ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਤੇ ਵਗਿਆ ਮਾੜੇ ਹਾਲਤਾਂ ਦਾ ਦਰਿਆ

ਪੰਜ ਦਰਿਆਵਾਂ ਦੀ ਧਰਤੀ ਪੰਜਾਬ ਜਿੱਥੇ ਕਦੇ ਖੁੱਸਿਆਂ ਦਾ ਖੇੜਾ ਖਿੜਿਆ ਰਹਿੰਦਾ ਸੀ ਉਸ ਪੰਜਾਬ ਦੀ ਧਰਤੀ ਤੇ ਪਹਿਲਾਂ ਦੀ ਤਰਾਂ ਖਿੜੇ ਫੁੱਲਾਂ ਦੀ ਮਹਿਕ ਨੇ ਤਾਂ ਕੀ ਖਿੜਨਾ ਸੀ ਹੁਣ ਤਾਂ ਇੱਥੋਂ ਦੇ ਵੱਸਦੇ ਲੋਕਾਂ ਤੇ ਵੀ ਪਤਝੜ ਵਾਂਗ ਨਿਰਾਸ਼ਾ ਹੀ ਛਾਈ ਪਈ ਹੈ ਇਸ ਨਿਰਾਸ਼ਾ ਨੂੰ ਦੂਰ ਕਰਨਾ ਤਾਂ ਹੁਣ ਜਿਵੇਂ ਸੁਪਨਾ ਜਿਹਾ ਹੋ ਗਿਆ ਹੋਵੇ। ਜੇਕਰ ਇਸ ਤੇ ਛਾਈਆਂ ਕਾਲੀਆਂ ਘਟਾਵਾਂ ਨਾਲ ਭਰੀਆਂ ਸਮੱਸਿਆਵਾਂ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਇਹੋ ਜਿਹੀ ਸਮੱਸਿਆ ਹੋਵੇ ਜਿਸ ਤੋਂ ਮੇਰੇ ਪੰਜਾਬ ਦੇ ਲੋਕ ਆਜ਼ਾਦ ਹੋਏ ਹੋਣ। ਵੱਧ ਰਹੇ ਨਿੱਤ ਨਵੇਂ ਆਵਾਜਾਈ ਦੇ ਸਾਧਨ ਅਤੇ ਉਨ੍ਹਾਂ ਵਾਹਨਾਂ ਅਤੇ ਫ਼ੈਕਟਰੀਆਂ ਤੋਂ ਕੈਮੀਕਲਾਂ ਦਾ ਨਿਕਲ ਰਿਹਾ ਜ਼ਹਿਰ ਵਰਗਾ ਧੂੰਆਂ ਜਿਸ ਨਾਲ ਦਿਨ ਪ੍ਰਤੀ ਦਿਨ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਨ ਬੇ ਅੰਤਾਂ ਲਾਇਲਾਜ ਬਿਮਾਰੀਆਂ ਨੂੰ ਜਨਮ ਦੇ ਰਿਹਾ ਹੈ ਇਸ ਤੋਂ ਇਲਾਵਾ ਵਪਾਰਕ ਵਰਗ ਦੇ ਲੋਕਾਂ ਵੱਲੋਂ ਆਪਣੇ ਥੋੜ੍ਹੇ ਜਿਹੇ ਫ਼ਾਇਦੇ ਲਈ ਦਰਖਤਾਂ ਦੀ ਕੀਤੀ ਜਾ ਰਹੀ ਅੰਧਾਂ ਧੁੰਦ ਕਟਾਈ ਵੀ ਕੀਤੀ ਜਾ ਰਹੀ ਹੈ ਚਾਹੇ ਸਰਕਾਰਾਂ ਵੱਲੋਂ ਦਰਖਤਾਂ ਨੂੰ ਕੱਟਣ ਤੋਂ ਰੋਕ ਲਾਉਣ ਲਈ ਲੱਖਾਂ ਅੱਖਾਂ ਮੀਚ ਕੇ ਲੋਕ ਦਿਖਾਈ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਅਫ਼ਸੋਸ ਤਾਂ ਇਸ ਗੱਲ ਦਾ ਹੈ ਕਿ ਇਨ੍ਹਾਂ ਰੋਕਾਂ ਨੂੰ ਲਾਗੂ ਕਰਨ ਵਾਲੇ ਅਧਿਕਾਰੀ ਵੀ ਇਸ ਜੁਰਮ ਨੂੰ ਅੰਜਾਮ ਦੇਣ ਵਾਲਿਆਂ ਨਾਲ ਮਿਲ ਕੇ ਆਉਣ ਵਾਲੀ ਵਿਨਾਸ਼ ਦੀ ਘੜੀ ਨੂੰ ਸਦਾ ਦੇ ਰਹੇ ਹਨ ਜਿਸ ਤੋਂ ਸਿੱਧ ਹੋ ਰਿਹਾ ਹੈ ਕਿ ਭਵਿਖਿਕ ਪੀੜੀ ਦਾ ਸਫ਼ਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਤਮ ਹੋ ਜਾਵੇਗਾ।
