦਿਤੇ । ਬਾਲ ਨਾਨਕ ਨੂੰ ਸਮਝਾਉਣ ਦੇ ਯਤਨ ਕੀਤੇ । ਪਰ ਨਾਨਕ ਦੇਵ ਜੀ ਨੇ ਤਾਂ ਇਕ ਚੁਪ ਸੋ ਸੁਖ ਦੀ ਨੀਤੀ ਅੱਪਨਾ ਲਈ । ਮਾਤਾ ਤ੍ਰਿਪਤਾ ਜੀ ਦਾ ਦੁਖ ਦੇਖਿਆ ਨਹੀਂ ਸੀ ਜਾਂਦਾ ਆਖਰ ਸਬਰ ਪਿਆਲਾ ਜਦ ਉਛਲਨ ਤੇ ਆ ਗਿਆ ਤਾਂ ਉਹਨਾਂ ਨੇ ਆਪਣੇ ਜੀਵਨ ਸਾਥੀ ਮਹਿਤਾ ਕਾਲੂ ਜੀ ਨੂੰ ਬਾਲ ਨਾਨਕ ਨੂੰ ਪਿਆਰ ਨਾਲ ਸਮਝਾਉਣ ਲਈ ਬੇਨਤੀ ਕੀਤੀ।
ਇਕ ਦਿਨ ਮਹਿਤਾ ਜੀ ਬਾਲ ਨਾਨਕ ਪਾਸ ਆ ਬੈਠੇ ਬੜੇ ਹੀ ਪਿਆਰ ਨਾਲ ਸਿਰ ਤੇ ਹਥ ਰਖਿਆ ਮਥਾ ਚੁੰਮਿਆ ਬੜੇ ਪਿਆਰ ਨਾਲ ਕਲਾਵੇ ਵਿਚ ਲੈ ਕੇ ਆਖਿਆ “ ਬੇਟਾ ਤੂੰ ਸਾਡੀ ਆਸ ਹੈਂ ਉਮੀਦ ਹੈਂ ਬੇਟਾ ਇਸ ਤਰਾਂ ਵੇਹਿਲੇ ਬੈਠਿਆਂ ਦਾ ਦਿਲ ਉਚਾਟ ਹੋ ਜਾਂਦਾ ਹੈ, ਨੋਕਰਾਂ ਦੇ ਕੰਮ ਦਾ ਤੈਨੂੰ ਪਤਾ ਹੀ ਹੈ, ਮੱਝਾਂ ਦੀ ਸੇਵਾ ਘਟ ਗਈ ਹੈ ਘਰ ਵਿਚ ਦੁੱਧ ਦੀ ਤੰਗੀ ਆ ਰਹੀ ਹੈ ਬੇਟਾ ਜੇ ਤੂੰ ਮੱਝਾਂ ਚਰਾ ਲਿਆਇਆ ਕਰੇਂ ਤਾਂ ਤੇਰਾ ਦਿਲ ਵੀ ਲਗ ਜਾਵਿਗਾ ਅਤੇ ਮੈਂ ਵੀ ਮੱਝਾਂ ਵਲੋਂ ਬੇਫਿਕਰ ਹੋ ਜਾਵਾਂ ਗਾ।
ਬਾਲ ਨਾਨਕ ਨੇ ਹਾਂ ਵਿਚ ਸਿਰ ਹਿਲਾਉਂਦਿਆਂ ਉਤਰ ਦਿਤਾ “ਜਿਦਾਂ ਤੁਸੀਂ ਆਖੋ “
ਦੂਸਰੇ ਦਿਨ ਸਵੇਰ ਮੱਝਾਂ ਦਾ ਦੁਧ ਧੋਣ ਉਪਰੰਤ ਮਹਿਤਾ ਜੀ ਨੇ ਆਵਾਜ ਦਿਤੀ “ ਬੇਟਾ ਨਾਨਕ ਮੱਝਾਂ ਲਿਜਾਣ ਦਾ ਵੇਲਾ ਹੋ ਗਿਆ ਹੈ।
ਛੇਤੀ ਦੇਣੀ ਉਠ ਕੇ ਬਾਲ ਨਾਨਕ ਮੱਝਾਂ ਲੈ ਕੇ ਤੁਰਨ ਲਗਾ ਤਾਂ ਮਹਿਤਾ ਜੀ ਨੇ ਕਿਹਾ “ ਬੇਟਾ ਕਿਤੇ ਚੰਗਾ ਹਰਿਆ ਭਰਿਆ ਘਾ ਦੇਖ ਕੇ ਮੱਝਾਂ ਚਰਾਈਂ।“
