ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪਰਬਤ ਦੀ ਪੀੜ

ਪਰਬਤ ਦੀ ਪੀੜ ਕੀ ਹੁੰਦੀ ਹੈ ਤੇ ਇਸਦਾ ਕੀ ਅਹਿਸਾਸ ਹੁੰਦਾ ਹੈ ਸਮਝਨਾ ਬਹੁਤ ਔਖਾ ਹੈ।ਪਰਬਤ ਨੂੰ ਬੜਾ ਮਜ਼ਬੂਤ ਤੇ ਸਖ਼ਤ ਸਮਝਿਆ ਜਾਂਦਾ ਹੈ,ਪਰ ਉਸਨੂੰ ਵੀ ਕਦੇ-ਕਦੇ ਦਰਦ ਦੇ ਅਹਿਸਾਸ ਵਿਚੋਂ ਲੰਘਣਾ ਪੈਂਦਾ ਹੈ।ਕਈ ਤੁਫ਼ਾਨ ਕਈ ਥਪੇੜੇ ਉਸ ਤੇ ਅਕਸਰ ਹਮਲੇ ਕਰਦੇ ਹੀ ਰਹਿੰਦੇ ਹਨ ਜਿੰਨ੍ਹਾ ਨੂੰ ਉਹ ਬੜੀ ਮਜ਼ਬੂਤੀ ਨਾਲ ਆਪਣੇ ਸੀਨੇ ਤੇ ਸਹਾਰਦਾ ਹੈ।ਤੁਫ਼ਾਨ ਭਾਵੇਂ ਉਸਦਾ ਕੁੱਝ ਵਿਗਾੜ ਤਾਂ ਨਹੀਂ ਸਕਦੇ ਪਰ ਕੁਝ ਦੁੱਖ,ਕੁਝ ਦਰਦ ਉਸਨੂੰ ਦੇ ਹੀ ਜਾਂਦੇ ਹਨ।ਸੋਚਣ ਵਾਲੀ ਹਰ ਇੱਕ ਸ਼ੈਅ ਅੰਦਰ ਦਿਲ ਆਪਣੇ-ਆਪ ਹੀ ਉਤਪਣ ਹੋ ਜਾਂਦਾ ਹੈ ਤੇ ਜਿਸ ਦੇ ਅੰਦਰ ਦਿਲ ਹੁੰਦਾ ਹੈ ਫਿਰ ਉਸ ਅੰਦਰ ਦਰਦ ਵੀ ਆਪਣੇ-ਆਪ ਹੀ ਪੈਦਾ ਹੋ ਜਾਂਦਾ ਹੈ।ਬੜਾ ਹੀ ਵਚਿੱਤਰ ਸੰਸਾਰ ਬਣਾਇਆ ਹੈ ਪਰਮਾਤਮਾ ਨੇ।ਪੱਥਰਾਂ ਦੇ ਦਿਲ ਹੁੰਦੇ ਨੇ ਤੇ ਉਹਨਾਂ ਦੇ ਅੰਦਰ ਦਰਦ ਵੀ ਹੁੰਦੇ ਨੇ ਤੇ ਇਸ ਤੋਂ ਵੀ ਅਜੀਬ ਕਿ ਉਹਨਾਂ ਦੇ ਅੰਦਰ ਕੁਰਲਾਹਟ ਵੀ ਹੁੰਦੀ ਹੈ।
ਕਰਤਾਰ ਸਿੰਘ ਅੱਜ ਆਪਣੇ ਘਰ ਅੰਦਰ ਹੀ ਕੱਖੋਂ ਹੌਲਾ ਹੋ ਗੁਆਚੀ ਗਾਂ ਵਾਂਗ ਫਿਰ ਰਿਹਾ ਹੈ।ਪਰਬਤ ਦੀ ਪੀੜ ਦਾ ਅਹਿਸਾਸ ਅੱਜ ਉਸਦੀ ਰੂਹ ਅੰਦਰ ਸਮਾਉਂਦਾ ਜਾ ਰਿਹਾ ਹੈ।ਅੱਜ ਹੋ ਰਹੀ ਬੇਕਦਰੀ ਨੂੰ ਵੇਖਕੇ ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਹ ਉਹੀ ਪਹਿਲੇ ਵਾਲਾ ਕਰਤਾਰ ਸਿੰਘ ਹੈ ਜਿਸ ਦੀ ਰਵਾਨਗੀ ਦੇ ਨਾਲ ਸਾਰਾ ਘਰ ਚੱਲਦਾ ਸੀ।ਉਸਦੇ ਬੈਠਣ ਨਾਲ ਸਭ ਬੈਠਦੇ ਸੀ ਤੇ ਉਸਦੇ ਖੜ੍ਹੇ ਹੋਣ ਨਾਲ ਸਾਰੇ ਖੜ੍ਹੇ ਹੋ ਜਾਂਦੇ ਸਨ।ਪਰ ਅੱਜ ਤਾਂ ਸਾਰੀ ਦੀ ਸਾਰੀ ਤਸਵੀਰ ਹੀ ਬਦਲੀ ਹੋਈ ਹੈ।ਅੱਜ ਤਾਂ ਕਰਤਾਰ ਸਿੰਘ ਇਉਂ ਜਾਪ ਰਿਹਾ ਹੈ ਜਿਵੇਂ ਘਰ ਵਿਚ ਕੋਈ ਮੰਗਤਾ ਹੋਵੇ।
ਸ਼ਾਮ ਹੋ ਚੁੱਕੀ ਹੈ।ਉਸਨੂੰ ਭੁੱਖ ਲੱਗ ਗਈ ਹੈ।ਅੱਜ ਉਸਨੂੰ ਰੋਟੀ ਦੇਣ ਦੀ ਵਾਰੀ ਉਸਦੀ ਛੋਟੀ ਨੂੰਹ ਦੀ ਹੈ ਪਰ ਉਸਦੀ ਹਿੰਮਤ ਨਹੀਂ ਹੈ ਕਿ ਉਹ ਉਸਨੂੰ ਰੋਟੀ ਦੇਣ ਵਲੋਂ ਕਹੇ।ਪਰ ਜਦ ਉਸਦੀ ਘਰਵਾਲੀ ਜਿੰਦਾ ਸੀ ਤਾਂ ਉਸਨੂੰ ਆਪਣੀ ਘਰਵਾਲੀ ਨੂੰ ਇਹ ਆਖਣ ਦੀ ਲੋੜ ਹੀ ਨਹੀਂ ਸੀ ਪੈਂਦੀ ਉਹ ਆਪ ਹੀ ਉਸ ਲਈ ਰੋਟੀ ਬਣਾ ਕੇ ਲੈ ਆਉਂਦੀ ਸੀ।ਅਚਾਨਕ ਕਰਤਾਰ ਸਿੰਘ ਦੀ ਸੁਰਤੀ ਭੰਗ ਹੁੰਦੀ ਹੈ।ਪਲੇਟ ਦਾ ਖੜਾਕ ਹੁੰਦਾ ਹੈ। ਉਹ ਅਗਾਂਹ ਵਧਕੇ ਵੇਖਦਾ ਹੈ।ਉਸਦੀ ਛੋਟੀ ਨੂੰਹ ਉਸਦੀ ਰੋਟੀ ਵਾਲੀ ਪਲੇਟ ਪੌੜੀਆਂ ‘ਚ ਧਰਕੇ ਵਾਪਸ ਜਾ ਚੁੱਕੀ ਹੈ।ਉਸਨੂੰ ਆਪਣਾ ਪਿਛਲਾ ਸਮਾਂ ਯਾਦ ਆ ਜਾਂਦਾ ਹੈ।ਉਸਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇਹ ਪੋੜੀ ਦੀ ਉਹੀ ਥਾਂ ਹੈ ਜਿੱਥੇ ੳੇੁਹ ਕਦੇ ਆਪਣੇ ਕੁੱਤੇ ਨੂੰ ਰੋਟੀ ਦਿੰਦੇ ਸਨ।ਉਸਨੂੰ ਆਪਣੇ ਘਰ ਅੰਦਰ ਆਪਣੀ ਹੈਸੀਅਤ ਦਾ ਅਹਿਸਾਸ ਹੋ ਰਿਹਾ ਹੈ।ਇਹਨਾਂ ਹਾਲਾਤਾਂ ਨੂੰ ਸਵੀਕਾਰ ਕਰਨਾ ਕਿੰਨਾ ਕੁ ਔਖਾ ਕੰਮ ਹੈ ਤੁਸੀਂ ਆਪ ਹੀ ਸਮਝ ਸਕਦੇ ਹੋ। ਜੇ ਤੁਸੀਂ ਪੁੱਤਰ ਹੋ ਤਾਂ ਵਿਚਾਰ ਕਰੋ ਜੇ ਪਿਤਾ ਹੋ ਤਾਂ ਬਰਦਾਸ਼ਤ ਕਰਨ ਦੀ ਆਦਤ ਪਾਓ ਕਿਉਂਕਿ ਇਹ ਦਿਨ ਤੁਹਾਡੇ ਤੇ ਵੀ ਆ ਸਕਦੇ ਹਨ।
ਖ਼ੈਰ ਆਪਾਂ ਅੱਗੇ ਵਧੀਏ।ਘਰ ਦਾ ਮੌ੍ਹਰੀ ਬੱਚਿਆਂ ਦਾ ਪਿਤਾ ਘਰ ਅੰਦਰ ਇੱਕ ਪਰਬਤ ਇੱਕ ਚਟਾਨ ਦਾ ਕੰਮ ਕਰਦਾ ਹੈ ਪਰ ਜਦ ਇਹ ਦਿਨ ਆਉਂਦਾ ਹੈ ਤਾਂ ਉਹ ਕਿਵੇਂ ਟੁੱਟਦਾ,ਬੱਸ ਇਹੀ ਦੱਸਣਾ ਚਾਹ ਰਿਹਾ ਹਾਂ। ਕਰਤਾਰ ਸਿੰਘ ਨੂੰ ਲੱਗ ਰਿਹਾ ਹੈ ਕਿ ਉਸਦੀ ਬੀਵੀ ਕੀ ਮਰੀ ਉਹ ਤਾਂ ਆਪ ਵੀ ਜਿਉਂਦੇ-ਜੀ ਮਰ ਗਿਆ ਹੈ।ਉਹ ਸੋਚਦਾ ਹੈ ਕਿ ਉਸਦੀ ਬੀਵੀ ਨੂੰ ਨਹੀਂ ਬਲਕਿ ਉਸਨੂੰ ਪਹਿਲਾਂ ਮਰਨਾ ਚਾਹੀਦਾ ਸੀ।
“ਪਰ ਚੰਗਾ ਹੋਇਆ ਤੂੰ ਪਹਿਲਾਂ ਮਰ ਗਈ,ਨਹੀਂ ਤਾਂ ਇਹ ਤੇਰੇ ਨਾਲ ਕਿਹੜਾ ਇਹ ਹਾਲ ਨਾ ਕਰਦੇ ”ਉਹ ਮਨ ਹੀ ਮਨ ਸੋਚ ਕੇ ਚੁੱਪ ਕਰ ਜਾਂਦਾ ਹੈ ਤੇ ਆਪਣੇ-ਆਪ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ। ਪੀੜ ਉਸਨੂੰ ਰੋਟੀ ਦੀ ਨਹੀਂ ਬਲਕਿ ਉਸ ਬੇਰੁਖੀ ਦੀ ਹੈ ਜੋ ਉਸ ਨਾਲ ਹੋ ਰਹੀ ਹੈ। ਆਹਿਸਤਾ-ਆਹਿਸਤਾ ਉਸਨੂੰ ਕੁਝ-ਕੁਝ ਧੁੰਦਲਾਹਟ ਜਿਹੀ ਮਹਿਸੂਸ ਹੋ ਰਹੀ ਹੈ। ਉਹ ਕਿਸ ਵੇਲੇ ਫ਼ਰਸ਼ ਤੇ ਢਹਿ ਪਿਆ ਹੈ ਉਸਨੂੰ ਕੁਝ ਵੀ ਪਤਾ ਨਹੀਂ ਚੱਲ ਰਿਹਾ ਹੈ।ਉਹ ਆਪਣੇ-ਆਪ ਵਿਚ ਬੜਾ ਅਜੀਬ ਜਿਹਾ ਮਹਿਸੂਸ ਕਰ ਰਿਹਾ ਹੈ। ਪਰਬਤ ਫ਼ਰਸ਼ ਤੇ ਪਿਆ ਆਪਣੇ ਦਰਦ ਨੂੰ ਮਾਨ ਰਿਹਾ ਹੈ।ਉਸਨੂੰ ਆਪਣੇ ਸ਼ਰੀਰ ਅੰਦਰ ਮਾਸ ਦਾ ਛੋਟਾ ਜਿਹਾ ਲੋਥੜਾ ਫੜਫੜਾਉਂਦਾ ਜਾਪ ਰਿਹਾ ਹੈ। ਅੱਜ ਤੋਂ ਪਹਿਲਾਂ ਉਸ ਕਦੇ ਵੀ ਇਉਂ ਦਾ ਮਹਿਸੂਸ ਨਹੀਂ ਸੀ ਕੀਤਾ,ਅੱਜ ਸਭ ਕੁਝ ਅਜੀਬ ਤਰ੍ਹਾਂ ਨਾਲ ਹੋ ਰਿਹਾ ਹੈ।