ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਲੋਕ ਕੀ ਕਹਿਣਗੇ?

ਮਨੁੱਖ ਪ੍ਰਮਾਤਮਾ ਦੇ ਹੁਕਮ ਨਾਲ ਹੀ ਇਸ ਧਰਤੀ ਤੇ ਆਉਂਦਾ ਹੈ ਅਤੇ ਉਸ ਦੇ ਹੁਕਮ ਨਾਲ ਹੀ ਇਸ ਧਰਤੀ ਤੋਂ ਵਿਦਾ ਹੁੰਦਾ ਹੈ। ਜੋ ਜਨਮਿਆ ਹੈ ਉਸ ਨੇ ਇਕ ਦਿਨ ਮਰਨਾ ਹੈ, ਇਹ ਨਿਸਚਿਤ ਹੈ। ਇਹ ਇਕ ਅਟੱਲ ਸੱਚਾਈ ਹੈ ਕਿ ਬੰਦੇ ਦਾ ਇਸ ਧਰਤੀ ਤੇ ਆਉਣ ਤੋਂ ਨੋਂ ਮਹੀਨੇ ਪਹਿਲਾਂ ਇਸ਼ਾਰਾ ਮਿਲ ਜਾਂਦਾ ਹੈ ਪਰ ਜਾਣ ਦਾ ਪਤਾ ਇਕ ਮਿੰਟ ਪਹਿਲਾਂ ਵੀ ਨਹੀਂ ਲਗਦਾ। ਜਿਵੇਂ ਪਾਣੀ ਦਾ ਬੁਲਬਲਾ ਫੁੱਟ ਗਿਆ, ਬਸ ਖਤਮ। ਇਕ ਪਲ ਬੰਦਾ ਹੈ ਦੂਸਰੇ ਪਲ ਨਹੀਂ। ਸਭ ਖਤਮ। ਉਸੇ ਸਮੇਂ ਲੋਕ ਪੁੱਛਣ ਲਗ ਪੈਂਦੇ ਹਨ ਕਿ ਸਸਕਾਰ ਕਿੰਨੇ ਵਜੇ ਕਰਨਾ ਹੈ। ਘਰ ਵਾਲਿਆਂ ਨੂੰ ਮਾਨਸਿਕ ਤੋਰ ਤੇ ਇਸ ਸਦਮੇ ਨੂੰ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ।
ਬਹੁਤ ਘੱਟ ਐਸਾ ਹੁੰਦਾ ਹੈ ਕਿ ਪਤੀ ਪਤਨੀ ਇਸ ਧਰਤੀ ਤੋਂ ਇਕੱਠੇ ਇਕੋ ਸਮੇਂ ਰੁਖਸਤ ਹੋਣ। ਅਜਿਹਾ ਕੇਵਲ ਦੁਰਘਟਨਾ ਵੱਸ ਹੀ ਹੁੰਦਾ ਹੈ। ਦੁਰਘਟਨਾ ਕਦੀ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈ। ਜੇ ਪਤੀ ਪਹਿਲਾਂ ਚਲਾ ਜਾਏ ਤਾਂ ਪਤਨੀ ਇਸ ਭਰੇ ਸੰਸਾਰ ਵਿਚ ਇਕੱਲੀ ਰਹਿ ਜਾਂਦੀ ਹੈ। ਉਸ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ।ਉਸ ਦੀ ਸਾਰੀ ਦੁਨੀਆਂ ਹੀ ਹਨੇਰੀ ਹੋ ਜਾਂਦੀ ਹੈ। ਉਸ ਨੂੰ ਇਕੱਲਾਪੇ ਦਾ ਸੰਤਾਪ ਭੋਗਣਾ ਪੈਂਦਾ ਹੈ। ਜੇ ਔਰਤ ਨੌਕਰੀ ਕਰਦੀ ਹੋਵੇ ਤਾਂ ਉਹ ਆਰਥਕ ਤੋਰ ਤੇ ਕੁਝ ਸੋਖੀ ਹੁੰਦੀ ਹੈ। ਉਹ ਕਿਸੇ ਤੇ ਭਾਰੂ ਨਹੀਂ ਬਣਦੀ। ਪਰ ਜੀਵਨ ਸਾਥੀ ਦੀ ਕਮੀ ਕੋਈ ਦੂਸਰੀ ਚੀਜ ਪੂਰੀ ਨਹੀਂ ਕਰ ਸਕਦੀ। ਉਸ ਦੀਆਂ ਰੀਝਾਂ ਅਤੇ ਚਾਅ ਅਧੂਰੇ ਰਹਿ ਜਾਂਦੇ ਹਨ। ਜੇ ਔਰਤ ਦੀ ਉਮਰ ਕੁਝ ਜ਼ਿਆਦਾ ਹੋਵੇ ਭਾਵ ਉਸ ਦੇ ਬੱਚੇ ਵੱਡੇ ਹੋਣ ਅਤੇ ਵਿਆਹੇ ਹੋਣ ਤਾਂ ਉਸ ਨੂੰ ਹੋਰ ਤਰ੍ਹਾਂ ਦੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਅੱਜ ਕੱਲ ਛੋਟੇ ਪਰਿਵਾਰ ਦਾ ਰਿਵਾਜ਼ ਹੈ। ਜੇ ਪੁੱਤਰ ਕੋਈ ਨਾ ਹੋਏ ਅਤੇ ਇਕ ਜਾਂ ਦੋ ਧੀਆਂ ਹੀ ਹੋਣ ਤਾਂ ਉਹ ਆਪਣੇ ਵਿਆਹ ਤੋਂ ਬਾਅਦ ਸੋਹਰੇ ਘਰ ਚਲੀਆਂ ਜਾਂਦੀਆਂ ਹਨ। ਉੱਥੇ ਉਨ੍ਹਾਂ ਨੂੰ ਆਪਣੇ ਆਪ ਨੂੰ ਉਸ ਪਰਿਵਾਰ ਮੁਤਾਬਕ ਢਾਲਣਾ ਪੈਂਦਾ ਹੈ। ਇਸ ਲਈ ਉਹ ਆਪਣੇ ਮਾਂ ਬਾਪ ਦੀ ਦੇਖ ਭਾਲ ਆਪਣੀ ਮਰਜ਼ੀ ਮੁਤਾਬਿਕ ਸੋਹਣੀ ਤਰ੍ਹਾਂ ਨਹੀਂ ਕਰ ਸਕਦੀਆਂ।ਜੇ ਅੋਲਾਦ ਚੰਗੀ ਹੋਏ ਤਾਂ ਕੁਝ ਸਮਝੋਤਾ ਕਰ ਕੇ ਜ਼ਿੰਦਗੀ ਕੱਟੀ ਜਾਂਦੀ ਹੈ। ਪਰ ਜੇ ਨੂੰਹ ਕੁਪੱਤੀ ਹੋਏ ਅਤੇ ਪੁੱਤਰ ਲਾਈ ਲੱਗ ਹੋਏ ਤਾਂ ਇਕੱਲੀ ਜਨਾਨੀ ਲਈ ਇਹ ਬੁਢਾਪਾ ਕੱਟਣਾ ਬਹੁਤ ਮੁਸ਼ਕਲ ਹੁੰਦਾ ਹੈ। ਰੁਲ ਖੁਲ ਕੇ ਅਤੇ ਆਪਣੀ ਅੋਲਾਦ ਹੱਥੋਂ ਜਲੀਲ ਹੋ ਕੇ ਹੀ ਜ਼ਿੰਦਗੀ ਗੁਜ਼ਰਦੀ ਹੈ। ਔਰਤ ਲਈ ਉਸ ਦਾ ਪਤੀ ਘਰ ਦਾ ਬਾਦਸ਼ਾਹ ਹੁੰਦਾ ਹੈ। ਜੇ ਜੰਗ ਵਿਚ ਕਿਸੇ ਦੇਸ਼ ਦਾ ਬਾਦਸ਼ਾਹ ਹੀ ਮਾਰਿਆ ਜਾਏ ਤਾਂ ਉਹ ਸਾਰਾ ਦੇਸ਼ ਹੀ ਹਾਰ ਜਾਂਦਾ ਹੈ। ਇਸੇ ਤਰ੍ਹਾਂ ਜੇ ਸ਼ਤਰੰਜ ਦੀ ਬਾਜ਼ੀ ਵਿਚ ਬਾਦਸ਼ਾਹ ਹਾਰ ਜਾਏ ਤਾਂ ਸਾਰੀ ਬਾਜ਼ੀ ਹੀ ਹਾਰੀ ਜਾਂਦੀ ਹੈ। ਜ਼ਿੰਦਗੀ ਵਿਚ ਵੀ ਜਿਸ ਔਰਤ ਦਾ ਪਤੀ ਹੀ ਗੁਜ਼ਰ ਜਾਏ ਤਾਂ ਉਸ ਦਾ ਤਾਂ ਬਾਦਸ਼ਾਹ ਹੀ ਮਾਰਿਆ ਗਿਆ। ਉਸ ਦੀ ਤਾਂ ਸਾਰੀ ਜ਼ਿੰਦਗੀ ਹੀ ਹਾਰੀ ਜਾਂਦੀ ਹੈ ਅਤੇ ਉਸ ਦੀ ਤਾਂ ਦੁਨੀਆਂ ਹੀ ਉੱਜੜ ਜਾਂਦੀ ਹੈ। ਇਕੱਲੇ ਪਤੀ ਜਾਂ ਪਤਨੀ ਨੂੰ ਲੋਕ ਤਾਅਨੇ ਦੇ ਦੇ ਕੇ ਹੀ ਅੰਦਰੋਂ ਅੱਧਮੋਇਆ ਕਰ ਦਿੰਦੇ ਹਨ।