ਇੱਕ ਹੋਰ ਗੰਭੀਰ ਸਮੱਸਿਆ ਦੀ ਗੱਲ ਕਰੀਏ ਤਾਂ ਮਿਲਾਵਟ ਦੇ ਇਸ ਦੌਰ ਵਿਚ ਦਿਨ ਪਰ ਦਿਨ ਨਾਮੁਰਾਦ ਬਿਮਾਰੀਆਂ ਦਾ ਵਾਧਾ ਹੋ ਰਿਹਾ ਹੈ ਜਿਸ ਨਾਲ ਨਜਿੱਠਣਾ ਮੱਧ ਤੇ ਗ਼ਰੀਬ ਵਰਗ ਦੇ ਲੋਕਾਂ ਲਈ ਅੱਤ ਦਾ ਔਖਾ ਲਾ ਹੋ ਗਿਆ ਹੈ ਜਿਸ ਕਾਰਨ ਹਰ ਰੋਜ਼ ਕਈ ਹਜ਼ਾਰਾਂ ਵਿਚ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਜਾਂ ਮੰਜੇ ਆਸਰੇ ਹੋ ਕੇ ਦਿਨ ਕੱਟਿਆਂ ਕਰਨ ਤੇ ਮਜਬੂਰ ਹੋ ਰਹੇ ਹਨ ਕਾਰਨ ਮਹਿੰਗੇ ਇਲਾਜ ਅਤੇ ਦਵਾਈਆਂ ਦਾ ਖਰਚਾ ਗ਼ਰੀਬੀ ਦੇ ਰੇਖਾ ਨੂੰ ਪਾਰ ਕਰਦਾ ਜਾ ਰਿਹਾ ਹੈ ਅਤੇ ਨਸ਼ੇ ਦੇ ਆਦੀ ਹੋ ਚੁੱਕੇ ਲੋਕ ਖ਼ਾਸਕਰ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਉਣ ਲਈ ਸਰਕਾਰਾਂ ਦੁਆਰਾ ਤਾਂ ਨਾਂ-ਮਾਤਰ ਹੀ ਉਪਰਾਲੇ ਕੀਤੇ ਜਾ ਰਹੇ ਹਨ ।
ਜੇਕਰ ਮਹਿੰਗਾਈ ਦੀ ਗੱਲ ਕਰੀਏ ਤਾਂ ਮਹਿੰਗਾਈ ਦੇ ਇਸ ਦੌਰ ਵਿਚ ਪਰਵਾਰ ਦਾ ਪਾਲਨ ਪੋਸ਼ਣ ਕਰਨਾ ਅਤਿ ਔਖਾ ਲਾ ਕਾਰਜ ਹੋ ਗਿਆ ਹੈ ਬਚਿਆਂ ਨੂੰ ਉਚੇਰੀ ਵਿੱਦਿਆ ਦੇਣ ਲਈ ਕਈ ਹਜ਼ਾਰ ਰੁਪਏ ਭਰਾਉਣਾ ਵੀ ਗ਼ਰੀਬ ਵਰਗ ਦੇ ਲੋਕਾਂ ਲਈ ਸੁਖਾਲਾ ਕਾਰਜ ਨਹੀਂ ਕਈ ਕਈ ਘਟਿਆਂ ਦੀ ਸਖ਼ਤ ਮਿਹਨਤ ਮਜ਼ਦੂਰੀ ਤੋਂ ਬਾਅਦ ਵੀ ਪੇਟ ਦੀ ਭੁੱਖ ਹੀ ਮਿਟਾਈ ਜਾ ਸਕਦੀ ਹੈ ਅਤੇ ਦੁੱਖ ਦੀ ਗੱਲ ਤਾਂ ਇਹ ਵੀ ਹੈ ਕਿ ਕਈ ਇਹੋ ਜਿਹੇ ਪਰਵਾਰ ਵੀ ਹਨ ਜੋ ਘਰਾਂ ਦੀਆਂ ਛੱਤਾਂ ਤੋ ਵੀ ਮੁਹਤਾਜ ਹਨ ਆਪਣੀ ਪਰਵਾਰਿਕ ਲੋੜਾਂ ਨੂੰ ਪੂਰਾ ਕਰਨ ਲਈ ਨਾ ਚਾਹੁੰਦੇ ਹੋਏ ਵੀ ਕਰਜ਼ਾ ਲਿਆ ਜਾ ਰਿਹਾ ਹੈ ਲਏ ਕਰਜ਼ੇ ਦੀ ਮਾਰ ਥੱਲੇ ਆ ਕੇ ਕਈ ਪਰਵਾਰਾਂ ਦੇ ਮੁਖੀ ਆਪਣੇ ਜੀਵਨ ਨੂੰ ਖ਼ਤਮ ਕਰਨ ਤੇ ਵੀ ਉਤਾਰੂ ਹੋ ਚੁੱਕੇ ਹਨ ।
