ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਹ ਹੀ ਤਾਂ ਫਰਕ ਹੈ।

ਕਲ੍ਹ ਕਿੱਥੇ ਗਿਆ ਸੀ ਤੂੰ ? ਚਾਚੇ ਚੇਤ ਰਾਮ ਨੇ ਮਿਲਣ ਆਏ ਭਤੀਜੇ ਸ਼ੋਕੀ ਨੂੰ ਪੁਛਿਆ।
ਕਲ੍ਹ ਤਾਂ ਚਾਚਾ ਜੀ ਮੈ ਮੇਸ਼ੇੇ ਵੀਰਜੀ ਦੀ ਰਿਟਾਇਰਮੈਟ ਪਾਰਟੀ ਤੇ ਗਿਆ ਸੀ। ਸੱਚੀ ਚਾਚਾ ਜੀ ਨਜਾਰਾ ਆ ਗਿਆ। ਸਾਰੇ ਵੱਡੇ ਵੱਡੇ ਅਫਸਰ ,ਐਕਸੀਅਨ, ਐਸ ਡੀ ਓ ਤੇ ਜੇ ਈ ਆਏ ਸਨ ਉਸ ਪਾਰਟੀ ਚ।ਸੋ਼ਕੀ ਨੇ ਦੱਸਿਆ।
ਤੇ ਹੋਰ ਕੋਣ ਕੋਣ ਆਇਆ ਸੀ?ਉਸਨੇ ਥੋੜਾ ਗੁਝੇ ਜਿਹੇ ਤਰੀਕੇ ਜਿਹੇ ਨਾਲ ਫਿਰ ਤੋ ਪੁਛਿਆ।
ਹੋਰ ਤਾਂ ਲਗਭਗ ਸਾਰੇ ਹੀ ਆਏ ਸਨ। ਵੀਰ ਜੀ ਦੇ ਮਹਿਕਮੇ ਚੌ ਸਾਰਾ ਦਫਤਰੀ ਅਮਲਾ ਤੇ ਕੁਝ ਲੋਕਲ ਲੀਡਰ ਵੀ ਆਏ ਸਨ।ਵੀਰ ਜੀ ਦਾ ਆਪਣਾ ਪਰਿਵਾਰ ਕੁੜਮ ਕਬੀਲਾ ਤਾਂ ਸੀ ਹੀ ਉਥੇ ।ਆਪਣੇ ਹਿਸਾਬ ਜਿਹੇ ਨਾਲ ਉਸਨੇ ਗੋਲ ਮੋਲ ਜਿਹਾ ਜਬਾਬ ਦਿੱਤਾ। ਪਰ ਉਸਨੂੰ ਲੱਗਿਆ ਕਿ ਇਸ ਉੱਤਰ ਨਾਲ ਚਾਚਾ ਜੀ ਦੀ ਬਹੁਤੀ ਤਸੱਲੀ ਨਹੀ ਹੋਈ। ਤੇ ਉਹ ਆਪਣੇ ਚਾਚਾ ਜੀ ਦੇ ਮੂੰਹ ਵੱਲ ਵੇਖਣ ਲੱਗਿਆ। ਚਾਚਾ ਚੇਤ ਰਾਮ ਉਸ ਦਾ ਸਕਾ ਚਾਚਾ ਨਹੀ ਸੀ । ਇਹ ਤਾਂ ਉਹਨਾ ਦੇ ਸਰੀਕੇ ਵਿੱਚੋ ਸੀ । ਕਈਆ ਦਾ ਉਹ ਤਾਇਆ ਲੱਗਦਾ ਸੀ ਪਰ ਵੱਡੇ ਭਰਾਵਾਂ ਦੀ ਰੀਸ ਨਾਲ ਸਾਰੇ ਹੀ ਉਸਨੂੰ ਚਾਚਾ ਹੀ ਕਹਿੰਦੇ ਸਨ। ਸ਼ਰੀਕੇ ਵਿੱਚ ਚਾਚੇ ਚੇਤ ਰਾਮ ਦੀ ਬਹੁਤ ਇੱਜਤ ਸੀ। ਇਹ ਸਾਰੇ ਭਰਾ ਸੁਰੂ ਵਿੱਚ ਜੇ ਬੀ ਟੀ ਅਧਿਆਪਕ ਹੀ ਲੱਗੇ ਸਨ। ਪਰ ਚਾਚਾ ਚੇਤ ਰਾਮ ਸਭ ਤੋ ਹੁਸਿਆਰ ਤੇ ਹਿੰਮਤੀ ਨਿੱਕਲਿਆ। ਨੋਕਰੀ ਦੇ ਨਾਲ ਨਾਲ ਉਸਨੇ ਪੜਾਈ ਵੀ ਜਾਰੀ ਰੱਖੀ ਤੇ ਤਰੱਕੀਆਂ ਵੀ ਲੈੱਦਾ ਰਿਹਾ। ਫਿਰ ਉਹ ਜੇ ਬੀ ਟੀ ਤੋ ਲੈਕਚਰਰ ਤੱਕ ਪਹੰਚ ਗਿਆ। ਬਹੁਤ ਟਿਉਸ਼ਨਾ ਪੜਾਈਆਂ ਉਸਨੇ । ਪਤਾ ਨਹੀ ਕਿੰਨੀਆਂ ਕੁ ਲੜਕੀਆਂ ਨੂੰ ਗਿਆਨੀ ਬੀਏ ਐਮ ਏ ਤੇ ਬੀ ਐਡ ਕਰਵਾਈ।ਤੇ ਇਸਦੇ ਪੜਾਏ ਨੋਕਰੀਆਂ ਤੇ ਹਨ । ਬਾਹਰਲੇ ਲੋਕਾਂ ਵਿੱਚ ਉਹ ਮਾਸਟਰ ਚੇਤ ਰਾਮ ਦੇ ਨਾਮ ਨਾਲ ਹੀ ਮਸਹੂਰ ਹੈ।ਤੇ ਅੱਜ ਵੀ ਲੋਕ ਮਾਸਟਰ ਚੇਤ ਰਾਮ ਦੇ ਗੁਣ ਗਾਉਂਦੇ ਹਨ।
ਤੇ ਹੋਰ ਕੋਣ ਕੌਣ ਸੀ। ਮੇਰਾ ਮਤਲਬ ਰਿਸ਼ਤੇਦਾਰ ਕਿੰਨੇ ਕੁ ਸਨ। ਮੇਸ਼ੇ ਦੇ ਨਾਨਕੇ, ਧੀਆਂ ਭੈਣਾਂ ਭਰਾਂ ਚਾਚਿਆਂ ਤਾਇਆਂ ਚੋ ਕੋਣ ਕੋਣ ਆਇਆ ਸੀ। ੳਸਨੇ ਆਪਣੀ ਸੰਕਾ ਅਨੁਸਾਰ ਪੁਛਿਆ । ਤਾਂ ਸ਼ੋਕੀ ਦੇ ਵੀ ਗੱਲ ਸਮਝ ਆਈ ਕਿ ਚਾਚਾ ਜੀ ਕੀ ਪੁਛਣਾ ਚਾਹੁੰਦੇ ਹਨ।
ਚਾਚਾ ਜੀ ਪਾਰਟੀ ਚ ਬੰਦਾ ਤਾਂ ਕੋਈ ਤਿੰਨ ਸਾਢੇ ਤਿੰਨ ਸੋ ਸੀਗਾ। ਖਾਣ ਪੀਣ ਨੂੰ ਵਾਧੂ ਕੁਸ਼ ਸੀ। ਵਿਆਹ ਵਰਗਾ ਪ੍ਰੋਗਰਾਮ ਸੀ। ਭੱਲ੍ਹੇ ਟਿੱਕੀਆਂ ਪਨੀਰ ਪਕੋੜੇ ਨੂਡਲ ਬਰਗਰ ਸਾਰੇ ਠੰਡੇ ਤੇ ਜੂਸ ਕੋਫੀ ਸੂਪ ਤਾਂ ਸੀ ਹੀ ਖਾਣਾ ਵੀ ਬਹੁਤ ਵਧੀਆ ਸੀ।