ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਲੋਪ ਹੁੰਦੇ ਜਾਂਦੇ ਤਿਉਹਾਰ: ਲੋਹੜੀ ਵਿਸ਼ੇਸ਼

ਕਿਸੇ ਪਾਸਿਉਂ ”ਸੁੰਦਰ ਮੁੰਦਰੀਏ ਹੋ” ਤੇ ”ਮਾਏ ਦੇ ਲੋਹੜੀ” ਵਾਲੇ ਗੀਤ ਸੁਣਾਈ ਨਹੀਂ ਦਿੰਦੇ
ਪੰਜਾਬ ਸਰਕਾਰ ਨੂੰ ਸੀ ਗੁਰੂ ਗੋਬਿੰਦ ਸਿੰਘ ਦੁਆਰਾ 40 ਮੁਕਤਿਆਂ ਵਿਚ ਸ਼ਾਮਿਲ ਕਰਨਾ, ਲੋਹੜੀ ਤੇ ਮਾਘੀ ਦੀ ਛੁੱਟੀ ਕੱਟਣਾ ਕਿਉਂ ਗਿਆ ਭੁੱਲ

ਨਿੱਕੇ ਉਮਰੇ ਤਿਉਹਾਰਾਂ ਦਾ ਚਾਅ ਤੇ ਉਸ ਨੂੰ ਮਨਾਉਣਾ ਕਿਸੇ ਲਈ ਵੀ ਭੁੱਲਿਆ ਜਾਣਾ ਕੋਈ ਸੁਖਾਲਾ ਕੰਮ ਨਹੀਂ ਉਹ ਅਣਭੋਲ ਯਾਦਾਂ ਦੇ ਦੀਵੇ ਸਦਾ ਮਨਾਂ ਵਿਚ ਰੁਸ਼ਨਾਉਂਦੇ ਰਹਿਣਗੇ ਇਸ ਵਿਚ ਕੋਈ ਝੂਠ ਵੀ ਨਹੀਂ ਹੋਵੇਗਾ ਕਿ ਜਿਨ੍ਹਾਂ ਤਿਉਹਾਰਾਂ ਨੂੰ ਨਿੱਕੀ ਉਮਰ ਦੇ ਬੱਚੇ ਚਾਵਾਂ ਤੇ ਭਾਵਨਾਵਾਂ ਨਾਲ ਪੁਰਾਣੇ ਰੀਤ ਰਿਵਾਜ਼ਾਂ ਨਾਲ ਨੇੜੇ ਹੋ ਕੇ ਮਨਾਉਂਦੇ ਹਨ ਉਨ੍ਹਾਂ ਹੀ ਵੱਧ ਦੀ ਜਾ ਰਹੀ ਉਮਰ ਵਾਲੇ ਲੋਕ ਪੰਜਾਬੀ ਸਭਿਆਚਾਰ ਤੋਂ ਕੋਹਾਂ ਦੂਰ ਹੁੰਦੇ ਜਾ ਰਹੇ ਹਨ।
ਜਦੋਂ ਅਸੀਂ ਨਿੱਕੇ ਹੁੰਦੇ ਸੀ ਤਾਂ ਸਾਡੀ ਗਲੀ ਦੇ ਜੁਆਕਾਂ ਦੇ ਨਾਲ ਅਸੀਂ ਸਾਰੇ ਮਿਲ ਕੇ ਸ਼ਾਮ ਵੇਲੇ ਇਕੱਠੇ ਹੋ ਲਿਫ਼ਾਫ਼ੇ ਤੇ ਬੋਰੀਆਂ ਦੁਆਰਾ ਬਣਾਏ ਝੋਲੇ ਚੁੱਕ ਲੋਹੜੀ ਮੰਗਣ ਘਰ ਘਰ ਜਾਂਦੇ ਸਨ ਸੱਚ ਜਾਣੋ ਇਸ ਮੰਗਣ ਵਿਚ ਰਤਾ ਵੀ ਸ਼ਰਮ ਨਹੀਂ ਆਉਂਦੀ ਸੀ ਤੇ ਘਰ ਦੇ ਵੱਡੇ ਵੀ ਹੱਸਦਿਆਂ ਹੱਸਦਿਆਂ ਸਾਨੂੰ ਲੋਹੜੀ ਮੰਗਣ ਭੇਜ ਦਿੰਦੇ ਸਨ। ਸਾਨੂੰ ਹਰ ਘਰ ਵਿਚੋਂ ਦਾਣਿਆਂ ਦੇ ਨਾਲ ਪਾਥੀਆਂ ਜਾਂ ਲੱਕੜਾਂ ਵੀ ਧੂਣੀ ਲਈ ਦੇ ਦਿੱਤੀਆਂ ਜਾਂਦੀਆਂ ਸਨ। ਜੋ ਦਾਣੇ ਇਕੱਠੇ ਹੁੰਦੇ ਉਨ੍ਹਾਂ ਤੋਂ ਮੂੰਗਫਲੀ ਤੇ ਰਿਉੜੀਆਂ ਖ਼ਰੀਦਿਆਂ ਜਾਂਦੀਆਂ। ਜਿਸ ਘਰ ਮੁੰਡੇ ਦਾ ਜਨਮ ਜਾਂ ਨਵਾਂ ਵਿਆਹ ਹੋਇਆ ਹੁੰਦਾ ਉਹ ਘਰ ਦਾਣਿਆਂ ਦੇ ਨਾਲ ਨਾਲ ਰਿਉੜੀਆਂ ਤੇ ਮੂੰਗਫਲੀ ਵੀ ਦਿੰਦੇ। ਸਕੂਲੋਂ ਲੋਹੜੀ ਤੇ ਮਾਘੀ ਦੀ ਛੁੱਟੀ ਹੁੰਦੀ। ਸੋ ਅਸੀਂ ਸਾਰਾ ਦਿਨ ਗਲੀ ਵਿਚ ਸੁੰਦਰ ਮੁੰਦਰੀ ਏ ਗਾਉਂਦੇ ਆਪਣੀ ਮਸਤੀ ਵਿਚ ਮਸਤ ਹੋ ਕੇ ਮਾਂ ਬੋਲੀ ਪੰਜਾਬੀ ਤੇ ਸਭਿਆਚਾਰ ਵਿਚ ਇੱਕ-ਮਿੱਕ ਹੋ ਜਾਂਦੇ। ਜਿਸ ਘਰ ਮੁੰਡਾ ਹੁੰਦਾ ਉਸ ਘਰ ਗੁੜ ਦੀ ਭਰਮਾਰ ਹੁੰਦੀ ਕਿਉਂਕਿ ਪਿੰਡ ਵਿਚ ਭੇਲੀਆਂ ਫਿਰਦੀਆਂ ਸਨ। ਇੱਕ ਭੇਲੀ ਦਰਵਾਜ਼ੇ ਦੀ,ਇੱਕ ਚੌਕੀਦਾਰ ਦੀ, ਇੱਕ ਪਿੰਡ ਦੀਆਂ ਮੁਟਿਆਰਾਂ ਦੀ ਹੁੰਦੀ। ਦਰਵਾਜ਼ੇ ਵਾਲੇ ਭੇਲੀ ਦਾ ਗੁੜ ਸਰਪੰਚ ਤੇ ਪੰਚ ਰਾਹੀਂ ਗੁਰਦੁਆਰੇ ਪਹੁੰਚਾਇਆ ਜਾਂਦਾ। ਬਾਕੀ ਆਪਣੀ ਆਪਣੀ ਭੇਲੀ ਆਪਣੇ ਘਰ ਲੈ ਜਾਂਦੇ। ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਵਿਆਹ ਵਰਗਾ ਮਾਹੌਲ ਹੁੰਦਾ। ਦੋ-ਦੋ ਦਿਨ ਪਹਿਲਾਂ ਬਰਾਦਰੀ ਦੀਆਂ ਔਰਤਾਂ ਉਸ ਘਰ ਗੁੜ ਤੋਲਣ ਲਈ ਇਕੱਠਾ ਹੁੰਦੀਆਂ। ਸਾਰੇ ਪਿੰਡ ਵਿਚ ਪਾਈਆ-ਪਾਈਆ ਗੁੜ ਫੇਰਿਆ ਜਾਂਦਾ। ਤੋਲਿਆ ਗੁੜ ਪਾਂਤਾਂ ਵਿਚ ਪਾ ਮੁਟਿਆਰਾਂ ਦੇ ਸਿਰ ਧਰ ਦਿੱਤਾ ਜਾਂਦਾ। ਪਾਂਤਾਂ ਉੱਪਰ ਖਰੋਸੀਏ ਦੁਆਰਾ ਨਵੇਂ ਤੋਂ ਨਵੇਂ ਨਮੂਨੇ ਦੇ ਤਿਆਰ ਕੀਤੇ ਰੁਮਾਲ ਦਿੱਤੇ ਜਾਂਦੇ। ਮੁਟਿਆਰਾਂ ਦੀ ਟੋਲੀ ਸਾਰੇ ਪਿੰਡ ਵਿਚ ਹੱਸਦਿਆਂ ਗਾਉਂਦਿਆਂ ਗੁੜ ਫੇਰਦੀ। ਪਰ ਹੁਣ ਇਸ ਗੁੜ ਦੀ ਜਗ੍ਹਾ ਲੱਡ±ਆਂ ਨੇ ਲੈ ਲਈ ਹੈ। ਜਿਸ ਘਰ ਮੁੰਡਾ ਹੋਇਆ ਹੁੰਦਾ ਉਸ ਘਰ ਗੁਰੂ ਸਾਹਿਬ ਜੀ ਦੇ ਅਪਾਰ ਸ਼ੁਕਰਾਨੇ ਵੱਜੋ ਆਪਣੇ ਆਪਣੇ ਧਰਮਾਂ ਅਨੁਸਾਰ ਪਾਠ ਕਰਵਾਇਆ ਜਾਂਦਾ। ਕਈ ਘਰਾਂ ਵਿਚ ਤਾਂ ਆਏ ਪਰਾਹੁਣਿਆਂ ਵੱਲੋਂ ਖ਼ੁਸ਼ੀ ਵਿਚ ਸਵੇਰ ਤੋਂ ਹੀ ਬੋਤਲਾਂ ਦੇ ਡਟ ਪੱਟ ਦਿੱਤੇ ਜਾਂਦੇ ਤੇ ਸਾਰਾ ਸਾਰਾ ਦਿਨ ਨੱਚਣ ਵਾਲੇ ਨਚਾਰ ਤੇ ਹੋਰ ਮਨੋਰੰਜਨ ਕਰਨ ਵਾਲੇ ਗਰੁੱਪ ਆਉਂਦੇ ਹੀ ਰਹਿੰਦੇ। ਇਸ ਦਿਨ ਖੁਸਰੇ ਵੀ ਆਪਣਾ ਲਾਗ ਲੈਣ ਪਹੁੰਚਦੇ ਤੇ ਬਣਦਾ ਲਾਗ ਧੱਕੇ ਤੇ ਫਿਰ ਬਾਅਦ ਵਿਚ ਜੋ ਘਰ ਵਾਲੇ ਦੇ ਦਿੰਦੇ ਉਸ ਨੂੰ ਖੁੱਸੀਆਂ ਨਾਲ ਲੈ ਕੇ ਦੁਆਵਾਂ ਤੇ ਅਰਦਾਸਾਂ ਕਰਦੇ ਚਲੇ ਜਾਂਦੇ। ਰਿਸ਼ਤੇਦਾਰ ਨਵੇਂ ਜੰਮੇ ਮੁੰਡੇ ਲਈ ਸੌਗਾਤ ਲੈ ਕੇ ਆਉਂਦੇ ਤੇ ਮੁੰਡੇ ਵਾਲਿਆਂ ਵੱਲੋਂ ਵੀ ਬਣਦਾ ਸਰਦਾ ਕੱਪੜਾ ਲੀੜਾ ਦਿੱਤਾ ਜਾਂਦਾ। ਤੇ ਰਾਤੀ ਸਾਰੇ ਪਿੰਡ ਨੂੰ ਧੂਣੀ ਉੱਪਰ ਆਉਣ ਦਾ ਸੱਦਾ ਹੁੰਦਾ ਜਿੱਥੇ ਰਿਉੜੀਆਂ ਤੇ ਮੂੰਗਫਲੀ ਵੰਡੀ ਜਾਂਦੀਆਂ। ਜੁਆਕਾਂ ਤੇ ਵੱਡਿਆਂ ਦੁਆਰਾ ਸੁੰਦਰ ਮੁੰਦਰੀ ਏ ਗਾਇਆ ਜਾਂਦਾ। ਇਹ ਤਿਉਹਾਰ ਠੰਢ ਘਟਣ ਦੀ ਖ਼ੁਸ਼ੀ ਤੇ ਵਦੀ ਉੱਪਰ ਨੇਕੀ ਦੀ ਜਿੱਤ ਦਾ ਵੀ ਪਤੀਕ ਸਮਝਿਆ ਜਾਂਦਾ ਹੈ। ਮਾਘੀ ਵਾਲੇ ਦਿਨ ਸਾਡੀ ਮਾਂ ਸਵੇਰੇ ਸਾਜਰੇ ਉਠਾ ਸਾਡੇ ਵਾਲ ਧੋਂਦੀ ਤੇ ਆਖਦੀ ਕਿ ”ਤੁਹਾਡੇ ਵਾਲ ਹੁਣ ਸੋਨੇ ਦੇ ਹੋ ਗਏ ਹਨ”। ਲੋਹੜੀ ਵਾਲੇ ਦਿਨ ਸਾਗ, ਖੀਰ ਤੇ ਖਿਚੜੀ ਬਣਾਈ ਜਾਂਦੀ ਜੋ ਕਿ ਮਾਘ ਵਾਲੇ ਦਿਨ ਖਾਣ ਲਈ ਹੁੰਦੀ।
ਪਰ ਅਫ਼ਸੋਸ ਅੱਜ ਕੱਲ੍ਹ ਵਧਦੀ ਜਾ ਰਹੀ ਮਹਿੰਗਾਈ ਤੇ ਪੈਸੇ ਦੀ ਦੌੜ ਭੱਜ ਵਾਲੀ ਜ਼ਿੰਦਗੀ ਨੇਤਾ ਬਦਲ ਕੇ ਰੱਖ ਦਿੱਤੇ ਹਨ। ਨਾ ਤਾਂ ਜੁਆਕ ਹੁਣ ਲੋਹੜੀ ਮੰਗਦੇ ਹੀ ਨਜ਼ਰ ਆਉਂਦੇ ਹਨ ਨਾ ਹੀ ਪਹਿਲਾਂ ਵਾਲਾ ਉਹ ਖੁੱਸੀਆਂ ਖੇੜੇ ਤੇ ਰਿਸ਼ਤੇ ਨਾਤਿਆਂ ਵਿਚ ਏਕਤਾ ਤੇ ਪਰਪੱਕਤਾ ਵਾਲਾ ਪਿਆਰ ਭਰਿਆ ਮਾਹੌਲ। ਹੁਣ ਤਾਂ ਲੋਕਾਂ ਦੁਆਰਾ ਮੁੰਡੇ ਦੀ ਲੋਹੜੀ ਲਈ ਵੀ ਵਿਆਹ ਦੀ ਤਰ੍ਹਾਂ ਹੀ ਪੈਲੇਸ ਬੁੱਕ ਕੀਤੇ ਜਾਂਦੇ ਹਨ। ਸਾਰਾ ਪੋਗਰਾਮ ਉੱਥੇ ਹੀ ਹੁੰਦਾ ਹੈ ਲੋਕ ਬੇਗਾਨਿਆਂ ਦੀ ਤਰ੍ਹਾਂ ਆਉਂਦੇ ਹਨ ਤੇ ਸ਼ਗਨ ਦੇ ਕੇ ਚਲੇ ਜਾਂਦੇ ਹਨ। ਮੁੰਡੇ ਵਾਲਿਆਂ ਵੱਲੋਂ ਵੀ ਡੱਬਾ ਕਾਰਡ ਦੇ ਕੇ ਭੇਜ ਦਿੱਤਾ ਜਾਂਦਾ ਹੈ। ਤੇ ਸ਼ਾਮ ਨੂੰ ਹਰ ਕੋਈ ਆਪਣੇ -2 ਘਰ ਵਿਚ ਅਲੱਗ-ਅਲੱਗ ਲੋਹੜੀ ਮਨਾਉਂਦਾ ਹਨ।
ਪੰਜਾਬ ਸਰਕਾਰ ਦੁਆਰਾ ਲੋਹੜੀ ਤੇ ਮਾਘੀ ਦੀ ਛੁੱਟੀ ਕੱਟਣ ਕਾਰਨ ਬੱਚਿਆਂ ਵਿਚ ਲੋਹੜੀ ਮੰਗਣ ਦਾ ਉਹ ਸਭਿਆਚਾਰ ਦਾ ਇੱਕ ਪਿਆਰ ਭਰਿਆ ਅਹਿਸਾਸ ਤੇ ਰੰਗਲਾ ਮਾਹੌਲ ਹੀ ਖ਼ਤਮ ਕਰ ਦਿੱਤਾ ਗਿਆ ਹੈ ਤੇ ਨਾ ਹੀ ਕਿਸੇ ਪਾਸਿਉਂ ਸੁੰਦਰ ਮੁੰਦਰੀ ਏ ਤੇ ਮਾਏਂ ਦੀ ਲੋਹੜੀ ਵਾਲੇ ਗੀਤ ਹੀ ਸੁਣਾਈ ਦਿੰਦੇ ਹਨ। ਪੰਜਾਬ ਸਰਕਾਰ ਨੂੰ ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਉਹ ਕਿਸਮਸ ਦੀਆਂ ਛੁੱਟੀਆਂ ਤਾਂ ਕਰਦੇ ਹਨ ਪਰ ਮਾਘੀ ਦੀ ਨਹੀਂ ਭਲਾ ਕਿਉਂ? ਪੰਜਾਬ ਵਿਚ ਸਿੱਖਾਂ ਦੇ ਰਾਜ ਹੋਣ ਦੇ ਬਾਵਜੂਦ ਕਿ ਉਹ ਸੀ ਗੁਰੂ ਗੋਬਿੰਦ ਸਿੰਘ ਦੁਆਰਾ 40 ਮੁਕਤਿਆਂ ਵਿਚ ਸ਼ਾਮਿਲ ਕਰਨ ਨੂੰ ਭੁੱਲ ਗਏ ਹਨ ਕਿ ਇਸ ਦਿਨ ਸ਼ੀ ਗੁਰੂ ਗੋਬਿੰਦ ਸਿੰਘ ਦੁਆਰਾ ਰੇਤਲੇ ਟਿੱਬਿਆਂ ਤੇ ਖ਼ੁਸ਼ਕ ਝਾੜੀਆਂ ਵਾਲੀ ਧਰਤੀ ਤੇ ਟੁੱਟ ਗੰਢੀ ਸੀ ਜਿਸ ਨੂੰ ਹੁਣ ਮੁਕਤਸਰ ਸਾਹਿਬ ਆਖਦੇ ਹਨ। ਜਿੱਥੇ ਮਾਘੀ ਦਾ ਮੇਲਾ ਹਰ ਸਾਲ ਲੱਗਦਾ ਹੈ। ਚਲੋ ਜੀ ਅਮੀਰਾਂ ਨੇ ਤਾਂ ਲੋਹੜੀ ਮਨਾਈ ਪੈਲੇਸਾਂ ਵਿਚ ਵਿਚਾਰੇ ਗ਼ਰੀਬ ਕੀ ਕਰਨ । ਲੱਕ ਤੋੜ ਮਹਿੰਗਾਈ ਨੇ ਤਾਂ ਗ਼ਰੀਬਾਂ ਦੀ ਮੱਤ ਹੀ ਮਾਰ ਕੇ ਰੱਖ ਦਿੱਤੀ ਹੈ। ਪਹਿਲਾਂ ਜੋ ਮੂੰਗਫਲੀ 30-40 ਰੁ: ਕਿੱਲੋ ਸੀ ਅੱਜ ਉਹ ਮੂੰਗਫਲੀ 100-120 ਰੁ: ਕਿੱਲੋ ਹੈ। ਬਦਾਮ ਤਾਂ ਪਹਿਲਾਂ ਹੀ ਗ਼ਰੀਬ ਦੀ ਪਹੁੰਚ ਵਿਚ ਨਹੀਂ ਸੀ ਹੁਣ ਮੂੰਗਫਲੀ ਵੀ ਉਸ ਦੀ ਪਹੁੰਚ ਤੋਂ ਦੂਰ ਹੁੰਦੀ ਜਾ ਰਹੀ ਹੈ। ਸਰਦੀ ਵਿਚ ਆਉਂਦੇ ਜਾਂਦੇ ਸਮੇਂ ਗ਼ਰੀਬ ਆਦਮੀ 5 ਰੁ: ਦੀ ਮੂੰਗਫਲੀ ਲੈ ਚੱਬ ਲੈਂਦਾ ਸੀ ਪਰ ਹੁਣ ਰੇਹੜੀ ਵਾਲੇ ਵੀ 5 ਰੁ: ਦੀ ਮੂੰਗਫਲੀ ਦੇਣ ਤੋਂ ਇਨਕਾਰ ਕਰ ਦਿੰਦੇ ਹਨ ਆਖੇ ਬਾਪੂ ਜੀ 5 ਰੁ: ਕਾ ਕੁੱਝ ਨਹੀਂ ਆਤਾ। ਗ਼ਰੀਬ ਦੇ ਬਦਾਮ ਵੀ ਉਨ੍ਹਾਂ ਤੋਂ ਦਿਨੋਂ ਦਿਨ ਦੂਰ ਹੁੰਦੇ ਜਾ ਰਹੇ ਹਨ।
ਆਓ ਆਪਣੇ ਪੰਜਾਬ ਨੂੰ ਪਹਿਲਾਂ ਜਿਹਾ ਬਣਾਈਏ ਰਲ ਮਿਲ ਸਾਰੇ ਤਿਉਹਾਰ ਮਨਾਈਏ ਤਾਂ ਜੋ ਪਹਿਲਾਂ ਦੀ ਤਰ੍ਹਾਂ ਮਸਤ ਮਲੰਗ ਹੋ ਕੇ ਗਲੀਆਂ ਵਿਚ ਸੁੰਦਰ ਮੁੰਦਰੀ ਏ ਤੇ ਮਾਏ ਦੇ ਲੋਹੜੀ ਦੇ ਗੀਤ ਗਾ ਸਕਣ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 58
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :886
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017