ਹਾਲੇ ਕੁਝ ਹੀ ਦੂਰ ਗਏ ਸਨ ਕਿ ਲਹਿ ਲਹਾਉਂਦਾ ਘਾ ਦੇਖ ਕੇ ਬਾਲ ਨਾਨਕ ਨੇ ਮੱਝਾਂ ਉਥੇ ਰੋਕ ਲਈਆਂ ਅਤੇ ਖੇਤੀ ਵਲ ਦੇ ਪਾਸੇ ਖੜਾ ਹੋ ਗਿਆ ਮਤ ਕੋਈ ਮੱਝ ਖੇਤੀ ਦਾ ਨੁਕਸਾਨ ਕਰੇ।ਲਹਿ ਲਹਿ ਕਰਦਾ ਘਾ ਦੇਖ ਕੇ ਮਝਾਂ ਨਿਠ ਕੇ ਚਰਨ ਲਗ ਪਈਆਂ । ਇਸ ਅਸਥਾਨ ਦੇ ਨਾਲ ਲਗਦਾ ਹੀ ਇਕ ਤਕੜੇ ਜ਼ਿੰਮੀਂਦਾਰ ਦਾ ਖੇਤ ਸੀ ਉਸ ਤੋਂ ਡਰ ਦੇ ਮਾਰੇ ਕੋਈ ਉਥੇ ਡੰਗਰ ਨਹੀਂ ਸੀ ਚਾਰਦਾ ਇਸੇ ਕਰਕੇ ਇਥੇ ਵਧੀਆ ਘਾ ਸੀ ।
ਹੁਣ ਜਿਨਾਂ ਨੇ ਕਦੇ ਡੰਗਰ ਚਾਰੇ ਹਨ ਉਹ ਜਾਣਦੇ ਹਨ ਕਿ ਡੰਗਰ ਚਾਰ ਪੰਜ ਘੰਟੇ ਲਗਾ ਤਾਰ ਚਰਨ ਤੋਂ ਬਾਅਦ ਬੈਠ ਕੇ ਕੋਈ ਦੋ ਢਾਈ ਘੰਟੇ ਲਈ ਜੁਗਾਲੀ ਕਰਨ ਲੱਗ ਜਾਂਦੇ ਹਨ। ਇਸ ਸਮੇਂ ਡਾਂਗਰੀ ਵੀ ਆਰਾਮ ਕਰਨ ਬੈਠ ਜਾਂਦਾ ਹੈ ਹੋ ਸਕਦਾ ਹੈ ਬਾਲ ਨਾਨਕ ਆਰਾਮ ਕਰਨ ਲਈ ਲੇਟ ਗਿਆ ਹੋਵੇ ਜਾਂ ਫੇਰ ਆਪਣੇ ਇਸ਼ਟ ਦੇਵ ਨਾਲ ਬਿਰਤੀ ਜੋੜ ਲਈ ਹੋਵੇ।
ਦਿਨ ਢੱਲੇ ਮੱਝਾਂ ਉਠ ਖੜੀਆਂ ਉਹਨਾਂ ਦਾ ਘਰ ਨੂੰ ਪਰਤਣ ਦਾ ਸਮਾ ਹੋਣ ਕਰਕੇ ਮੱਝਾਂ ਘਰ ਨੂੰ ਪਰਤ ਪਈਆਂ। ਕੁਝ ਹੀ ਦੂਰ ਗਏ ਸਨ ਕਿ ਇਕ ਬੰਦੇ ਨੇ ਅੱਗੋਂ ਮੱਝਾਂ ਰੋਕ ਕੇ ਨਾਨਕ ਜੀ ਨੂੰ ਆਖਿਆ ਕਿ ਤੈਂ ਮੇਰੀ ਫਸਲ ਉਜਾੜ ਦਿਤੀ ਹੈ ਮੈਂ ਮੱਝਾਂ ਹਾਕਮ ਰਾਏ ਬੁਲਾਰ ਪਾਸ ਲੈ ਕੇ ਜਾਵਾਂਗਾ। ਨਾਨਕ ਜੀ ਨੇ ਉਸ ਨੂੰ ਸਮਝਾਉਂਦਿਆਂ ਹੋਇਆਂ ਆਖਿਆ “ ਮੱਝਾਂ ਨੇ ਆਪਣੇ ਭਾਗ ਦਾ ਹੀ ਖਾਧਾ ਹੈ , ਤੇਰੇ ਭਾਗ ਦਾ ਤਾਂ ਇਕ ਤੀਲਾ ਵੀ ਨਹੀਂ ਖਾਧਾ ਗਿਆ।“
“ ਮੇਰਾ ਖੇਤ ਉਜਾੜ ਕੇ ਮੈਂਨੂੰ ਹੀ ਮਤਾਂ ਦਿੰਦਾ “ ਗੁਸੇ ਵਿਚ ਆਖਦਾ ਹੋਇਆ ਉਹ ਮੱਝਾਂ ਹਕ ਕੇ ਹਾਕਮ ਰਾਏ ਬੁਲਾਰ ਦੀ ਹਵੇਲੀ ਜਾ ਫਰਿਆਦੀ ਹੋਇਆ।
