ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਭੈਣਜੀ ਜੀ

ਨਹੀ ਮੈਮ ਸੋਰੀ ਅਸੀ ਤਾਂ ਦਵਾਈ ਬਨਾਉਣ ਲਈ ਪੇਠਾ ਲੈਣ ਲਈ ਹੀ ਵੈਨ ਚੋ ਉਤਰੀਆਂ ਸੀ।ਮੰਮੀ ਨੇ ਕਿਹਾ ਸੀ ਲਿਆਉਣ ਲਈ। ਦੋਨੋ ਲੜਕੀਆਂ ਆਪਣਾ ਸ਼ਪਸਟੀਕਰਨ ਦੇ ਰਹੀਆਂ ਸੀ।ਡਰਾਇਵਰ ਵੀ ਆਪਣੀ ਗਲਤੀ ਸਵੀਕਾਰਦਾ ਹੋਇਆ ਸੋਰੀ ਮੈਮ ਸੋਰੀ ਮੈਮ ਕਰੀ ਜਾ ਰਿਹਾ ਸੀ।ਉਸਦਾ ਲੜਕੀਆਂ ਦੀ ਰੀਸ ਨਾਲ ਵਾਰੀ ਵਾਰੀ ਸੋਰੀ ਮੈਮ ਸੋਰੀ ਮੈਮ ਆਖਣਾ ਮੈਨੂੰ ਚੰਗਾ ਲੱਗ ਰਿਹਾ ਸੀ। ਕਿਉਕਿ ਇਹ ਵੈਨਾਂ ਵਾਲੇ ਤਾਂ ਅੜਬ ਤੇ ਦੇਸੀ ਭਾਸ਼ਾ ਵਿੱਚ ਜਿਆਦਾ ਹੀ ਬੋਲਦੇ ਹਨ।ਗੱਲ ਵੀ ਕੋਈ ਖਾਸ ਨਹੀ ਸੀ ਛੁੱਟੀ ਤੌ ਬਾਅਦ ਜਦੋ ਅਸੀ ਕਈ ਸਟਾਫ ਮੈਬਂਰ ਆਪਣੀ ਗੱਡੀ ਤੇ ਘਰ ਜਾ ਰਹੇ ਸੀ ਤਾਂ ਸਾਡੇ ਹੀ ਸਕੂਲ ਦੀਆਂ ਦੋ ਲੜਕੀਆਂ ਵੈਨ ਰੋਕ ਕੇ ਸੜਕ ਤੋ ਕੱਚਾ ਪੇਠਾ ਖਰੀਦ ਰਹੀਆਂ ਸਨ। ਤੇ ਅਸੀ ਆਪਣੀ ਡਿਊਟੀ ਸਮਝਦੇ ਹੋਏ ਆਪਣੀ ਗੱਡੀ ਰੋਕ ਕੇ ਇੱਨਕੁਆਰੀ ਕਰਨ ਲੱਗੇ ਸੀ। ਬੱਚੀਆਂ ਦੀ ਗੱਲ ਕਾਫੀ ਹੱਦ ਤੱਕ ਸੱਚ ਸੀ ਪਰ ਅਸੀ ਆਪਣੇ ਫਰਜ ਅਨੁਸਾਰ ਸਹੀ ਸੀ।ਜੇ ਇਹਨਾ ਵੈਨਾਂ ਵਾਲਿਆਂ ਤੇ ਨਿਗ੍ਹਾ ਨਾ ਰੱਖੀ ਜਾਵੇ ਤਾਂ ਇਹ ਵੈਲ ਵਾਲੇ ਤੇ ਬੱਚੇ ਕਈ ਵਾਰੀ ਗਲਤ ਕਰ ਜਾਂਦੇ ਹਨ। ਤੇ ਜਿਸਦੇ ਦੇ ਨਤੀਜੇ ਬਹੁਤ ਭਿਆਨਕ ਨਿੱਕਲਦੇ ਹਨ ਬਾਅਦ ਵਿੱਚ।
