ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਦੇਸੋ, ਪਰਦੇਸੀਂ ਹੋਣਾ ਅੰਨ-ਜਲ ਦੇ ਸੌਦੇ ਹਨ

ਜੱਸੀ ਰਸੋਈ ਵਿੱਚ ਜਾਣ ਦੀ ਥਾਂ ਆਪਦੇ ਕਮਰੇ ਵਿਚ ਚਲੀ ਗਈ। ਉੱਥੇ ਜਾ ਕੇ, ਉਹ ਰੱਜ ਕੇ ਰੋਈ। ਉਹ ਸੋਚ ਰਹੀ ਸੀ। ਜੋਤ ਦੀ ਹਵਸ ਮਿਟਾਉਣ ਲਈ ਮੈਨੂੰ ਵਿਆਹ ਕੇ ਲੈ ਆਏ ਹੈ। ਜਾਣੇ ਅਣਜਾਣ ਵਿੱਚ ਦੋ ਬੱਚੇ ਹੋ ਗਏ। ਮੇਰੇ ਗਲ਼ ਬੱਚਿਆਂ, ਮਾਂ ਤੇ ਭਰਾ ਨੂੰ ਪਾ ਕੇ, ਆਪ ਅਮਰੀਕਾ ਤੇ ਕੈਨੇਡਾ ਵਿੱਚ ਡਰਾਈਵਰੀ ਕਰਦਾਂ ਹੈ। ਵਿਆਹੀ ਔਰਤ ਦੀ ਜ਼ੁੰਮੇਵਾਰੀ ਹੈ, ਪਤੀ ਦੀ ਹਵਸ ਮਿਟਾਏ, ਬੱਚੇ ਜੰਮ ਕੇ ਪਾਲੇ, ਸਹੁਰੇ ਪਰਿਵਾਰ ਦੀ ਸੇਵਾ ਕਰੇ। ਜ਼ਬਾਨ ਬੰਦ ਰੱਖੇ। ਸਬ ਤੋਂ ਗਾਲ਼ਾ ਖਾਣ ਨੂੰ ਹਰ ਸਮੇਂ ਤਿਆਰ ਰਹੇ। ਜੁੱਤੀਆਂ ਖਾਣ ਨੂੰ ਸਿਰ ਅੱਗੇ ਕਰ ਦੇਵੇ। ਉਹੀ ਬਹੂ ਤਾਂ ਸੁਸ਼ੀਲ ਮੰਨੀ ਜਾਂਦੀ ਹੈ। ਜੋ ਐਸਾ ਨਹੀਂ ਕਰਦੀ। ਉਸ ਬਾਰੇ ਕਿਹਾ ਜਾਂਦਾ ਹੈ, “ ਇਸ ਨੇ ਤਾਂ ਆ ਕੇ, ਮੁੰਡਾ ਵਿਗਾੜ ਦਿੱਤਾ ਹੈ। ਮੁੰਡਾ ਮਗਰ ਲਾਈ ਫਿਰਦੀ ਹੈ। ਘਰ ਖ਼ਰਾਬ ਕਰ ਦਿੱਤਾ। “ ਪਰ ਇਸ ਘਰ ਵਿੱਚ ਉਹ ਮੁੰਡਾ ਹੀ ਕਿਥੇ ਹੈ? ਜਿਸ ਕਰਕੇ ਮੈਂ ਇਸ ਘਰ ਵਿੱਚ ਆਈ ਹਾਂ। ਔਰਤ ਮਰਦ ਨਾਲ ਵੱਸਦੀ ਹੈ। 5 ਸਾਲਾਂ ਤੋਂ ਜੋਤ ਦੇ ਬੱਚੇ, ਮਾਂ ਤੇ ਉਸ ਦੇ ਨੂੰ ਭਰਾ ਸੰਭਾਲ ਰਹੀ ਹਾਂ। ਹੁਣ ਤਾਂ ਉਸ ਭਰਾ ਹੀ ਖ਼ਸਮ ਬਣ ਗਿਆ। ਜ਼ਮੀਨ ਤੇ ਜੋਰੂ ਜੈਸੇ ਵੀ ਹੋਣ, ਦਾ ਖ਼ਸਮ ਕੋਈ ਨਾ ਕੋਈ ਬਣ ਹੀ ਜਾਂਦਾ ਹੈ।
ਮਾਂ ਤੇ ਜੱਸੀ ਨੂੰ ਮੌਜ ਵੀ ਲੱਗੀ ਹੋਈ ਸੀ। ਇੱਕ ਬੰਦਾ ਘਰ ਸਾਂਝੀ ਖੇਤੀ ਤੇ ਔਰਤ ਵਾਹੀ ਜਾ ਰਿਹਾ ਸੀ। ਇੱਕ ਕੈਨੇਡਾ ਕਮਾਈ ਕਰਨ ਗਿਆ ਹੋਇਆ ਸੀ। ਉਹ ਕਿਵੇਂ ਨਾਂ ਕਿਵੇਂ ਡਾਲਰ ਇਕੱਠੇ ਕਰਕੇ ਭੇਜ ਰਿਹਾ ਸੀ। ਜਿੰਨੇ ਖ਼ਸਮ ਵੱਧ ਹੋਣਗੇ। ਸਬ ਕੁੱਝ ਉਨ੍ਹਾਂ ਵੱਧ ਹੋਵੇਗਾ। ਪੁਰਾਣੇ ਜ਼ਮਾਨੇ ਵਿੱਚ ਲੋਕ ਜ਼ਮੀਨ ਵੰਡੇ ਜਾਣ ਦੇ ਡਰੋਂ 4, 5 ਪੁੱਤਾਂ ਵਿੱਚੋਂ ਕਿਸੇ ਇੱਕ ਦਾ ਹੀ ਵਿਆਹ ਕਰਦੇ ਸਨ। ਬਾਕੀ ਸਬ ਉਸ ਦੀਆਂ ਪੱਕੀਆਂ ਰੋਟੀਆਂ ਖਾਂਦੇ ਸਨ। ਹੁਣ ਵੀ ਜਦੋਂ ਕਿਸੇ ਔਰਤ ਦਾ ਪਤੀ ਜਵਾਨੀ ਵਿੱਚ ਮਰ ਜਾਵੇ। ਜਾਇਦਾਦ ਦਾ ਵੱਟਾਦਰਾਂ ਨਾ ਹੋਵੇ, ਉਸ ਔਰਤ ਨੂੰ ਘਰ ਵਿੱਚ ਹੀ ਰੱਖਣ ਲਈ ਦੇਵਰ, ਜੇਠ ਦੇ ਘਰ ਵਸਾ ਦਿੰਦੇ ਹਨ। ਜਦੋਂ ਕੋਈ ਆਪਦੀ ਧੀ ਨੂੰ ਵਿਆਹ ਦਿੰਦਾ ਹੈ। ਜੇ ਜਮਾਈ ਘਰ ਵਿੱਚ ਨਹੀਂ ਹੈ। ਬਾਹਰ ਕਿਤੇ ਨੌਕਰੀ ਕਰਨ ਗਿਆ ਹੈ। ਸਿਆਣੇ ਮਾਪੇਂ ਆਪਦੀ ਧੀ ਨੂੰ ਸਹੁਰੇ ਘਰ ਨਹੀਂ ਛੱਡਦੇ। ਪਰ ਜਿੰਨਾ ਮਾਪਿਆਂ ਨੇ ਮਸਾਂ ਧੀ ਤੋਂ ਪਿੱਛਾ ਛਡਾਇਆ ਹੁੰਦਾ ਹੈ। ਉਨ੍ਹਾਂ ਨੇ ਕੀ ਲੈਣਾ ਹੈ? ਉਸ ਨਾਲ ਕੀ ਹੁੰਦੀ ਹੈ? ਉਨ੍ਹਾਂ ਵੱਲੋਂ ਉਹ ਵਸੇ, ਮਰੇ, ਚਾਹੇ ਅੱਗੇ ਕਿਸੇ ਨਾਲ ਨਿਕਲ ਜਾਵੇ। ਤਾਂਹੀ ਤਾਂ ਜੇ ਜਮਾਈ ਮਰ ਜਾਂਦਾ ਹੈ। ਉਸ ਦੇ ਛੋਟੇ ਜਾਂ ਵੱਡੇ ਭਰਾ ਨੂੰ ਸੰਗਲ਼ ਫੜਾ ਦਿੰਦੇ ਹਨ। ਦੁਧਾਰੂ ਪਸੂ ਵਾਂਗ, ਨੌਜਵਾਨ ਔਰਤ ਨੂੰ ਹਰ ਕੋਈ ਚਾਰਾ ਪਾਉਣ ਨੂੰ ਤਿਆਰ ਰਹਿੰਦਾ ਹੈ।