ਇੱਕ ਹੋਰ ਕੋਹੜ ਦੀ ਲੱਗੀ ਸਮਾਜ ਵਿਚ ਬਿਮਾਰੀ ਭਰੂਣ ਹੱਤਿਆਵਾਂ ਦੀ ਜਿਸ ਦੇ ਇਲਾਜ ਲਈ ਇੱਕ ਜੁੱਟ ਹੋਣ ਦੀ ਲੋੜ ਹੈ ਜੇਕਰ ਵਿਸਥਾਰ ਪੂਰਵਕ ਗੱਲ ਕਰਾਂ ਤਾਂ ਹਰੇਕ ਧਰਮ ਵਿਚ ਮਾਂ ਨੂੰ ਰੱਬ ਦਾ ਦਰਜਾ ਦਿੱਤਾ ਗਿਆ ਹੈ ਖ਼ਾਸਕਰ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਵੱਲੋਂ “ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪ੍ਰਰਮੇਸਰਾ” ਅਤੇ “ਸੋ ਕਿਉਂ ਮੰਦਾ ਆਖੀਏ ਜਿਤੁ ਜੰਮੇ ਰਾਜਾਨੁ” ਦੇ ਮਹਾ ਵਾਕਾਂ ਅਨੁਸਾਰ ਸ੍ਰਿਸ਼ਟੀ ਦੇ ਉੱਪਰ ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਜੋ ਮਾਂ ਦੁਆਰਾ ਨਿਭਾਏ ਪਰਉਪਕਾਰੀ ਅਹਿਸਾਨਾਂ ਦੇ ਥੱਲੇ ਨਾ ਦੱਬਿਆ ਹੋਵੇ ਤੇ ਇਹ ਸੱਚ ਨੂੰ ਝੁਠਲਾਉਣਾ ਇੱਕ ਕੁਫ਼ਰ ਦੇ ਬਰਾਬਰ ਹੈ। ਕੋਮਲਤਾ ਤੇ ਦਿਆਲਤਾ ਦੀ ਮੂਰਤ ਪਹਿਲਾਂ ਧੀ, ਵਿਆਹ ਤੋਂ ਬਾਅਦ ਸੰਪੂਰਨ ਔਰਤ ਤੇ ਬੱਚੇ ਦੇ ਜਨਮ ਤੋਂ ਬਾਅਦ ਰੱਬ ਰੂਪ ਮਾਂ ਦੇ ਅਹਿਸਾਨਾਂ ਤੇ ਸਿੱਖਿਆਵਾਂ ਦੇ ਸਦਕਾ ਹੀ ਉੱਚੀਆਂ ਬੁਲੰਦੀਆਂ ਨੂੰ ਪਾਇਆ ਜਾ ਸਕਦਾ ਹੈ। ਪਰ ਅਫ਼ਸੋਸ ਅਜੋਕੇ ਦੌਰ ਵਿਚ ਅਣਜੰਮੀਆਂ ਧੀਆਂ ਨੂੰ ਕੁੱਖ ਵਿਚ ਹੀ ਕਤਲ ਕਰਨ ਦਾ ਭੈੜਾ ਮੰਦਭਾਗਾ ਰਿਵਾਜ ਜੋ ਚੱਲਿਆ ਉਸ ਨਾਲ ਇਨਸਾਨੀਅਤ ਦਾ ਘਾਣ ਹੁੰਦਾ ਜਾ ਰਿਹਾ ਹੈ ਤੇ ਇਨਸਾਨ ਹੋਲੀ ਹੋਲੀ ਇਨਸਾਨ ਤੋਂ ਸ਼ੈਤਾਨ ਤੇ ਹੈਵਾਨ ਬਣਦਾ ਜਾ ਰਿਹਾ ਹੈ ਇਸ ਘਿਣਾਉਣੇ ਕਾਰਜਾਂ ਦਾ ਮੁੱਖ ਕਾਰਨ ਧੀ ਨੂੰ ਸ਼ੁਰੂ ਤੋਂ ਹੀ ਬੋਝ ਸਮਝਿਆ ਤੇ ਉਸ ਨੂੰ ਪਰਾਇਆ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਰਹਿੰਦਾ ਹੈ ।ਧੀ ਬੇਚਾਰੀ ਬੇ ਭਾਗੀ ਤਾਂ ਆਪਣੀ ਅੱਧੀ ਉਮਰ ਮਾਪਿਆਂ ਦੇ ਘਰ ਵਿਚ ਪੜਾਈ ਵਿੱਦਿਆ ਦੇ ਖ਼ਰਚਿਆਂ ਦਾ ਤਾਨ੍ਹੇ ਸੁਣਦੇ ਰਹਿਣਾ, ਵਿਆਹ ਦੇ ਖ਼ਰਚੇ ਸਹੁਰੇ ਪਰਵਾਰਾਂ ਵੱਲੋਂ ਦਾਜ ਦਹੇਜ ਮੰਗਣ ਬਾਰੇ ਸੁਣਦੇ ਰਹਿਣਾ ਜਾਂ ਦਾਦੇ ਪੜਦਾਦਿਆਂ ਦਾ ਵੰਸ਼ ਮੁੰਡਿਆ ਨਾਲ ਹੀ ਚੱਲਦਾ ਹੁੰਦਾ ਵਰਗੇ ਤਾਣਿਆਂ ਨੂੰ ਸੁਣਨਾ ਪਰਾਏ ਪਣ ਦਾ ਅਹਿਸਾਸ ਕਰਵਾਉਂਦਾ ਏ ਤੇ ਬਾਕੀ ਦੀ ਉਮਰ ਉਹ ਵਿਆਹ ਵਾਲੇ ਘਰ ਵਿਚ ਪਰਾਏ ਪਣ ਵਿਚ ਗੁਜ਼ਾਰ ਦਿੰਦੀ ਹੈ ਕਿ ਦਹੇਜ ਵਿਚ ਆਹ ਨਹੀਂ ਲਿਆਈ ਉਹ ਨਹੀਂ ਲਿਆਈ, ਮੁੰਡਾ ਨਾ ਹੋਇਆ ਫਿਰ ਔਖਾ ਇਹੋ ਜਿਹੇ ਸੰਤਾਪ ਨੂੰ ਹੰਢਾ ਰਹੀ ਔਰਤ ਬੇ ਚਾਰੀ ਆਪਣੇ ਆਪ ਨੂੰ ਵੀ ਖ਼ਤਮ ਕਰਨ ਲਈ ਮਜਬੂਰ ਹੋ ਕੇ ਮਰਦ ਪ੍ਰਧਾਨ ਸਮਾਜ ਵਿਚ ਉਸ ਦੇ ਪਾਪਾਂ ਵਿਚ ਸਾਂਝ ਪਾ ਕੇ ਖ਼ੁਦ ਵੀ ਪਾਪਾਂ ਦੀ ਭਾਗੀਦਾਰ ਹੁੰਦੀ ਜਾ ਰਹੀ ਹੈ।
ਸਭ ਤੋਂ ਵੱਡੀ ਸਮੱਸਿਆ ਤੋਂ ਨਿਜਾਤ ਪਾਉਣ ਦੀ ਲੋੜ ਹੈ ਉਹ ਹੈ ਗੁਰਸਿੱਖੀ ਜੀਵਨ ਤੇ ਗੁਰ ਇਤਿਹਾਸ ਤੋ ਗੁਮਰਾਹ ਹੋ ਰਹੀ ਸਿੱਖ ਕੌਮ ਨੂੰ ਗੁਰਬਾਣੀ ਅਤੇ ਕਥਾ ਕੀਰਤਨ ਵਿਚਾਰਾਂ ਰਾਹੀ ਧੰਨ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਮਹਾਰਾਜ ਜੀ ਦੀ ਰਹਿਨੁਮਾਈ ਹੇਠ ਕੁਰਾਹੇ ਪੈ ਰਹੀ ਸਿੱਖ ਕੌਮ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੀ ਦਲਦਲ ਅਤੇ ਪੰਜਾਬ ਦੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਬਚਾਉਣ ਦੀ। ਸਮੇਂ ਸਮੇਂ ਸਿਰ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਵਿਚ ਪੰਥ ਦੇ ਜਥੇਦਾਰਾਂ ਸਾਹਿਬਾ ਨਾਂ ਵੱਲੋਂ ਸਿਆਸੀ ਆਗੂਆਂ ਨਾਲ ਪਾਈ ਸਾਂਝ ਨੂੰ ਤਿਆਗ ਕੇ ਸਿੱਖ ਕੌਮ ਦੀ ਅਜੋਕੀ ਨਵੀਂ ਪੀੜੀ ਨੂੰ ਗੁਰਬਾਣੀ ਦੇ ਪਾਠ ਦੀ ਮਹੱਤਤਾ ਅਤੇ ਉਸ ਤੋਂ ਜੀਵਨ ਦੀ ਸੇਧ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਬਖ਼ਸ਼ਿਆ ਖੰਡੇ ਵਾਟੇ ਦਾ ਅਮ੍ਰਿਤ ਗੁਰੂ ਕੇ ਪੰਜ ਪਿਆਰਿਆਂ ਵੱਲੋਂ ਛਕਾ ਕੇ ਗੁਰੂ ਕਿ ਸਿੰਘ ਸਜਾਇਆ ਜਾਵੇ।
ਲੋੜ ਹੈ ਇਹਨਾਂ ਉਪਰੋਕਤ ਗੰਭੀਰ ਮਸਲਿਆਂ, ਸਮੱਸਿਆਵਾਂ ਅਤੇ ਮਾੜੇ ਹਾਲਤਾਂ ਦਾ ਹੱਲ ਕਰਨ ਦੀ ਅਤੇ ਹਰੇਕ ਜੀਵ ਨੂੰ ਪ੍ਰਭੂ ਰੂਪ ਜਾਣ ਕੇ ਪ੍ਰੇਮ ਕਰਨਾ ਮੁਢਲਾ ਫਰਜ ਬਣਦਾ ਹੈ ਤਾਂ ਕਿ ਸਹਿਕ ਰਹੀ ਕੁਦਰਤ ਨੂੰ ਫਿਰ ਤੋਂ ਟਹਿਕਣ ਲਾਉਣ ਤੇ ਮਹਿਕਾਂ ਬਿਖੇਰਨ ਵਾਲੀਆਂ ਬਹਾਰਾਂ ਦਾ ਯਤਨ ਕੀਤਾ ਜਾਵੇ। ਇਸ ਲਈ ਸਭ ਤੋ ਪਹਿਲਾਂ ਅਹਿਮ ਜ਼ਰੂਰਤ ਇਹ ਵੀ ਬਣਦੀ ਹੈ ਕਿ ਆਪਾਂ ਆਪਣੇ ਤੋਂ ਹੀ ਸ਼ੁਰੂ ਕਰੀਏ ਜਿਵੇਂ ਫਲਦਾਰ ਤੇ ਛਾਂਦਾਰ ਬੂਟੇ ਲਗਾਈਏ ਤੇੇ ਹੋਰਾਂ ਨੂੰ ਵੀ ਪ੍ਰੇਰਿਤ ਕਰ ਕੇ ਇੱਕ ਮੁਹਿੰਮ ਦੇ ਰੂਪ ਵਿਚ ਸ਼ੁਰੂ ਕੀਤਾ ਜਾਵੇ ਅਤੇ ਇਸ ਨੂੰ ਇੱਕ ਮਿਸ਼ਨ ਦਾ ਰੂਪ ਦੇ ਕੇ ਕੁਦਰਤ ਦੇ ਸੁਹੱਪਣ ਨੂੰ ਦੁਬਾਰਾ ਹਰਾ ਭਰਾ ਅਤੇ ਸਮਾਜ ਵਿਚ ਧਰਮਾਂ ਦੇ ਫ਼ਸਾਦਾਂ ਤੋਂ ਆਜ਼ਾਦ ਹੋ ਕੇ ਨਿਰੋਲ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ ਤਾਂ ਕਿ ਆਪਾਂ ਦੁਨੀਆ ਤੇ ਸ਼ਾਨ ਮਾਨ ਨਾਲ ਕਹਿ ਸਕੀਏ ਕਿ ਅਸੀਂ ਉਸ ਪੰਜਾਬ ਦੀ ਧਰਤੀ ਦੇ ਵਾਰਸ ਹੈ ਜਿਸ ਧਰਤੀ ਨੂੰ ਗੁਰੂਆਂ ਪੀਰਾਂ ਪੈਗ਼ੰਬਰਾਂ ਦੀ ਛੋਹ ਪ੍ਰਾਪਤ ਹੈ ਜਿਸ ਤੇ ਜਨਮ ਲੈ ਕੇ ਦੁਨੀਆ ਤੇ ਆਉਣਾ ਸਫਲਾ ਹੋਇਅਾ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1178
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