ਬਾਦ ਵਿੱਚ ਮਿੱਠੇ ਦੀ ਵਰਾਇਟੀ ਆਈਸ ਕਰੀਮ ਤੇ ਰਸਮਲਾਈ ਵੀ ਸੀ। ਕਹਿੰਦੇ ਚੀਫ ਸਾਹਿਬ ਵੀ ਆਏ ਸਨ ਤੇ ਕੁੜਮ ਕਬੀਲਾ ਵੀ । ਫਿਰ ਇੰਨਾ ਕੁ ਤਾਂ ਕਰਨਾ ਹੋਇਆ।ਸੋ਼ਕੀ ਨੇ ਆਪਣੇ ਹਿਸਾਬ ਨਾਲ ਦੱਸਿਆ।
ਉਏ ਮੈ ਤੈਨੂੰ ਕੀ ਪੁਛਿਆ ਹੈ ਤੂੰ ਉਹ ਦੱਸ। ਭੱਲੇ ਟਿੱਕੀਆਂ ਨੂੰ ਮਾਰ ਗੋਲੀ। ਚਾਚਾ ਪਾਰਟੀ ਦਾ ਮੀਨੂੰ ਸੁਣ ਕੇ ਬੁੜ੍ਹਕ ਪਿਆ। ਉਸ ਨੂੰ ਤਾਂ ਅਸਲੀ ਗੱਲ ਤਾਈ ਮਤਲਬ ਸੀ। ਸ਼ੋਕੀ ਵੀ ਚਾਚੇ ਦਾ ਗੁੱਸਾ ਵੇਖ ਕੇ ਥੋੜਾ ਥਿੜਕ ਗਿਆ।
ਚਾਚਾ ਜੀ ਵੀਰ ਜੀ ਕਹਿੰਦੇ ਸੀ ਕਿ ਉਹਨਾ ਬਾਹਰੋ ਕਿਸੇ ਨੂੰ ਨਹੀ ਬੁਲਾਇਆ।ਬਸ ਸਾਰੇ ਲੋਕਲ ਹੀ ਸੱਦੇ ਸਨ। ਵੀਰ ਜੀ ਨੇ ਤਾਂ ਆਪਣੇ ਸਹੁਰੇ ਵੀ ਨਹੀ ਸੱਦੇ। ਤੇ ਵੱਡੇ ਵੀਰ ਜੀ ਨੂੰ ਵੀ ਨਹੀ ਬੁਲਾਇਆ ਬਾਹਰੋ।ਤਾਂ ਫਿਰ ਦੀਦੀ ਤੇ ਭੂਆਂ ਨੂੰ ਕਿਵੇ ਬੁਲਾਉਂਦੇ। ਤੇ ਤਾਹੀਓ ਤਾਂ ਮੰਡੀਓ ਤੁਹਾਨੂੰ ਜਾ ਦੂਜੇ ਚਾਚਾ ਜੀ ਨੂੰ ਨਹੀ ਬੁਲਾਇਆ। ਸ਼ੋਕੀ ਨੇ ਚਾਚੇ ਦੇ ਦਿਲ ਦੀ ਗੱਲ ਦੱਸੀ।
ਚਾਚਾ ਜੀ ਨੇ ਆਪਣੀ ਰਿਟਾਇਰਮੈਟ ਤੋ ਬਾਅਦ ਮੰਡੀ ਵਿੱਚ ਆਪਣਾ ਸਕੂਲ ਖੋਲ ਲਿਆ ਸੀ। ਕਿਉਕਿ ਉਹਨਾ ਨੂੰ ਪੜਾਉਣ ਦੇ ਨਾਲ ਨਾਲ ਸਕੂਲ ਮੁਖੀ ਦਾ ਤਜਰਬਾ ਵੀ ਸੀ। ਤੇ ਉਹ ਵਿਹਲਾ ਨਹੀ ਸੀ ਬੈਠ ਸਕਦਾ। ਮਿਹਨਤੀ ਅਧਿਆਪਕ ਲਈ ਰਿਟਾਇਰਮੈਟ ਤੋ ਬਾਦ ਵਿੱੱਚ ਕਿਸੇ ਪ੍ਰਾਈਵੇਟ ਸਕੂਲ ਵਿੱਚ ਨੋਕਰੀ ਕਰਨੀ ਬਹੁਤ ਸੋਖੀ ਨਹੀ ਹੁੰਦੀ ਹੈ। ਅਗਲੇ ਦਿਹਾੜੀਏ ਨਾਲੋ ਵੀ ਘੱਟ ਤਨਖਾਹ ਦਿੰਦੇ ਹਨ ਤੇ ਝਿੜਕਾਂ ਵੱਖਰੀਆਂ ਮਾਰਦੇ ਹਨ। ਇਸ ਤਰਾਂ ਦੀ ਨੋਕਰੀ ਕਰਨ ਲਈ ਸਭ ਤੋ ਪਹਿਲਾ ਆਪਣੀ ਜਮੀਰ ਮਾਰਨੀ ਪੈਂਦੀ ਹੈ ਤੇ ਚਾਚਾ ਜੀ ਇਹ ਕੰਮ ਕਰ ਨਹੀ ਸੀ ਸਕਦੇ। ਸੋ ਉਹਨਾਂ ਨੇ ਆਪਣਾ ਸਕੂਲ ਖੋਲਕੇ ਆਪਣੇ ਸੌਕ ਤਜਰਬੇ ਤੇ ਜਮੀਰ ਨੂੰ ਜਿੰਦਾ ਰੱਖਿਆ। ਸਕੂਲ ਦਾ ਮੰਡੀ ਵਿੱਚ ਨਾਮ ਚਲਦਾ ਸੀ ਕਿੳ਼ੁਂਕਿ ਸਕੂਲ ਨਾਲ ਮਾਸਟਰ ਚੇਤ ਰਾਮ ਜਿਹੀ ਸਖਸ਼ੀਅਤ ਜੁੜੀ ਹੋਈ ਸੀ।
ਚਾਚਾ ਜੀ ਨੂੰ ਚੰਗੀ ਤਰਾਂ ਯਾਦ ਸੀ ਕਿ ਅੱਜ਼ ਤੌ ਕੋਈ ਢਾਈ ਕੁ ਦਹਾਕੇ ਪਹਿਲਾ ਵੱਡੇ ਬਾਈ ਮਾਸਟਰ ਸੰਤ ਰਾਮ ਦੀ ਰਿਟਾਇਰਮੈਟ ਸੀ ਇੱਕ ਜੇ ਬੀ ਟੀ ਮਾਸਟਰ ਵਜੋਂ। ਉਸ ਜਮਾਨੇ ਵਿੱਚ ਵੀ ਪਿੰਡਾਂ ਦੀਆਂ ਪੰਚਾਇਤਾ, ਇਲਾਕੇ ਦੇ ਮੋਹਤਵਰ ਬੰਦੇ ਤੇ ਤਕਰੀਬਨ ਸਾਰੇ ਹੀ ਰਿਸ਼ਤੇਦਾਰ ਬੁਲਾਏ ਗਏ ਸਨ ਰਿਟਾਇਰਮੈਟ ਤੇ । ਕਿਉਕਿ ਵੱਡੇ ਬਾਈ ਦਾ ਇਸ ਇਲਾਕੇ ਵਿੱਚ ਨਾਮ ਸੀ ਤੇ ਬੱਚਾ ਬੱਚਾ ਉਹਨਾ ਨੂੰ ਜਾਣਦਾ ਸੀ।ਉਹਨਾ ਦੇ ਪੜਾਏ ਵੱਡੇ ਵੱਡੇ ਅਹੁਦਿਆਂ ਤੇ ਸਨ। ਬਾਈ ਨੇ ਤਾਂ ਜਿੰਦਗੀ ਵਿੱਚ ਕਿਸੇ ਨਾਲ ਵਿਗਾੜੀ ਨਹੀ ਸੀ। ਉਸ ਦਿਨ ਆਏ ਗਏ ਹਰ ਵੱਡੇ ਛੋਟੇ ਨੂੰ ਚਾਹ ਦੇ ਕੱਪ ਨਾਲ ਇੱਕ ਇੱਕ ਸਮੋਸਾ ਤੇ ਇੱਕ ਇੱਕ ਗੁਲਾਬ ਜਾਮੁਨ ਖੁਆਇਆ ਗਿਆ ਸੀ । ਸਾਰੇ ਮਹਿਮਾਨ ਖੁਸ਼ ਸਨ ।ਤੇ ਉਸ ਰਿਟਾਇਰਮੈਟ ਪਾਰਟੀ ਦੀ ਕਈ ਦਿਨ ਇਲਾਕੇ ਚ ਚਰਚਾ ਹੁੰਦੀ ਰਹੀ।ਉਸ ਸਮਾਗਮ ਤੋ ਬਾਅਦ ਧੀਆਂ ਭੈਣਾਂ ਦੇ ਮਾਣ ਸਨਮਾਨ ਦੇ ਨਾਲ ਨਾਲ ਪ੍ਰਮਾਤਮਾਂ ਦਾ ਸੁਕਰਾਨਾ ਵੀ ਕੀਤਾ ਗਿਆ।