ਜੋਤ ਦਾ ਭਰਾ ਕਾਲਾ ਉਸ ਦੇ ਕਮਰੇ ਵਿੱਚ ਆ ਗਿਆ ਸੀ। ਉਸ ਦੀ ਦਾਰੂ ਪੀਤੀ ਹੋਈ ਸੀ। ਉਸ ਨੇ ਕਿਹਾ, “ ਘਰ ਹੋਰ ਕੋਈ ਦਿਸਦਾ ਨਹੀਂ ਹੈ। ਬੀਬੀ ਕਿਥੇ ਹੈ? ਤੂੰ ਸਾਜਰੇ ਹੀ ਰਜਾਈ ਵਿੱਚ ਵੜ ਕੇ ਪੈ ਗਈ। ਮੈਨੂੰ ਬਹੁਤ ਭੁੱਖ ਲੱਗੀ ਹੈ। ਕੀ ਖਾਣ ਨੂੰ ਰੋਟੀ ਮਿਲੇਗੀ? “ ਜੱਸੀ ਨੇ ਨੱਕ ਦਾ ਸੜਾਕਾ ਜਿਹਾ ਮਾਰਿਆ। ਬਈ ਉਸ ਨੂੰ ਪਤਾ ਲੱਗ ਜਾਏ। ਰੋ ਰਹੀ ਹਾਂ। ਉਸ ਨੇ ਫਿਰ ਕਿਹਾ, “ ਛੱਡ ਰੋਟੀ ਨੂੰ ਅੱਜ ਤੈਨੂੰ ਹੀ ਖਾਂਦਾ ਹਾਂ। “ ਜੱਸੀ ਨੇ ਉਸ ਦਾ ਹੱਥ ਪਰੇ ਝਟਕ ਦਿੱਤਾ। ਉਸ ਨੇ ਆਪ ਪਾਸਾ ਲੈ ਕੇ, ਦੂਜੇ ਪਾਸੇ ਮੂੰਹ ਕਰ ਲਿਆ। ਉਸ ਨੇ ਕਿਹਾ, “ ਗੱਲ ਮੰਨੀਦੀ ਵੀ ਹੈ। ਮੈਨੂੰ ਆਰਾਮ ਕਰ ਲੈਣ ਦੇ। “  ਕਾਲੇ ਦੀ ਮਰਦਾਨਗੀ ਨੂੰ ਝਟਕਾ ਲੱਗਾ। ਉਸ ਨੇ ਕਿਹਾ, “ ਤੇਰੀ ਇੰਨੀ ਹਿੰਮਤ ਹੋ ਗਈ ਹੈ। ਕੀ ਗੱਲ ਹੈ? ਹੱਥ ਨਹੀਂ ਲਗਾਉਣ ਦਿੰਦੀ। ਅੱਗੇ ਤਾਂ ਕਦੇ ਇੰਝ ਨਹੀਂ ਕਰਦੀ। ਆਪੇ ਮੇਰੇ ਕੋਲ ਭੱਜੀ ਆਉਂਦੀ ਹੈ। ਰੰਨ ਤਾਂ ਉਸੇ ਦੀ ਹੈ। ਜਿਸ ਦੇ ਹੱਥ ਥੱਲੇ ਹੋਵੇ। ਤੂੰ ਅੱਜ ਮੇਰੇ ਮੂਹਰੇ ਛੜਾ ਕਿਉਂ ਮਾਰਦੀ ਹੈ? ਮੇਰੇ ਕੋਲੋਂ ਤੂੰ ਇੰਦਾ ਨਹੀਂ ਬਚਣ ਲੱਗੀ।  ਸਵੇਰੇ ਰਾਮੂ ਭਈਏ ਨਾਲ ਬੜੀਆਂ ਦੰਦੀਆਂ ਕੱਢਦੀ ਸੀ। “ “ ਮੇਰਾ ਮੂਡ ਠੀਕ ਨਹੀਂ ਹੈ। ਸਿਰ ਦੁੱਖਦਾ ਹੈ। ਅੱਜ ਨਹੀਂ, ਫਿਰ ਕਦੇ ਸਹੀ। “ ਉਸ ਨੇ ਜੱਸੀ ਦੀ ਗੱਲ ਉੱਤੇ ਖਿੱਚ ਕੇ ਚਪੇੜ ਮਾਰੀ। ਫਿਰ ਉਸ ਦੀ ਗੱਲ ਨੂੰ ਪਲੋਸਣ ਲੱਗ ਗਿਆ। ਜੱਸੀ ਨੇ ਉਸ ਦਾ ਹੱਥ ਪਰੇ ਕਰਨ ਦੀ ਕੋਸ਼ਿਸ਼ ਕੀਤੀ। ਕਾਲੇ ਨੇ ਉਸ ਦੀ ਗੱਲ ਉੱਤੇ ਪੂਰੇ ਜ਼ੋਰ ਦੀ ਦੰਦੀ ਵੱਡੀ, ਦੰਦ ਗਲ਼ ਵਿੱਚ ਖੁਬ ਗਏ। ਜੱਸੀ ਤੜਫ਼ ਗਈ। ਕਾਲੇ ਨੇ ਕਿਹਾ, “ ਸਾਲ਼ੀਏ ਹੋਰ ਤੈਨੂੰ ਇੱਥੇ ਰੋਟੀਆਂ ਚਾਰਨ ਨੂੰ ਰੱਖਿਆ ਹੈ। ਤੈਨੂੰ ਤਾਂ ਤੇਰੇ ਮਾਪੇਂ ਵੀ ਨਹੀਂ ਰੱਖਦੇ। ਜੋਤ ਵੀ ਤੈਨੂੰ ਪਸੰਦ ਨਹੀਂ ਕਰਦਾ। ਉਹ ਤਾਂ ਤੈਨੂੰ ਪਿੰਡ ਹੁੰਦਾ ਹੋਇਆ ਵੀ ਨਹੀਂ ਪੁੱਛਦਾ ਹੁੰਦਾ ਸੀ। ਉਦੋਂ ਵੀ ਤੂੰ ਮੇਰੇ ਗਲ਼ ਆ ਕੇ ਲੱਗਦੀ ਸੀ। ਉਸ ਪਿੱਛੇ ਹੋਰ ਬਥੇਰੀਆਂ ਕੁੜੀਆਂ ਹਨ। ਤੂੰ ਉਸ ਨੂੰ ਆਪ ਦੇਖਿਆ ਹੈ। ਤਾਂਹੀਂ ਤਾਂ ਉਹ ਘਰ ਨਹੀਂ ਵੜਦਾ ਸੀ। ਤੂੰ ਮੇਰੇ ਗੁਣ ਗਾ, ਮੈਂ ਤੈਨੂੰ ਸੰਭਾਲੀ ਜਾਂਦਾ ਹਾਂ। ਜੇ ਮੇਰਾ ਡੰਗ ਵੀ ਨਹੀਂ ਸਾਰ ਸਕਦੀ। ਹੋਰ ਤੇਰਾ ਅਚਾਰ ਪਾਉਣਾ ਹੈ। “ ਉਹ ਜੱਸੀ ਦੇ ਜੁਆਬ ਦਿੰਦੀ ਤੋਂ ਵੀ ਉਸ ਨਾਲ ਘੁੱਲਣ ਲੱਗ ਗਿਆ ਸੀ। ਜ਼ਬਰਦਸਤੀ ਉਸ ਦੇ ਕੱਪੜੇ ਉਤਾਰ ਦਿੱਤੇ ਸਨ। ਫਿਰ ਮੂਦੇ ਮੂੰਹ ਡਿਗ ਕੇ, ਉਸੇ ਮੰਜੇ ਉੱਤੇ ਸੌ ਗਿਆ ਸੀ। ਇਹ ਕਾਲਾ ਕੀ ਪਹਾੜ ਢਾਹ ਰਿਹਾ ਹੈ? ਮਰੇ ਭਰਾ ਤੋਂ ਵੀ ਭਾਬੀ ਦੀ ਜ਼ੁੰਮੇਵਾਰੀ ਚੱਕਦੇ ਹਨ। ਗੱਲ ਤਾਂ ਲੋੜ ਪੂਰੀ ਕਰਨ ਤੱਕ ਦੀ ਹੈ।
