ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮਨੁੱਖੀ ਮਨ-ਅੰਤਰ ਦੀ ਪੀੜਾ ਨੂੰ ਜ਼ੁਬਾਨ ਦੇਣ ਵਾਲਾ ਪ੍ਰਤਿਭਾਸ਼ਾਲੀ ਕਵੀ : ਸ਼ਿਵ

20ਵੀਂ ਸਦੀ ਦੇ ਪੰਜਾਬੀ ਸਾਹਿਤ ਵਿੱਚ ਸਭ ਤੋਂ ਮਕਬੂਲ ਸ਼ਾਇਰਾਂ ਵਿੱਚੋ ਇਕ ਸ਼ਿਵ ਕੁਮਾਰ ਬਟਾਲਵੀ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ । ਇਹ ਉਹ ਦੌਰ ਸੀ ਜਦੋਂ ਪੰਜਾਬੀ ਸਾਹਿਤ ਖੇਤਰ ਵਿੱਚ ਪ੍ਰੋ: ਮੋਹਨ ਸਿੰਘ ਵਰਗੇ ਯੁੱਗ ਕਵੀ ਅਤੇ ਅੰਮ੍ਰਿਤਾ ਪ੍ਰੀਤਮ ਦੀ ਸਟੇਜੀ ਕਵੀਆਂ ਵਜੋ ਤੂਤੀ ਬੋਲਦੀ ਸੀ । ਪ੍ਰੋ: ਮੋਹਨ ਸਿੰਘ ਪਿਛੋਂ ਉਹ ਕਵਿਤਾ ਦੇ ਸ਼ਿਲਪ ਅਤੇ ਭਾਸ਼ਾਂ ਦੀ ਸੁੰਦਰ ਵਰਤੋਂ ਅਤੇ ਆਪਣੀ ਪ੍ਰਗੀਤਕ ਮੁਧਰਤਾ ਕਾਰਨ ਆਪਣੇ ਯੁੱਗ ਦੇ ਕਵੀਆਂ ਤੋਂ ਵੱਧ ਲੋਕ- ਪ੍ਰਿਆ ਬਣਿਆਂ । ਆਧੁਨਿਕ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਸ਼ਿਵ ਕੁਮਾਰ ਵਿਸ਼ੇਸ਼ ਸਥਾਨ ਰੱਖਦਾ ਹੈ । ਉਸ ਨੇ ਆਪਣੀ ਕਵਿਤਾ ਰਾਹੀ ਹਰ ਵਰਗ ਨੂੰ ਪ੍ਰਭਾਵਿਤ ਕੀਤਾ । ਉਹ ਅਜਿਹਾ ਕਵੀ ਹੈ ਜਿਸ ਨੇ ਆਪਣੇ ਪ੍ਰਗੀਤ ਅਤੇ ਤਰੰਨੁਮ ਦੇ ਸੁਮੇਲ ਨਾਲ ਪੰਜਾਬੀ ਕਾਵਿ ਦੀ ਵਿੱਲਖਣ ਪਹਿਚਾਣ ਬਣਾਈ ਤੇ ਆਪਣੇ ਪਾਠਕਾਂ ਤੇ ਸਰੋਤਿਆਂ ਦੇ ਦਿਲਾਂ ਤੇ ਰਾਜ ਕੀਤਾ ਸਿਵ ਨੇ ਪਿਆਰ ਦੀ ਪੀੜਾ ਨੂੰ ਬਿਰਹਾ ਦੇ ਰੰਗ ਨਾਲ ਇਨੀ ਖ਼ੂਬਸੂਰਤੀ ਨਾਲ ਗਾਇਆ ਕਿ ਉਹ ਪੀੜਾ ਮਨੁੱਖੀ ਮਨ ਦੀਆਂ ਉਚਤਮ ਤਰੰਗਾਂ ਤੱਕ ਪਹੁੰਚ ਗਈ । ਉਸ ਦੇ ਕਾਵਿ ਦੀ ਬਿਰਹਾ ਦਾ ਪੱਧਰ ਉਚੇਰਾ ਹੋਣ ਕਾਰਨ ਪੰਜਾਬੀ ਚਿੰਤਕਾਂ ਨੇ ਉਸ ਨੂੰ ਬਿਰਹਾ ਦੇ ਕਵੀ ਵਜੋ ਪ੍ਰਵਾਨਗੀ ਦਿੱਤੀ ।
ਸ਼ਿਵ ਕੁਮਾਰ ਬਟਾਲਵੀ ਦਾ ਜਨਮ 8 ਅਕਤੂਬਰ 1937 ਨੂੰ ਲੋਹਟੀਆਂ ਜਿਲ੍ਹਾ ਸਿਆਲਕੋਟ(ਪਾਕਿਸਤਾਨ) ਵਿੱਚ ਪਿਤਾ ਸ੍ਰੀ ਕ੍ਰਿਸ਼ਨ ਗੋਪਾਲ ਦੇ ਘਰ ਹੋਇਆ । ਉਸ ਦੇ ਪਿਤਾ ਜੀ ਪਟਵਾਰੀ ਸਨ । ਸ਼ਿਵ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ । ਸ਼ਿਵ ਨੇ ਆਪਣੇ ਬਚਪਨ ਦਾ ਜਿਆਦਾ ਸਮਾਂ ਬਟਾਲੇ ਗੁਜਾਰਿਆ, ਇਸ ਕਰਕੇ ਉਸ ਦੇ ਨਾਮ ਨਾਲ "ਬਟਾਲਵੀ " ਤਖ਼ੱਲਸ ਪ੍ਰਸਿੱਧ ਹੋ ਗਿਆ । ਸ਼ਿਵ ਜ਼ਹੀਨ ਬੁੱਧੀ ਦਾ ਮਾਲਕ ਸੀ । ਸੰਗੀਤ ਦਾ ਸ਼ੌਕ ਹੋਣ ਕਾਰਨ ਕਾਲਜ ਵਿੱਚ ਦਾਖ਼ਲ ਹੋਣ ਵੇਲੇ ਤੀਕ ਸ਼ਿਵ ਮਸ਼ਹੂਰ ਗਾਇਕ ਅਤੇ ਕਾਲਜ ਸਮਾਗਮਾਂ ਦਾ ਸਿੰਗਾਰ ਬਣ ਚੁੱਕਾ ਸੀ । ਸਟੇਜ ਤੇ ਆਪਣੀ ਪ੍ਰਤੀਭਾਸ਼ਾਲੀ ਪੇਸ਼ਕਾਰੀ ਨਾਲ ਸਰੋਤਿਆਂ ਨੂੰ ਝੂਮਣ ਲਾ ਦਿੰਦਾ ਸੀ । ਕਾਵਿ ਸਮਾਗਮਾਂ ਵਿੱਚ ਉਸ ਦੀ ਧੂਹ ਪਾਉਦੀ ਲੰਮੀ ਉਚੀ ਲਿਫਵੀਂ ਲਰਜਵੀਂ ਹੇਕ ਅਤੇ ਲਹੂ ਭਿੱਜੇ ਜਜ਼ਬਾਤੀ ਸੇਕ ਛੱਡਦੇ ਬੋਲ ਸਰੋਤਿਆਂ ਨੂੰ ਵਹਾ ਕੇ ਲੈ ਜਾਂਦੇ । ਉਸ ਦੀਆਂ ਪ੍ਰਸਿੱਧ ਕਾਵਿ ਪੁਸਤਕਾਂ, 'ਪੀੜਾਂ ਦਾ ਪਰਾਗਾ'(1960), 'ਲਾਜਵੰਤੀ' (1961), 'ਆਟੇ ਦੀਆਂ ਚਿੜੀਆਂ'(1962), 'ਮੈਨੂੰ ਵਿਦਾ ਕਰੋ' (1963), 'ਦਰਦਮੰਦਾਂ ਦੀਆਂ ਆਹੀਂ ', 'ਲੂਣਾ' (1965), 'ਬਿਰਹਾ ਤੂੰ ਸੁਲਤਾਨ', 'ਮੈਂ ਤੇ ਮੈਂ' (1970), 'ਆਰਤੀ' (1971), 'ਬਿਰਹੜਾ' ਅਤੇ 'ਅਸਾਂ ਤਾਂ ਜੋਬਨ ਰੁੱਤੇ ਮਰਨਾ' ਹਨ ।
ਸ਼ਿਵ ਨੇ ਆਪਣੀ ਕਵਿਤਾ ਰਾਹੀਂ ਅਜ਼ਲੀ ਗ਼ਮ ਗਾਇਆ, ਇਸੇ ਕਰਕੇ ਪੰਜਾਬੀਆਂ ਨੇ ਉਸਨੂੰ ਜਿਉਦੇ ਜੀ ਮਣਾਂ ਮੂੰਹੀਂ ਪਿਆਰ ਦਿੱਤਾ । ਵਾਰਿਸ ਤੋਂ ਬਿਨਾਂ ਸ਼ਾਇਦ ਹੀ ਕੋਈ ਪੰਜਾਬੀ ਕਵੀ ਹੋਵੇ ਜਿਸ ਨੇ ਪੰਜਾਬੀ ਦਿਲਾਂ 'ਤੇ ਐਨਾ ਰਾਜ ਕੀਤਾ ਹੋਵੇ । ਉਸ ਨੂੰ ਜੀਵਨ ਵਿੱਚ ਬਹੁਤ ਮਾਣ ਸਤਿਕਾਰ ਮਿਲਿਆ ਹੈ । ਭਾਰਤ ਅਤੇ ਪੰਜਾਬ ਸਰਕਾਰ ਵੱਲੋ ਉਸਨੂੰ ਉਚ ਪੱਧਰ ਦੇ ਪੁਰਸਕਾਰ ਮਿਲੇ ਉਸ ਦੇ ਕਾਵਿ ਸ਼ੰਗ੍ਰਹਿ 'ਆਟੇ ਦੀਆਂ ਚਿੜੀਆਂ' ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋ ਉਚੱਤਮ ਕ੍ਰਿਤ ਵੱਜੋ ਇਨਾਮ ਮਿਲਿਆ । ਉਸ ਦੇ ਮਹਾਂਕਾਵਿ ਲੂਣਾ(1967) ਨੂੰ ਸਾਹਿਤ ਅਕਾਦਮੀ ਐਵਾਰਡ ਮਿਲਿਆ ।
ਸ਼ਿਵ ਪਿਆਰ ਨੂੰ ਇਕਹਿਰੀ ਪਰਤ ਨਾਲ ਪੇਸ਼ ਨਹੀ ਕਰਦਾ ਸਗੋਂ ਬਹੁ-ਪਰਤੀ ਅਭਿਵਿਅਕਤੀ ਉਸ ਦੇ ਕਾਵਿ ਦੀ ਪਛਾਣ ਦਾ ਪ੍ਰਮੁੱਖ ਲੱਛਣ ਹੈ । ਸ਼ਿਵ ਨੇ ਡੂੰਘੇ ਤੇ ਸਿਖ਼ਰਲੇ ਵਲੂੰਧਰੇ ਪਲਾਂ ਦਾ ਸਰੋਦੀ ਸੰਤਾਪ ਗਾਉਣ ਤੇ ਸਰੋਤੇ ਅਸ਼ ਅਸ਼ ਕਰ ਉਠਦੇ ਸਨ । ਸ਼ਬਦਾਂਵਲੀ ਦੀ ਸੁੰਦਰ ਅਤੇ ਵਿਲੱਖਣ ਚੋਣ ਅਤੇ ਆਸੇ ਪਾਸੇ ਪ੍ਰਕਿਰਤੀ ਵਿੱਚੋ ਲਏ ਕਾਵਿ-ਬਿੰਬ ਉਸਦੀ ਕਵਿਤਾ ਨੂੰ ਹੋਰ ਵੀ ਆਕਰਸ਼ਕ ਬਣਾਉਦੇ ਹਨ ।
ਉਸਦੇ ਬਿਰਹਾ ਦੀ ਪੇਸ਼ਕਾਰੀ ਵਾਲੇ ਗੀਤ 'ਪੀੜਾਂ ਦਾ ਪਰਾਗਾ', 'ਬਿਰਹੋ ਦੀ ਰੜਕ', 'ਮੈ ਕੰਡਿਆਲੀ ਥੋਹਰ', 'ਸ਼ਿਕਰਾ' ਅਤੇ 'ਕੀ ਪੁੱਛਦੇ ਹੋ ਹਾਲ ਫਕੀਰਾਂ ਦਾ' ਆਦਿ ਅਨੇਕਾਂ ਗੀਤ ਉਸਦੇ ਖੂਬਸੂਰਤ ਗਾਇਨ ਕਾਰਨ ਵਧੇਰੇ ਪ੍ਰਸਿੱਧ ਹੋਏ ਜਿਸ ਕਰਕੇ ਉਸਦੇ ਕੁੱਝ ਚੰਗੇਰੇ ਕਾਵਿ ਨੂੰ ਨਜ਼ਰ ਅੰਦਾਜ਼ ਵੀ ਕੀਤਾ ਗਿਆ । 'ਮੈਂ ਤੇ ਮੈ' ਅਤੇ 'ਲੂਣਾ' ਸ਼ਿਵ ਦੇ ਉਚੇਰੇ ਸੱਭਿਆਚਾਰ ਸਰੋਕਾਰਾਂ ਦਾ ਉਦੱਾਤਭਾਵੀ ਉਚਾਰ ਹਨ । ਇਹ ਸਾਡੀ ਸਭਿਆਚਾਰਕ ਹੋਦਂ ਦਾ ਪ੍ਰਮਾਣਿਤ ਕਾਵਿਕ ਪ੍ਰਵਚਨ ਹਨ । ਪਰ ਅਫਸੋਸ, ਇਸ ਦੇ ਬਾਵਜੂਦ ਇਹ ਉਨੇ ਚਰਚਿਤ ਜਾਂ ਸਵੀਕਾਰੇ ਨਹੀ ਗਏ । ਮੈਂ ਤੇ ਮੈਂ ਵਿੱਚ ਉਸ ਦੀ ਕਵਿਤਾ ਦਾ ਆਧੁਨਿਕ ਸਰੂਪ ਨਿਗਰ ਅਸਤਿਤਵ ਧਾਰਨ ਕਾਰਦਾ ਹੈ । ਇਸ ਕਵਿਤਾ ਵਿੱਚ ਅੱਜ ਦੇ ਯੁੱਗ ਵਿੱਚ ਆਪਣੇ ਆਪ ਤੋਂ ਗੁਆਚ ਰਹੀ ਮਾਸੂਮੀਅਤ, ਪਰੰਪਰਾ ਅਤੇ ਪ੍ਰਥਾ ਨੂੰ ਪੇਸ਼ ਕੀਤਾ ਹੈ । ਅੱਜ ਦੇ ਅਸੰਗਠਤ ਮਨੁੱਖ ਦੇ ਵਿਅਕਤੀਤਵ ਦਾ ਆਪਣੇ ਹੀ ਮਰ ਰਹੇ ਅਸਤਿਤਵ ਦੇ ਖਿਲਾਫ਼ ਵਿਦਰੋਹ ਹੈ । ਸ਼ਿਵ ਦੀ ਕਵਿਤਾ ਦਾ ਸਮੁੱਚਾ ਸਵਰ ਬੜਾ ਗੰਭੀਰ, ਸੋਚ ਜਗਾਊ ਤੇ ਕਰੁਣਾਮਈ ਹੈ ।
ਆਧੁਨਿਕ ਪੰਜਾਬੀ ਸਾਹਿਤ ਦੀ ਸ਼ਾਹਕਾਰ ਰਚਨਾ 'ਲੂਣਾ'(1965) ਇਸ ਵਿੱਚ ਉਸਨੇ ਪੂਰਨ ਭਗਤ ਦੀ ਪ੍ਰਸਿੱਧ ਲੋਕ-ਕਥਾ ਨੂੰ ਕਾਵਿ ਨਾਟਕੀ ਰੁਪਾਂਤਰਣ ਕੀਤਾ । ਔਰਤ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਪੇਸ਼ ਕਰਦਿਆ ਉਸਨੇ ਔਰਤ ਹੋਦਂ ਦੇ ਦਰਦਨਾਕ ਸੰਤਾਪਾਂ ਦੀ ਗਾਥਾ ਪਾਈ ਹੈ । ਉਸ ਨੇ ਲੂਣਾ ਨੂੰ ਆਦਰਸ਼ ਨਾਇਕ ਵਜੋਂ ਪੇਸ਼ ਕਰਨ ਦੀ ਬਜਾਏ ਉਸ ਨੂੰ ਸੰਤਾਪ ਭੋਗਦੀ, ਅਤ੍ਰਿਪਤ ਮੁਟਿਆਰ ਦੀ ਹੋਣੀ ਹੰਢਾਉਦੀਂ ਔਰਤ ਵਜੋਂ ਪੇਸ਼ ਕੀਤਾ । ਔਰਤ ਨੂੰ ਸ਼ਿਵ ਦੀ ਕਵਿਤਾ ਹੋਰ ਵੀ ਚੰਗੀ ਲੱਗਦੀ ਹੈ । ਕਿਉਂਿਕ ਉਸ ਨੇ ਔਰਤ ਦੇ ਜੀਵਨ ਦੁਖਾਂਤ ਨੂੰ ਭਾਵਕ ਢੰਗ ਨਾਲ ਪੇਸ਼ ਕੀਤਾ ਉਸ ਨੇ ਔਰਤ ਦੇ ਪੱਖ ਨੂੰ ਪੂਰਦੇ ਹੋਏ ਔਰਤਾਂ ਬਾਰੇ ਸਦੀਆਂ ਤੋਂ ਪ੍ਰਚੱਲਤ ਪਰੰਪਰਾਵਾਦੀ ਖਿਆਲਾਂ ਨੂੰ ਰੱਦ ਕੀਤਾ ਹੈ ।
