ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਵਿਰਸਾ

ਬੀਤੇ ਦੀਆਂ ਬਾਤਾਂ ਤੇ ਇੱਕ ਪੰਛੀਝਾਤ
ਖੀਸੇ ਵਿੱਚ ਗੋਲੀਆਂ ਪਾ ਖੜਕਾਉਂਦੇ ਹੁੰਦੇ ਸੀ,
ਗੋਲੀਆਂ ਖੇਡਦੇ ਲੋਈਆਂ ਖੇਸ ਗਵਾਉਂਦੇ ਹੁੰਦੇ ਸੀ।
ਅੱਧੀ ਅੱਧੀ ਰਾਤ ਤੱਕ ਕੁੜੀਆਂ ਮੁੰਡੇ ਖੇਡਦੇ ਸੀ,
ਧੜਮੱਚੜ ਪੂਰਾ ਰਲਮਿਲ ਅਸੀਂ ਮਚਾਉਂਦੇ ਹੰੁਦੇ ਸੀ।
ਫੱਟੀਆਂ ੳੁੱਤੇ ਗਾਚੀ ਲਾ ਕੇ ਪੋਚਿਆ ਕਰਦੇ ਸਾਂ,
ਧੁੱਪ ਦੇ ਵਿੱਚ ਘੁੰਮਾ ਕੇ ਉਹਨੂੰ ਸੁਕਾਉਂਦੇ ਹੁੰਦੇ ਸੀ।
ਦਰੀ ਦੇ ਝੋਲੇ ਹੰੁਦੇ ਸੀ ਕਿਤਾਬਾ ਪਾਉਣ ਲਈ,
ਪੜਕੇ ਵਾਪਸੀ ਚਰੀ ਦੀ ਪੰਡ ਲਿਆਉਂਦੇ ਹੁੰਦੇ ਸੀ।
ਘੁਲਾੜੀ ਉਤੇ ਜਾਅ ਤੱਤਾ ਤੱਤਾ ਗੁੜ ਸੀ ਖਾਈਦਾ,
ਵਾਪਸੀ ਵੇਲੇ ਗੰਨੇ ਘਰੀ ਲਿਆਉਂਦੇ ਹੁੰਦੇ ਸੀ।
ਨਹੀਂ ਸੀ ਬਜੁਰਗਾਂ ਦੀ ਗੱਲ ਦਾ ਕਦੇ ਬੁਰਾ ਮਨਾਈਦਾ,
ਮਹੀਆਂ ਪਿਆਉਂਦੇ ਟੋਭਿਆ ਦੇ ਵਿੱਚ ਨਹਾਂਉਂਦੇ ਹੁੰਦੇ ਸੀ।
ਮਖਾਨੇ ਖਿਲਾਂ ਸਕੂਲਾਂ ਦੇ ਵਿੱਚ ਜਾ ਕੇ ਖਾਂਦੇ ਸਾਂ,
ਕੈਂਚੀ ਸਾਈਕਲ ਸਿਖਣ ਲਈ ਚਲਾਉਂਦੇ ਹੁੰਦੇ ਸੀ।
ਕਦੇ ਕਦੇ ਸੀ ਰੇਡੀਓ ਉੱਤੇ ਖਬਰਾਂ ਸੁਣੀਦੀਆਂ,
ਸੈਲ ਡਾਉਨ ਹੋਣ ਤੇ ਧੁੱਪੇ ਸੁਕਣੇ ਪਾਉਂਦੇ ਹੁੰਦੇ ਸੀ।
ਐਂਟੀਨਾ ਘੁੰਮਾ ਕੇ ਸੀ ਲਹੌਰ ਦੀ ਰੇਂਜ ਫੜਾ ਲੈਣੀ,
ਟੀ.ਵੀ, ਵੀ.ਸੀ.ਆਰ ਕਿਰਾਏ ਉੱਤੇ ਲਿਆਉਂਦੇ ਹੁੰਦੇ ਸੀ।