ਰਾਤ ਅੱਧੀ ਤੋਂ ਵੱਧ ਹੋ ਗਈ ਸੀ। ਪਹਿਰੇਦਾਰ ਦੀ ਆਵਾਜ਼ ਸੁੱਤੇ ਲੋਕਾਂ ਦੀ ਨੀਂਦ ਖ਼ਰਾਬ ਕਰਦੀ ਸੀ। ਜਦੋਂ ਉਹ ਹੱਥ ਵਾਲੀ ਡਾਂਗ ਧਰਤੀ ਉੱਤੇ ਮਾਰਦਾ ਸੀ। ਚਾਰੇ ਪਾਸੇ ਪਤਾ ਲੱਗਦਾ ਸੀ। ਉਹ ਕਿੰਨੀ ਕੁ ਦੂਰ ਹੈ। ਚੋਰ ਦੂਜੇ ਪਾਸੇ ਪਾੜ ਲਾ ਸਕਦੇ ਸਨ। ਕੁੱਤੇ ਭੌਂਕਣ, ਰੋਣ ਦੀ ਆਵਾਜ਼ ਲਗਾਤਾਰ ਆ ਰਹੀ ਸੀ। ਬਿੱਲੀਆਂ ਅਜੀਬ ਜਿਹੀ ਆਵਾਜ਼ ਵਿੱਚ ਬੋਲ ਰਹੀਆਂ ਸਨ। ਆਮ ਲੋਕ ਕਹਿੰਦੇ ਹਨ। ਬਿੱਲੀਆਂ ਰੋ ਰਹੀਆਂ ਹਨ। ਕਈ ਬਾਰ ਅੰਨਦਾਜੇ ਵੀ ਗ਼ਲਤ ਹੋ ਜਾਂਦੇ ਹਨ। ਜਦੋਂ ਬਿੱਲੀਆਂ ਮਿਆਉਂ ਤੋਂ ਅਲੱਗ ਲੰਬੀ ਅਜੀਬ ਆਵਾਜ਼ ਵਿੱਚ ਬੋਲ ਰਹੀਆਂ ਹੋਣ। ਇਸ ਦਾ ਮਤਲਬ ਮੱਝਾਂ ਗਾਵਾਂ ਦੇ ਰੀਂਗਣ ਵਾਂਗ, ਇਹ ਵੀ ਆਸ ਤੋਂ ਹਨ। ਬੱਚਾ ਪੈਦਾ ਕਰਨ ਯੋਗ ਹਨ। ਜਾਨਵਰਾਂ ਦੇ ਕੁੱਝ ਲੱਛਣ ਹਨ। ਪਰ ਬੰਦਾ ਕੋਈ ਸਮਾਂ, ਜਾਤ, ਉਮਰ, ਮਰਦ, ਔਰਤ, ਪਸੂ ਕੁੱਝ ਵੀ ਨਹੀਂ ਦੇਖਦਾ। ਇੱਕ ਬੰਦੇ ਦੀ ਜਾਤ ਹੈ। ਜਿਸ ਨੂੰ ਲੋਕ ਇਨਸਾਨ ਕਹਿੰਦੇ ਹਨ। ਭਾਵ ਜਾਨਵਰਾਂ ਤੋਂ ਸੁਧਰੇ ਹੋਏ ਮੰਨਿਆਂ ਜਾਂਦਾ ਹੈ। ਪਰ ਬੰਦਾ ਇਹ ਤਾਂ ਜਾਨਵਰਾਂ ਤੋਂ ਵੀ ਵਿਗੜਿਆ ਹੋਇਆ ਹੈ। ਤਾਂਹੀ ਤਾਂ ਇਸ ਨੂੰ ਬਾਂਦਰ ਜਾਤ ਕਿਹਾ ਜਾਂਦਾ ਹੈ। ਉਹ ਕੰਮ ਬਹੁਤਾ ਖੋਰੂ ਪਾਉਣ ਵਾਲੇ ਜਾਨਵਰਾਂ ਨਹੀਂ ਕਰਦੇ ਜੋ ਇਹ ਕਰ ਸਕਦਾ ਹੈ। ਬੰਦੇ ਵਿੱਚ ਸਾਰੇ ਜਾਨਵਰਾਂ ਵਾਲੀਆਂ ਆਦਤਾਂ ਹਨ। ਗੁੱਸਾ, ਲੋਭ, ਹੰਕਾਰ ਤਾਂ ਹੈ ਹੀ ਦੇਖਣ, ਸੁਣਨ, ਬੋਲਣ ਦੀਆਂ ਸ਼ਕਤੀਆਂ ਹਨ। ਜਿਸ ਦਾ ਬੰਦਾ ਕਦੇ ਗ਼ਲਤ ਇਸਤੇਮਾਲ ਕਰਦਾ ਹੈ।
ਸਿਕੰਦਰ ਦੀ ਭੁੱਖ ਰਾਤ ਮਿੱਟੀ ਨਹੀਂ ਸੀ। ਭੁੱਖ ਮਿਟਦੀ ਕਿਥੇ ਹੈ? ਸੁਰਤ ਸੁਆਦਾਂ ਵਿੱਚ ਫਸੀ ਰਹਿੰਦੀ ਹੈ। ਉਸ ਨੂੰ ਭੁੱਖ ਲੱਗੀ ਸੀ। ਬਾਥਰੂਮ ਵੀ ਜਾਣਾ ਸੀ। ਉਸ ਨੇ ਦੇਖਿਆ ਰਸੋਈ ਦੀ ਬੱਤੀ ਜੱਗ ਰਹੀ ਹੈ। ਉਹ ਰਸੋਈ ਵੱਲ ਨੂੰ ਚਲਾ ਗਿਆ। ਕੁੱਝ ਤਾਂ ਖਾਣ ਨੂੰ ਮਿਲੇਗਾ। ਜਦੋਂ ਉਸ ਨੇ ਰਸੋਈ ਦਾ ਦਰ ਖੋਲਿਆਂ। ਉੱਥੇ ਜੱਸੀ ਸੀ। ਉਹ ਘਿਉ ਗਰਮ ਕਰ ਰਹੀ ਸੀ। ਸਿਕੰਦਰ ਨੇ ਉਸ ਨੂੰ ਕਿਹਾ, “ ਅੱਧੀ ਰਾਤ ਨੂੰ ਬੁੜ੍ਹੀ ਤੋਂ ਚੋਰੀ, ਕੀ ਤੂੰ ਘਿਉ ਖੰਡ ਰਲਾ ਕੇ ਖਾਂਦੀ ਹੈ? ਮੈਨੂੰ ਵੀ ਭੁੱਖ ਲੱਗੀ ਹੈ। ਰਾਤ ਬਗੈਰ ਰੋਟੀ ਖਾਣ ਤੋਂ ਹੀ ਨੀਂਦ ਆ ਗਈ। ਬਹੁਤੀ ਪੀਤੀ ਗਈ। ਅਜੇ ਵੀ ਮੱਥਾ ਘੁੰਮੀ ਜਾ ਰਿਹਾ ਹੈ। “ ਉਹ ਪੀੜੀ ਉੱਤੇ ਬੈਠ ਗਿਆ। ਜੱਸੀ ਨੇ ਕਿਹਾ, “  ਇੱਥੇ ਚੰਗਾ ਨਹੀਂ ਲੱਗਦਾ ਜੀ। ਤੁਸੀਂ ਮਹਿਮਾਨ ਹੋ। ਚੱਲ ਕੇ ਆਪਣੇ ਕਮਰੇ ਵਿੱਚ ਬੈਠੋ। ਮੈਂ ਸਬਜ਼ੀ ਗਰਮ ਕਰਕੇ, ਦੋ ਮਿੰਟਾਂ ਵਿੱਚ ਫੁਲਕੇ ਲਾਹ ਕੇ ਲੈ ਆਉਂਦੀ ਹਾਂ। “   ਦਾਲ, ਸਬਜ਼ੀ ਦੀ ਲੋੜ ਨਹੀਂ ਹੈ। ਮੇਰਾ ਵੀ ਖੰਡ ਘਿਉ ਨੂੰ ਜੀਅ ਕਰਦਾ ਹੈ। ਕੌੜੀ ਦਾਰੂ ਪੀ ਕੇ, ਮੂੰਹ ਮਿੱਠਾ ਹੋ ਜਾਵੇਗਾ। ਦਾਰੂ ਉੱਤੋਂ ਮਿੱਠਾ ਖਾ ਕੇ, ਨਸ਼ਾ ਵੀ ਹੋਰ ਚੜ੍ਹ ਜਾਂਦਾ ਹੈ। ਦੋ ਰੋਟੀਆਂ ਤਾਂ ਛਾਬੇ ਵਿੱਚ ਵੀ ਪਈਆਂ ਹੋਣੀਆਂ। “ “ ਮੈਂ ਘਿਉ ਖਾਣ ਲਈ ਗਰਮ ਨਹੀਂ ਕਰਦੀ। ਜ਼ਖ਼ਮ ਉੱਤੇ ਲਗਾਉਣਾ ਹੈ। “ ਉਸ ਦੇ ਸਿਰ ਉੱਤੋਂ ਛੌਲ ਖਿਸਕ ਗਿਆ। ਛੌਲ ਦੇ ਪੱਲੇ ਨਾਲ ਗੱਲ਼ ਨੂੰ ਓਹਲਾ ਸੀ। ਸਿਕੰਦਰ ਦੀ ਨਿਗ੍ਹਾ ਉਸ ਦੀ ਗੱਲ ਉੱਤੇ ਪਈ। ਗੱਲ਼ ਸੁੱਜ ਕੇ ਨਿਲੀ ਹੋਈ ਪਈ ਸੀ। ਉਸ ਨੇ ਪੁੱਛਿਆ, “ ਗੱਲ਼ ਨੀਲੀ ਹੋਈ ਪਈ ਹੈ। ਇਸ ਉੱਤੇ ਕੀ ਹੋ ਗਿਆ? “ “ ਰਾਤ ਬੱਤੀ ਚਲੀ ਗਈ ਸੀ। ਉਦੋਂ ਮੈਂ ਹਨੇਰੇ ਵਿੱਚ ਮੈਂ ਡਿਗ ਗਈ। ਕੋਸਾ ਘਿਉ ਲਗਾਉਣ ਨਾਲ ਢਿੱਲ ਪੈ ਕੇ, ਦਰਦ ਹੱਟ ਜਾਵੇਗਾ। ਸੋਜ ਉੱਤਰ ਜਾਵੇਗੀ। “ ਸਿਕੰਦਰ ਸੋਚੀ ਪੈ ਗਿਆ। ਬੱਤੀ ਜਾਣ ਨਾਲ ਐਡੀਆਂ ਵੱਡੀਆਂ ਦੋ ਘਟਨਾਵਾਂ, ਇਸੇ ਘਰ ਵਿੱਚ ਵਰਤ ਗਈਆਂ। ਸੁਖਵਿੰਦਰ ਹਨੇਰੇ ਤੇ ਬਿੱਲੀਆਂ ਰੋਦੀਆਂ ਤੋਂ ਡਰਦੀ ਮੈਨੂੰ ਚੂਬੜ ਗਈ ਸੀ। ਇਹ ਵੀ ਚੰਦ ਚੜ੍ਹਾਈ ਫਿਰਦੀ ਹੈ। ਮਰਦਾਂ ਦੇ ਔਰਤਾਂ ਦੇ ਸਰੀਰ ਨਾਲ ਸਰੀਰ ਟਕਰਾ ਗਏ। ਅਗਲਿਆਂ ਨੇ ਹਨੇਰੇ ਵਿੱਚ ਹੀ ਮੋਰਚਾ ਫਤਿਹੇ ਕਰ ਲਿਆ। ਬੱਤੀ ਜਾਣ ਨਾਲ ਬਾਕੀ ਲੋਕਾਂ ਨਾਲ ਕੀ ਹੁੰਦਾ ਹੋਵੇਗਾ? ਐਸੀ ਹਾਲਤ ਲਈ ਲੋੜ ਵੇਲੇ ਭਾਵੇਂ ਕੋਈ ਸੋਟੀ ਮਾਰ ਕੇ ਤਾਰਾ ਹਿਲਾ ਕੇ, ਬੱਤੀ ਗੁੱਲ ਕਰ ਦੇਵੇ। ਸਿਕੰਦਰ ਨੂੰ ਹੁਣ ਯਾਦ ਆਇਆ। ਹੋਰ ਸਬ ਲੋਕਾਂ ਦੇ ਲਾਈਟ ਹੁੰਦੀ ਸੀ। ਸਾਡੇ ਘਰ ਦੀ ਬੱਤੀ ਬਹੁਤ ਜਾਂਦੀ ਸੀ। ਲੱਗਦਾ ਹੈ, ਬਾਪੂ ਮੇਨਸਵਿੰਚ ਚੱਕ ਦਿੰਦਾ ਸੀ। ਹਨੇਰੇ ਵਿੱਚ ਬੇਬੇ ਬਾਪੂ ਸਾਨੂੰ ਲੱਭਦੇ ਨਹੀਂ ਸੀ। ਅਸੀਂ ਬਾਹਰਲੀ ਬੈਠਕ ਤੱਕ ਨਹੀਂ ਜਾਂਦੇ ਸੀ। ਅਸੀਂ ਜੁਆਕ ਸਹਿਕ ਕੇ, ਹਨੇਰੇ ਤੋਂ ਡਰਦੇ ਸੌਂ ਜਾਂਦੇ ਸੀ। ਅਸਲ ਵਿੱਚ ਇਹੀ ਗੱਲ ਸੀ। ਉਹ ਮਨ ਵਿੱਚ ਹੱਸਿਆ। ਰਾਤ ਨੂੰ ਬੱਤੀ ਜਾਣ ਦਾ ਸੱਸ ਨੂੰਹ ਦੋਨੇਂ ਹੀ ਫ਼ਾਇਦਾ ਲੈ ਗਈਆਂ। ਸੱਸ ਆਰਾਮ ਨਾਲ ਸੁੱਤੀ ਘੂਕ ਪਈ ਹੈ। ਇਹ ਦੰਦੀ ਵੰਡਾਈ ਫਿਰਦੀ ਹੈ। ਮਰਦ ਕਮਾਈ ਕਰਨ ਕੈਨੇਡਾ ਤੋਰ ਕੇ, ਨਿੱਤ ਨਵੇਂ ਯਾਰ ਹੰਢਾਉਂਦੀਆਂ ਹਨ। ਦਿਨੇ ਲੋਕਾਂ ਮੂਹਰੇ, ਪਤੀਆਂ ਤੋਂ ਬਗੈਰ,  ਬਿਮਾਰੀਆਂ ਜਿਹੀਆਂ ਬਣ ਕੇ ਰਹਿੰਦੀਆਂ ਹਨ। ਹੁਣ ਜੱਸੀ ਨੂੰ ਬਲੈਕ ਮੇਲ ਕਰਨ ਦਾ ਹੁਣ ਬੜਾ ਵਧੀਆ ਮੌਕਾ ਹੈ। ਸਿਕੰਦਰ ਨੇ ਕਿਹਾ, “ ਤੇਰੀ ਗਲ਼ ਉੱਤੇ ਮੈਂ ਤੇਲ ਲਾ ਦਿੰਦਾ ਹਾਂ। ਤੈਨੂੰ ਦਿਸਣਾ ਨਹੀਂ ਹੈ। ਸਾਲਾ ਕੋਈ ਹਨੇਰੀ ਰਾਤ ਵਿੱਚ ਦਿਸਣ ਨਾਂ ਕਰਕੇ ਡੂੰਗੇ ਦੰਦ ਮਾਰ ਗਿਆ। ਵੈਸੇ ਜੋਤ ਦੀ ਇੰਨੀ ਯਾਦ ਨਹੀਂ ਆਉਂਦੀ ਹੋਣੀ। ਉਸ ਦੀਆਂ ਰੋਟੀਆਂ ਜ਼ਰੂਰ ਪਕਾਉਣੀਆਂ ਹਨ। ਜੇ ਉਝ ਹੀ ਤੇਰਾ ਇੱਧਰੋਂ ਉਧਰੋਂ ਸਰੀ ਜਾਂਦਾ ਹੈ। “ ਜੱਸੀ ਨੇ ਉਸ ਦੀ ਗੱਲ ਅਣਸੁਣੀ ਕਰ ਦਿੱਤੀ। ਜੱਸੀ ਨੇ ਘਿਉ ਠੰਢਾ ਹੋਣ ਨੂੰ ਰੱਖ ਦਿੱਤਾ। ਗੱਲ ਟਾਲਣ ਲਈ ਗੈੱਸ ਦੇ ਚੂਲੇ ਉੱਤੇ ਸਬਜ਼ੀ ਗਰਮ ਕਰਨੀ ਰੱਖ ਦਿੱਤੀ। ਦੂਜੇ ਚੂਲੇ ਉੱਤੇ ਤਵਾ ਰੱਖ ਕੇ, ਰੋਟੀ ਵੇਲਣ ਲੱਗ ਗਈ। ਸਿਕੰਦਰ ਨੇ ਆਦਤ ਮੁਤਾਬਿਕ ਸਬਜ਼ੀ ਆਪੇ ਪਾ ਲਈ ਸੀ। ਕੈਨੇਡਾ ਵਿੱਚ ਤਾਂ ਕਈ ਬਾਰ ਪਤਨੀ ਘਰ ਨਹੀਂ ਹੁੰਦੀ ਸੀ। ਆਪ ਨੂੰ ਰੋਟੀ ਵੀ ਲਾਹ ਕੇ ਖਾਣੀ ਪੈਂਦੀ ਸੀ। ਉਹ ਜੱਸੀ ਕੋਲ ਬੈਠ ਕੇ, ਰੋਟੀ ਖਾਣ ਲੱਗ ਗਿਆ ਸੀ। ਰੋਟੀ ਖਾਂਦਾ ਉਹ ਬੋਲਦਾ ਨਹੀਂ ਸੀ। ਜੀਭ ਉੱਤੇ ਦੰਦੀ ਵੱਢਣ ਦਾ ਖ਼ਤਰਾ ਸੀ। ਉਹ ਸੋਚ ਰਿਹਾ ਸੀ। ਰੱਬਾ ਜੇ ਹੁਣ ਬੱਤੀ ਚਲੀ ਜਾਵੇ। ਮੈਂ ਤਾਂ ਸਵੇਰੇ ਤੇਰੇ ਦਰ ਉੱਤੇ ਆ ਕੇ, ਦੇਗ ਕਰਾ ਕੇ ਜਾਵਾਂਗਾ। ਫਟਾਫਟ ਰੋਟੀ ਖਾ ਕੇ, ਉਸ ਨੇ ਘਿਉ ਵਾਲੀ ਕੌਲੀ ਚੱਕ ਲਈ। ਜੱਸੀ ਦੇ ਹਟਾਉਂਦੇ ਹੋਏ ਵੀ, ਉਹ ਉਸ ਦੀ ਗੱਲ਼ ਉੱਤੇ, ਘਿਉ ਲਗਾਉਣ ਲੱਗ ਗਿਆ। ਤੱਤਾ ਘਿਉ ਗਲ਼ ਉੱਤੇ ਬਹੁਤ ਜਲਨ ਕਰ ਰਿਹਾ ਸੀ। ਜੱਸੀ ਨੇ ਹਾਏ, ਹਾਏ ਕਹਿ ਕੇ, ਸਿਕੰਦਰ ਦਾ ਹੱਥ ਦੋਨੇਂ ਹੱਥਾਂ ਵਿੱਚ ਫੜ ਲਿਆ।

ਸਿਕੰਦਰ ਨੇ ਮਨ ਵਿੱਚ ਰੱਬ ਦੀ ਪ੍ਰਸੰਸਾ ਕੀਤੀ। ਹਾਏ ਉਏ ਰੱਬਾ ਗੱਲ ਬਣ ਗਈ। ਰੱਬਾ ਤੂੰ ਤਾਂ ਨੇੜੇ ਬੈਠਾ ਹੀ ਸੁਣਦਾ ਹੈ। ਹੱਥ ਇਸ ਨੇ ਫੜ ਲਿਆ। ਬਾਂਹ ਮੈਂ ਆਪੇ ਫੜ ਲੈਣੀ ਹੈ। ਉਸ ਨੇ ਪੁੱਛਿਆ, “ ਇਹ ਤੇਰੀ ਹਾਲਤ ਕੀ ਜੋਤ ਨੂੰ ਦੱਸ ਦੇਵਾਂ? ਕੀ ਦੱਸਾਂ ਕੀਹਤੋਂ ਦੰਦੀ ਵੰਡਾਈ ਹੈ? “  “ ਉਹ ਸਬ ਜਾਣਦਾ ਹੈ। “ “ ਅੱਛਾ ਇਸ ਦਾ ਮਤਲਬ ਖੁੱਲ੍ਹੀ ਛੁੱਟੀ ਹੈ। ਉਸ ਨੂੰ ਕੋਈ ਇਤਰਾਜ਼ ਨਹੀਂ ਹੈ। ਤੈਨੂੰ ਵੀ ਨਹੀਂ ਹੈ। “ ਉਸ ਨੇ ਆਪਣੀ ਖੱਬੀ ਬਾਂਹ ਜੱਸੀ ਦੇ ਲੱਕ ਦੇ ਦੁਆਲੇ ਕਰ ਦਿੱਤੀ। ਜੱਸੀ ਨੇ ਕਿਹਾ, “ ਉਸੇ ਦੇ ਛੋਟੇ ਭਰਾ ਨੇ ਰਾਤ ਖਾਦੀ ਪੀਤੀ ਵਿੱਚ ਬੁਰਕ ਭਰ ਲਿਆ। ਉਹ ਅੱਗੇ ਵੀ ਇਵੇਂ ਕਰਦਾ ਹੈ। ਸਿਕੰਦਰ ਨੇ ਫਿਰ ਉਸ ਦੀ ਗੱਲ਼ ਉੱਤੇ ਤੇਲ ਲਗਾਉਂਦੇ ਨੇ ਕਿਹਾ, “  ਤਾਂਹੀਂ ਤੂੰ ਮੈਨੂੰ ਕਹਿੰਦੀ ਸੀ, “ ਜੋਤ ਪਿੰਡ ਨਾਂ ਹੀ ਆਵੇ। ਕੰਮ ਕਰੀ ਜਾਵੇ। ਜਿੰਨਾ ਚਿਰ ਪੱਕੀ ਮੋਹਰ ਨਹੀਂ ਲੱਗਦੀ। “ ਤੁਸੀਂ ਦੋਨੇਂ ਹੀ ਘੱਟ ਨਹੀਂ ਹੋ। ਕੈਨੇਡਾ ਵਿੱਚ ਉਹ ਫੱਟੇ ਚੱਕੀ ਜਾਂਦਾ ਹੈ। ਸੱਚ ਮੇਰੇ ਪਿੰਡ ਕੋਈ ਰੋਟੀ ਪਕਾਉਣ ਵਾਲੀ ਨਹੀਂ ਲੱਭਦੀ। ਕੀ ਤੈਨੂੰ ਮੇਰੇ ਨਾਲ ਤੋਰ ਦੇਣਗੇ?  ਨਾਲੇ ਬਠਿੰਡੇ ਤੋਂ ਦਵਾਈ ਦੁਆ ਦੇਵਾਂਗਾ। “ ਬੀਬੀ ਨਾਲ ਜਾਣ ਨੂੰ ਤਿਆਰ ਹੈ। ਜੋਤ ਦਾ ਫ਼ੋਨ ਆ ਗਿਆ ਸੀ। “ “ ਰੋਟੀਆਂ ਤਾਂ ਤੇਰੀਆਂ ਚਾਰ ਦਿਨ ਪੱਕੀਆਂ ਖਾਣੀਆਂ ਹਨ। ਉਸ ਨੂੰ ਤਾਂ ਕੈਨੇਡਾ ਨਾਲ ਲੈ ਜਾਣਾ ਹੈ। ਮੈਂ ਇੱਥੇ ਹੀ ਰਹਿ ਪੈਂਦਾ ਹਾਂ। “

ਹੈਪੀ ਦੇ ਚਾਰ ਦਿਨ ਕੈਨੇਡਾ ਜਾਣ ਦੇ ਰਹਿੰਦੇ ਸਨ। ਉਸ ਦੇ ਰਿਸ਼ਤੇਦਾਰ ਮਿਲਣ ਵਾਲੇ ਆਉਣ ਲੱਗ ਗਏ ਸਨ। ਸਮਾਂ ਥੋੜ੍ਹਾ ਸੀ। ਕੰਮ ਬਹੁਤ ਜ਼ਿਆਦਾ ਸੀ। ਹਰ ਦੂਜੇ ਦਿਨ ਰਾਣੋਂ ਹੈਪੀ ਨੂੰ ਆਪਣੇ ਪੇਕੇ ਘਰ ਲੈ ਜਾਂਦੀ ਸੀ। ਉਸ ਦੇ ਮਾਪੇਂ ਵੀ ਬਾਰ-ਬਾਰ ਇਹੀ ਕਹਿੰਦੇ ਸਨ, “ ਛੇਤੀ ਗੇੜਾ ਮਾਰ ਜਾਇਉ। ਰਾਣੋਂ ਬਗੈਰ ਓਦਰ ਜਾਂਦੇ ਹਾਂ। ਹੈਪੀ ਬਹੁਤ ਪਿਆਰਾ ਲੱਗਦਾ ਹੈ। ਤੁਹਾਡੇ ਆਉਣ ਨਾਲ ਰੌਣਕ ਆ ਜਾਂਦੀ ਹੈ। “ ਔਰਤਾਂ ਉਸ ਦੇ ਦੁਆਲੇ ਹੋ ਜਾਂਦੀਆਂ ਸਨ। ਰਾਣੋਂ ਦੇ ਸੂਟ ਤੇ ਗਹਿਣੇ ਫੜ, ਫੜ ਕੇ ਦੇਖਦੀਆਂ ਸਨ। ਫਿਰ ਉਨ੍ਹਾ ਦਾ ਮੁੱਲ ਵੀ ਪੁੱਛਦੀਆਂ ਸਨ। ਕਈ ਪ੍ਰਸੰਸਾ ਕਰਦੀਆਂ ਸਨ। ਕਈ ਪਰੇ ਨੂੰ ਮੂੰਹ ਕਰਕੇ, ਬੁੱਲ੍ਹ ਕੱਢਦੀਆਂ ਸਨ। ਹੈਪੀ ਨੂੰ ਕੈਨੇਡਾ ਬਾਰੇ ਪੁੱਛਦੀਆਂ ਸਨ। ਰਾਣੋਂ ਦੀਆਂ ਸਹੇਲੀਆਂ, ਬਹਾਨੇ ਨਾਲ ਟਿੱਚਰਾਂ ਵੀ ਕਰਦੀਆਂ ਸਨ। ਉਦਾਂ ਵੀ ਮੁੰਡਿਆਂ ਦਾ ਸਹੁਰੀ ਜੀਅ ਬਹੁਤਾ ਲੱਗਦਾ ਹੈ। ਸੇਵਾ ਬਹੁਤ ਹੁੰਦੀ ਹੈ। ਤਿੜ.