ਮੇਰੇ ਯਾਦ ਹੈ ਕਿ ਜਦੋ ਅਸੀ ਸਕੂਲੇ ਪੜ੍ਹਦੀਆਂ ਸੀ ਤਾਂ ਇੱਕ ਵਾਰੀ ਅਸੀ ਵੀ ਘਰੇ ਆਉਂਦੀਆਂ ਆਉਂਦੀਆਂ ਰਸਤੇ ਵਿੱਚ ਖੜ੍ਹਕੇ ਕੁਲਫੀ ਖਾਣ ਲੱਗ ਪਈਆਂ ਤੇ ਸਾਨੂੰ ਹਿੰਦੀ ਵਾਲੀ ਭੈਣਜੀ ਨੇ ਦੇਖ ਲਿਆ। ਅਸੀ ਉੱਚੀ ਉੱਚੀ ਦੰਦ ਕੱਢ ਰਹੀਆਂ ਸੀ ਤੇ ਨਾਲੇ ਕੁਲਫੀ ਵਾਲੇ ਭਈਏ ਨੂੰ ਮਜਾਕ ਵੀ ਕਰ ਰਹੀਆਂ ਸੀ । ਫਿਰ ਕੀ ਸੀ ਭੈਣਜੀ ਨੇ ਸਾਡੇ ਦੋ ਦੋ ਚਪੇੜਾਂ ਲਾਈਆਂ ਤੇ ਅਸੀ ਕੁਲਫੀਆਂ ਵਿਚਾਲੇ ਸੁੱਟ ਕੇ ਘਰਾਂ ਨੂੰ ਦੋੜ ਗਈਆਂ। ਅਸੀ ਘਰੇ ਵੀ ਕੁਝ ਨਾ ਦੱਸਿਆ। ਕਿਉਕਿ ਪਤਾ ਸੀ ਕਿ ਮਾਂ ਤਾਂ ਭੈਣ ਜੀ ਜੀ ਨਾਲੋ ਵੀ ਵੱਧ ਮਾਰੂ। ਪਰ ਗੱਲ ਉਥੇ ਹੀ ਖਤਮ ਨਹੀ ਸੀ ਹੋਈ। ਅਗਲੇ ਦਿਨ ਹਿੰਦੀ ਵਾਲੀ ਭੈਣ ਜੀ ਨੇ ਸਵੇਰ ਦੀ ਸਭਾ ਵਿੱਚ ਸਾਨੂੰ ਫਿਰ ਬਾਹਰ ਕੱਢ ਲਿਆ ਤੇ ਸਾਡੇ ਦੋਂਵੇ ਹੱਥ ਉਤਾਹ ਨੂੰ ਖੜੇ ਕਰਵਾ ਕੇ ਸਜਾ ਦਿੱਤੀ ਤੇ ਦੂਸਰੀਆਂ ਲੜਕੀਆਂ ਨੂੰ ਵੀ ਅਜਿਹਾ ਨਾ ਕਰਨ ਦੀ ਸਖਤ ਤਾੜਣਾ ਕੀਤੀ ਗਈ। ਤੇ ਅਸੀ ਕਿਹੜਾ ਫਿਰ ਹੱਟ ਗਈਆਂ। ਪੰਜਵੀ ਤੋ ਦਸਵੀ ਤੱਕ ਅਸੀ ਵੀ ਉਸੇ ਤਰਾਂ ਕੁਲਫੀਆਂ ਖਾਦੀਆਂ ਰਹੀਆਂ ਤੇ ਹਿੰਦੀ ਵਾਲੇ ਭੈਣਜੀ ਜੀ ਵੀ ਉਸੇ ਸਕੂਲ ਵਿੱਚ ਸਾਡੇ ਹੀ ਇੰਚਾਰਜ ਰਹੇ।
ਉਹਨਾ ਦਿਨਾ ਵਿੱਚ ਇਕੱਲੇ ਹਿੰਦੀ ਆਲੇ ਭੈਣਜੀ ਜੀ ਹੀ ਨਹੀ ਸਖਤ ਸਨ। ਸਾਰੀਆਂ ਭੈਣ ਜੀਆਂ ਇੱਕੋ ਜਿਹੀਆਂ ਹੀ ਸਨ। ਗਲਤੀ ਹੁੰਦੀ ਚਾਹੇ ਨਾ। ਬਸ ਡੰਡਾ ਪਰੇਡ ਚਾਲੂ ਹੋ ਜਾਂਦੀ ਸੀ। ਕੋਈ ਤਰਕ ਬਹਾਨਾ ਨਹੀ ਸੀ ਚਲਦਾ। ਜੋ ਭੈਣਜੀ ਜੀ ਦੇ ਦਿਲ ਚ ਜੱਚ ਗਿਆ ਸੋ ਹੀ ਸੱਚ।ਮੈ ਮੇਰੇ ਮਾਮੇ ਦੇ ਮੁੰਡੇ ਦੇ ਵਿਆਹ ਤੋ ਬਾਅਦ ਜਦੋ ਸਕੂਲ ਆਈ ਤਾਂ ਮੇਰੇ ਹੱਥਾਂ ਤੇ ਲੱਗੀ ਫਿੱਕੀ ਜਿਹੀ ਮਹਿੰਦੀ ਭੈਣਜੀ ਜੀ ਦੀ ਨਿਗ੍ਹਾ ਚੜ੍ਹ ਗਈ । ਮੈਨੂੰ ਪਤਾ ਸੀ ਕਿ ਭੈਣਜੀ ਜੀ ਗੁੱਸੇ ਹੋਣਗੇ ਇਸ ਲਈ ਮੈ ਸਵੇਰੇ ਹੀ ਚੰਗੀ ਤਰਾਂ ਹੱਥ ਸਾਬੁਣ ਨਾਲ ਰਗੜ ਰਗੜ ਕੇ ਧੋਤੇ ਪਰ ਮਹਿੰਦੀ ਕਿਉ ਉਤਰਨੀ ਸੀ। ਭੈਣਜੀ ਜੀ ਤਾਂ ਜਿਵੇ ਤਿਆਰ ਹੀ ਬੈਠੇ ਸੀ ਤੜਾਕ ਕਰਦਾ ਇੱਕ ਚਾਂਟਾ ਮੇਰੇ ਸੱਜੇ ਪਾਸੇ ਗੱਲ੍ਹ ਵੱਜਿਆ ਅਜੇ ਸੰਭਲੀ ਵੀ ਨਹੀ ਸੀ ਕਿ ਖੱਬੇ ਪਾਸੇ ਵਾਲਾ ਕੰਨ ਵੀ ਸੈਂ ਸੈਂ ਕਰਨ ਲੱਗ ਪਿਆ। ਫਿਰ ਪਤਾ ਲੱਗਿਆ ਬਈ ਇਹ ਮਹਿੰਦੀ ਰੰਗ ਲਾਈ ਹੈ। ਕੰਨਾ ਚ ਪਾਏ ਟੋਪਸ ਵੀ ਉਸਨੇ ਉਤਾਰ ਲਏ। ਹੁਣ ਤੇਰੀ ਮਾਂ ਨੂੰ ਆਖੀ ਆਕੇ ਮੈਥੋ ਲੈਜੇ । ਆਖ ਕੇ ਉਹ ਫਿਰ ਪੜਾਉਣ ਲੱਗ ਪਈ।
ਪਰ ਸਾਡੇ ਤੇ ਇਹਨਾ ਗੱਲਾਂ ਦਾ ਅਸਰ ਇੰਕ ਦੋ ਦਿਨ ਹੀ ਮਸਾਂ ਰਹਿੰਦਾ।ਅਸੀ ਕੰਟੀਨ ਤੋ ਭੈਣ ਜੀ ਜੀ ਦਾ ਨਾਮ ਲੈਕੇ ਅਕਸਰ ਸਮੋਸੇ ਖਾਂਦੀਆਂ। ਮਹੀਨੇ ਬਾਅਦ ਜਦੌ ਭੈਣਜੀ ਜੀ ਕੰਟੀਨ ਵਾਲੇ ਬਾਈ ਨਾਲ ਬਿੱਲ ਦਾ ਰੋਲਾ ਪਾਈ ਬੈਠੇ ਹੁੰਦੇ ਤਾਂ ਅਸੀ ਇੰਕ ਦੂਜੇ ਵੱਲ ਵੇਖਕੇ ਖੂਬ ਹੱਸਦੀਆਂ।ਕਈ ਵਾਰੀ ਤਾਂ ਅਸੀ ਉਹਨਾ ਦੇ ਰੋਟੀ ਆਲੇ ਟਿਫਨ ਚੁੱਕ ਕੇ ਲੈ ਜਾਂਦੀਆਂ ਸਟਾਫ ਰੂਮ ਚੋ ਤੇ ਪਰਾਂ ਗਰਾਉ਼ਡ ਵਿੱਚ ਬੈਠਕੇ ਉਹਨਾ ਦੀਆਂ ਪਰੋਂਠੀਆਂ ਖਾ ਜਾਂਦੀਆਂ।