ਉਹ ਸਭ ਕੁਝ ਵੇਖਕੇ ਆਹਿਸਤਾ-ਆਹਿਸਤਾ ਮੁਸਕੁਰਾ ਰਿਹਾ ਹੈ।ਉਸਨੂੰ ਸਭ ਕੁਝ ਜਿਵੇਂ ਆਪਣੇ ਹੱਥੋਂ ਬਾਹਰ ਹੁੰਦਾ ਜਾਪ ਰਿਹਾ ਹੈ। ਅੱਧ-ਖੁੱਲ੍ਹੀਆਂ ਅੱਖਾਂ ਤੇ ਮਨ- ਮਸਤਕ ਜਿਵੇਂ ਸਭ ਕੁੱਝ ਅਵਚੇਤਨਾ ਵੱਲ ਜਾ ਰਿਹਾ ਹੈ।ਆਪਣੇ ਬੱਚਿਆਂ ਨਾਲ ਗੁਜ਼ਾਰਿਆ ਹੋਇਆ ਸਮਾਂ ਉਸ ਦੀਆਂ ਅੱਖਾਂ ਅੱਗੇ ਘੁੰਮ ਰਿਹਾ ਹੈ।ਦੋਨੋਂ ਬੱਚਿਆਂ ਨਾਲ ਗੁਜ਼ਾਰਿਆ ਉਸਦਾ ਜਵਾਨੀ ਦਾ ਵੇਲਾ ਉਸਨੂੰ ਯਾਦ ਆ ਰਿਹਾ ਹੈ। ਅਵਚੇਤਨਾ ਦੀ ਚੇਤਨਾ ਵਿੱਚ ਕਈ ਦ੍ਰਿਸ਼ ਜਵਾਨੀ ਦੇ ਸਮੇਂ ਦੇ ਘੁੰਮ ਰਹੇ ਹਨ। ਉਸਦੇ ਚਿਹਰੇ ਤੇ ਕਈ ਤਰ੍ਹਾਂ ਦੇ ਹਾਵ-ਭਾਵ ਉੱਭਰ ਰਹੇ ਹਨ।ਕੁਝ ਪਹਿਚਾਣੇ ਤੇ ਕੁਝ ਅਣਪਛਾਣੇ ਚਿਹਰੇ ਉਸਦੇ ਆਸਪਾਸ ਮੰਡਰਾਉਣੇੇ ਸ਼ੁਰੂ ਹੋ ਗਏ ਹਨ। ਉਹ ਅਵਚੇਤਨਤਾ ਦੇ ਗਹਿਰੇ ਸਮੁੰਦਰ ਵਿਚ ਜਾ ਰਿਹਾ ਹੈ।ਹੁਣੇ ਕੁਝ ਦੇਰ ਪਹਿਲੇ ਪੌੜੀਆਂ ਵਿਚ ਕੁੱਤੇ ਵਾਲੀ ਥਾਂ ਤੇ ਰੋਟੀ ਰੱਖਕੇ ਗਈ ਕੁਝ ਪਛਾਨੀ ਔਰਤ ਉਹੀ ਰੋਟੀ ਦੀ ਪਲੇਟ ਲੈਕੇ ਉਸਦੇ ਅੱਗੇ-ਪਿੱਛੇ ਮੰਡਰਾ ਰਹੀ ਹੈ।ਪਰ ਉਹ ਅਨੰਤ ਅਵਚੇਤਨਤਾ ਦੇ ਗਹਿਰੇ ਸਮੁੰਦਰ ਵਿਚ ਸਮਾ ਚੁੱਕਾ ਹੈ।ਚੀਕੋ-ਚਿਹਾੜੇ ਦੀ ਆਵਾਜ਼ ਨੇ ਘਰ ਨੂੰ ਸਿਰ ਤੇ ਚੁੱਕ ਲਿਆ ਹੈ।ਮੌਤ ਤੋਂ ਪਹਿਲੇ ਵਾਲਾ ਸਨਾਟਾ ਖਤਮ ਹੋ ਰਿਹਾ ਹੈ ਤੇ ਉਸ ਤੋਂ ਬਾਅਦ ਉੱਠਣ ਵਾਲਾ ਤੁਫ਼ਾਨ ਸ਼ੂਰੁ ਹੋ ਗਿਆ ਹੈ।ਸਾਰੇ ਕਲਾਕਾਰ ਆਪਣਾ-ਆਪਣਾ ਰੋਲ ਬਾਖ਼ੂਬੀ ਨਿਭਾ ਰਹੇ ਹਨ।ਮੌਤ ਤੋਂ ਬਾਅਦ ਵਾਲਾ ਨਾਟਕ ਬਹੁਤ ਵਧੀਆ ਚੱਲ ਰਿਹਾ ਹੈ। ਹਰ ਕਲਾਕਾਰ ਨੂੰ ਆਪਣਾ ਰੋਲ ਵਧੀਆ ਢੰਗ ਨਾਲ ਨਿਭਾਉਣ ਦੀ ਚਿੰਤਾ ਹੈ ਤੇ ਉਹ ਇਹ ਕਰ ਵੀ ਰਿਹਾ ਹੈ।