ਫਿੜ ਕਰਨ ਤੇ ਕਈ ਬਾਰ, ਸਾਲੇ ਡਾਂਗਾਂ ਵੀ ਫੇਰ ਦਿੰਦੇ ਹਨ। ਕੁੜੀਆਂ ਵੀ ਪੇਕੇ ਘਰ ਨੂੰ ਵੱਧ ਪਸੰਦ ਕਰਦੀਆਂ ਹਨ। ਭਾਵੇਂ ਪਤਾ ਹੁੰਦਾ ਹੈ, ਪੇਕੀਂ ਕੁੱਝ ਘੰਟੇ ਜਾਂ ਗਿਣਤੀ ਦੇ ਦਿਨ ਰਹਿ ਸਕਦੀਆਂ ਹਨ। ਕੁੜੀਆਂ ਦੇ ਚਾਹੁਣ ਨਾਂ ਚਾਹੁਣ ਤੇ ਵੀ ਮਾਪੇ ਘਰੋਂ ਤੋਰ ਦਿੰਦੇ ਹਨ। ਸਹੁਰੇ ਘਰ ਵਾਲੇ, ਆਪਣੇ ਘਰ ਜਗਾ ਵੀ ਦਿੰਦੇ ਹਨ। ਫਿਰ ਵੀ ਨਵੀਂ ਵਿਆਹੀ ਔਰਤ ਦੀ ਝਾਕ ਪੇਕਿਆਂ ਵੱਲ ਰਹਿੰਦੀ ਹੈ। ਉਸੇ ਘਰ ਪਰਿਵਾਰ ਨੂੰ ਵੱਧ ਪਿਆਰ ਕਰਦੀ ਹੈ। 20 ਸਾਲ ਉਸ ਨੂੰ ਸਮਝ ਹੀ ਨਹੀਂ ਲੱਗਦੀ। ਸਹੁਰਾ ਘਰ ਹੀ ਉਸ ਦਾ ਅਸਲੀ ਘਰ ਹੈ। ਜਦੋਂ ਸਮਝ ਲੱਗਦੀ ਹੈ। ਘਰ ਨੂੰਹ ਆ ਜਾਂਦੀ ਹੈ। ਫਿਰ ਪੇਕੇ, ਸਹੁਰੇ ਘਰ ਵਿੱਚ ਉਸ ਨੂੰ ਧੱਕੇ ਪੈਂਦੇ ਹਨ। ਜੋ ਘਰ ਵਿਚੋਂ ਸੁਖ, ਖ਼ੁਸ਼ੀਆਂ, ਖਾਣ, ਪੀਣ, ਸੌਣ, ਪਹਿਨਣ ਨੂੰ ਮਿਲਦਾ ਹੈ। ਉਹੀ ਘਰ ਆਪਣਾ ਹੈ। ਜੇ ਚੱਜ ਨਾਲ ਵੱਸਣਾ ਹੈ, ਤਾਂ ਪੱਕੇ ਪੈਰ ਇੱਕ ਘਰ ਵਿੱਚ ਜਮਾਂ ਲੈਣੇ ਚਾਹੀਦੇ ਹਨ। ਕੋਈ ਮਾੜੀ-ਮੋਟੀ ਠੋਕਰ ਮਾਰ ਕੇ ਪੈਰਾਂ ਨੂੰ ਹਿਲਾ ਨਾਂ ਸਕੇ। ਔਰਤ ਨੂੰ ਆਪਦੀ ਆਰਥਿਕ ਹਾਲਤ ਆਪ ਨੂੰ ਸੁਧਾਰਨੀ ਪੈਣੀ ਹੈ। ਪਰਿਵਾਰ ਦੇ ਬੰਦਿਆਂ ਦਾ ਪਿਆਰ ਤਾਂ ਸਮੇਂ ਨਾਲ ਬਦਲਦਾ ਰਹਿੰਦਾ ਹੈ। ਜੇ ਤੁਸੀਂ ਪੈਸੇ ਵਾਲੇ ਤੇ ਮਦਦਗਾਰ ਹੋ। ਲੋਕ ਤੁਹਾਡਾ ਮੂੰਹ, ਮੱਥਾ, ਪੈਰ ਚੁੰਮਦੇ ਹਨ। ਗ਼ਰੀਬ ਨੂੰ ਫਟਕਾਰਦੇ ਹਨ। ਗ਼ਰੀਬ ਦੇ ਕੋਈ ਮੱਥੇ ਲੱਗਣ ਨੂੰ ਤਿਆਰ ਨਹੀਂ ਹੁੰਦਾ।
ਹੈਪੀ ਨੇ ਅਜੇ ਚੀਜ਼ਾਂ ਵੀ ਖ਼ਰੀਦਣੀਆਂ ਸਨ। ਹੈਪੀ ਤੇ ਰਾਣੋਂ ਹਰ ਰੋਜ਼ ਸ਼ੋਪੀਇੰਗ ਕਰਨ ਜਾਂਦੇ ਸਨ। ਪੇਟ ਭਰ ਕੇ ਟਿੱਕੀਆਂ, ਸਮੋਸੇ, ਗੋਲ-ਗੱਪੇ, ਪੂਰੀਆਂ ਛੋਲੇ, ਪੀਜ਼ਾ, ਬਰਗਰ, ਫਿਰਾਈਆਂ ਖਾਂਦੇ ਸਨ। ਹੈਪੀ ਤਾਂ ਦੋ ਚੀਜ਼ਾਂ ਖ਼ਰੀਦਦਾ ਸੀ। ਰਾਣੋਂ ਦੀ ਖ਼ਰੀਦਦਾਰੀ ਨਹੀਂ ਮੁੱਕਦੀ ਸੀ। ਉਹ ਕੈਨੇਡਾ ਵਿੱਚ ਆਪਣਾ ਘਰ ਵਸਾਉਣ ਲਈ ਡੈਕੋਰੇਸ਼ਨ ਤੇ ਰਸੋਈ ਦਾ ਸਮਾਨ ਖ਼ਰੀਦ ਰਹੀ ਸੀ। ਕੈਨੇਡਾ ਵਿੱਚ ਸਬ ਚੀਜ਼ਾਂ ਮਿਲਦੀਆਂ ਹਨ। ਇੰਡੀਆ ਵਿੱਚ ਸਸਤੀਆਂ ਹਨ। ਸਸਤੀਆਂ  ਜਾਹਲੀ ਚੀਜ਼ਾਂ ਟੁੱਟ ਵੀ ਤੇ ਖ਼ਰਾਬ ਵੀ ਛੇਤੀ ਹੋ ਜਾਂਦੀਆਂ ਹਨ। ਹੈਪੀ ਦੀਆਂ 10 ਸ਼ਰਟਾਂ, 10 ਪਿੰਟਾਂ ਮਸਾਂ ਸਨ। ਇੱਕ ਅਟੈਚੀ ਵੀ ਨਹੀਂ ਭਰਿਆ ਸੀ। ਦੋਨੇਂ ਅਟੈਚੀਆਂ ਵਿੱਚ ਰਾਣੋਂ ਨੇ, ਆਪ ਦੀਆਂ ਚੀਜ਼ਾਂ ਪਾ ਦਿੱਤੀ ਸਨ। ਉਸ ਨੂੰ ਪਤਾ ਸੀ, ਇੱਕ ਬੰਦਾ ਦੋ ਅਟੈਚੀਆਂ ਜਾਂ ਇੱਕੋ ਅਟੈਚੀ ਲਿਜਾ ਸਕਦਾ ਹੈ। ਇਸ ਲਈ ਉਹ ਆਪ ਦੇ ਸੂਟ ਵੀ ਹੈਪੀ ਦੇ ਅਟੈਚੀ ਵਿੱਚ ਪਾ ਰਹੀ ਸੀ। ਉਹ ਆਪ ਤੋਂ ਪਹਿਲਾਂ ਕੈਨੇਡਾ ਵਿੱਚ ਆਪਦਾ ਸਮਾਨ ਭੇਜ ਦੇਣਾ ਚਾਹੁੰਦੀ ਸੀ। ਤਾਂ ਕਿ ਆਪਦੇ ਦੋ ਅਟੈਚੀਆਂ ਵਿੱਚ ਰਾਣੋਂ ਆਪਦੇ ਮਨ ਪਸੰਦ ਦਾ ਸਾਰਾ ਸਮਾਨ ਲਿਜਾ ਸਕੇ। ਹਰ ਰੋਜ਼ ਰਾਤ ਨੂੰ ਪੈਕਿੰਗ ਕਰਨ ਲੱਗ ਜਾਂਦੇ ਸਨ।