ਰਾਹ ਵਿੱਚ ਪਏ ਸ਼ਰਾਬੀ ਵੀ ਸੀ ਆਮ ਹੀ ਵੇਖੀਦੇ,
ਬਾਪੁੂ ਹੋਰੀਂ ਚੁੱਕ ਕੇ ਘਰੇ ਪਚਾਉਂਦੇ ਹੁੰਦੇ ਸੀ।
ਨੱਕ ਬੰਦ ਕਰਕੇ ਖਾਲ ਦੇ ਵਿੱਚ ਸੀ ਛਾਲਾਂ ਲਾਈਦੀਆਂ,
ਬਰਸੀਮ ਨੂੰ ਤੋੜ ਕੇ ਪੀਪਣੀਆਂ ਅਸੀਂ ਵਜਾਉਂਦੇ ਹੁੰਦੇ ਸੀ।
ਸੰਤਰੇ ਵਾਲੀਆਂ ਗੋਲੀਆਂ ਲੈ ਕੇ ਜੇਬ ‘ਚ ਪਾ ਲੈਂਦੇ,
ਅਮਰੂਦ ਗਵਾਂਢ ਵਿੱਚੋ ਤੋੜ ਲਿਆਉਂਦੇ ਹੁੰਦੇ ਸੀ।
ਅੱਗੇ ਬਹਾਕੇ ਬਾਪੁੂ ਸਾਈਕਲ ਉੱਤੇ ਝੂਟੇ ਦੇ ਦਿੰਦਾ,
ਮੀਂਹ ਪੈਂਦੇ ਵਿੱਚ ਭੱਜ ਭੱਜ ਕੇ ਨਹਾਉਂਦੇ ਹੁੰਦੇ ਸੀ।
ਮੋਮ ਜਾਮੇ ਦੇ ਪਤੰਗ ਬਣਾ ਨਾਲ ਰੱਸੀ ਬੰਨ ਕੇ ਤੇ,
ਵਿੱਚ ਹਵਾ ਦੇ ਉਨਾਂ ਨੂੰ ਉਡਾਉਦੇ ਹੁੰਦੇ ਸੀ।
ਛੋਟੇ ਹੁੰਦਿਆਂ ਚਿਬੜ ਜਾ ਕੇ ਖੇਤੋ ਲੈ ਆਉਣੇ,
ਸਿਆਣਿਆਂ ਨੂੰ ਤਾਂ ਸਦਾ ਹੀ ਸੀਸ ਨਿਵਾਉਦੇ ਹੰੁਦੇ ਸੀ।
ਰਿਵਾਜ ਸੀ ਵਿਆਹਾਂ ਦੇ ਵਿੱਚ ਮੰਜੇ ਕੱਠੇ ਕਰਨੇ ਦਾ,
ਬੋਹੜਾਂ ਥੱਲੇ ਗਵੰਤਰੀ ਅਖਾੜੇ ਲਾਉਂਦੇ ਹੁੰਦੇ ਸੀ।
ਦੋ ਮੰਜਿਆਂ ਨੂੰ ਜੋੜ ਕੋਠੇ ਸਪੀਕਰ ਲਾ ਦੇਣਾ,
ਵਿਆਹਾਂ ਦੇ ਵਿੱਚ ਗਿੱਧੇ ਬੋਲੀਆਂ ਪਾਉਂਦੇ ਹੁੰਦੇ ਸੀ।
ਖੰਡ ਨੂੰ ਪਾ ਕੇ ਰੋਟੀ ਦੇ ਵਿੱਚ ਪੁੂਣੀ ਬਣਾ ਲੈਣੀ,
ਖੇਡਣ ਲਈ ਭੱਜ ਭੱਜ ਟਾਈਮ ਬਚਾਉਂਦੇ ਹੁੰਦੇ ਸੀ।
ਬੈਠਣ ਲਈ ਬੋਰੀ ਘਰੋਂ ਸਕੂਲ ਲਿਜਾਂਦੇ ਸਾਂ,
