ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਇਕ ਇਕ, ਦੋ ਗਿਆਰਾਂ

ਮਨੁੱਖ ਇਕ ਸਮਾਜਕ ਪ੍ਰਾਣੀ ਹੈ। ਉਹ ਇਕੱਲਾ ਨਹੀਂ ਰਹਿ ਸੱਕਦਾ। ਉਸ ਨੂੰ ਕਦਮ ਕਦਮ ’ਤੇ ਦੂਸਰੇ  ਦੇ ਸਾਥ ਅਤੇ ਸਹਾਰੇ ਦੀ ਜ਼ਰੂਰਤ ਹੁੰਦੀ ਹੈ। ਆਪਣਾ ਦੁੱਖ ਸੁੱਖ ਸਾਂਝਾ ਕਰਨ ਲਈ ਵੀ ਉਸ ਨੂੰ ਦੂਸਰੇ ਬੰਦੇ ਦੀ ਜ਼ਰੂਰਤ ਹੁੰਦੀ ਹੈ। ਉਹ ਨਾ ਤਾਂ ਆਪਣਾ ਦੁੱਖ ਪ੍ਰਗਟ ਕਰਨ ਲਈ ਆਪਣੇ ਗਲੇ ਲੱਗ ਕੇ ਰੋ ਸੱਕਦਾ ਹੈ ਅਤੇ ਨਾ ਹੀ ਇਕੱਲੇ ਤੋਰ ਤੇ ਆਪਣੀ ਖ਼ੁਸ਼ੀ ਦਾ ਆਨੰਦ ਲੈ ਸੱਕਦਾ ਹੈ। ਇਕੱਲੇ ਬੰਦੇ ਦੀ ਖ਼ੁਸ਼ੀ ਕੋਈ ਖ਼ੁਸ਼ੀ ਨਹੀਂ ਹੁੰਦੀ। ਇਕੱਲੇ ਬੰਦੇ ਦਾ ਹਾਸਾ ਕੋਈ ਮਾਇਨੇ ਨਹੀਂ ਰੱਖਦਾ। ਜੇ ਸਾਰੇ ਬੰਦੇ ਮਿਲ ਕੇ ਹੱਸਣ ਤਾਂ ਧਰਤੀ ਗੂੰਜ ਉੱਠਦੀ ਹੈ। ਇਕ ਭੁਚਾਲ ਆ ਜਾਂਦਾ ਹੈ ਅਤੇ ਇਹ ਇਕ ਮਹਾਨ ਸ਼ਕਤੀ ਬਣਦੀ ਹੈ। ਇਸ ਸ਼ਕਤੀ ਅੱਗੇ ਵੱਡੇ ਵੱਡੇ ਸਾਮਰਾਜ ਨੂੰ ਵੀ ਝੁਕਣਾ ਪੈਂਦਾ ਹੈ। ਇਕੱਲੇ ਬੰਦੇ ਦੀ ਤਰਸਯੋਗ ਹਾਲਾਤ ਨੂੰ ਦੇਖ ਕੇ ਹੀ ਕਿਸੇ ਨੇ ਠੀਕ ਕਿਹਾ ਹੈ ਕਿ ਇਕੱਲਾ ਤਾਂ ਰੁੱਖ ਵੀ ਨਾ ਹੋਵੇ।
ਮਨੁੱਖ ਹਾਲੀ ਇਤਨਾ ਮਹਾਨ ਨਹੀਂ ਹੋਇਆ ਕਿ ਉਹ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਜ਼ਰੂਰਤਾਂ ਆਪਣਾ ਇਕੱਲੇ ਤੋਰ ’ਤੇ ਪੂਰੀਆਂ ਕਰ ਲਏ ਅਤੇ ਉਸ ਨੂੰ ਸਾਰੀ ਉਮਰ ਕਿਸੇ ਦੂਸਰੇ ਦੀ ਜ਼ਰੂਰਤ ਹੀ ਨਾ ਪਏ।। ਜਿਹੜੇ ਲੋਕ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਨਹੀਂ ਕਰ ਸੱਕਦੇ ਉਹ ਦੁਨੀਆਂ-ਦਾਰੀ ਨੂੰ ਭੰਡਦੇ ਹਨ ਅਤੇ ਘਰ ਘਾਟ ਛੱਡ ਕੇ ਸਨਿਆਸੀ ਬਣ ਜਾਂਦੇ ਹਨ। ਉਹ ਦਿਖਾਵੇ ਲਈ ਜੰਗਲਾਂ ਵਿਚ ਜਾ ਕੇ ਡੇਰਾ ਲਾ ਲੈਂਦੇ ਹਨ ਪਰ ਉਨ੍ਹਾਂ ਨੂੰ ਵੀ ਆਪਣੀ ਰੋਟੀ ਕੱਪੜੇ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਇਕ ਦਿਨ ਗ੍ਰਿਹਸਥੀ ਬਦਿਆਂ ਦੇ ਦਰ ’ਤੇ ਆਉਣਾ ਹੀ ਪੈਂਦਾ ਹੈ ਅਤੇ ਭੀਖ ਮੰਗਣੀ ਪੈਂਦੀ ਹੈ। ਕਿੰਨੀ ਜਲਾਲਤ ਹੈ ਭੀਖ ਮੰਗਣ ਵਿਚ? ਇਸ ਗੱਲ ਦਾ ਅਹਿਸਾਸ ਉਨ੍ਹਾਂ ਨੂੰ ਵੀ ਹੁੰਦਾ ਹੋਵੇਗਾ? ਇਨ੍ਹਾਂ ਵਿਚੋਂ ਕੁਝ ਸ਼ਾਤਰ ਲੋਕ ਆਪਣਾ ਅਲੱਗ ਡੇਰਾ ਬਣਾ ਕੇ ਬੈਠ ਜਾਂਦੇ ਹਨ। ਉਹ ਝੂਠੇ ਪ੍ਰਚਾਰ ਅਤੇ ਪਖੰਡ ਕਾਰਨ ਭੋਲੇ ਭਾਲੇ ਅਤੇ ਅੰਧ-ਵਿਸ਼ਵਾਸ਼ੀ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਆਪਣੇ ਡੇਰੇ ਨੂੰ ਚਲਾ ਲੈਂਦੇ ਹਨ। ਇਨ੍ਹਾਂ ਦੀ ਰੋਟੀ ਕੱਪੜੇ ਦੀ ਜ਼ਰੂਰਤ ਇਨ੍ਹਾਂ ਸ਼ਰਧਾਲੂਆਂ ਦੇ ਸਿਰ ਤੇ ਚੱਲਣ ਲੱਗ ਪੈਂਦੀ ਹੈ। ਇਹ ਡੇਰੇ ਵੀ ਤਾਂ ਹੀ ਚੱਲਦੇ ਹਨ ਜਦ ਗ੍ਰਿਹਸਥੀ ਲੋਕ ਇਨ੍ਹਾਂ ਦੇ ਜਾਲ ਵਿਚ ਫਸ ਕੇ ਇਨ੍ਹਾਂ ਨਾਲ ਆ ਜੁੜਦੇ ਹਨ। ਜਦ ਅਜਿਹੇ ਬਾਬਿਆਂ ਦੇ ਪੋਲ ਖੁਲ੍ਹਦੇ ਹਨ ਤਾਂ ਪਤਾ ਲੱਗਦਾ ਹੈ ਕਿ ਇਨ੍ਹਾਂ ਡੇਰਿਆਂ ਅੰਦਰ ਕਿਨ੍ਹੇ ਵਿਭਚਾਰ ਅਤੇ ਗੈਰਕਾਨੂਨੀ ਧੰਦੇ ਚੱਲਦੇ ਹਨ। ਇਸ ਤੋਂ ਚੰਗਾ ਤਾਂ ਇਹ ਹੀ ਹੈ ਕਿ ਗ੍ਰਿਹਸਥੀ ਬਣੇ ਰਹੋ । ਜ਼ਿੰਦਗੀ ਦੀਆਂ ਧੁੱਪਾਂ ਛਾਵਾਂ ਨੂੰ ਬਰਦਾਸ਼ਤ ਕਰੋ ਅਤੇ ਕਿਸੇ ਦੇ ਮੁਥਾਜ ਨਾ ਹੋਵੋ।ਉੱਦਮੀ, ਸੁੱਖਮਈ ਅਤੇ ਸ਼ਾਂਤੀ ਭਰਪੂਰ ਜ਼ਿੰਦਗੀ ਜਿਉਣ ਲਈ ਮਨੁੱਖ ਨੂੰ ਸਾਰੀ ਉਮਰ ਕਿਸੇ ਸਹਾਰੇ ਦੀ ਲੋੜ ਪੈਂਦੀ ਹੈ। ਜਦ ਸਾਡੇ ਔਖੇ ਸਮੇਂ ਕੋਈ ਦੂਸਰਾ ਮਨੁੱਖ ਸਾਡੀ ਮਦਦ ਕਰਦਾ ਹੈ ਤਾਂ ਸਾਨੂੰ ਸਹਾਰਾ ਮਿਲਦਾ ਹੈ। ਸਾਨੂੰ ਇਕ ਸ਼ਕਤੀ ਮਿਲਦੀ ਹੈ ਜੋ ਸਾਡੇ ਮਨੋਬੱਲ ਨੂੰ ਮਜ਼ਬੂਤ ਕਰਦੀ ਹੈ ਅਤੇ ਸਾਨੂੰ ਫਿਰ ਤੋਂ ਆਪਣੇ ਪੈਰਾਂ ’ਤੇ ਖੜ੍ਹੇ ਹੋਣ ਵਿਚ ਸਹਾਈ ਹੁੰਦੀ ਹੈ। ਫਿਰ ਅਸੀਂ ਅਸੰਭਵ ਕੰਮ ਨੂੰ ਵੀ ਕਰ ਦਿਖਾਉਂਦੇ ਹਾਂ।
ਕਹਿੰਦੇ ਹਨ ਕਿ ਇਕ ਇਕ, ਦੋ ਗਿਆਰਾਂ ਹੁੰਦੇ ਹਨ ਭਾਵ ਇਕ ਬੰਦੇ ਦੀ ਤਾਕਤ ਇਕੱਲੇ ਦੀ ਹੀ ਹੁੰਦੀ ਹੈ ਪਰ ਜੇ ਉਸ ਨਾਲ ਇਕ ਹੋਰ ਮਿਲ ਜਾਏ ਤਾਂ ਦੋਹਾਂ ਬਦਿਆਂ ਦਾ ਗਿਆਰਾਂ ਬਦਿਆਂ ਜਿਨੀ ਤਾਕਤ ਬਣ ਜਾਂਦੀ ਹੈ। ਦੋਹਾਂ ਦਾ  ਮਨੋਬਲ ਵਧ ਜਾਂਦਾ ਹੈ ਭਾਵ ਉਨ੍ਹਾਂ ਦੀ ਸ਼ਕਤੀ ਵਧ ਜਾਂਦੀ ਹੈ। ਜਿਵੇਂ ਕਿਧਰੇ ਇਕ (1) ਲਿਖਿਆ ਹੋਵੇ ਤਾਂ ਉਹ ਆਪਣੇ ਤੋਰ ਤੇ ਗਿਣਤੀ ਦਾ ਪਹਿਲਾ ਅੱਖਰ ਭਾਵ ਏਕਾ ਹੀ ਬਣਦਾ ਹੈ ਪਰ ਜੇ ਉਸ ਏਕੇ ਦੇ ਨਾਲ ਇਕ ਏਕਾ ਹੋਰ ਲਾ ਦਈਏ ਤਾਂ ਉਹ ਗਿਆਰਾਂ (11) ਬਣ ਜਾਂਦਾ ਹੈ। ਠੀਕ ਇਸੇ ਤਰ੍ਹਾਂ ਮਨੁੱਖੀ ਸ਼ਕਤੀ ਦਾ ਵੀ ਹਿਸਾਬ ਹੈ। ਜੇ ਬੰਦਾ ਇਕੱਲਾ ਹੋਵੇਗਾ ਤਾਂ ਉਹ ਇਕੱਲਾ ਹੀ ਰਹੇਗਾ ਅਤੇ ਅਣਗੋਲਿਆ ਹੀ ਰਹਿ ਜਾਵੇਗਾ। ਜੇ ਉਸ ਨਾਲ ਇਕ ਬੰਦਾ ਹੋਰ ਰਲ ਜਾਵੇ ਤਾਂ ਦੇਖਣ ਵਾਲਿਆਂ ਨੂੰ ਇਕ ਸ਼ਕਤੀ (ਗਿਆਰ ਬਦਿਆਂ ਦੀ) ਨਜ਼ਰ ਆਵੇਗੀ। ਪਰ ਜੇ ਇਕ ਬੰਦਾ ਹੋਰ ਰਲ ਜਾਵੇ ਤਾਂ ਤਿੰਨ ਏਕੇ ਭਾਵ 111 ਦੀ ਸਖਿਆ ਬਣ ਜਾਵੇਗੀ ਅਤੇ ਇਕ ਕਾਫ਼ਲਾ ਬਣ ਜਾਵੇਗਾ। ਜਿਸ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸੱਕੇਗਾ। ਉਨ੍ਹਾਂ ਦੀ ਆਵਾਜ਼ ਦੀ ਸੁਣਵਾਈ ਹੋਵੇਗੀ। ਸ਼ਕਤੀ ਦੇ ਇਸ ਥੋੜ੍ਹੇ ਥੋੜ੍ਹੇ ਮਿਲਨ ਨੂੰ ਹੀ ਕਹਿੰਦੇ ਹਨ ਕਿ ਬੂੰਦ ਬੂੰਦ ਕਰਕੇ ਹੀ ਘੜਾ ਭਰਦਾ ਹੈ। 
ਯਾਦ ਰੱਖੋ ਕਿ ਮਨੁੱਖ ਉਦੋਂ ਤੱਕ ਹੀ ਸਲਾਮਤ ਹੈ ਜਦੋਂ ਤੱਕ ਉਹ ਸਮਾਜ ਨਾਲ ਜੁੜਿਆ ਹੋਇਆ ਹੈ। ਪੋਧੇ ਨਾਲੋਂ ਟੁੱਟ ਕੇ ਪੱਤਾ ਰੁਲ ਜਾਂਦਾ ਹੈ ਅਤੇ ਖਤਮ ਹੋ ਜਾਂਦਾ ਹੈ। ਬੇਸ਼ੱਕ ਸਮਾਜ ਤੋਂ ਅਲੱਗ ਹੋ ਕੇ ਮਨੁੱਖ ਨੂੰ ਕੁਝ ਨਿੱਜੀ ਆਜ਼ਾਦੀ ਮਿਲ ਜਾਂਦੀ ਹੈ ਅਤੇ ਉਹ ਕੁਝ ਜ਼ਿੰਮੇਵਾਰੀਆਂ ਤੋਂ ਵੀ ਬਚ ਜਾਂਦਾ ਹੈ ਪਰ ਉਸ ਵਿਚੋਂ ਮਨੁੱਖਤਾ ਮਰ ਜਾਂਦੀ ਹੈ। ਫਿਰ ਉਸ ਦੀ ਹਸਤੀ ਇਕ ਜਾਨਵਰ ਤੋਂ ਜ਼ਿਆਦਾ ਕੁਝ ਵੀ ਨਹੀਂ ਰਹਿੰਦੀ। ਪਿਆਰ ਅਤੇ ਸਹਿਯੋਗ ਦੀ ਸ਼ਕਤੀ ਨਾਲ ਹੀ ਮਨੁੱਖ ਸਦਾ ਚੜ੍ਹਦੀਕਲਾ ਵਿਚ ਰਹਿੰਦਾ ਹੈ ਅਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂਹੰਦਾ ਹੈ। ਇਹ ਸਹਿਯੋਗ ਇਕ ਮਨੁੱਖ ਨੂੰ ਤਾਂ ਹੀ ਮਿਲਦਾ ਹੈ ਜੇ ਆਪਸ ਵਿਚ ਵਿਸ਼ਵਾਸ਼ ਅਤੇ ਕੁਰਬਾਨੀ ਦੀ ਭਾਵਨਾ ਹੋਵੇ। ਮਨੁੱਖ ਨੂੰ ਸਭ ਤੋਂ ਵੱਧ ਲੋੜ ਇਸ ਗੱਲ ਦੀ ਹੈ ਕਿ ਉਸ ਨੂੰ ਮਹਿਸੂਸ ਹੋਵੇ ਕਿ ਉਹ ਮਹੱਤਵਪੂਰਨ ਹੈ। ਉਸ ਨੂੰ ਪਿਆਰ ਕੀਤਾ ਜਾ ਰਿਹਾ ਹੈ। ਉਸ ਨੂੰ ਅਣਗੋਲਿਆ ਨਹੀਂ ਜਾ ਰਿਹਾ। ਉਸ ਦੀ ਜ਼ਿੰਦਗੀ ਫ਼ਾਲਤੂ ਬਣ ਕਿ ਤਾਂ ਨਹੀਂ ਰਹਿ ਗਈ। ਨਹੀਂ ਤੇ ਉਹ ਆਪਣੇ ਆਪ ਵਿਚ ਇਕੱਲਾ ਹੋ ਕੇ ਰਹਿ ਜਾਵੇਗਾ ਅਤੇ ਮਾਯੂਸੀ ਵਿਚ ਆ ਜਾਵੇਗਾ। ਉਸ ਨੂੰ ਲੱਗੇਗਾ ਕਿ ਉਸ ਨੂੰ ਪਿਆਰ ਕਰਨ ਵਾਲਾ ਕੋਈ ਨਹੀਂ। ਉਸ ਨੂੰ ਆਪਣੀ ਜ਼ਿੰਦਗੀ ਬੇਲੋੜੀ ਜਾਪਣ ਲੱਗ ਪਵੇਗੀ।। ਪਿਆਰ ਹਰ ਬਿਮਾਰੀ ਦਾ ਇਲਾਜ ਹੈ। ਜੇ ਡਾਕਟਰ ਬਿਮਾਰ ਬੰਦੇ ਦੀ ਗੱਲ ਧਿਆਨ ਨਾਲ ਸੁਣ ਵੀ ਲਏ ਤਾਂ ਮਰੀਜ਼ ਨੂੰ ਲੱਗਦਾ ਹੈ ਕਿ ਉਹ ਅੱਧਾ ਠੀਕ ਹੋ ਗਿਆ।
ਪਾਣੀ ਦੀ ਇਕ ਬੂੰਦ ਜੇ ਮਿੱਟੀ ਵਿਚ ਡਿੱਗ ਪਏ ਤਾਂ ਰੁਲ ਜਾਂਦੀ ਹੈ। ਉਸ ਦੀ ਹਸਤੀ ਖਤਮ ਹੋ ਜਾਂਦੀ ਹੈ ਪਰ ਜੇ ਉਹ ਹੀ ਪਾਣੀ ਦੀ ਬੂੰਦ ਸਮੁੰਦਰ ਵਿਚ ਡਿੱਗ ਪਏ ਤਾਂ ਉਹ ਵੀ ਸਮੁੰਦਰ ਹੀ ਬਣ ਜਾਂਦੀ ਹੈ। ਉਸ ਵਿਚ ਸਮੁੰਦਰ ਦੇ ਸਾਰੇ ਗੁਣ ਆ ਜਾਂਦੇ ਹਨ ਅਤੇ ਉਹ ਇਕ ਮਹਾਨ ਸ਼ਕਤੀ ਬਣਦੀ ਹੈ। ਇਹ ਹਨ ਏਕੇ ਦੇ ਗੁਣ। ਜੇ ਏਕਤਾ ਦੀ ਡੋਰ ਵਿਚ ਬੱਝੇ ਰਹੋਗੇ ਤਾਂ ਤਾਂ ਇਕੱਠੇ ਰਹੋਗੇ। ਤੁਹਾਨੂੰ ਕੋਈ ਤੋੜ ਨਹੀਂ ਸੱਕੇਗਾ। ਤੁਸੀਂ ਆਸ ਪਾਸ ਵੀ ਸੁਧਾਰ ਕਰੋਗੇ। ਜੇ ਤੁਹਾਡੀ ਏਕਤਾ ਟੁੱਟ ਗਈ ਤਾਂ ਝਾੜੂ ਦੇ ਤੀਲਿਆਂ ਦੀ ਤਰ੍ਹਾਂ ਬਿਖਰ ਜਾਵੋਗੇ ਅਤੇ ਆਸ ਪਾਸ ਵੀ ਗੰਦ ਹੀ ਪਾਵੋਗੇ। ਤੁਹਾਡੀ ਹਸਤੀ ਖਤਮ ਹੋ ਜਾਵੇਗੀ। ਇਸ ਲਈ ਆਪਸ ਵਿਚ ਏਕਤਾ ਰੱਖੋ। ਏਕੇ ਵਿਚ ਹੀ ਬਰਕਤ ਹੈ। ਏਕੇ ਵਿਚ ਹੀ ਸ਼ਕਤੀ ਹੈ। ਹੱਥ ਦੀਆਂ ਪੰਜੇ ਉਂਗਲਾਂ ਵੈਸੇ ਤਾਂ ਅਲੱਗ ਅਲੱਗ ਹੁੰਦੀਆਂ ਹਨ ਪਰ ਜਦ ਉਹ ਮਿਲ ਜਾਣ ਤਾਂ ਘਸੁੰਨ ਬਣ ਜਾਂਦਾ ਹੈ ਜੋ ਸਾਹਮਣੇ ਵਾਲੇ ਦਾ ਬੁਰਾ ਹਾਲ ਕਰ ਦਿੰਦਾ ਹੈ।ਕਿਉਂਕਿ ਉਨ੍ਹਾਂ ਦੇ ਏਕੇ ਵਿਚ ਤਾਕਤ ਆ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਸਾਰੇ ਭਾਰਤਵਾਸੀ ਅਲੱਗ ਅਲੱਗ ਸੁਬਿਆਂ ਅਤੇ ਅਲੱਗ ਅਲੱਗ ਧਰਮਾ ਦੇ ਦਿਸਦੇ ਹਾਂ ਪਰ ਜਦ ਕੋਈ ਸਾਡੇ ਦੇਸ਼ ’ਤੇ ਹਮਲਾ ਕਰਦਾ ਹੈ ਤਾਂ ਅਸੀਂ ਸਾਰੇ ਇਕ ਹੋ ਜਾਂਦੇ ਹਾਂ ਅਤੇ ਇਕ ਵੱਡੀ ਤਾਕਤ ਬਣਦੇ ਹਾਂ ਅਤੇ ਮਿਲ ਕੇ ਦੁਸ਼ਮਣ ਨੂੰ ਪਛਾੜ ਦਿੰਦੇ ਹਾਂ। ਇਸੇ ਤਰ੍ਹਾਂ ਦੇਸ਼ ਦੇ ਕਿਸੇ ਹਿੱਸੇ ਵਿਚ ਜੇ ਕੋਈ ਕੁਦਰਤੀ ਆਫ਼ਤ ਭੁਚਾਲ ਸੁਨਾਮੀ ਜਾਂ ਤੁਫ਼ਾਨ ਆਦਿ ਆਉਂਦਾ ਹੈ ਤਾਂ ਅਸੀਂ ਸਾਰੇ ਲੋਕ ਇਕ ਹੋ ਜਾਂਦੇ ਹਾਂ ਅਤੇ ਉਨ੍ਹਾਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਤਿਆਰ ਹੋ ਜਾਂਦੇ ਹਾਂ। ਉਨ੍ਹਾਂ ਲਈ ਭੋਜਨ, ਕੱਪੜੇ, ਰਿਹਾਇਸ਼ ਅਤੇ ਦਵਾ ਦਾਰੂ ਦਾ ਪ੍ਰਬੰਧ ਕਰਦੇ ਹਾਂ। ਸਾਡੇ ਸਭ ਦੇ ਦੋ ਦੋ ਹੱਥ ਮਿਲ ਕੇ ਮਹਾਂ ਸ਼ਕਤੀ ਬਣਦੇ ਹਨ ਅਤੇ ਲੋੜਵੰਦਾਂ ਲਈ ਸਹਾਰਾ ਬਣਦੇ ਹਾਂ ਉਨ੍ਹਾਂ ਦੇ ਜ਼ਖ਼ਮਾਂ ਨੂੰ ਭਰਨ ਲਈ ਮਲ੍ਹਮ ਬਣਦੇ ਹਾਂ।