ਰਾਏ ਬੁਲਾਰ ਨੇ ਆਪਣਾ ਇਕ ਆਦਮੀ ਮਹਿਤਾ ਕਾਲੂ ਜੀ ਨੂੰ ਬੁਲਾਉਣ ਭੇਜ ਦਿਤਾ ਅਤੇ ਦੋ ਆਦਮੀ ਖੇਤ ਦੇਖਣ ਲਈ ਭੇਜ ਦਿਤੇ।
ਮਹਿਤਾ ਜੀ ਆਉਣ ਤੇ ਰਾਏ ਬੁਲਾਰ ਨੇ ਮਹਿਤਾ ਜੀ ਨੂੰ ਜ਼ਿੰਮੀਂਦਾਰ ਦੀ ਸ਼ਕਾਇਤ ਬਾਰੇ ਦਸਦਿਆਂ ਇਹ ਵੀ ਦਸ ਦਿਤਾ ਕਿ ਉਸ ਨੇ ਦੋ ਆਦਮੀ ਖੇਤ ਦੇਖਣ ਲਈ ਵੀ ਭੇਜ ਦਿਤੇ ਹਨ ,ਫਸਲ ਦੇ ਨੁਕਸਾਨ ਦਾ ਹਰਜਾਨਾ ਤੁਹਾਨੂੰ ਭਰਨਾ ਪਵੇਗਾ।“ ਮਹਿਤਾ ਜੀ ਨੇ ਰਾਏਬੁਲਾਰ ਪਾਸ ਦੁਖ ਰੋਣੇ ਸ਼ੁਰੂ ਕਰ ਦਿਤੇ “ ਦਸੋ ਜੀ ਮੈਂ ਕੀ ਕਰਾਂ ਪੜ੍ਹਨ ਬਠਾਇਆ ਤਾਂ ਪੰਡਤ ਜੀ ਅਤੇ ਮੋਲਵੀ ਜੀ ਨਾਲ ਸਵਾਲ ਜਵਾਬ ਕਰਕੇ ਉਠ ਆਇਆ ।ਚਾਈਂ ਚਾਈਂ ਜਨੇਊ ਦੀ ਰਸਮ ਨਿਬੜ ਜਾਂਦੀ ਤਾਂ ਕਿਡੀ ਖੁਸ਼ੀ ਹੁੰਦੀ ਪੰਡਤ ਜੀ ਨਾਲ ਹਿ ਬਹਿਸ ਪਿਆ , ਮੱਝਾਂ ਚਾਰਨ ਭੇਜਿਆ ਤਾਂ ਉਲਾਂਭਾ ਲੈ ਆਇਆ ਮੇਰੀ ਤਾਂ ਕਿ..“
ਵਿਚੋਂ ਟੋਕਦੇ ਹੋਏ ਰਾਏ ਬੁਲਾਰ ਨੇ ਆਖਿਆ “ ਮਹਿਤਾ ਜੀ ਹਰਜਾਨਾ ਨਾ ਭਰਨ ਦੀ ਸੂਰਤ ਵਿਚ ਜ਼ਿੰਮੀਂਦਾਰ ਮੁਸਲਮਾਨ ਭਰਾਵਾਂ ਨੂੰ ਉਕਸਾ ਕੇ ਬਲਵਾ ਖੜਾ ਕਰ ਸਕਦਾ ਹੈ ।“ ਬਾਲ ਨਾਨਕ ਨੇ ਮਹਿਤਾ ਜੀ ਨੂੰ ਕਿਹਾ “ ਪਿਤਾ ਜੀ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ।
ਫਸਲ ਦੇਖਣ ਗਏ ਦੋਵਾਂ ਆਦਮੀਆਂ ਨੇ ਆ ਕੇ ਦਸਿਆ ਕਿ ਜ਼ਿਮੀਂਦਾਰ ਦਾ ਨੁਕਸਾਨ ਤਾਂ ਇਕ ਪਾਸੇ ਖੇਤ ਵਿਚ ਤਾਂ ਕਿਸੇ ਜਾਨਵਰ ਦਾ ਖੁਰਾ ਵੀ ਨਹੀਂ ਲਗਾ ਹੋਇਆ। ਇਹ ਸੁਣ ਕੇ ਜ਼ਿੰਮੀਂਦਾਰ ਆਖਣ ਲਗਾ ਮੈਂਨੂੰ ਪਹਿਲਾਂ ਹੀ ਪਤਾ ਸੀ ਮੈਹਿਤਾ ਜੀ ਤੁਹਾਡੇ ਕਰਿੰਦੇ ਹਨ ਇਸ ਲਈ ਮੈਂਨੂੰ ਇਨਸਾਫ ਨਹੀਂ ਮਿਲੇਗਾ। ਰਾਏ ਬੁਲਾਰ ਨੇ ਕਿਹਾ ਕਿ ਚਲੋ ਮੈਂ ਖੁਦ ਚਲ ਕੇ ਮੌਕਾ ਦੇਖਦਾ ਹਾਂ