ਡੰਡੇ ਦੇ ਨਾਲ ਮਾਸਟਰ ਓਦੋ ਪੜਾਉਂਦੇ ਹੁੰਦੇ ਸੀ।
ਸੀ ਕਾਗਜ਼ ਉਤੇ ਲਿਖਕੇ ਚੋਣਵੇਂ ਗੀਤ ਭਰਾਈਦੇ,
ਮੰਗਵੀਂ ਰੀਲ ਡੈੱਕ ਦੇ ਵਿੱਚ ਚਲਾਉਂਦੇ ਹੁੰਦੇ ਸੀ।
ਚੌਂਕੇ ਚੁਲੇ ਕੋਠੇ ਵਿਹੜੇ ਸੀ ਲਿਪਦੇ ਮਿੱਟੀ ਨਾਲ,
ਕੰਧੋਲੀ ਉੱਤੇ ਘੁੱਗੀਆਂ ਮੋਰ ਬਣਾਉਂਦੇ ਹੁੰਦੇ ਸੀ।
ਇਕੱਠੇ ਪਰਿਵਾਰ ਬਹਿ ਸੀ ਦੁਖ ਸੁਖ ਕਰ ਲੈਂਦੇ,
ਖੂਹਾਂ ਉਤੋਂ ਪਾਣੀ ਭਰ ਲਿਆਉਂਦੇ ਹੁੰਦੇ ਸੀ।
ਆਉਂਦੀ ਸੀ ਠੁਕ ਠੁਕ ਪਿੰਡੋ ਬਾਹਰ ਅਵਾਜ਼ ਪੀਟਰ ਦੀ,
ਪਹਿਲੇ ਪਹਿਰ ਬਲਦੀਂ ਜੋਤਾ ਲਾਉਂਦੇ ਹੁੰਦੇ ਸੀ।
ਭਰਵਾਂ ਰੁੱਗ ਲਗਾਕੇ ਟੋਕਾ ਇਕੱਲੇ ਗੇੜਦੇ ਸਾਂ,
ਕੁਤਰੇ ਵਾਲੀ ਹੱਥੀਂ ਮਸ਼ੀਨ ਚਲਾਉਂਦੇ ਹੁੰਦੇ ਸੀ।
ਧੂੰਮੇ ਚਾਦਰੇ, ਸੰਮਾਂਵਾਲੀ ਡਾਂਗ ਸੀ ਸ਼ਾਨ ਪੰਜਾਬੀਆਂ ਦੀ,
ਖੁਲੀ ਮੋਹਰੀ ਵਾਲੀ ਪੈਂਟ ਸਵਾਉਂਦੇ ਹੁੰਦੇ ਸੀ।
ਰਿਵਾਜ ਰਿਹੈ ਪੱਗ ਨੂੰ ਮਾਵਾ ਲਾ ਕੇ ਬੰਨਣ ਦਾ,
ਕਲੱਕਤਿਓਂ ਚੀਰਾ ਸਿਫਾਰਸ਼ ਨਾਲ ਮੰਗਾਉਂਦੇ ਹੰੁਦੇ ਸੀ।
ਝੁੰਡ ਬੰਨ ਮੱਲਿਆਂ ਉਤੋ ਬੇਰ ਸੀ ਤੋੜ ਕੇ ਖਾ ਲੈਣੇ,
ਜੇਬਾਂ ਭਰਕੇ ਬੇਰ ਘਰੇ ਲਿਆਉਦੇ ਹੁੰਦੇ ਸੀ।
ਬਰਾਨੀ ਖੇਤਾਂ ਦੇ ਵਿੱਚੋਂ ਜਾਅ ਛੋਲੇ ਪੱਟ ਲੈਣੇ,
ਖੇਤਾਂ ਦੇ ਵਿੱਚ ਹੋਲਾਂ ਅਸੀਂ ਬਣਾਉਦੇ ਹੁੰਦੇ ਸੀ।
ਸਮੇਂ ਨੀ ਆਉਣੇ ਮੁੜਕੇ ਛੋਲੇ ਕਣਕ ਪੈਰੀ ਗਾਹਵਣ ਦੇ,