ਇਸੇ ਤਰ੍ਹਾਂ ਜੇ ਕਿਤੇ ਪਤਨੀ ਪਹਿਲਾਂ ਸਾਥ ਛੱਡ ਜਾਏ ਤਾਂ ਪਿਛੋਂ ਇਕੱਲੇ ਬੰਦੇ ਦੀ ਵੀ ਕੋਈ ਜ਼ਿੰਦਗੀ ਨਹੀਂ ਰਹਿੰਦੀ। ਇਸੇ ਲਈ ਕਹਿੰਦੇ ਹਨ:
ਬਾਜ਼ੀ ਭਾਵੇਂ ਸ਼ਤਰੰਜ ਦੀ ਹੋਏ ਜਾਂ ਜ਼ਿੰਦਗੀ ਦੀ
ਮਜ਼ਾ ਤਾਂ ਹੀ ਹੈ ਜੇ ਰਾਣੀ ਅਖੀਰ ਤੱਕ ਸਾਥ ਦਏ।

ਪਰ ਜ਼ਿੰਦਗੀ ਮੋਤ ਤਾਂ ਪ੍ਰਮਾਤਮਾ ਦੇ ਹੱਥ ਹੈ। ਬੰਦੇ ਦੇ ਹੱਥ ਕੁਝ ਵੀ ਨਹੀਂ। ਔਰਤ ਤੋਂ ਬਿਨਾ ਇਕੱਲਾ ਬੰਦਾ ਵੀ ਅਪੰਗ ਹੋ ਕੇ ਹੀ ਰਹਿ ਜਾਂਦੇ ਹੈ। ਉਂਝ ਦੇਖਣ ਨੂੰ ਉਹ ਜ਼ਿੰਦਗੀ ਜਿਉਂਦਾ ਹੈ ਅਤੇ ਸਾਰੇ ਕੰਮ ਕਰਦਾ ਨਜ਼ਰ ਆਉਂਦਾ ਹੈ ਪਰ ਅੰਦਰੋਂ ਉਹ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਉਸ ਦੇ ਸਰੀਰ ਦਾ ਢਾਂਚਾ ਜ਼ਰੂਰ ਦਿਸਦਾ ਹੈ ਪਰ ਅੰਦਰੋਂ ਉਹ ਖੋਖਲਾ ਹੋ ਚੁੱਕਿਆ ਹੁੰਦਾ ਹੈ। ਬੇਸ਼ੱਕ ਆਦਮੀ ਨੂੰ ਔਰਤ ਕੋਲੋਂ ਕੁਝ ਵੱਧ ਆਜਾਦੀ ਹਾਸਿਲ ਹੈ। ਉਹ ਆਪਣੀ ਮਰਜ਼ੀ ਨਾਲ ਕਿਧਰੇ ਬਾਹਰ ਜਾ ਕੇ ਵਿਚਰ ਸਕਦਾ ਹੈ। ਆਪਣੇ ਦੋਸਤਾਂ ਨਾਲ ਬੈਠਕੇ ਕੁਝ ਮਨ ਹਲਕਾ ਕਰ ਸਕਦਾ ਹੈ। ਇਸ ਤਰ੍ਹਾਂ ਉਸ ਦਾ ਕੁਝ ਵਕਤ ਲੰਘ ਜਾਂਦਾ ਹੈ ਅਤੇ ਉਹ ਕੁਝ ਹੱਦ ਤੱਕ ਘਰ ਵਾਲਿਆਂ ਦੇ ਤਾਨਿਆਂ ਮਹਿਨਿਆਂ ਤੋਂ ਬਚਿਆ ਰਹਿੰਦਾ ਹੈ ਪਰ ਫਿਰ ਵੀ ਇਕੱਲੇ ਬੰਦੇ ਦੀ ਹਾਲਾਤ ਬਹੁਤ ਹੀ ਤਰਸ ਯੋਗ ਹੁੰਦੀ ਹੈ। ਜੇ ਉਸ ਦੀਆਂ ਨੂੰਹਾਂ ਉਸ ਨੂੰ ਅਨਗੌਲਿਆ ਕਰ ਦੇਣ ਤਾਂ ਉਸ ਨੂੰ ਰੋਟੀ ਦੇ ਵੀ ਲਾਲੇ ਪੈ ਜਾਂਦੇ ਹਨ, ਭਾਵੇਂ ਉਹ ਕਿੰਨਾ ਵੀ ਦੋਲਤ-ਮੰਦ ਕਿਉਂ ਨਾ ਹੋਏ। ਬਾਜ਼ਾਰ ਦਾ ਖਾਣਾ ਵਡੇਰੀ ਉਮਰ ਕਰ ਕੇ ਪਚਦਾ ਨਹੀਂ ