
ਸਦੀਆਂ ਪੁਰਾਣੀ ਮਾਂ
ਮੂੰਹ ਜ਼ੁਬਾਨ ਦੀ ਕਥਾ ਕਹਾਣੀ
ਤਵਾਰੀਖ਼ ਸੱਭਿਆਚਾਰ, ਸਾਹਿਤ ਅਤੇ ਸੰਗੀਤ ਦੀ
ਬਜ਼ੁਰਗਾਂ ਦੇ ਬੋਲ
ਡਿਉੜੀ ਦੀਆਂ ਖੂੰਡੇ ਸੋਟੇ ਦੀਆਂ ਝਿੜਕਾਂ
ਹਰਫ਼ਾਂ ਚ ਸੰਭਾਲੇ ਸ਼ਬਦ ਵਾਕ ਮੁਹਾਵਰੇ -
ਸੱਜਰੇ ਗੁੜ੍ਹ ਵਰਗੀ ਮਹਿਕ
ਲੋਰੀ ਗੁੜ੍ਹਤੀ ਬਾਤਾਂ ਦੀ ਰੰਗਤ
ਮਿੱਠੇ ਬੋਲਾਂ ਦੇ ਦਰਾਂ ਘਰਾਂ 'ਤੇ ਦੀਵੇ -
ਬਾਤਾਂ ਦਾਦੀ ਮਾਂ ਦੀਆਂ
ਮਿਹਨਤ ਪਸੀਨੇ ਦੀ ਪਗਡੰਡੀ-
ਮਹਿਕ ਸੱਥਾਂ ਭੱਠੀਆਂ ਦੀ
ਖੂਹਾਂ, ਬਨੇਰਿਆਂ 'ਤੇ ਗਾਉਂਦੀ ਰੌਣਕ ਪਿੰਡਾਂ ਦੀ
ਘੋੜੀਆਂ ਵੀਰ ਦੀਆਂ ਸੁਹਾਗ ਭੈਣਾਂ ਦੇ
ਮਿਰਜ਼ੇ ਦੀ ਹੇਕ
ਹਲਟ ਦਾ ਗੀਤ
ਹੇਕਾਂ ਖੇਤਾਂ ਦੀਆਂ
ਬੋਲ, ਸੁਪਨਿਆਂ ਸੋਚਾਂ ਨੂੰ ਉਣਨ ਵਾਲਾ ਖਰੋਸ਼ੀਆ
ਅਰਸ਼ ਰਿਸ਼ਮਾਂ ਦਾ ਸਿਰਨਾਵਾਂ
ਰੂਹ ਦੇ ਪਰ-
ਸ਼ਗਨ ਮੰਨਤਾਂ ਅਰਘ ਵਰਗੀ ਆਰਤੀ
ਸੰਵੇਦਨਾਵਾਂ ਮਨੋਭਾਵਾਂ ਦਾ ਰਾਹ ਦਿਲਾਸਾ
ਸਮਾਜ ਪਿਆਰ ਦਾ ਧਾਗਾ ਤਵੀਤ
ਵਿਰਸੇ ਦਾ ਹਾਣ,
ਸੁੱਚਾ ਮਾਣਕ, ਪੁਰਖਿਆਂ ਦਾ ਹੱਥ, ਘਨੇੜੀ
ਨਿੱਘੀ ਗੋਦ
ਜਿਊਣ ਦੀ ਹੈਂਕੜ
ਮੰਜ਼ਿਲਾਂ ਨੂੰ ਫ਼ੜਨ ਦਾ ਅਦਬ ਹੌਸਲਾ
ਨਿੱਕੇ ਦਿਉਰ ਭਰਜਾਈ ਦੀ ਅਣਬਣ
ਹਾਸਾ ਠੱਠਾ ਮਰਾਸੀ ਦਾ
ਸਿੱਠਣੀਆਂ ਵਰਗੀਆਂ ਲੰਬੀਆਂ ਬਾਹਾਂ
ਨਾਨਕੇ-ਦਾਦਕਿਆਂ ਦਾ ਛਰਾਟਾ
ਗੁਰੂਆਂ, ਭਗਤਾਂ ਦੇ ਸਲੋਕ