ਸ਼ਿਵ ਨੇ ਰੇਡੀਓ ਅਤੇ ਕਵੀ ਦਰਬਾਰਾਂ ਲਈ ਸੁੰਦਰ ਸੁਹਜਮਈ ਗੀਤ ਵੀ ਲਿਖੇ । ਉਸ ਦੇ ਲਿਖੇ ਗੀਤਾਂ ਨੂੰ ਪੰਜਾਬੀ ਗਾਇਕਾਂ ਸਵ: ਨੁਸਰਤ ਫਤਹਿ ਅਲੀ ਖਾਂ, ਸਵ: ਸੁਰਿੰਦਰ ਕੌਰ, ਸਵ: ਜਗਜੀਤ ਸਿੰਘ, ਸਵ: ਮਹਿੰਦਰ ਕਪੂਰ (ਪਿੱਠਵਰਤੀ ਗਾਇਕ) ਅਤੇ ਰਾਜ ਗਾਇਕ ਹੰਸ ਰਾਜ ਹੰਸ ਆਦਿ ਅਨੇਕਾਂ ਗਾਇਕਾਂ ਨੇ ਆਪਣੀ ਅਵਾਜ ਦਿੱਤੀ ।
ਪੰਜਾਬੀ ਸਾਹਿਤ ਖੇਤਰ ਵਿੱਚ ਸ਼ਿਵ ਨੇ ਗੀਤ, ਗ਼ਜ਼ਲ, ਨਿੱਕੀ ਕਵਿਤਾ, ਲੰਮੇਰੀ ਵਰਣਨੀ ਕਵਿਤਾ ਤੋਂ ਇਲਾਵਾ, ਕਾਵਿ ਨਾਟ ਦੀ ਸਿਰਜਣਾ ਕਰਕੇ ਮਹੱਤਵਪੂਰਨ ਯੋਗਦਾਨ ਪਾਇਆ । ਪੰਜਾਬੀ ਦਾ ਇਹ ਮਾਣ ਮੱਤਾ ਸਾਇਰ ਆਪਣੀ 36 ਸਾਲ ਦੀ ਉਮਰ ਭੋਗ ਕੇ 6 ਮਈ 1973 ਨੂੰ ਆਪਣੇ ਦਾਅਵੇ ਮੁਤਾਬਿਕ 'ਅਸਾਂ ਤਾਂ ਜੋਬਨ ਰੁੱਤੇ ਮਰਨਾ' ਜੋਬਨ ਰੁੱਤੇ ਤੁਰ ਗਿਆ । ਜਿਸ ਨਾਲ ਪੰਜਾਬੀ ਸਾਹਿਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਭਾਵੇਂ ਉਹ ਸਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਪਰ ਅੱਜ ਵੀ ਆਪਣੀ ਉਚ ਦਰਜੇ ਦੀ ਲੋਕ-ਪ੍ਰਿਯ ਕਾਵਿ ਰਚਨਾ ਸਦਕੇ ਅਮਰ ਹੈ ।

ਲੇਖਕ : ਮਲਕੀਤ ਸਿੰਘ ਕੋਟਲੀ ਅਬਲੂ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1303
ਲੇਖਕ ਬਾਰੇ
ਪੰਜਾਬੀ ਲੇਖਕ ਅਤੇ ਚਿੰਤਕ

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