ਹੈਪੀ ਤੇ ਜੋਤ ਤਾਏ, ਚਾਚੇ ਦੇ ਮੁੰਡੇ ਸਨ। ਕੰਧਾਂ ਸਾਂਝੀਆਂ ਸਨ। ਇੱਕ ਰਾਤ ਹੈਪੀ ਨੂੰ ਜਾਣੀ ਪਛਾਣੀ ਆਵਾਜ਼ ਸੁਣੀ। ਹੈਪੀ ਨੇ ਕੰਧ ਉੱਤੋਂ ਦੀ ਜੋਤ ਕੇ ਵਿਹੜੇ ਵਿੱਚ ਦੇਖਿਆ। ਉਸ ਨੂੰ ਸਿਕੰਦਰ ਦੀ ਪਿੱਠ ਦਿਸੀ। ਉਹ ਸੋਚੀ ਪੈ ਗਿਆ। ਜੋਤ ਦਾ ਵੀ ਸਰ ਗਿਆ ਹੈ। ਆਪ ਕੈਨੇਡਾ ਵਿੱਚ ਹੈ। ਇਸ ਨੂੰ ਕਾਹਦੇ ਲਈ ਜਨਾਨੀਆਂ ਕੋਲ ਘਰ ਭੇਜਿਆ ਹੈ? ਸਿਕੰਦਰ ਦੀ ਅੱਖ ਬਾਜ਼ ਵਰਗੀ, ਸੋਚਣੀ ਕਾਂ ਵਰਗੀ ਹੈ। ਹਾਥੀ ਵਾਂਗ ਸਬ ਕੁੱਝ ਪੈਰ ਥੱਲੇ ਲੈ ਲੈਂਦਾ ਹੈ। ਇਹ ਬੂੜੀਆਂ ਵਿੱਚ ਕੀ ਕਰਦਾ ਹੈ? ਜ਼ਰੂਰ ਜੋਤ ਨੇ ਕਾਲੇ ਨੂੰ ਵੀ ਕੈਨੇਡਾ ਕਢਾਉਣਾ ਹੋਣਾ ਹੈ। ਉਸ ਨੇ ਦੇਖ ਕੇ ਵੀ ਉਸ ਨੂੰ ਅਣ ਦੇਖਿਆ ਕਰ ਦਿੱਤਾ। ਉਹ ਇਸ ਨੂੰ ਗਲ਼ ਨਹੀਂ ਪਾਉਣਾ ਚਾਹੁੰਦਾ ਸੀ। ਸਿਕੰਦਰ ਹਰ ਸਾਲ ਸਿਆਲਾਂ ਵਿੱਚ ਪੰਜਾਬ ਆਉਂਦਾ ਸੀ। ਹੈਪੀ ਨੂੰ ਵੀ ਉਸੇ ਨੇ ਕੈਨੇਡਾ ਬੁਲਾਇਆ ਸੀ। ਉਸ ਦੇ ਬਦਲੇ ਵਿੱਚ ਉਹ ਤਨਖ਼ਾਹ ਆਮ ਰੇਟ ਨਾਲੋਂ 40% ਹੀ ਦਿੰਦਾ ਸੀ। ਹਰ ਸਾਲ 10 ਨਵੇਂ ਟਰੱਕ ਲੈ ਕੇ, ਨਵੇਂ ਮੁੰਡੇ ਪੰਜਾਬ ਵਿਚੋਂ ਮੰਗਾਉਂਦਾ ਸੀ। ਸਿਕੰਦਰ ਦੇ ਡਰਾਈਵਰ ਹਰ ਰੋਜ਼ 12 ਘੰਟੇ 6 ਦਿਨ ਸੜਕਾਂ ਗਾਹ ਕੇ, ਮਸਾਂ 40 ਹਜ਼ਾਰ ਡਾਲਰ ਸਾਲ ਦਾ ਕਮਾਉਂਦੇ ਸਨ। ਹੋਰ ਖ਼ਰਚੇ ਪਾਣੀ ਕੱਢ ਕੇ ਮਸਾਂ 25 ਹਜ਼ਾਰ ਡਾਲਰ ਸਾਲ ਦਾ ਪੱਲੇ ਪੈਂਦਾ ਸੀ। ਬੰਦਾ 5 ਸਾਲ ਡਰਾਈਵਰੀ ਕਰਕੇ ਬੋਡਾ ਹੋ ਜਾਂਦਾ ਹੈ। ਓਵਰ ਸਪੀਡ ਨਾਲ ਪੁਲੀਸ ਤੋਂ ਚਾਰਜ ਲੁਆ ਕੇ, ਟਿੱਕਟਾਂ ਲੈ ਕੇ, ਵੱਡੇ ਜੁਰਮਾਨੇ ਭਰਕੇ, ਕੋਲ ਲਾਇਸੈਂਸ ਵੀ ਨਹੀਂ ਬਚਦਾ। ਹੈਪੀ ਦੇ ਵੀ ਡਰਾਈਵਰ ਲਾਇਸੈਂਸ ਦੇ 8 ਵਿਚੋਂ 2 ਪੋਇੰਟ ਚਲੇ ਗਏ ਸਨ। ਜੋਤ ਕੋਲ 4 ਰਹਿੰਦੇ ਹਨ। ਜਿਸ ਦਿਨ ਅੱਠੇ ਚਲੇ ਗਏ। ਸਿਕੰਦਰ ਨੇ ਵੀ ਕਿਸੇ ਡਰਾਈਵਰ ਨੂੰ ਨਹੀਂ ਝੱਲਣਾ, ਦੂਰੋਂ ਸਤਿ ਸ੍ਰੀ ਅਕਾਲ ਬੁਲਾ ਕੇ, ਮੱਥਾ ਟੇਕ ਦੇਣਾ ਹੈ। ਇਸੇ ਤਰਾਂ ਕਈ ਸੜਕ ਤੇ ਆ ਗਏ ਸਨ। ਸਿਕੰਦਰ ਨੇ ਮੁੰਡੇ ਕੈਨੇਡਾ ਵਿੱਚ ਬੁਲਾ ਕੇ ਪੁੰਨ ਜਾਂ ਕੋਈ ਪਾਪ ਖੱਟਿਆ ਸੀ? ਮੁੰਡੇ ਕੈਨੇਡਾ ਵਿੱਚ ਆ ਕੇ, ਨਾਂ ਤਾਂ ਚੱਜ ਨਾਲ ਸੌਂ ਸਕਦੇ ਸਨ। ਕੰਮ ਕਰਕੇ ਵੀ ਕੁੱਝ ਨਹੀਂ ਖੱਟਦੇ ਸਨ। 24 ਘੰਟੇ ਟਰੱਕ ਹੀ ਉਨ੍ਹਾਂ ਦਾ ਘਰ ਸੀ। ਜਿੰਨਾ ਮੁੰਡਿਆਂ ਦਾ ਕੈਨੇਡਾ, ਅਮਰੀਕਾ ਸੁਪਨਾ ਸੀ। ਹੁਣ ਉਹ ਸੜਕਾਂ ਰਾਹ ਨਾਪਣ ਤੋਂ ਵੱਧ ਕੁੱਝ ਵੀ ਨਹੀਂ ਕਰਦੇ ਸੀ। ਸੁਆਦ ਦਾ ਖਾ ਨਹੀਂ ਸਕਦੇ ਹਨ। ਗੁਰਦੁਆਰੇ ਜਾਂ ਲੋਕਾਂ ਦੇ ਚੁਲਿਆਂ ਵੱਲ ਦੇਖਦੇ ਹਨ। ਹੋਟਲ ਦਾ ਨਾਂ ਤਾਂ ਹਰ ਰੋਜ਼ ਖਾ ਹੁੰਦਾ ਸੀ। ਨਾਂ ਜੇਬ ਝੱਲਦੀ ਸੀ। ਇੱਕੋ ਕੱਪੜੇ ਹਫ਼ਤਾ ਪਾਈ ਰੱਖਦੇ ਹਨ। ਕਿਹੜਾ ਪ੍ਰਦੇਸਾ ਵਿੱਚ ਕੱਪੜੇ ਧੋਣ ਨੂੰ ਮਾਂ ਬੈਠੀ ਹੈ?