ਅਸੀ ਉਹ ਖਾਲੀ ਟਿਫਨ ਵੀ ਲੈਟਰੀਨ ਚ ਸੁੱਟ ਕੇ ਮੁਰਦਾ ਹੀ ਗਾਇਬ ਕਰ ਦਿੰਦੀਆਂ।ਸੱਚੀ ਉਹ ਹਿਸਾਬ ਵਾਲੀ ਭੈਣਜੀ ਜੀ ਤਾਂ ਬਹੁਤ ਸਵਾਦ ਸਵਾਦ ਸਬਜੀਆਂ ਬਣਕੇ ਲਿਆਉਦੀ ਸੀ।ਤੇ ਸਾਡਾ ਹਮਲਾ ਵੀ ਹਿਸਾਬ ਆਲੀ ਭੈਣਜੀ ਜੀ ਦੇ ਟਿਫਨ ਤੇ ਹੀ ਜਿਆਦਾ ਹੁੰਦਾ ਸੀ । ਜਦੋ ਉਹ ਭੁੱਖੀ ਤੜਫਦੀ ਤਾਂ ਸਾਡਾ ਉਸ ਤੌ ਪਈ ਕੁੱਟ ਦਾ ਵੀ ਬਦਲਾ ਪੂਰਾ ਹੋ ਜਾਂਦਾ।ਸਾਡੇ ਮਨ ਨੁੰ ਸਕੂਲ ਮਿਲਦਾ। ਜਦੋ ਉਹ ਸਾਡੇ ਕੋਲੋ ਟਿਫਨ ਬਾਰੇ ਪੁਛਦੀ ਤਾਂ ਅਸੀ ਭੋਲੀਆਂ ਜਿਹੀਆਂ ਬਣ ਕਿ ਆਪਣੇ ਘਰੋ ਤਾਜੀ ਰੋਟੀ ਬਣਾਕੇ ਲਿਆਉਣ ਲਈ ਆਖਦੀਆਂ। ਪਰ ਭੈਣਜੀ ਜੀ ਨਾਹ ਕਰ ੰਦੰਦੇ ਤੇ ਸਾਡੇ ਨੰਬਰ ਬਣ ਜਾਂਦੇ।ਤੇ ਕਈ ਦਿਨ ਸਾਡੇ ਤੇ ਦਿਆਲ ਰਹਿੰਦੀ।
ਚੋਰੀ ਦੀਆਂ ਰੋਟੀਆਂ ਖਾਕੇ ਵੀ ਸਾਡਾ ਢਿੱਡ ਨਹੀ ਸੀ ਭਰਦਾ। ਅਸੀ ਵਿਹਲੀਆਂ ਬੈਠੀਆਂ ਚਾਕ ਹੀ ਖਾਈ ਜਾਂਦੀਆਂ। ਜਦੋ ਸਕੂਲ ਵਿੱਚ ਚਾਕਾਂ ਦੀ ਖਪਤ ਵੱਧ ਗਈ ਤੇ ਹਰ ਪਾਸੇ ਚਾਕਾਂ ਦਾ ਰੋਲਾ ਪੈ ਗਿਆ ਤਾਂ ਸਾਰਿਆਂ ਨੇ ਘੋਖ ਕਰਨੀ ਸੁਰੂ ਕਰ ਦਿੱਤੀ। ਫਿਰ ਇੱਕ ਦਿਨ ਪੰਜਾਬੀ ਵਾਲੀ ਭੈਣਜੀ ਜੀ ਨੇ ਸਾਨੂੰ ਤਿੰਨਾ ਚਾਰਾਂ ਨੂੰ ਚਾਕ ਖਾਂਦੀਆਂ ਨੂੰ ਰੰਗੇ ਹੱਥੀ ਫੜ੍ਹ ਲਿਆ। ਫਿਰ ਕੀ ਸੀ ਸਾਡੇ ਹੱਥ ਤੇ ਪੰਜਾਬੀ ਵਾਲੀ ਦੇ ਡੰਡੇ। ਲੱਗਦਾ ਸੀ ਕਿ ਜਿਵੇ ਅਸੀ ਹੱਥਾਂ ਤੇ ਤਾਜੀ ਤਾਜੀ ਮਹਿੰਦੀ ਲਾਈ ਹੋਵੇ। ਸਾਨੂੰ ਮਾਂ ਪਿਉ ਨੂੰ ਬੁਲਾਕੇ ਲਿਆਉਣ ਲਈ ਆਖਿਆ ਗਿਆ। ਬਥੇਰੇ ਕੰਨ ਪਕੜੇ, ਨੱਕ ਰਗੜੇ। ਘਰਦੀ ਕੁੱਟ ਤਾਂ ਇਸ ਤੋ ਵੀ ਜਿਆਦਾ ਹੋਣੀ ਸੀ। ਪਰ ਸਾਡੀ ਕੋਈ ਪੇਸ ਨਾ ਚੱਲੀ । ਘਰ ਦੱਸਦੇ ਸਾਰ ਹੀ ਪਹਿਲਾਂ ਮਾਂ ਨੇ ਛਿੱਲ ਲਾਹੀ ਤੇ ਸ਼ਾਮ ਨੂੰ ਪਾਪਾ ਜੀ ਨੇ।ਅਗਲੇ ਦਿਨ ਵੀ ਪਾਪਾ ਮੰਮੀ ਭੈਣਜੀਆਂ ਨੂੰ ਪੂਰੀ ਖੁੱਲ੍ਹ ਦੇ ਗਏ।ਜਦੋ ਚਾਕਾਂ ਦਾ ਕੰਮ ਖਤਮ ਹੋ ਗਿਆ ਤਾਂ ਅਸੀ ਸਲੇਟੀਆਂ ਖਾਣੀਆਂ ਸੁਰੂ ਕਰ ਦਿੱਤੀਆਂ। ਪਰ ਇੱਕ ਦੋ ਸਲੇਟੀਆਂ ਨਾਲ ਸਾਡਾ ਕੁਝ ਨਾ ਬਣਦਾ। ਅਸੀ ਸਾਬੂਤ ਡਿੱਬਾ ਹੀ ਖਰੀਦਣ ਲੱਗ ਪਈਆਂ । ਕਦੇ ਕੋਈ ਖਰੀਦ ਲਿਆਉਦੀ ਕਦੇ ਕੋਈ। ਫਿਰ ਇੱਕ ਦਿਨ ਕਿਸੀ ਛੋਟੀ ਕਲਾਸ ਵਾਲੀ ਲੜਕੀ ਨੇ ਸਾਡੀ ਸਿਕਾਇਤ ਹਿੰਦੀ ਵਾਲੀ ਭੈਣਜੀ ਜੀ ਕੋਲ ਕਰ ਦਿੱਤੀ।ਸਾਡੀ ਸਾਰੀਆਂ ਦੇ ਬਸਤਿਆਂ ਦੀ ਤਲਾਸ਼ੀ ਲਈ ਗਈ ਤੇ ਮਾਲ ਬਰਾਮਦ ਹੋ ਗਿਆ। ਤੇ ਹਿੰਦੀ ਵਾਲੀ ਭੈਣਜੀ ਜੀ ਦੇ ਹੱਥੀ ਜਿਵੇ ਕੋਈ ਅਲਾਦੀਨ ਦਾ ਚਿਰਾਗ ਲੱਗ ਗਿਆ ਹੋਵੇ। ਹੁਣ ਉਸਨੇ ਸਾਨੂੰ ਕੁਟਣ ਵਾਲੀਆਂ ਕਸਰਾਂ ਹੀ ਕੱਢ ਲਈਆਂ। ਕਹਿੰਦੀ ਮੈ ਤੁਹਾਡਾ ਨਾ ਕੱਟ ਦੇਣਾ ਹੈ ਤੇ ਸਕੂਲ ਚੋ ਕੱਢ ਦੇਣਾ ਹੈ ਪਰ ਉਸਨੇ ਨਾ ਸਾਡਾ ਨਾਂ ਕੱਟਿਆ ਤੇ ਨਾ ਸਾਨੂੰ ਬਖਸਿ਼ਆ। ਅਸੀ ਵੀ ਉਸ ਤੋ ਬਦਲਾ ਲੈਣ ਲਈ ਨਵੇ ਨਵੇ ਢੰਗ ਵਰਤਦੇ। ਕਦੇ ਉਸਦੀ ਸਾਈਕਲ ਪੈਚਰ ਕਰ ਦਿੰਦੀਆਂ ਤੇ ਕਦੇ ਉਸਦੇ ਪਰਸ ਨੂੰ ਆਸੇ ਪਾਸੇ ਕਰ ਦਿੰਦੀਆਂ। ਉਸਦੀ ਲਿਖੀ ਡਾਇਰੀ ਤੇ ਕਾਂਟੇ ਮਾਰ ਦਿੰਦੀਆਂ। ਕਦੇ ਕਦੇ ਉਸ ਦੁਆਰਾ ਸਕੂਲ ਦੇ ਬੋਰਡ ਤੇ ਲਾਈ ਬੱਚਿਆਂ ਦੀ ਹਾਜਰੀ ਦਾ ਕੁੱਲ ਜੋੜ ਮਿਟਾਕੇ ਗਲਤ ਲਿੱਖ ਦਿੰਦੀਆਂ।