ਸਰੂਰ ਬਾਣੀ ਦਾ-
ਪਿੰਡਾਂ, ਸ਼ਹਿਰਾਂ ਦੀ ਰਹਿਤ
ਖੂਹਾਂ ਦਾ ਆਲਮ
ਹੁੰਗਾਰਾ ਪੰਜਾਬੀਆਂ ਦੀਆਂ ਫ਼ੜਾਂ ਗੱਲਾਂ ਦਾ
ਇਸ ਨਾਲ ਬੋਲਦੇ ਰਹਿਣਗੇ
ਗ੍ਰੰਥ,ਮੰਦਿਰ ਮਸਜਦਾਂ
ਕਿਤਾਬਾਂ ਚੁੱਪ ਹੋ ਜਾਣਗੀਆਂ
ਗੀਤ ਨਹੀਂ ਲੱਭਣੇ
ਅਸੀਸਾਂ ਅਤੇ ਦੁਆਵਾਂ ਗੁਆਚ ਜਾਣੀਆਂ
ਦਾਦੇ ਪੋਤੇ ਹੋ ਜਾਣਗੇ- ਗੂੰਗੇ
ਬੁੱਢੇ ਵਕਤਾਂ ਨਾਲ ਬੋਲ ਨਹੀਂ ਸਾਂਝੇ ਹੋਣੇ
ਮਾਂ ਹੈ ਤਾਂ ਪਿੰਡ ਬਚਪਨ ਤਰਨ ਕਾਗਤੀ ਬੇੜੀਆਂ
ਤਾਰੀਖ਼ ਜਿੰਦਾ
ਸ਼ਹਿਰਾਂ ਪਿੰਡ ਦੇ ਚਿਹਰੇ ਦਿਸਣ
ਪਿੰਡ ਪਛਾਣੇ ਜਾਣ ਇਹਦਾ ਨਾਂ ਲਏ
ਮਾਂ ਮਰ ਗਈ ਤਾਂ
ਸਿਵਿਆਂ ਦੀ ਰਾਖ ਬਣ ਜਾਵਾਂਗੇ
ਸਵਾਦਾਂ ਸੁਹਜਾਂ ਦਾ ਨਾਂ ਨਹੀਂ ਲਿਆ ਜਾਣਾ
ਚੂਰੀਆਂ ਦੀਆਂ ਲਜ਼ਤਾਂ ਨਹੀਂ ਲੱਭਣੀਆਂ
ਬੋਹੜ ਦੀ ਛਾਂ ਉਡੀਕੇਗੀ-
ਵੰਗਾਂ ਦੀ ਛਣ 2
ਘੁੰਢਾਂ ਦੇ ਅੰਗਿਆਰ ਨਹੀਂ ਦਿਸਣੇ ਜਗਦੇ-
ਲਾਲ ਚੂੜੇ ਛੁਪ ਜਾਣਗੇ-
ਸੰਗਾਂ ਸ਼ਰਮਾਂ ਟੋਲਣੀਆਂ ਪੈਣਗੀਆਂ-
ਮੌਲੀ ਮਹਿੰਦੀ ਉਲਝ ਜਾਵੇਗੀ
ਕੱਚੇ ਦੁੱਧ ਦੇ ਛੰਨੇ ਚ ਚੰਦ ਨਹੀਂ ਖੋਰ ਹੋਣੇ
![]() | ਲੇਖਕ : | ਡਾ. ਅਮਰਜੀਤ ਟਾਂਡਾ | ਹੋਰ ਲਿਖਤ (ਇਸ ਸਾਇਟ 'ਤੇ): | 10 |
ਲੇਖ ਦੀ ਲੋਕਪ੍ਰਿਅਤਾ | ![]() ![]() ![]() ![]() ![]() | ਰਚਨਾ ਵੇਖੀ ਗਈ : | 393 |