ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਕਾਸ਼! ਇਨ੍ਹਾਂ ਨੂੰ ਸਿੱਖ ਵਿਰਾਸਤ ਦੀ ਗੁੜ੍ਹਤੀ ਮਿਲੀ ਹੁੰਦੀ?

ਹਾਲਾਂਕਿ ਨੀਲਾਤਾਰਾ ਸਾਕੇ ਨੂੰ ਵਾਪਰਿਆਂ ਤੀਹ ਵਰ੍ਹਿਆਂ ਦਾ ਲੰਮਾਂ ਸਮਾਂ ਬੀਤ ਚੁਕਾ ਹੈ, ਫਿਰ ਵੀ ਸਿੱਖਾਂ ਦੇ ਦਿਲਾਂ ਵਿੱਚ ਇਸਦੀ ਯਾਦ ਹਾਲੇ ਕਲ੍ਹ ਹੀ ਵਾਪਰੀ ਘਟਨਾ ਵਾਂਗ ਤਾਜ਼ਾ ਬਣੀ ਚਲੀ ਆ ਰਹੀ ਹੈ। ਜਦੋਂ ਕਦੀ ਵੀ ਇਸਦੀ ਯਾਦ ਆਉਂਦੀ ਹੈ, ਤਾਂ ਸਾਰੇ ਸਰੀਰ ਵਿੱਚ ਇੱਕ ਕਾਂਬਾ-ਜਿਹਾ ਛਿੜ ਜਾਂਦਾ ਹੈ। ਦਰਬਾਰ ਸਾਹਿਬ ਕੰਪਲੈਕਸ ਪੁਰ ਤੋਪਾਂ ਨਾਲ ਲੈਸ ਟੈਂਕ ਇਸ ਤਰ੍ਹਾਂ ਚਾੜ੍ਹੇ ਗਏ ਜਿਵੇਂ ਉਥੋਂ ਕਿਸੇ ਵਿਦੇਸ਼ੀ ਹਮਲਾਵਰ ਨੂੰ ਖਦੇੜਿਆ ਜਾਣਾ ਹੋਵੇ। ਇਸ ਕਾਰਵਾਈ ਦੇ ਦੌਰਾਨ ਅੰਧਾ-ਧੁੰਧ ਗੋਲੀਆਂ ਚਲਾਈਆਂ ਗਈਆਂ ਤੇ ਤੋਪਾਂ ਦੇ ਗੋਲੇ ਵਰਸਾਏ ਗਏ। ਜਿਸਦੇ ਫਲਸਰੂਪ ਹਜ਼ਾਰਾਂ ਬੇਗੁਨਾਹ ਔਰਤਾਂ, ਬੱਚੇ-ਬੂਢੇ ਅਤੇ ਜਵਾਨ ਸ਼ਹੀਦ ਹੋ ਗਏ। ਪਿਆਰ ਅਤੇ ਸ਼ਾਂਤੀ ਦੇ ਸੰਦੇਸ਼-ਵਾਹਕ ਸ੍ਰੀ ਦਰਬਾਰ ਸਾਹਿਬ ਦੀਆਂ ਦੀਵਾਰਾਂ ਪੁਰ ਗੋਲੀਆਂ ਦੀ ਬੁਛਾੜ ਕੀਤੀ ਗਈ, ਮੀਰੀ-ਪੀਰੀ ਦੇ ਪ੍ਰਤੀਕ ਅਕਾਲ ਤਖਤ ਨੂੰ ਤੋਪਾਂ ਦੇ ਗੋਲਿਆਂ ਦੀ ਮਾਰ ਨਾਲ ਢਾਹ-ਢੇਰੀ ਕਰ ਦਿੱਤਾ ਗਿਆ। ਜਿਸ ਕਿਸੇ ਸਿੱਖ ਨੇ ਇਸ ਸਬੰਧ ਵਿੱਚ ਸੁਣਿਆ, ਭਾਵੇਂ ਉਹ ਦੇਸ਼ ਜਾਂ ਵਿਦੇਸ਼ ਦੇ ਕਿਸੇ ਵੀ ਕੋਨੇ ਵਿੱਚ ਰਹਿ ਰਿਹਾ ਸੀ, ਉਸਦਾ ਸੀਨਾ ਲੂਹਿਆ ਗਿਆ ਅਤੇ ਉਹ ਖੂਨ ਦੇ ਅਥਰੂ ਰੋ ਉਠਿਆ।
ਜਦੋਂ ਵੀ ਜੂਨ ਦਾ ਮਹੀਨਾ ਆਉਂਦਾ ਹੈ, ਇਹ ਆਸ ਕੀਤੀ ਜਾਣ ਲਗਦੀ ਕਿ ਇਸ ਵਾਰ ਤਾਂ ਹਰਿਮੰਦਿਰ ਸਾਹਿਬ ਕੰਪਲੈਕਸ ਵਿੱਚ ਨੀਲਾਤਾਰਾ ਸਾਕੇ ਦੀ ਯਾਦ ਜ਼ਰੂਰ ਹੀ ਸ਼ਰਧਾ, ਸ਼ਾਂਤੀ ਅਤੇ ਪਿਆਰ ਦੇ ਵਾਤਾਵਰਣ ਵਿੱਚ ਮਨਾਈ ਜਾਇਗੀ। ਧਾਰਮੱਕ ਮਾਨਤਾਵਾਂ ਅਨੁਸਾਰ ਅਰਦਾਸ ਅਤੇ ਨਾਮ ਸਿਮਰਨ ਕਰ ਸ਼ਹੀਦਾਂ ਪ੍ਰਤੀ ਸ਼ਰਧਾਂਜਲੀ ਭੇਂਟ ਕੀਤੀ ਜਾਇਗੀ। ਪ੍ਰੰਤੂ ਹਰ ਵਾਰ ਇਹ ਵੇਖ-ਸੁਣ ਸੀਨਾ ਲੂਹਿਆ ਜਾਂਦਾ ਹੈ ਕਿ ਇਸ ਵਾਰ ਵੀ ਹਮੇਸ਼ਾਂ ਵਾਂਗ ਇੱਕ ਪਾਸੇ ਤਾਂ ਨੀਲਾਤਾਰਾ ਸਾਕੇ ਦੀ ਯਾਦ ਕਰ ਆਮ ਸਿੱਖ ਖੂਨ ਦੇ ਅਥਰੂ ਰੋ ਰਿਹਾ ਹੈ ਅਤੇ ਦੂਜੇ ਪਾਸੇ ਸ੍ਰੀ ਅਕਾਲ ਤਖਤ ਪੁਰ ਨੀਲਾਤਾਰਾ ਸਾਕੇ ਵਿੱਚ ਹੋਏ ਸ਼ਹੀਦਾਂ ਦੀ ਯਾਦ ਮਨਾਉਣ ਦਾ 'ਨਾਟਕ' ਕਰ ਸਿੱਖਾਂ ਦੇ ਸਭ ਤੋਂ ਵੱਧ ਸ਼ੁਭਚਿੰਤਕ ਹੋਣ ਦੇ ਦਾਅਵੇਦਾਰ, ਆਪਣੇ ਰਾਜਸੀ ਸਵਾਰਥ ਦੀਆਂ ਰੋਟੀਆਂ ਸੇਂਕਣ ਦੇ ਉਦੇਸ਼ ਨਾਲ ਤਲਵਾਰਾਂ ਅਤੇ ਡਾਂਗਾਂ ਲਹਿਰਾ, ਇੱਕ ਦੂਜੇ ਦੇ ਖੂਨ ਦੇ ਪਿਅਸੇ ਵਿਖਾਈ ਦੇ ਰਹੇ ਸਨ। ਉਨ੍ਹਾਂ ਨੂੰ ਨਾ ਤਾਂ ਸ੍ਰੀ ਦਰਬਾਰ ਸਾਹਿਬ ਅਤੇ ਨਾ ਹੀ ਸ੍ਰੀ ਅਕਾਲ ਤਖਤ ਦੇ ਮਾਣ-ਸਤਿਕਾਰ ਦੀ ਚਿੰਤਾ ਸੀ ਅਤੇ ਨਾ ਹੀ ਜਾਗਤ-ਜੋਤਿ ਦਸਾਂ ਗੁਰੂ ਸਾਹਿਬਾਂ ਦੇ ਜੋਤਿ-ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਹੀ ਖਿਆਲ ਰਿਹਾ। ਇਨ੍ਹਾਂ ਹਾਲਾਤ ਵਿੱਚ ਜੇ ਉਨ੍ਹਾਂ ਨੂੰ ਕਿਸੇ ਗਲ ਦੀ ਚਿੰਤਾ ਰਹਿੰਦੀ ਤਾਂ ਕੇਵਲ ਇਸ ਗਲ ਦੀ ਕਿ ਕਿਧਰੇ ਉਨ੍ਹਾਂ ਦੀ ਤਲਵਾਰ ਜਾਂ ਡਾਂਗ ਦੀ ਮਾਰ ਤੋਂ ਕੋਈ ਬਚ ਤਾਂ ਨਹੀਂ ਗਿਆ।
ਹਰ ਵਰ੍ਹੈ ਇਹ ਸਭ ਕੁਝ ਹੁੰਦਾ ਵੇਖ-ਸੁਣ ਖੂਨ ਦੇ ਅਥਰੂ ਰੋ ਰਹੇ ਸਿੱਖਾਂ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ ਅਤੇ ਉਹ ਦਿਲ-ਹੀ-ਦਿਲ ਇਹ ਸੋਚਣ ਨੂੰ ਮਜਬੂਰ ਹੋ ਜਾਂਦੇ ਹਨ ਕਿ ਕਾਸ਼! ਇਨ੍ਹਾਂ ਦੀਆਂ ਮਾਂਵਾਂ ਨੇ ਇਨ੍ਹਾਂ ਦੇ ਜਨਮ ਦੇ ਸਮੇਂ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਦੀ ਵਿਰਾਸਤ ਦੀ ਗੁੜ੍ਹਤੀ ਦਿੱਤੀ ਹੁੰਦੀ, ਜਿਸ ਨਾਲ ਇਨ੍ਹਾਂ ਨੂੰ ਪਤਾ ਹੁੰਦਾ ਕਿ ਉਨ੍ਹਾਂ ਸਿੱਖਾਂ ਦੇ ਦਿਲਾਂ ਵਿੱਚ ਆਪਣੇ ਗੁਰਧਾਮਾਂ ਪ੍ਰਤੀ ਕਿਤਨੇ ਸਨਮਾਨ ਅਤੇ ਸ਼ਰਧਾ ਦੀ ਭਾਵਨਾ ਹੁੰਦੀ ਸੀ, ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰ, ਇੱਕ ਪਾਸੇ ਤਾਂ ਸਮੁਚਾ ਸਿੱਖ ਜਗਤ ਸਵੇਰੇ-ਸ਼ਾਮ ਦੋਵੇਂ ਸਮੇਂ ਅਰਦਾਸ ਕਰ ਉਨ੍ਹਾਂ ਪ੍ਰਤੀ ਸ਼ਰਧਾ ਦੇ ਫੁਲ ਭੇਂਟ ਕਰਦਾ ਚਲਿਆ ਆ ਰਿਹਾ ਹੈ ਤੇ ਦੂਜੈ ਪਾਸੇ ਅਖੌਤੀ ਸਿੱਖ ਨੇਤਾ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ ਵਟਣ ਲਈ ਥਰਲੋਮਛੀ ਹੋਣ ਵਿੱਚ ਵੀ ਕਿਸੇ ਤਰ੍ਹਾਂ ਦੀ ਸ਼ਰਮ ਤਕ ਮਹਿਸੂਸ ਨਹੀਂ ਕਰਦੇ। ਸਿੱਖਾਂ ਦੇ ਦਿਲ ਵਿੱਚ ਆਪਣੇ ਗੁਰਧਾਮਾਂ ਪ੍ਰਤੀ ਕਿਤਨੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ ਸੀ, ਸਿੱਖ ਇਤਿਹਾਸ ਵਿੱਚ ਉਸ ਨਾਲ ਸਬੰਧਤ ਇੱਕ ਘਟਨਾ ਦਾ ਜ਼ਿਕਰ ਇਸ ਤਰ੍ਹਾਂ ਆਉਂਦਾ ਹੈ : 'ਉਹ ਸਮਾਂ ਸੀ ਜਦੋਂ ਪੰਜਾਬ ਵਿੱਚ ਸਿੱਖ ਮਿਸਲਾਂ ਦਾ ਦਬਦਬਾ ਸੀ, ਫਿਰ ਵੀ ਇਕ-ਦੂਸਰੇ ਦੀ ਆਪਣੇ ਤੋਂ ਵੱਧ ਚੜ੍ਹਤ ਵੇਖ ਮਿਸਲਾਂ ਦੇ ਕੁਝ ਸਰਦਾਰਾਂ ਵਿੱਚ ਈਰਖਾਂ ਦੀ ਭਾਵਨਾ ਇਤਨੀ ਪ੍ਰਬਲ ਹੋ ਜਾਂਦੀ ਕਿ ਉਹ ਕਈ ਵਾਰ ਸਿਰ-ਵਢਵੇਂ ਵੈਰ ਵਿੱਚ ਬਦਲ ਜਾਂਦੀ। ਜਦੋਂ ਕਦੀ ਉਨ੍ਹਾਂ ਦਾ ਆਹਮੋ-ਸਾਹਮਣਾ ਹੁੰਦਾ ਤਾ ਉਹ ਇਕ-ਦੂਜੇ ਦਾ ਸਿਰ ਕਲਮ ਕਰਨ ਤੇ ਉਤਾਰੂ ਹੋ ਜਾਂਦੇ। ਇਕ ਬਵਾਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰ ਜਾਂਦੇ ਅਤੇ ਦਰਸ਼ਨ ਕਰ ਬਾਹਰ ਆਉਂਦੇ ਸਮੇਂ ਅਜਿਹੇ ਹੀ ਦੋ ਸਰਦਾਰਾਂ ਦਾ ਆਹਮੋ-ਸਾਹਮਣਾ ਹੋ ਗਿਆ। ਦੋਹਾਂ ਦੀਆਂ ਅੱਖਾਂ ਚਾਰ ਹੋਈਆਂ, ਉਨ੍ਹਾਂ ਦੇ ਸਾਥੀਆਂ ਦੇ ਦਿਲਾਂ ਦੀ ਧੜਕਣ ਤੇਜ਼ ਹੋ ਗਈ, ਉਨ੍ਹਾਂ ਨੂੰ ਜਾਪਿਆ ਕਿ ਬਸ, ਦੋਹਾਂ ਦੀਆਂ ਤਲਵਾਰਾਂ ਮਿਆਨ ਵਿਚੋਂ ਨਿਕਲ ਆਪੋ ਵਿੱਚ ਟਕਰਾਈਆਂ ਕਿ ਟਕਰਾਈਆਂ। ਪ੍ਰੰਤੂ ਉਨ੍ਹਾਂ ਨੂੰ ਇਹ ਵੇਖ ਹੈਰਾਨੀ ਹੋਈ ਕਿ ਦੋਹਾਂ ਨੈ ਆਪੋ-ਆਪਣੀਆਂ ਤਲਵਾਰਾਂ ਮਿਆਨ ਵਿਚੋਂ ਕਢਣ ਦੀ ਬਜਾਏ ਅਗੇ ਵਧ ਇੱਕ-ਦੂਜੇ ਨੂੰ ਗਲੇ ਲਾ, ਆਪਣੀਆਂ ਬਾਹਵਾਂ ਜਕੜ ਲਿਆ। ਦੋਹਾਂ ਦੀਆਂ ਅੱਖਾਂ ਵਿਚੋਂ ਅ-ਰੁਕ ਅਥਰੂ ਵਹਿ ਰਹੇ ਸਨ। ਕਾਫੀ ਦੇਰ ਬਾਅਦ ਉਹ ਇੱਕ-ਦੂਜੇ ਤੋਂ ਵੱਖ ਹੋਏ ਅਤੇ ਉਨ੍ਹਾਂ ਨੇ ਹੈਰਾਨ ਹੋ ਰਹੇ ਆਪਣੇ ਸਾਥੀਆਂ ਨੂੰ ਭਰੇ ਹੋਏ ਗਲੇ ਨਾਲ ਕਿਹਾ ਕਿ ਜੇ ਸਾਡਾ ਵੈਰ ਪਿਆਰ ਅਤੇ ਸਦਭਾਵਨਾ ਦੇ ਪ੍ਰਤੀਕ ਹਰਿਮੰਦਿਰ ਦੇ ਕੰਪਲੈਕਸ ਵਿੱਚ ਆ ਅਥਰੂਆਂ ਵਿੱਚ ਨਹੀਂ ਵਹੇਗਾ ਤਾਂ ਹੋਰ ਕਿਥੇ ਵਹੇਗਾ? ਇਹ ਸੁਣ ਦੋਹਾਂ ਦੇ ਸਾਥੀ ਵੀ ਜੈਕਾਰਾ ਲਾ, ਇੱਕ-ਦੂਜੇ ਦੀਆਂ ਬਾਹਵਾਂ ਵਿੱਚ ਜਕੜੇ ਗਏ'। ਆਮ ਸਿੱਖਾਂ ਦਾ ਮੰਨਣਾ ਹੈ ਕਿ ਕਾਸ਼! ਉਸੇ ਹਰਿਮੰਦਿਰ ਸਾਹਿਬ ਦੇ ਕੰਪਲੈਕਸ ਵਿੱਚ ਇੱਕ-ਦੂਜੇ ਪੁਰ ਤਲਵਾਰਾਂ ਅਤੇ ਡਾਂਗਾਂ ਵਰ੍ਹਾਉਂਦੇ ਚਲੇ ਆ ਰਹੇ ਲੋਕਾਂ ਵਿੱਚ ਜ਼ਰਾ ਜਿਹੀ ਵੀ ਸ਼ਰਮ ਹੁੰਦੀ ਤਾਂ ਉਹ ਇਸ ਇਤਿਹਾਸਕ ਘਟਨਾ ਦੀ ਰੋਸ਼ਨੀ ਵਿੱਚ ਚੁਲੂ ਭਰ ਪਾਣੀ ਵਿੱਚ ਡੁਬ ਮਰਦੇ।