ਆਲੇ ਦੁਆਲੇ ਤੋਂ ਘਾ ਚੁਗ ਲੈਣ ਕਾਰਨ ਜ਼ਿੰਮੀਂਦਾਰ ਦੀ ਫਸਲ ਤਾਂ ਹੋਰ ਵੀ ਹੱਰੀ ਭੱਰੀ ਨਜ਼ਰ ਆ ਰਹੀ ਸੀ । ਹੱਰੀ ਭੱਰੀ ਫਸਲ ਦੇਖ ਕੇ ਜਿੰਮੀਂਦਾਰ ਨੂੰ ਕਿਸੇ ਦੇ ਕਹੇ ਕਹਾਏ ਤੇ ਯਕੀਨ ਕਰਨ ਦਾ ਅਫਸੋਸ ਹੋਇਆ। ਰਾਏ ਬੁਲਾਰ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਸੱਚਾ ਹੋਣ ਲਈ ਦੋਵੇਂ ਹੱਥ ਉਪਰ ਨੂੰ ਚੁਕ ਕੇ ਉਚੀ ਆਵਾਜ਼ ਵਿਚ ਆਖਣ ਲਗਾ “ ਯਾ ਅੱਲਾ ਇਹ ਕੀ ਅਸਚਰਜ ! ਉਜੜਿਆ ਖੇਤ ਹਰਾ ਭਰਾ! ਕੀ ਮਹਿਤਾ ਕਾਲੂ ਜੀ ਦਾ ਪੁਤਰ ਔਲੀਆ ਹੈ? ਅਲਾ ਤਾਲਾ ਵੀ ਇਸ ਦੀ ਗੱਲ ਸੁਣਦਾ ਹੈ।“
ਉਸ ਜਿੰਮੀਂਦਾਰ ਦੇ ਕਹੇ ਸ਼ਬਦਾਂ ਨਾਲ ਰਾਏ ਬੁਲਾਰ ਦੇ ਦਿਮਾਗ ਵਿਚ ਬਾਲ ਨਾਨਕ ਦੀਆਂ ਜੀਵਨ ਝਲਕੀਆਂ ਇਕ ਫਿਲਮ ਵਾਂਗ ਅਖਾਂ ਅਗੇ ਆ ਗਈਆਂ । ਮੁਸਲਮਾਨ ਜ਼ਿੰਮੀਂਦਾਰ ਦੀ ਗੱਲ ਵਿਚ ਸਚਾਈ ਦਿਸਣ ਲੱਗੀ। ਰਾਏ ਬੁਲਾਰ ਦੇ ਮਨ ਤੇ ਬੜਾ ਡੂੰਗਾ ਅਸਰ ਹੋਇਆ , ਨਾਨਕ ਤੇ ਸ਼ਕ ਕਰਨ ਦਾ ਪਛਤਾਵਾ ਹੋਇਆ।ਮਨੋਂ ਰਾਏ ਬੁਲਾਰ ਨੇ ਵੀ ਨਾਨਕ ਨੂੰ ਔਲੀਆ ਸਵੀਕਾਰ ਕਰ ਲਿਆ ਜੋ ਦਿਨੋਂ ਦਿਨ ਗੂਹੜਾ ਹੁੰਦਾ ਗਿਆ।

ਲੇਖਕ : ਮੁਹਿੰਦਰ ਘੱਗ ਹੋਰ ਲਿਖਤ (ਇਸ ਸਾਇਟ 'ਤੇ): 34
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1464

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