ਬਹੁਤ ਤੜਫਦੀ ਉਹ। ਜਦੋ ਸਕੂਲ ਦਾ ਚਪੜਾਸੀ ਉਸਨੂੰ ਬਲਾਉਣ ਆਉਦਾ ਤੇ ਉਸ ਦੀ ਹੈਡ ਮਾਸਟਰ ਸਾਹਿਬ ਮੂਹਰੇ ਪੇਸ਼ੀ ਪੈਦੀ ਤਾਂ ਵਿਚਾਰੀ ਰੁਮਾਲ ਨਾਲ ਅੱਖਾਂ ਪੂੰਝਦੀ ਹੈਡ ਮਾਸਟਰ ਸਾਹਿਬ ਦੇ ਦਫਤਰ ਚੋ ਬਾਹਰ ਨਿਕਲਦੀ।ਕਈ ਵਾਰੀ ਸਾਨੂੰ ਤਰਸ ਵੀ ਆ ਜਾਂਦਾ ਪਰ ਸਾਡਾ ਬਦਲਾ ਪੂਰਾ ਹੋ ਜਾਂਦਾ।ਤੇ ਅਸੀ ਵਿੱਚੇ ਵਿੱਚ ਹੱਸਦੀਆਂ।
ਸੋਰੀ ਮੈਮ ਸੋਰੀ। ਅੱਗੇ ਤੌ ਵੈਨ ਰਸਤੇ ਵਿੱਚ ਨਹੀ ਰੁਕਵਾਉਦੀਆਂ। ਲੜਕੀਆਂ ਦੀ ਮਿੰਨਤ ਅਜੇ ਜਾਰੀ ਸੀ। ਮੈ ਆਪਣੇ ਖਿਆਲਾਂ ਤੋ ਬਾਹਰ ਨਿੱਕਲਦੀ ਹਾਂ। ਮੈਨੂੰ ਲੜਕੀਆਂ ਦੇ ਭੋਲੇ ਭਾਲੇ ਤੇ ਮਾਸੂਮ ਚੇਹਰਿਆਂ ਤੇ ਤਰਸ ਆਉਂਦਾ ਹੈ।ਤੇ ਉਹਨਾ ਦੇ ਹਾਵ ਭਾਵ ਤੌ ਸਚਾਈ ਝਲਕਦੀ ਸਾਫ ਨਜਰ ਆਉਂਦੀ ਹੈ। ਚਲੋ ਕੋਈ ਨਹੀ ਬੇਟਾ। ਅੱਗੇ ਤੋ ਅਜਿਹੀ ਗਲਤੀ ਨਹੀ ਕਰਨੀ ।ਆਖਕੇ ਮੈ ਉਹਨਾ ਨੂੰ ਮਾਫ ਕਰ ਦਿੰਦੀ ਹਾਂ ਕਿਉਕਿ ਮੈ ਪਰਾਣੇ ਜਮਾਨੇ ਵਾਲੀ ਉਹ ਹਿੰਦੀ ਵਾਲੀ ਭੈਣਜੀ ਜੀ ਨਹੀ ਸਗੋ ਇੱਕ ਚੰਗੇ ਸਕੂਲ ਦੀ ਮੈਮ ਹਾਂ।
ਥੈਂਕਊ ਮੈਮ ਕਹਿਕੇ ਦੋਨੇ ਲੜਕੀਆਂ ਦੋੜ ਕੇ ਵੈਨ ਵਿੱਚ ਚੜ੍ਹ ਜਾਂਦੀਆਂ ਹਨ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1135
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