ਹੈਰਾਨੀ ਦੀ ਗਲ ਤਾਂ ਇਹ ਵੀ ਹੈ ਕਿ ਚਾਹੀਦਾ ਤਾਂ ਇਹ ਸੀ ਕਿ ਹਰਿਮੰਦਿਰ ਸਾਹਿਬ ਦੇ ਕੰਪਲੈਕਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਪੁਰ ਹੋਈ ਇਸ ਦੁਖਦਾਈ ਘਟਨਾ ਤੇ ਸਮੁਚੇ ਸਿੱਖ-ਜਗਤ ਵਲੋਂ ਪਸ਼ਚਾਤਾਪ ਦਿਵਸ ਮਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰ ਖਿਮਾ-ਯਾਚਨਾ ਕੀਤੀ ਜਾਂਦੀ, ਪ੍ਰੰਤੂ ਇਸਦੇ ਵਿਰੁਧ ਹਰ ਕੋਈ ਇੱਕ-ਦੂਜੇ ਪੁਰ ਦੋਸ਼ ਲਾ ਕੇ ਅਪੋ-ਆਪਣੀ ਡਫਲੀ ਵਜਾ ਨਿਜੀ ਰਾਜਸੀ ਸਵਾਰਥ ਦੀਆਂ ਰੋਟੀਆਂ ਸੇਕਣ ਵਿੱਚ ਜੁਟਿਆ ਨਜ਼ਰ ਆਉਣ ਲਗਾ ਹੈ।
ਸ. ਕਾਲਕਾ ਬਣੇ ਸਕਤੱਰ ਜਨਰਲ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਨੇ ਸ. ਹਰਮੀਤ ਸਿੰਘ ਕਾਲਕਾ, ਜੋ ਬੀਤੇ ਕੁਝ ਵਰ੍ਹਿਆਂ ਤੋਂ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਕੌਮੀ ਸਕਤੱਰ ਜਨਰਲ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਨਿਭਾਂਦੇ ਚਲੇ ਆ ਰਹੇ ਸਨ, ਨੂੰ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸਕਤੱਰ ਜਨਰਲ ਦੇ ਅਹੁਦੇ ਪੁਰ ਨਿਯੁਕਤ ਕਰ ਉਨ੍ਹਾਂ ਦੀ ਯੋਗਤਾ ਦਾ ਲਾਭ ਉਠਾਣ ਦਾ ਫੈਸਲਾ ਕੀਤਾ ਹੈ। ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਸੂਤਰਾਂ ਅਨੁਸਾਰ ਸ. ਹਰਮੀਤ ਸਿੰਘ ਕਾਲਕਾ ਨੇ ਦਿੱਲੀ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਵਿੱਚ ਕਾਲਕਾਜੀ ਸੀਟ, ਜਿਸ ਪੁਰ ਭਾਜਪਾ ਦੀ ਜਿੱਤ ਸਦਾ ਹੀ ਸ਼ਕ ਦੇ ਘੇਰੇ ਵਿੱਚ ਰਹੀ, ਨੂੰ ਜਿਸਤਰ੍ਹਾਂ ਭਾਰੀ ਬਹੁਮਤ ਨਾਲ ਜਿੱਤ ਭਾਜਪਾ-ਅਕਾਲੀ ਗਠਜੋੜ ਦੀ ਝੋਲੀ ਵਿੱਚ ਪਾਣ ਵਿੱਚ ਸਫਲਤਾ ਹਾਸਿਲ ਕੀਤੀ, ਉਸ ਤੋਂ ਜ. ਮਨਜੀਤ ਸਿੰਘ ਜੀਕੇ ਨੂੰ ਵਿਸ਼ਵਾਸ ਬਝਾ ਹੈ ਕਿ ਸ. ਹਰਮੀਤ ਸਿੰਘ ਕਾਲਕਾ ਦਿੱਲੀ ਪ੍ਰਦੇਸ਼ ਵਿੱਚ ਦਲ ਨੁੰ ਨਵੀਂ ਦਿਸ਼ਾ ਦੇਣ ਵਿੱਚ ਉਨ੍ਹਾਂ ਲਈ ਪ੍ਰਭਾਵੀ ਸਹਾਇਕ ਸਾਬਤ ਹੋ ਸਕਦੇ ਹਨ।
…ਅਤੇ ਅੰਤ ਵਿੱਚ : ਬੀਤੇ ਦਿਨੀਂ ਕੁਝ ਵਿਦਵਾਨ ਸਜਣਾਂ ਨਾਲ ਸਿੱਖੀ ਦੀ ਢਹਿੰਦੀ ਕਲਾ ਬਾਰੇ ਚਰਚਾ ਹੋਈ ਤਾਂ ਉਨ੍ਹਾਂ ਵਿਚੋਂ ਇਕ ਸਜਣ ਨੇ ਕਿਹਾ ਕਿ ਸੱਚਈ ਇਹ ਹੈ ਕਿ ਧਰਮ, ਅਰਥਾਤ ਭਗਤੀ ਦਾ ਚਿੰਨ੍ਹ ਜੋ 'ੴ' ਹੈ, ਉਸ ਨੂੰ ਗੁਰੂ ਪੰਥ ਵਲੋਂ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੈ। ਉਸਦੀ ਥਾਂ 'ਤੇ ਰਾਜਸੀ (ਖੰਡੇ, ਚੱਕਰ ਤੇ ਕਿਰਪਾਨਾਂ ਵਾਲਾ) '' ਚਿੰਨ੍ਹ ਅਪਨਾ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਸ੍ਰੀ ਹਰਿਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਕਾਰ ਜੋ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਂਦੇ, ਨਿਸ਼ਾਨ ਸਾਹਿਬ ਲਗੇ ਹੋਏ ਹਨ, ਉਨ੍ਹਾਂ ਵਿੱਚੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਸ਼ਕਤੀ ਦਾ ਪ੍ਰਤੀਕ '', ਅਰਥਾਤ ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ ਚਿੰਨ੍ਹ, ਅਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਧਰਮ (ਭਗਤੀ) ਦਾ ਪ੍ਰਤੀਕ 'ੴ' ਚਿੰਨ੍ਹ ਹੋਇਆ ਕਰਦਾ ਸੀ। ਇਹ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ ਕੁਝ ਉਚਾ ਹੈ। ਜਿਸਦਾ ਭਾਵ ਇਹ ਹੈ ਕਿ ਸ਼ਕਤੀ, ਭਗਤੀ ਦੇ ਅਧੀਨ ਹੈ, ਅਰਥਾਤ ਸ਼ਕਤੀ, ਜਿਸਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੀ ਵਰਤੋਂ ਭਗਤੀ, ਜਿਸਨੂੰ ਧਰਮ ਕਿਹਾ ਜਾਂਦਾ ਹੈ, ਦੀਆਂ ਮਾਨਤਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਦੋਂ ਸ੍ਰੀ ਹਰਿਮੰਦਿਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ 'ੴ' ਹਟਾ ਕੇ, ਉਸ ਪੁਰ ਵੀ '' (ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ) ਚਿੰਨ੍ਹ ਸਥਾਪਤ ਕਰ ਦਿਤਾ ਗਿਆ ਹੈ। ਇਸਦਾ ਮਤਲਬ ਸਪਸ਼ਟ ਹੈ ਕਿ ਭਗਤੀ (ਧਰਮ) ਦਾ ਚਿੰਨ੍ਹ ਅਲੋਪ ਹੋ ਗਿਆ ਹੈ, ਅਰਥਾਤ 'ਧਰਮ ਪੰਖਿ ਕਰ..' ਉੱਡ ਗਿਆ ਹੈ ਅਤੇ ਸ਼ਕਤੀ (ਰਾਜਨੀਤੀ) ਹੀ ਸ਼ਕਤੀ (ਰਾਜਨੀਤੀ) ਰਹਿ ਗਈ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜ ਸੰਸਾਰ ਭਰ ਵਿਚ ਹਜ਼ਾਰਾਂ ਇਤਿਹਾਸਕ ਅਤੇ ਗ਼ੈਰ-ਇਤਿਹਾਸਕ ਗੁਰਦੁਆਰੇ ਹਨ, ਉਨ੍ਹਾਂ ਵਿਚੋਂ ਸ਼ਾਇਦ ਹੀ ਕਿਸੇ ਉਤੇ ਭਗਤੀ (ਧਰਮ) ਦੇ ਪ੍ਰਤੀਕ ਚਿੰਨ੍ਹ 'ੴ' ਵਾਲਾ ਨਿਸ਼ਾਨ ਸਾਹਿਬ ਝੂਲਦਾ ਵਿਖਾਈ ਦਿੰਦਾ ਹੋਵੇ? ਇਸਦੇ ਨਾਲ ਹੀ ਉਨ੍ਹਾਂ ਪੁਛਿਆ ਕਿ ਜਦੋਂ ਚੜ੍ਹਦੀਕਲਾ ਦੇ ਆਧਾਰ ਭਗਤੀ (ਧਰਮ) ਦੇ ਚਿੰਨ੍ਹ 'ੴ' ਨੂੰ ਹੀ ਪੂਰੀ ਤਰ੍ਹਾਂ ਵਿਸਾਰ ਦਿਤਾ ਗਿਆ ਹੈ ਤਾਂ ਚੜ੍ਹਦੀਕਲਾ ਰਹਿ ਕਿਥੇ ਜਾਇਗੀ?

ਲੇਖਕ : ਜਸਵੰਤ ਸਿੰਘ 'ਅਜੀਤ' ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1181

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