ਸਭ ਕੁਝ ਠੀਕ ਹੋ ਰਿਹਾ ਹੈ। ਉਹਨਾਂ ਕਲਾਕਾਰਾਂ ਦੇ ਕੁਝ ਸਹਿਯੋਗੀ ਕਲਾਕਾਰ ਵੀ ਉਹਨਾਂ ਦੀ ਮਦਦ ਲਈ ਆ ਪਹੁੰਚੇ ਹਨ ਤਾਂ ਜੋ ਨਾਟਕ ਦੀ ਪੇਸ਼ਕਾਰੀ ਵਿਚ ਕੋਈ ਕਮੀ ਨਾ ਰਹਿ ਜਾਵੇ। ਸਭ ਕੁਝ ਵਧੀਆ ਢੰਗ ਨਾਲ ਨਿਪਟ ਗਿਆ ਹੈ।ਅਜੇ ਵੀ ਬਹੁਤ ਸਾਰੇ ਪਰਬਤ ਆਪਣੀ ਪੀੜਾ,ਆਪਣਾ ਦਰਦ ਲੈਕੇ ਇਸ ਸੰਸਾਰ ਵਿਚ ਜੀਅ ਰਹੇ ਹਨ। ਕੁਝ ਤੁਹਾਡੇ ਤੇ ਕੁਝ ਮੇਰੇ ਆਸਪਾਸ ਜਰਾ ਧਿਆਨ ਕਰੋ।ਮਾਂ-ਬਾਪ ਜੀਵਨ ਦਾ ਉਹ ਅਣਮੋਲ ਸਰਮਾਇਆ ਹਨ ਜੋ ਜ਼ਿੰਦਗੀ ਵਿਚ ਸਿਰਫ਼ ਇੱਕ ਵਾਰ ਹੀ ਮਿਲਦੇ ਹਨ ਦੂਸਰੀ ਵਾਰ ਨਹੀਂ।

ਲੇਖਕ : ਰਾਜੇਸ਼ ਗੁਪਤਾ ਹੋਰ ਲਿਖਤ (ਇਸ ਸਾਇਟ 'ਤੇ): 3
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :400

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

  • ਸਹਿੰਦੇ ਨਾ ਉਹ ਗੱਲ ਨੇ ਕੋਰੀ-ਗ਼ਜ਼ਲ
    -ਹਰਦੀਪ ਸਿੰਘ
  • ਰੌਣਕੀ ਪਿੱਪਲ
    -ਕੁਲਵਿੰਦਰ ਕੌਰ ਮਹਿਕ
  • ਭਟਕਣ-ਮਿੰਨੀ  ਕਹਾਣੀ
    -ਵਰਿੰਦਰ ਕੌਰ 'ਰੰਧਾਵਾ'
  • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
    -ਬਿਕਰਮਜੀਤ ਸਿੰਘ ਜੀਤ
  • ਕਿੱਦਾਂ ਕੱਢ ਲੈਨੀ ਏਂ
    -ਡਾ. ਅਮਰਜੀਤ ਟਾਂਡਾ
  • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
    -ਰਵੇਲ ਸਿੰਘ ਇਟਲੀ
  • ਵਿਸ਼ਵ ਪੰਜਾਬੀ ਕਾਨਫ਼ਰੰਸ 2017