ਪਰ ਆਹ ਕੀ। ਇੰਨਾ ਵੱਡਾ ਇੱਕਠ ਕਰਕੇ ਘਰ ਦੇ ਬਜੁਰਗਾਂ ਤੇ ਸ਼ਰੀਕੇ ਨੂੰ ਤਾਂ ਛੱਡਿਆ ਹੀ ਛੱਡਿਆ, ਆਪਣੀ ਜਨਮਦਾਤੀ ਮਾਂ, ਅੰਮਾਂ ਜਾਏ ਭਰਾ ਦੇ ਨਾਲ ਨਾਲ ਘਰ ਦੀ ਜਾਈ ਨੂੰ ਵੀ ਵਿਸਾਰ ਦਿੱਤਾ। ਚਾਚਾ ਚੇਤ ਰਾਮ ਜਿਸਨੂੰ ਸਾਰੇ ਕਬੀਲੇ ਦਾ ਸਿੱਖਿਆ ਸ਼ਾਸਤਰੀ ਕਹਿੰਦੇ ਸਨ ਦੇ ਇਹ ਗੱਲ ਹਜੱਮ ਨਹੀ ਸੀ ਹੋ ਰਹੀ।ਪਰਿਵਾਰ ਵਿੱਚ ਉਹ ਸਭ ਤੋ ਵੱਡੀ ਉਮਰ ਦਾ ਸੀ ਇਸੇ ਲਈ ਉਹ ਪ੍ਰੇਸ਼ਾਨ ਸੀ। । ਤੇ ਉਹ ਜਾਣਦਾ ਸੀ ਕਿ ਘਰ ਦੀਆਂ ਧੀਆਂ ਭੈਣਾਂ ਤੇ ਵੱਡਿਆਂ ਦਾ ਸਨਮਾਨ ਕਿਵੇ ਕਰਨਾ ਹੈ। ਜਦੋ ਨਵੀ ਪੀੜੀ ਵੱਡਿਆਂ ਨੂੰ ਵਿਸਾਰ ਦਿੰਦੀ ਹੈ ਤਾਂ ਬਜੁਰਗਾਂ ਦਾ ਦਿਲ ਹੀ ਜਾਣਦਾ ਹੈ ਤੇ ਚਾਚੇ ਦੇ ਅੰਦਰ ਵੀ ਇਹੀ ਦੁੱਖ ਸਮਾਇਆ ਹੋਇਆ ਸੀ।
ਚਾਚੇ ਦਾ ਮੰਡੀ ਵਾਲਾ ਸਕੂਲ ਬਹੁਤ ਵਧੀਆ ਚਲਦਾ ਸੀ। ਅਚਾਨਕ ਚਾਚੇ ਦੇ ਕੋਈ ਸੱਟ ਵੱਜੀ ਤੇ ਚਾਚਾ ਮੰਜੇ ਤੇ ਪੈ ਗਿਆ। ਟੁੱਟੀ ਹੱਡੀ ਦਾ ਦਰਦ ਸਭ ਤੋ ਭੈੜਾ ਹੁੰਦਾ ਹੈ ਤੇ ਇੱਕ ਮਿਹਨਤੀ ਤੇ ਹਿੰਮਤੀ ਬੰਦੇ ਨੂੰ ਮਹੀਨਿਆਂ ਬੱਧੀ ਮੰਜੇ ਤੇ ਪੈਣਾ ਬਹੁਤ ਅੋਖਾ ਲੱਗਦਾ ਹੈ। ਪਰ ਇਸ ਸੱਟ ਕਰਕੇ ਚਾਚਾ ਮਜਬੂਰ ਸੀ । ਜਿਹੜਾ ਬੰਦਾ ਤਾ ਜਿੰਦਗੀ ਤੇ ਬੁਢਾਪੇ ਤੱਕ ਕਦੇ ਵਹਿਲਾ ਨਾ ਬੈਠਾ ਹੋਵੇ ਤੇ ਫਿਰ ਉਹ ਮੰਜਾ ਮੱਲ ਲਵੇ ਸਹਿਣ ਕਰਨਾ ਬਹੁਤ ਮੁਸਕਿਲ ਹੁੰਦਾ ਹੈ। ਉੱਤੋ ਜਦੋ ਢਿੱਡ ਦੇ ਜੰਮੇ ਤੇ ਹੱਥੀ ਪਾਲੇ ਪੁੱਤਾਂ ਵਰਗੇ ਭਤੀਜੇ ਪਾਸਾ ਵੱਟਣ ਲੱਗ ਜਾਣ ਤੇ ਮਨ ਆਈਆਂ ਕਰਨ ਲੱਗ ਜਾਣ ਤਾਂ ਗੁੱਸਾ ਆਉਣਾ ਕੁਦਰਤੀ ਗੱਲ ਹੈ। ਚਾਚਾ ਬਹੁਤਾ ਹਿੱਲ ਜੁੱਲ ਨਹੀ ਸੀ ਸਕਦਾ ।ਨਹੀ ਤਾਂ ਕੰਨੋ ਤੋ ਫੜ੍ਹ ਕੇ ਕਹਿੰਦਾ ਮੇਸ਼ੇ ਪੁੱਤ ਤੂੰ ਚੰਗਾ ਨਹੀ ਕੀਤਾ।ਤੇਰੇ ਇਸ ਪ੍ਰੋਗਰਾਮ ਵਿੱਚ ਕੀ ਮਾਂ ਲਈ ਦੋ ਗੁਲੀਆਂ ਨਹੀ ਸਨ ਜਾ ਭੈਣ ਲਈ ਦੋ ਰੋਟੀਆਂ ਦਾ ਘਾਟਾ ਸੀ । ਤੇ ਪਿਉ ਵਰਗੇ ਚਾਚੇ ਤਾਏ ਜੇ ਆ ਜਾਂਦੇ ਤਾਂ ਤੈਨੂੰ ਰੱਬ ਜਿੱਡਾ ਅਸੀਰਵਾਦ ਦਿੰਦੇ। ਪਰ ਚਾਚਾ ਚੁੱਪ ਸੀ। ਪਰ ਅੰਦਰੋ ਅੰਦਰੀ ਕੁੜ੍ਹੀ ਜਾ ਰਿਹਾ ਸੀ।
ਉਸ ਨੂੰ ਯਾਦ ਆਇਆ ਜਦੋ ਉਸਦੀ ਆਪਣੀ ਰਿਟਾਇਰਮੈਟ ਪਾਰਟੀ ਸੀ ਤਾਂ ਉਦੋ ਵੀ ਬਹੁਤ ਇਕੱਠ ਸੀ। ਇਉ ਲੱਗਦਾ ਸੀ ਜਿਵੇ ਮੇਲਾ ਪੂਰਾ ਭਰਿਆ ਹੋਵੇ । ਉਹ ਕਹਿੜਾ ਅਧਿਆਪਕ ਸੀ ਜਿਸਨੇ ਆਕੇ ਆਪਣੀ ਹਾਜਰੀ ਨਹੀ ਸੀ ਲਗਵਾਈ। ਕਿੰਨੇ ਹੀ ਬੁਲਾਰਿਆ ਨੇ ਮਾਸਟਰ ਚੇਤ ਰਾਮ ਦੀ ਜਿੰਦਗੀ ਦੇ ਹਰ ਪਹਿਲੂ ਤੇ ਚਾਨਣਾ ਪਾਇਆ। ਬਹੁਤਿਆਂ ਨੇ ਤਾਂ ਇਹੀ ਕਿਹਾ ਕਿ ਉਸਨੂੰ ਜਿੰਦਗੀ ਦੇ ਇਸ ਮੁਕਾਮ ਤੇ ਪੰਹੁਚਾਉਣ ਵਾਲਾ ਮਾਸਟਰ ਚੇਤ ਰਾਮ ਹੀ ਹੈ । ਉਸ ਸਮੇ ਤੱਕ ਪਾਰਵਾਰਿਕ ਜਿੰਮੇਦਾਰੀਆਂ ਦੇ ਕਾਰਨ ਉਸਦਾ ਆਪਣਾ ਮਕਾਨ ਵੀ ਨਹੀ ਸੀ ਬਣਿਆ। ਪਰ ਜਦੋ ਉਸਨੇ ਸਕੂਲ ਦੀ ਲਾਈਬਰੇਰੀ ਲਈ ਵਿੱਤੋ ਬਾਹਰ ਹੋ ਕੇ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਤਾਂ ਕਈ ਨਾਸਮਝ ਲੋਕ ਉਸਦੀ ਮੂਰਖਤਾ ਤੇ ਹੱਸੇ। ਪਰ ਸਮਝਦਾਰ ਲੋਕਾਂ ਨੇ ਇਸਦੀ ਖੁੱਲ੍ਹ ਕੇ ਤਾਰੀਫ ਕੀਤੀ। ਤੇ ਇਸ ਨੂੰ ਇੱਕ ਅਗਾਂਹ ਵਧੂ ਸੋਚ ਆਖਿਆ।
ਸੋਕੀ ਆਪਣੀ ਗੱਲ ਪੂਰੀ ਕਰਕੇ ਕਦੋ ਦਾ ਜਾ ਚੁੱਕਿਆ ਸੀ। ਚਾਚੇ ਨੂੰ ਸੋਕੀ ਦੇ ਜਾਣ ਦਾ ਪਤਾ ਵੀ ਨਾ ਲੱਗਿਆ। ਚਾਚਾ ਆਪਣੀਆਂ ਸੋਚਾਂ ਵਿੱਚ ਗਵਾਚਿਆ ਹੋਇਆ ਸੀ। ਉਸ ਨੂੰ ਸਮਝ ਨਹੀ ਸੀ ਆ ਰਹੀ। ਕਿ ਅੱਜ ਦੀ ਪੀੜੀ ਨੂੰ ਕੀ ਹੋਈ ਜਾ ਰਿਹਾ ਹੈ। ਇਹ ਲੋਕ ਆਪਣੀਆਂ ਜੜ੍ਹਾ ਤੌ ਦੂਰ ਕਿਉ ਹੋ ਰਹੇ ਹਨ। ਰਿਸਤਿਆਂ ਨੂੰ ਕਿਉ ਵਿਸਾਰ ਰਹੇ ਹਨ।ਧੀਆਂ ਤੇ ਭੈਣਾਂ ਪ੍ਰਤੀ ਇਹਨਾ ਦਾ ਨਜਰੀਆ ਕਿਉ ਬਦਲ ਰਿਹਾ ਹੈ। ਆਹੀ ਤਾਂ ਫਰਕ ਹੈ ।ਪੁਰਾਣੀ ਤੇ ਨਵੀ ਪੀੜੀ ਦਾ । ਆਹੀ ਤਾਂ ਫਰਕ ਹੈ ।ਪੁਰਾਣੀ ਤੇ ਨਵੀ ਪੀੜੀ ਦਾ । ਚਾਚਾ ਵਾਰੀ ਵਾਰੀ ਬੁੜਬੁੜਾਈ ਜਾ ਰਿਹਾ ਸੀ। ਪਰ ਚਾਚੇ ਵਰਗਿਆਂ ਦੀ ਹੁਣ ਸੁਣਦਾ ਕੋਣ ਹੈ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1133
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