ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਖਬਰਾਂ !!

ਜਦ ਵੀ ਦੇਸ਼ ਪੰਜਾਬੋਂ ਖਬਰਾਂ ਆਈਆਂ ਨੇ ।
ਜੁੜੀਆਂ ਰੂਹਾਂ ਜੜ੍ਹਾਂ ਨਾਲ, ਤੜਪਾਈਆਂ ਨੇ ।।
ਜਿਨ੍ਹਾਂ ਲਈ ਉਹ ਜਿੰਦ ਤਲੀ ਤੇ ਰੱਖਦਾ ਸੀ,
ਉਨ੍ਹਾਂ ਉਸਦੀਆਂ ਤਲੀਆਂ ਹੀ ਕਟਵਾਈਆਂ ਨੇ ।
ਆਪਣਿਆਂ ਨੇ ਦਸਤਾ ਬਣ ਕੁਲਹਾੜੀ ਦਾ,
ਭੂਮੀਕਾਵਾਂ ਵੱਢਣ ਦੀਆਂ ਨਿਭਾਈਆਂ ਨੇ ।
ਲਟਕਣ ਦੇ ਲਈ ਰੱਸੇ ਵੱਟਦਾ ਫਿਰਦਾ ਹੈ,
ਅੱਨ ਦਾਤੇ ਦੀਆਂ ਆਂਤਾਂ ਵੀ ਕੁਮਲਾਈਆਂ ਨੇ ।
ਜਿਹੜੀ ਧਰਤੀ ਸੋਨਾ ਉਗਲਣ ਵਾਲੀ ਸੀ,
ਉਸਦੀ ਗਰਭ ’ਚ ਕੈਂਸਰ ਦੀਆਂ ਪਰਛਾਈਆਂ ਨੇ ।
ਹਰ ਪਲ ਓਥੇ ਸੱਚ ਨੂੰ ਫਾਂਸੀ ਲੱਗਦੀ ਹੈ,
ਠੱਗੀ ਬੇਈਮਾਨੀ ਲੈਣ ਵਧਾਈਆਂ ਨੇ ।
ਜਿੱਥੇ ਕਿਧਰੇ ਬਣਦੇ ਹੱਕ ਜੋ ਮੰਗਦਾ ਹੈ,
ਓਥੇ ਹੀ ਸਰਕਾਰਾਂ ਡਾਂਗਾਂ ਵਾਹੀਆਂ ਨੇ ।

ਧਰਮ ਮਜ਼ਹਬ ਜੋ ਔਕੜ ਵਿੱਚ ਰਾਹ ਦੱਸਦੇ ਸੀ,
ਅੱਜ ਕਰਦੇ ਭਟਕਾਵਣ ਲਈ ਅਗਵਾਈਆਂ ਨੇ ।
ਹਰ ਬੰਦਾ ਹੀ ਬਗਲਾ ਬਣਿਆ ਬੈਠਾ ਹੈ,
ਡੱਡੀ ਨੱਪਣ ਖਾਤਿਰ ਜੁਗਤਾਂ ਲਾਈਆਂ ਨੇ ।
ਨਾਮ ਖੁਮਾਰੀ ਜਿੱਥੇ ਗੁਰੂਆਂ ਵੰਡੀ ਸੀ,
ਅੱਜ ਕਲ ਓਥੇ ਕਰੀਆਂ ਨਸ਼ੇ ਤਬਾਹੀਆਂ ਨੇ ।
ਔਰਤ ਤੇ ਜੁਲਮਾਂ ਵਿੱਚ ਲੋਕੀਂ ਮੋਹਰੀਂ ਨੇ,
ਇਖਲਾਕੋਂ ਗਿਰੀਆਂ ਖ਼ਬਰਾਂ ਹੀ ਹੁਣ ਛਾਈਆਂ ਨੇ ।
ਜੇਕਰ ਖ਼ਬਰਾਂ ਵਾਲਾ ਇਹੋ ਹਾਲ ਰਿਹਾ,
ਆਉਂਦੇ ਪੂਰਾਂ ਵਿੱਚ ਪੈ ਜਾਣੀਆਂ ਖਾਈਆਂ ਨੇ ।
ਰਿਸ਼ਤਿਆਂ ਲਈ ਵੀ ਬੱਚਿਆਂ ਓਥੇ ਜਾਣਾ ਨਾ,
ਕਲਮਾਂ ਵਾਲੇ ਮੁੜ-ਮੁੜ ਦੇਣ ਦੁਹਾਈਆਂ ਨੇ ।

ਲੇਖਕ : ਗੁਰਮੀਤ ਸਿੰਘ 'ਬਰਸਾਲ' ਹੋਰ ਲਿਖਤ (ਇਸ ਸਾਇਟ 'ਤੇ): 37
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :668
ਲੇਖਕ ਬਾਰੇ
ਆਪ ਜੀ ਵਿਦੇਸ਼ ਵਿੱਚ ਰਹਿ ਕੇ ਵੀ ਕਾਫ਼ੀ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਹੋ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