ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ

ਸਮਾਜ ਵਿਚ ਵਿਚਰਦਿਆਂ ਹੋਇਆਂ ਸਾਨੂੰ ਅਨੇਕਾਂ ਹੀ ਗਤੀਵਿਧੀਆਂ ਕਰਨੀਆਂ ਪੈਂਦੀਆਂ ਹਨ। ਵਿਸ਼ੇਸ਼ ਕਰ ਕੇ ਸਾਨੂੰ ਜਿਊਣ ਲਈ ਭੋਜਣ, ਪਹਿਨਣ ਲਈ ਮੌਸਮ ਅਨੁਸਾਰ ਕੱਪੜੇ ਅਤੇ ਰਹਿਣ ਲਈ ਇਕ ਘਰ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਤਿੰਨਾਂ ਚੀਜ਼ਾਂ ਦੀ ਲੋੜ ਦੀ ਪੂਰਤੀ ਲਈ ਮਨੁੱਖ ਹਮੇਸ਼ਾਂ ਯਤਨਸ਼ੀਲ ਰਹਿੰਦਾ ਹੈ।  ਸਮਾਜ ਵਿਚ ਜਿਹੜੇ ਲੋਕ ਆਰਥਿਕ ਸਾਧਨਾਂ ਨਾਲ ਨਿਪੁੰਨ ਹੁੰਦੇ ਹਨ ਉਨ੍ਹਾਂ ਨੂੰ ਤਾਂ ਇਨ੍ਹਾਂ ਤਿੰਨਾਂ ਚੀਜ਼ਾਂ ਦੀ ਪ੍ਰਾਪਤੀ ਲਈ  ਕੋਈ ਜ਼ਿਆਦਾ ਸੰਘਰਸ਼ ਨਹੀਂ ਕਰਨਾ ਪੈਂਦਾ ਪਰੰਤੂ ਜਿਨ੍ਹਾਂ ਲੋਕਾਂ ਦੀ ਆਰਥਿਕ ਹਾਲਤ ਵੇਲਾ ਲੰਘਾਉਣ ਦੀ ਸਥਿਤੀ ਵਾਲੀ ਹੁੰਦੀ ਹੈ ਉਨ੍ਹਾਂ ਲਈ ਚੰਗੇ ਕੱਪੜੇ ਤੇ ਰਹਿਣ ਲਈ ਚੰਗਾ ਘਰ, ਕੋਠੀਆਂ ਆਦਿ ਇਕ ਸੁਪਨੇ ਦੀ ਨਿਆਈਂ ਹੁੰਦਾ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਸਾਡੇ ਦੇਸ਼ ਵਿਚ ਬਹੁਤਾਤ ਇਨ੍ਹਾਂ ਹੀ ਗਰੀਬੀ ਦੇ ਝੰਬੇ ਲੋਕਾਂ ਦੀ ਹੈ, ਜਦਕਿ ਆਰਥਿਕ ਤੌਰ ’ਤੇ ਸੰਪੰਨ ਲੋਕ ਕੁਝ ਕੁ ਹੀ ਪ੍ਰਤੀਸ਼ਤ ਹਨ। ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਕਈ ਲੋਕਾਂ ਲਈ ਤਾਂ ਇੱਕ ਦਿਨ ਦਾ ਰੋਟੀ-ਟੁੱਕ ਕਰ ਲੈਣਾ ਉਨ੍ਹਾਂ ਲਈ ਬਹੁਤ ਵੱਡੀ ਗੱਲ ਹੁੰਦੀ ਹੈ। ਅਜਿਹੇ ਪਰਿਵਾਰਾਂ ਦੇ ਮੁਖੀਆਂ ਲਈ ਆਪਣਾ ਪਰਿਵਾਰ ਪਾਲਣਾ ਅਤੇ ਉਨਾਂ ਲਈ ਰੋਟੀ ਦੀ ਪੂਰਤੀ ਕਰਨੀ ਇਕ ਵੱਡਾ ਟੀਚਾ ਹੁੰਦਾ ਹੈ। ਇਹ ਸ਼੍ਰੇਣੀ ਮਿਹਨਤ-ਮਜ਼ਦੂਰੀ, ਦਿਹਾੜੀਦਾਰਾ ਅਤੇ ਬਹੁਤ ਹੀ ਘੱਟ ਮੁੱਲ ਮੋੜਨ ਵਾਲੇ ਨਿੱਕੇ-ਨਿੱਕੇ ਕੰਮਾਂ ਨਾਲ ਜੁੜੀ ਹੁੰਦੀ ਹੈ। ਇਨ੍ਹਾਂ ਲਈ ਹਰ ਦਿਨ ਇਕ ਨਵਾਂ ਸੰਘਰਸ਼ ਹੁੰਦਾ ਹੈ। ਝੁੱਗੀਆਂ-ਝੌਂਪੜੀਆਂ, ਨਿੱਕੇ-ਨਿੱਕੇ ਕਮਰਿਆਂ ਅਤੇ ਸ਼ਹਿਰਾਂ-ਕਸਬਿਆਂ ਦੀਆਂ ਹਨ੍ਹੇਰੀਆਂ ਗਲੀਆਂ ਵਿਚ ਰਹਿਣ ਵਾਲੇ ਇਨ੍ਹਾਂ ਲੋਕਾਂ ਦੀ ਤਮਾਮ ਜ਼ਿੰਦਗੀ ਹਨੇਰਮਈ ਅਤੇ ਅਵਿਕਸਿਤ ਹੁੰਦੀ ਹੈ। ਇਨ੍ਹਾਂ ਲੋਕਾਂ ਦੇ ਬੱਚੇ ਜਿੱਥੇ ਬਿਮਾਰੀਆਂ, ਕੁਪੋਸ਼ਨ ਤੇ ਨੰਗੇਜ਼ਤਾ ਆਦਿ ਦਾ ਸ਼ਿਕਾਰ ਹੁੰਦੇ ਹਨ, ਉੱਥੇ ਮੁੱਢਲੀ ਸਿੱਖਿਆ ਦੀ ਪ੍ਰਾਪਤੀ ਵੀ ਨਾ ਕਰ ਸਕਣਾ ਇਨ੍ਹਾਂ ਲਈ ਸਾਰੀ ਉਮਰ ਦੀ ਤ੍ਰਾਸਦੀ ਬਣ ਜਾਂਦਾ ਹੈ। ਅਜਿਹੀਆਂ ਸਥਿਤੀਆਂ ਵਿੱਚੋਂ ਗੁਜ਼ਰਨ ਵਾਲਾ ਇਹ ਬਚਪਨ ਸ਼ਾਮ ਤਕ ਆਪਣੇ ਬਾਪ ਦੀ ਕੰਮ ਤੋਂ ਵਾਪਸ ਆਉਂਣ ਦੀ ਉਡੀਕ ਕਰਦਾ-ਕਰਦਾ ਕਈ ਵਾਰ ਭੁੱਖਿਆਂ ਹੀ ਸੌਣ ਲਈ ਮਜ਼ਬੂਰ ਹੋ ਜਾਂਦਾ ਹੈ।
    ਉਧਰ ਦੂਜੇ ਪਾਸੇ ਆਰਥਿਕ ਸਾਧਨਾਂ ਨਾਲ ਸੰਪੰਨ ਲੋਕ ਵੱਡੇ ਉਦਯੋਗਪਤੀ ਘਰਾਣੇ, ਰਈਸ, ਸ਼ਾਹੂਕਾਰ ਅਤੇ ਵਪਾਰੀ ਵਰਗ ਆਦਿ ਜਿੱਥੇ ਪਿਤਾ-ਪੁਰਖੀ ਜਾਇਦਾਦਾਂ ਅਤੇ ਹੋਰ ਵਾਜਿਬ-ਨਾਵਾਜਿਬ ਤਰੀਕਿਆਂ ਨਾਲ ਬੇਸ਼ੁਮਾਰ ਧਨ-ਦੌਲਤ ਇਕੱਠੀ ਕਰ ਲੈਂਦੇ ਹਨ, ਉੱਥੇ ਉਨ੍ਹਾਂ ਲਈ ਮਨੁੱਖੀ ਜੀਵਨ ਜਿਊਣ ਦੇ ਲੋੜੀਂਦੇ ਸਾਧਨਾਂ ਦੀ ਪੂਰਤੀ ਦੀ ਵਿਚਾਰਧਾਰਾ ਨਾਲੋਂ ਕਿਤੇ ਅਗਾਂਹ ਐਸ਼-ਪ੍ਰਸਤੀ, ਮੌਜ-ਮਸਤੀ, ਆਵਾਜਾਈ ਤੇ ਮਨੋਰੰਜਨ ਦੇ ਸਾਧਨਾਂ ਦੀ ਦੁਰਵਰਤੋਂ ਨਾਲ ਕੁਦਰਤ ਅਤੇ ਵਾਤਾਵਰਣ ’ਤੇ ਪੈਣ ਵਾਲੇ ਮਾੜੇ ਪ੍ਰਭਾਵ, ਵਿਆਹ-ਸ਼ਾਦੀਆਂ ਅਤੇ ਆਪਣੀ ਹਉਮੈਂ ਨੂੰ ਪ੍ਰਗਟਾਉਣ ਵਾਲੀਆਂ ਵੱਡੀਆਂ ਪਾਰਟੀਆਂ ਤੇ ਇਕੱਠਾਂ ਵਿਚ ਕੀਤੀ ਜਾਣ ਵਾਲੀ ਬੇਸ਼ੁਮਾਰ ਭੋਜਨ ਤੇ ਪਾਣੀ ਦੀ ਅੰਨ੍ਹੀ ਬਰਬਾਦੀ ਉਨ੍ਹਾਂ ਦੀ ਜੀਵਨ-ਸ਼ੈਲੀ ਦਾ ਇਕ ਅੰਗ ਹੁੰਦੀ ਹੈ।
    ਅਜਿਹੀ ਸਥਿਤੀ ਵਿਚ ਜਿੱਥੇ ਅਜਿਹੇ ਸਾਧਨਾਂ ਦੀ ਬਹੁਤਾਤ ਅਤੇ ਉਨ੍ਹਾਂ ਦੀ ਅੰਨ੍ਹੀ ਦੁਰਵਰਤੋਂ ਸਾਡੇ ਸਮਾਜ ਲਈ ਇਕ ਬੇਹੱਦ ਖਤਰਨਾਕ ਰੁਝਾਨ ਹੈ, ਉੱਥੇ ਇਸ ਅਮੀਰ ਤੇ ਗਰੀਬ ਦੇ ਪਾੜੇ ਵਿਚਲਾ ਅੰਤਰ ਕਿਵੇਂ ਪੂਰਾ ਹੋਵੇ? ਇਹ ਵੀ ਇਕ ਬੇਹੱਦ ਸੋਚਣ, ਸਮਝਣ ਅਤੇ ਚਿੰਤਨ ਕਰਨ ਦੀ ਦਿਸ਼ਾ ਵੱਲ ਲਿਜਾਣ ਵਾਲਾ ਸਦੀਆਂ ਪੁਰਾਣਾ ਸਵਾਲ ਅੱਜ ਇੱਕਵੀਂ ਸਦੀ ਵਿਚ ਵੀ ਜਿਉਂ ਦਾ ਤਿਉਂ ਹੀ ਖਲੋਤਾ ਹੈ। ਬੇਸ਼ੱਕ ਇਸ ਦੇ ਹੱਲ ਲਈ ਕਈ ਸਰਕਾਰੀ ਨੀਤੀਆਂ ਬਣੀਆਂ ਹਨ ਪਰ ਜੇ ਇਹ ਨੀਤੀਆਂ ਬਣਨ ਦੇ ਬਾਵਜੂਦ ਵੀ ਹਾਲਾਤ ਅਜੇ ਠੀਕ  ਨਹੀਂ ਹੋਏ ਹਨ ਤਾਂ ਫਿਰ ਵਿਸ਼ਲੇਸ਼ਣ ਕਰਨ ਅਤੇ ਧਿਆਨ ਦੇਣ ਦੀ ਸਖਤ ਲੋੜ ਹੈ।