ਯਾਦ ਰੱਖੋ ਕਿ ਏਕੇ ਦਾ ਤਾਂ ਹੀ ਫਾਇਦਾ ਹੈ ਜੇ ਅਸੀਂ ਸਾਰੇ ਮਿਲ ਕੇ ਅਨੁਸਾਸ਼ਨ ਵਿਚ ਇਕ ਦਿਸ਼ਾ ਵਲ ਕੰਮ ਕਈਏ। ਜਿਵੇਂ ਫੌਜ ਅਨੁਸ਼ਾਸਨ ਵਿਚ ਰਹਿ ਕੇ ਦੁਸ਼ਮਣ ਦਾ ਮੁਕਾਬਲਾ ਕਰਦੀ ਹੈ ਅਤੇ ਫਤਿਹ ਹਾਸਿਲ ਕਰਦੀ ਹੈ। ਨਹੀਂ ਤੇ ਜ਼ਿਆਦਾ ਇਕੱਠ ਨਾਲ ਤਾਂ ਭੀੜ ਹੀ ਬਣਦੀ ਹੈ। ਭੀੜ ਆਪਣੀ ਅਲੱਗ ਅਲੱਗ ਦਿਸ਼ਾ ਵਿਚ ਕੰਮ ਕਰਦੀ ਹੇ ਅਤੇ ਕੋਈ ਉਸਾਰੂ ਕੰਮ ਨਹੀਂ ਹੋ ਸੱਕਦਾ। ਜੇ ਇਕ ਗੱਡੀ ਨੂੰ ਚਾਰ ਅਲੱਗ ਅਲੱਗ ਦਿਸ਼ਾਵਾਂ ਵੱਲ ਖਿੱਚਿਆ ਜਾਏ ਤਾਂ ਉਹ ਕਿਸੇ ਪਾਸੇ ਵੀ ਨਹੀਂ ਵਧੇਗੀ। ਸਗੋਂ ਟੁੱਟ ਜਾਵੇਗੀ। ਭੀੜ ਦਾ ਕੋਈ ਚਿਹਰਾ ਵੀ ਨਹੀਂ ਹੁੰਦਾ। ਭੀੜ ਦੇ ਕੰਮ ਨੁਕਸਾਨ ਵਾਲੇ ਹੀ ਹੁੰਦੇ ਹਨ। ਅੱਗਾਂ ਲਗਦੀਆਂ ਹਨ, ਤੋੜ ਫੋੜ ਅਤੇ ਵੱਡਾ ਟੁੱਕੀ ਹੁੰਦੀ ਹੈ। ਜਾਇਦਾਦ ਅਤੇ ਜਾਨ ਮਾਲ ਦਾ ਨੁਕਸਾਨ ਹੁੰਦਾ ਹੈ। ਆਪਸੀ ਭਾਈਚਾਰਾ ਖਤਮ ਹੁੰਦਾ ਹੈ। ਹਰ ਪਾਸੇ ਸ਼ੱਕ, ਨਫ਼ਰਤ ਅਤੇ ਬਦਲੇ ਦੀ ਭਾਵਨਾ ਪੈਦਾ ਹੁੰਦੀ ਹੈ। ਜੇ ਕੁਦਰਤ ਦੀ ਕਰੋਪੀ ਵੀ ਆ ਜਾਏ ਤਾਂ ਵੀ ਪ੍ਰਭਾਵਿਤ ਲੋਕਾਂ ਦੀ ਮਦਦ ਤਾਂ ਹੀ ਹੋ ਸੱਕਦੀ ਹੈ ਜੇ ਕਿਸੇ ਸਿਸਟਮ ਵਿਚ ਚੱਲਿਆ ਜਾਏ। ਨਹੀਂ ਤੇ ਬੇਸ਼ੱਕ ਮਨੁੱਖੀ ਹਮਦਰਦੀ ਕਾਰਨ ਹਰ ਕੋਈ ਦੁਖੀਆਂ ਦੀ ਮਦਦ ਲਈ ਤਿਆਰ ਹੋ ਜਾਏ ਪਰ ਪ੍ਰਭਾਵਿਤ ਥਾਂ ’ਤੇ ਭੀੜ ਹੋਣ ਕਾਰਨ ਰਸਤੇ ਰੁਕ ਜਾਣਗੇ ਦੁਖੀ ਬਦਿਆਂ ਤੱਕ ਪਹੁੰਚਣਾ ਮੁਸ਼ਕਿਲ ਹੋ ਜਾਵੇਗਾ। ਇਸ ਤਰ੍ਹਾਂ ਕਈਆਂ ਕੋਲ ਜ਼ਰੂਰਤ ਤੋਂ ਜਿਆਦਾ ਸਾਮਾਨ ਭਾਵ ਰਾਸ਼ਨ, ਕੱਪੜੇ ਅਤੇ ਦਵਾਈਆਂ ਅਦਿ ਪਹੁੰਚ ਜਾਣਗੀਆਂ ਅਤੇ ਬੇਕਾਰ ਜਾਣਗੀਆਂ। ਧਨ ਅਤੇ ਮਾਨਵ ਸ਼ੱਕਤੀ ਦਾ ਨੁਕਸਾਨ ਹੋਵੇਗਾ। ਦੂਜੇ ਪਾਸੇ ਜਿਨ੍ਹਾਂ ਲੋਕਾਂ ਕੋਲ ਰਸਤੇ ਰੁਕੇ ਹੋਣ ਕਾਰਨ ਰਾਹਤ ਸਮਗਰੀ ਨਹੀਂ ਪਹੁੰਚ ਸੱਕੇਗੀ ਉਹ ਮਦਦ ਤੋਂ ਬਿਨਾ ਆਪਣੇ ਦੁੱਖ ਵਿਚ ਤੜਫਦੇ ਰਹਿਣਗੇ। ਉਨ੍ਹਾਂ ਦੀ ਮਦਦ ਤਾਂ ਹੀ ਹੋ ਸੱਕੇਗੀ ਜੇ ਅਸੀਂ ਕਿਸੇ ਅਨੁਸਾਸ਼ਨ ਵਿਚ ਚੱਲਾਂਗੇ।
ਕਦੀ ਇਹ ਨਾ ਸੋਚੋ ਕਿ ਜੇ ਤੁਸੀਂ ਕਿਸੇ ਦੀ ਮਦਦ ਲੈ ਰਹੇ ਹੋ ਤਾਂ ਤੁਸੀ ਉਸ ਸਿਰ ਕੋਈ ਅਹਿਸਾਨ ਕਰ ਰਹੇ ਹੋ। ਤੁਸੀਂ ਕਿਧਰੇ ਇਹ ਨਾ ਸਮਝ ਬੈਠੋ ਕਿ ਤੁਸੀਂ ਬਹੁਤ ਵੱਡੇ ਹੋ ਅਤੇ ਦੂਜਾ ਤੁਹਾਡੇ ਤੋਂ ਕਿਧਰੇ ਬਹੁਤ ਛੋਟਾ ਹੈ। ਉਸ ਨੂੰ ਆਪ ਤੁਹਾਡੀ ਮਦਦ ਕਰਨੀ ਚਾਹੀਦੀ ਹੈ। ਜੇ ਤੁਸੀਂ ਆਪਣੀ ਆਕੜ ਵਿਚ ਰਹੋਗੇ ਅਤੇ ਅਜਿਹਾ ਸੋਚੋਗੇ ਤਾਂ ਆਪਣਾ ਹੀ ਨੁਕਸਾਨ ਕਰੋਗੇ। ਹੋ ਸੱਕਦਾ ਹੈ ਕਿ ਦੂਸਰੇ ਨੂੰ ਪਤਾ ਹੀ ਨਾ ਚੱਲੇ ਕਿ ਤੁਹਾਨੂੰ ਮਦਦ ਦੀ ਲੋੜ ਹੈ। ਜਦ ਤੁਹਾਨੂੰ ਮਦਦ ਦੀ ਜ਼ਰੂਰਤ ਹੋਵੇ ਅਤੇ ਤੁਹਾਡਾ ਕੋਈ ਦੋਸਤ ਮਿਤੱਰ, ਹਮਦਰਦ ਜਾਂ ਰਿਸ਼ਤੇਦਾਰ ਤੁਹਾਡੀ ਮਦਦ ਕਰ ਸੱਕਦਾ ਹੋਵੇ ਅਤੇ ਉਸ ਨਾਲ ਤੁਹਾਡੇ ਸਬੰਧ ਵੀ ਚੰਗੇ ਹੋਣ ਤਾਂ ਬੇਸ਼ੱਕ ਤੁਸੀਂ ਉਸ ਨੂੰ ਦਸ ਦਿਓ ਕਿ ਤੁਹਾਨੂੰ ਉਸ ਦੀ ਮਦਦ ਦੀ ਜ਼ਰੂਰਤ ਹੈ। ਇਸ ਨਾਲ ਤੁਹਾਡੀ ਕੋਈ ਹੇਠੀ ਨਹੀਂ ਹੋ ਜਾਂਦੀ। ਤੁਹਾਡੀ ਮਦਦ ਲਈ ਕੋਈ ਹੱਥ ਤਾਂ ਹੀ ਅੱਗੇ ਆਵੇਗਾ ਜੇ ਪਹਿਲਾਂ ਤੁਹਾਨੂੰ ਉਸ ਤੇ ਭਰੋਸਾ ਹੋਵੇਗਾ ਤੁਸੀਂ ਉਸ ਵਲ ਆਪਣਾ ਹੱਥ ਅੱਗੇ ਵਧਾਵੋਗੇ।ਤੁਸੀਂ ਹਰ ਸਮੇਂ ਕਿਸੇ ਦੇ ਤਰਸ ਦੇ ਪਾਤਰ ਹੀ ਨਾ ਬਣੋ। ਸਗੋਂ ਜੋ ਕੁਝ ਤੁਹਾਡੇ ਕੋਲ ਹੈ ਉਹ ਗਰੀਬਾਂ ਅਤੇ ਲੋੜਵੰਦਾਂ ਵਿਚ ਵੰਡੋ। ਹਰ ਸਮੇਂ ਦੂਸਰੇ ਦਾ ਸਹਾਰਾ ਨਾ ਉਡੀਕੋ ਸਗੋਂ ਆਪਣੇ ਆਪ ਵਿਚ ਆਤਮ ਵਿਸ਼ਵਾਸ਼ ਪੈਦਾ ਕਰੋ ਅਤੇ ਦੂਸਰੇ ਦਾ ਸਹਾਰਾ ਬਣੋ। ਇਸ ਵਿਚ ਹੀ ਤੁਹਾਡੀ ਵਡਿਆਈ ਹੈ।