ਭੱਠੀਓਂ ਸ਼ਾਮੀ ਦਾਣੇ ਅਸੀਂ ਭਨਾਉਂਦੇ ਹੰੁਦੇ ਸੀ।
ਚੇਤਿਓਂ ਵੇਲਾ ਬਿਲਕੁੱਲ ਵੀ ਭੁੱਲਦਾ ਨਹੀਓ ਉਹ,
ਜਦੋਂ ਦੋਸਤ ਬਹਿਕੇ ਸੀਪ ਦੀ ਬਾਜੀ ਲਾਉਦੇ ਹੰੁਦੇ ਸੀ।
ਜੌਆਂ ਵਾਲੀ ਘਾਟ ਸੀ ਵੀਰੋ ਲੱਗਦੀ ਸਵਾਦ ਬੜੀ,
ਉਹਦੇ ਵਿੱਚ ਗੁੜ ਤਾ ਅਸੀਂ ਰਲਾਉਂਦੇ ਹੰੁਦੇ ਸੀ।
ਸਮੇਂ ਸੀ ਚੰਗੇ ਗੁਸਾ ਓਦੋ ਕੋਈ ਨਹੀਂ ਸੀ ਕਰਦਾ,
ਜੱਲੀਆਂ ਸਾਰੇ ਰਲਮਿਲ ਦੋਸਤ ਪਾਉਂਦੇ ਹੁੰਦੇ ਸੀ।
ਬੁਖਾਰ ਚੜੇ ਤੋਂ ਕਦੇ ਕਦੇ ਸੀ ਥੱਲੇ ਲਿਟ ਲੈਂਦੇ,
ਰਗੜੇ ਲਾ ਕੇ ਤਾਪ ਨੂੰ ਅਸੀਂ ਭਜਾਉਦੇ ਹੁੰਦੇ ਸੀ।
ਅਲੈਚੀ ਮਲੱਠੀ ਬਨੱਕਸ਼ਾਂ ਦਾ ਦੁਸ਼ਾਂਦਾ ਪੀ ਲੈਣਾ,
ਨਾ ਡਾਕਟਰ ਨੂੰ ਘਰੇ ਕਦੇ ਬੁਲਾਉਦੇ ਹੁੰਦੇ ਸੀ।
ਬਦਲ ਜਾਣਾ ਹੈ ਸੱਭ ਕੁੱਝ ਕਹਿਣਾ ਸੀ ਬਜੁਰਗਾਂ ਦਾ,
ਓਹ ਦੱਦਾਹੂਰੀਏ ਸ਼ਰਮੇ ਨੂੰ ਸਮਝਾਉਂਦੇ ਹੁੰਦੇ ਸੀ।

ਲੇਖਕ : ਜਸਵੀਰ ਸ਼ਰਮਾ ਦੱਦਾਹੂਰ ਹੋਰ ਲਿਖਤ (ਇਸ ਸਾਇਟ 'ਤੇ): 39
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1158
ਲੇਖਕ ਬਾਰੇ
ਆਪ ਜੀ ਦੇ ਲੇਖ ਪੰਜਾਬੀ ਅਖਬਾਰਾ ਵਿੱਚ ਆਮ ਛਪਦੇ ਰਹਿੰਦੇ ਹਨ। ਆਪ ਜੀ ਪੰਜਾਬੀ ਸੱਭਿਆਚਾਰ ਅਤੇ ਲੋਕ ਧਾਰਾਈ ਚਿਨ੍ਹਾ ਦੀ ਪਛਾਨਦੇਹੀ ਕਰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