    ਅੱਜ ਹਰੇਕ ਵੱਡੇ-ਛੋਟੇ ਸ਼ਹਿਰਾਂ ਵਿਚ ਜਿੱਥੇ ਅਕਾਸ਼ ਨੂੰ ਛੂਹੰਦੀਆਂ ਗਗਨ-ਚੁੰਬੀ ਬਹੁਮੰਜ਼ਿਲਾ ਇਮਾਰਤਾਂ, ਮਲਟੀਪਲੈੱਕਸ, ਹੋਟਲ, ਰੈਸਟੋਰੈਂਟ, ਸ਼ਾਪਿੰਗ-ਮਾਲ ਆਦਿ ਮੌਜੂਦ ਹਨ, ਉੱਥੇ ਇਨ੍ਹਾਂ ਦੇ ਨਾਲ ਹੀ ਬਹੁਤ ਹੀ ਪੱਛੜੇ ਵਰਗਾਂ ਅਤੇ ਅੱਤ ਦੀ ਗਰੀਬੀ ਵਿੱਚੋਂ ਗੁਜ਼ਰ ਰਹੇ ਲੋਕਾਂ ਦੀਆਂ ਝੁੱਗੀਆਂ-ਝੌਂਪੜੀਆਂ ਵੀ ਸਾਡੇ ਇਸ ਅਤਿ ਆਧੁਨਿਕ ਅਤੇ ਡਿਜੀਟਲ ਯੁੱਗ ਲਈ ਇੱਕ ਸਵਾਲ ਹਨ। ਇਹ ਸਵਾਲ ਤਦ ਤਕ ਹੱਲ ਨਹੀਂ ਹੋ ਪਾਵੇਗਾ ਜਦ ਤਕ ਅਸੀਂ ਆਪਣੀ ਵਿਅਕਤੀਗਤ ਹਊਮੈਂ, ਕੁਨਬਾ-ਪ੍ਰਸਤੀ, ਸਵਾਰਥ, ਭਾਈ-ਭਤੀਜਾਵਾਦ ਦੀ ਨੀਤੀ, ਮੈਨੂੰ ਕੀ ਦੀ ਭਾਵਨਾ, ਊਚ-ਨੀਚ ਆਦਿ ਵਰਗੀਆਂ ਗੱਲਾਂ ਤੋਂ ਇਮਾਨਦਾਰੀ ਨਾਲ ਉਤਾਂਹ ਨਹੀਂ ਉਠਾਂਗੇ। ਇੰਨਾ ਹੀ ਨਹੀਂ ਬਲਕਿ ਸਮਾਜ ਵਿਚ  ਬਹੁਤ ਹੀ ਜ਼ਿਆਦਾ ਆਰਥਿਕ ਪੱਖੋਂ ਪੱਛੜੇ ਵਰਗਾਂ ਦੀ ਚੰਗੇਰੀ ਸਥਿਤੀ ਲਈ ਸਾਨੂੰ ਆਪਣੇ ਨਿੱਜ ਤੋਂ ਵੀ ਪਹਿਲ ਕਰਨੀ ਪਵੇਗੀ। ਜੇਕਰ ਸਾਡੇ ਕੋਲ ਆਪਣੇ ਅਤੇ ਆਪਣੇ ਪਰਿਵਾਰ ਦੇ ਜੀਵਨ ਦੇ ਨਿਰਬਾਹ ਤੋਂ ਬਾਅਦ ਸਾਧਨਾਂ ਦੀ ਬਹੁਤਾਤ ਨਜ਼ਰੀਂ ਆਉਂਦੀ ਹੈ ਤਾਂ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਲੋਕਾਂ, ਜਿਨ੍ਹਾਂ ਕੋਲ ਰੋਜ਼ਮੱਰਾ ਦੀਆਂ ਲੋੜਾਂ ਦੀ ਪੂਰਤੀ ਲਈ ਵਸਤਾਂ ਦੀ ਘਾਟ ਹੈ, ਤਾਂ ਸਾਡੇ ਹੱਥ ਉਨ੍ਹਾਂ ਦੀ ਮਦਦ ਕਰਨ ਤੋਂ ਪਿਛਾਂਹ ਨਹੀਂ ਹਟਣੇ ਚਾਹੀਦੇ। ਇਸ ਤਰ੍ਹਾਂ ਕਰਨ ਨਾਲ ਜਿੱਥੇ ਕਿਸੇ ਦਾ ਭਲਾ ਹੋਵੇਗਾ, ਉੱਥੇ ਸਾਨੂੰ ਵੀ ਇਕ ਵਿਲੱਖਣ ਤੇ ਰੂਹਾਨੀ ਖੁਸ਼ੀ ਅਤੇ ਅਨੰਦ ਦਾ ਅਹਿਸਾਸ ਹਾਸਲ ਹੋਵੇਗਾ।
    ਅੱਜ ਵੱਡੀ ਲੋੜ ਹੈ ਸਾਧਨ-ਸੰਪੰਨ ਅਤੇ ਸਾਧਨ ਵਿਹੂਣੀਆਂ ਧਿਰਾਂ ਦੇ ਇਸ ਪਾੜੇ ਨੂੰ ਖਤਮ ਕਰਨ ਦੀ, ਜਿਸ ਵਿਚ ਜਿੱਥੇ ਸਮਾਜ-ਸੇਵੀ ਜਥੇਬੰਦੀਆਂ, ਸਮਾਜ ਦੇ ਵੱਖ-ਵੱਖ ਜ਼ਿੰਮੇਵਾਰ ਵਰਗ, ਇੱਥੋਂ ਤਕ ਕਿ ਸਰਕਾਰਾਂ/ਪ੍ਰਸ਼ਾਸਨ ਵੀ ਗਰੀਬੀ ਨਾਲ ਜੂਝ ਰਹੇ ਲੋਕਾਂ ਦੀ ਆਰਥਿਕਤਾ ਨੂੰ ਸੱਚਮੁਚ ਹੀ ਬਿਨ੍ਹਾਂ ਪੱਖਪਾਤ ਤੋਂ ਪੂਰੀ ਇਮਾਨਦਾਰੀ ਸਹਿਤ ਉਤਾਂਹ ਚੁੱਕਣ ਲਈ ਯਤਨ ਕਰਨ। ਤਾਂ ਹੀ ਅਸੀਂ ਆਧੁਨਿਕ ਯੁੱਗ ਦੇ ਨਾਗਰਿਕ ਕਹਾਉਣ ਦੇ ਹੱਕਦਾਰ ਹੋਵਾਂਗੇ।

 

ਲੇਖਕ : ਬਿਕਰਮਜੀਤ ਸਿੰਘ ਜੀਤ ਹੋਰ ਲਿਖਤ (ਇਸ ਸਾਇਟ 'ਤੇ): 17
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :861
ਲੇਖਕ ਬਾਰੇ
ਆਪ ਜੀ ਬਤੌਰ ਪਰੂਫ਼ ਰੀਡਰ ਅੈਸ.ਜੀ.ਪੀ.ਸੀ. ਵਿੱਚ ਕੰਮ ਕਰ ਰਹੇ ਹੋ। ਆਪ ਜੀ ਉੱਚ ਵਿਚਾਰਕ ਅਤੇ ਪੰਜਾਬੀ ਚਿੰਤਕ ਹੋ ਆਪ ਜੀ ਦੇ ਅਖਬਾਰਾ ਵਿਚ ਲੇਖ ਛਪਦੇ ਰਹਿੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲੱਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