ਕੈਨੇਡਾ ਤੋਂ ਜਾ ਕੇ, ਹੈਪੀ ਪੰਜਾਬ ਵਿੱਚ ਵਿਹਲਾ ਰਹਿੰਦਾ ਸੀ। ਮਰਜ਼ੀ ਨਾਲ ਸੌਂਦਾ, ਜਾਗਦਾ ਸੀ। ਕਦੇ ਬੀਹੀ ਵਿੱਚ ਤੁਰੇ ਹੀ ਜਾਂਦੇ ਨੂੰ ਲੋਕ ਮਿਲ ਪੈਂਦੇ ਸੀ। ਇਸ ਨੂੰ ਸਰਪੰਚ ਬੀਹੀ ਵਿੱਚ ਹੀ ਮਿਲਿਆ ਸੀ। ਉਸ ਨੇ ਦੱਸਿਆ, “ ਤੁਹਾਡੀ ਗੁਆਂਢਣ ਕੈਨੇਡਾ ਜਾ ਰਹੀ ਹੈ। ਮੈਨੂੰ ਨਾਲ ਲੈ ਕੇ ਜੋਤ ਦੀ ਮਾਂ ਠਾਣੇ ਗਈ ਸੀ। ਇਨਕੁਆਰੀ ਦੇ ਪੇਪਰ ਚਾਹੀਦੇ ਸੀ। ਉਹ ਕੈਨੇਡਾ ਜਾਣ ਦੇ ਪੇਪਰ ਬਣਾਂ ਰਹੀ ਹੈ। ਕਾਲਾ ਕੈਨੇਡਾ ਨਹੀਂ ਜਾਣਾ ਚਾਹੁੰਦਾ। ਆਵਾਰਾ ਗਰਦੀ ਕਰਨ ਵਾਲੇ ਬੰਦੇ ਦਾ ਕੰਮ ਨੂੰ ਕਿਥੇ ਜੀਅ ਕਰਦਾ ਹੈ? “ ਹੈਪੀ ਨੇ ਕਿਹਾ, “ ਸਾਡੇ ਲਈ ਚੰਗਾ ਹੀ ਹੈ। ਕੈਨੇਡਾ ਵਿੱਚ ਜਾ ਕੇ ਘਰ ਵਸਾਏਗੀ। ਕਦੇ ਤਾਂ ਘਰ ਦੀ ਰੋਟੀ ਪੱਕੀ ਮਿਲੇਗੀ। “  ਹੈਪੀ ਨੇ ਘਰ ਆ ਕੇ ਸਾਰਿਆਂ ਨੂੰ ਦੱਸਿਆ। ਉਸ ਦੀ ਮੰਮੀ ਨੇ ਕਿਹਾ, “ ਤੈਨੂੰ ਤਾਂ ਫ਼ਾਇਦਾ ਹੋ ਗਿਆ। ਮੈਨੂੰ ਫ਼ਿਕਰ ਸੀ। ਦੋ ਅਟੈਚੀ ਕਿਥੇ ਸੰਭਾਲੇਗਾ? ਹੁਣ ਸੁਖਵਿੰਦਰ ਕੋਲ ਅਟੈਚੀ ਰੱਖ ਦੇਵੀ। “ “  ਅਟੈਚੀ ਤਾਂ ਟਰੱਕ ਵਿੱਚ ਹੀ ਰੱਖਣੇ ਪੈਣੇ ਹਨ। ਮੈਨੂੰ ਲੱਗਦਾ, ਚਾਚੀ ਟਰਾਂਟੋ ਜਾ ਕੇ ਹੀ ਰਹੇਗੀ। ਉੱਥੇ ਹੀ ਟਰੱਕਾਂ ਦਾ ਕੰਮ ਜ਼ਿਆਦਾ ਹੁੰਦਾ ਹੈ। ਸਿਕੰਦਰ ਵੀ ਉੱਥੇ ਜਾਂਦਾ ਰਹਿੰਦਾ ਹੈ। “
ਹੈਪੀ ਨੂੰ ਕੈਨੇਡਾ ਵਿੱਚ ਸੁੱਤੇ ਪਏ ਨੂੰ ਕਦੇ ਅਲਾਰਮ ਦੀ ਟਨ-ਟਨ ਜਗਾ ਦਿੰਦੀ ਸੀ। ਕਦੇ ਸਿਕੰਦਰ ਦਾ ਫ਼ੋਨ ਜਗਾ ਦਿੰਦਾ ਸੀ। ਕਈ ਬਾਰ ਤਾਂ ਅੱਖ ਲੱਗਦੀ ਹੀ ਸੀ। ਟਰੱਕ ਮਾਲਕ ਫ਼ੋਨ ਕਰਕੇ ਕਹਿੰਦਾ ਸੀ, “ ਕਿਥੇ ਕੁ ਪਹੁੰਚ ਗਏ? ਕੀ ਗੱਲ ਮਾਲ ਲਾਹੁਣ ਨੂੰ ਲੇਟ ਹੋ ਗਏ? “ “ ਜੀ ਸੌਂ ਰਿਹਾ ਹਾਂ। ਅਜੇ ਤਾਂ ਅੱਖ ਵੀ ਨਹੀਂ ਲੱਗੀ ਸੀ। 13 ਘੰਟੇ ਗੱਡੀ ਚਲਾਈ ਹੈ। “ “ ਕੀ ਸੁੱਤੇ ਹੀ ਰਹਿਣਾ ਹੈ? ਕੋਈ ਕੰਮ ਵੀ ਕਰ ਲਵੋ। ਕਈ ਬਾਰ ਕਿਹਾ, “ ਦੋਨੇਂ ਡਰਾਈਵਰ 6 ਜਾਂ 8 ਘੰਟੇ ਹੀ ਟਰੱਕ ਚਲਾਇਆ ਕਰੋ। ਓਵਰ ਲੀਮਟ ਦਾ ਜੇ ਜਰਮਨਾਂ ਪੁਲੀਸ ਨੇ ਪਾ ਦਿੱਤਾ। ਆਪੇ ਭਰਦੇ ਰਿਹੋ। ਮੈਂ ਜ਼ੁੰਮੇਵਾਰ ਨਹੀਂ ਹਾਂ। ਦੂਜਾ ਡਰਾਈਵਰ ਗੱਡੀ ਚਲਾ ਰਿਹਾ ਹੈ। ਜਾਂ ਦਿਨੇ ਗੱਡੀ ਲਾ ਕੇ, ਹੋਟਲ ਵਿੱਚ ਐਸ਼ ਕਰਦੇ ਹੋ। ਫਾਲਣੇ ਥਾਂ ਤੋਂ ਮਾਲ ਲੋਡ ਕਰ ਲਵੋ। ਛੇਤੀ ਜਾ ਕੇ, ਟਰੱਕ ਤੋਂ ਮਾਲ ਉਤਾਰ ਦੇਵੋ। ਤੇਲ ਪੁਆ ਲਵੋ। ਟਰੱਕ ਧੋ ਲਵੋ। “  ਨਾਂ ਚਾਹੁੰਦਿਆਂ ਵੀ ਉਸ ਦੇ ਬੋਲ ਸੁਣਨੇ ਪੈਂਦੇ ਸਨ।

ਲੇਖਕ : ਸਤਵਿੰਦਰ ਕੌਰ ਸਤੀ ਹੋਰ ਲਿਖਤ (ਇਸ ਸਾਇਟ 'ਤੇ): 32
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :804

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