ਇਹ ਵੀ ਯਾਦ ਰੱਖੋ ਕਿ ਤੁਸੀਂ ਭੀੜ ਦਾ ਹਿੱਸਾ ਨਹੀਂ ਬਣਨਾ। ਭੀੜ ਵਿਚ ਰਹਿ ਕੇ ਬੰਦੇ ਦੀ ਆਪਣੀ ਹਸਤੀ ਗੁਆਚ ਜਾਂਦੀ ਹੈ ਕਿਉਂਕਿ ਭੀੜ ਦਾ ਕੋਈ ਚਿਹਰਾ ਨਹੀਂ ਹੁੰਦਾ। ਜੇ ਤੁਸੀਂ ਭੀੜ ਦੇ ਮਗਰ ਲੱਗੋਗੇ ਤਾਂ ਕੇਵਲ ਉਤਨਾ ਹੀ ਰਸਤਾ ਤਹਿ ਕਰ ਪਾਵੋਗੇ ਜਿਤਨਾ ਦੂਜੇ ਲੋਕ ਤਹਿ ਕਰਨਗੇ। ਜੇ ਤੁਸੀਂ ਆਪਣੀ ਹਸਤੀ ਅਲੱਗ ਰੱਖੋਗੇ ਤਾਂ ਆਪਣੀ ਮਰਜੀ ਦਾ ਫਾਸਲਾ ਤਹਿ ਕਰ ਪਾਵੋਗੇ।ਤੁਸੀਂ ਦਿਸ਼ਾਹੀਨ ਨਹੀਂ ਹੋਣਾ ਸਗੋਂ ਆਪਣੇ ਰਸਤੇ ਆਪ ਲੱਭਣੇ ਹਨ ਅਤੇ ਬਾਕੀਆਂ ਦੀ ਅਗੁਵਾਈ ਕਰਨੀ ਹੈ। ਉਨ੍ਹਾਂ ਨੂੰ ਅਨੁਸ਼ਾਸਨ ਵਿਚ ਰੱਖਣਾ ਹੈ ਅਤੇ ਇਕ ਨਵੀਂ ਸੇਧ ਦੇਣੀ ਹੈ। ਇਸ ਤਰ੍ਹਾਂ ਹੀ ਤੁਹਾਡੀ ਵੱਖਰੀ ਪਹਿਚਾਣ ਬਣੇਗੀ ਅਤੇ ਤੁਸੀਂ ਆਮ ਤੋਂ ਖਾਸ ਵਿਅਕਤੀ ਬਣੋਗੇ। ਕਿਸੇ ਦੀ ਮਦਦ ਕਰਨ ਲਈ ਅਮੀਰ ਹੋਣ ਦੀ ਜ਼ਰੂਰਤ ਨਹੀਂ ਬਸ ਸਿਰਫ ਮਦਦ ਦਾ ਇਰਾਦਾ ਹੋਣਾ ਚਾਹੀਦਾ ਹੈ।ਫਿਰ ਤੁਸੀਂ ਕਿਸੇ ਕੋਲੋਂ ਘੱਟ ਤਾਂ ਨਹੀਂ। ਹਮੇਸ਼ਾਂ ਮਨੁੱਖਵਾਦੀ ਦ੍ਰਿਸ਼ਟੀਕੋਣ ਰੱਖੋ। ਇਸ ਤਰ੍ਹਾਂ ਹੀ ਤੁਸੀਂ ਕਿਸੇ ਦੇ ਕੰਮ ਆ ਸੱਕੋਗੇ ਅਤੇ ਇਕ ਚੰਗੇ ਇਨਸਾਨ ਬਣੋਗੇ।

ਲੇਖਕ : ਗੁਰਸ਼ਰਨ ਸਿੰਘ ਕੁਮਾਰ ਹੋਰ ਲਿਖਤ (ਇਸ ਸਾਇਟ 'ਤੇ): 18
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :456
ਲੇਖਕ ਬਾਰੇ
ਪ੍ਰਿੰਸੀਪਲ ਅਕਾਉਟੈਂਟ ਜਨਰਲ ਪੰਜਾਬ (ਆਡਿਟ) ਚੰਡੀਗੜ੍ਹ ਦੇ ਦਫ਼ਤਰ ਤੋਂ ਬਤੋਰ ਸੀਨੀਅਰ ਅਡਿਟ ਅਫ਼ਸਰ ਦੇ ਤੋਰ ਤੇ 35 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਰਿਟਾਇਰ ਹੋਏ। ਇਸ ਸਮੇਂ ਪਿਛਲੇ 8 ਸਾਲ ਤੋਂ ਕਲਗੀਧਰ ਟਰਸਟ, ਬੜੂ ਸਾਹਿਬ ‘ਚ ਬਤੋਰ ਅਡਵਾਈਜ਼ਰ ਦੇ ਤੋਰ ਤੇ ਫ੍ਰੀ ਸੇਵਾ ਨਿਭਾ ਰਿਹਾ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017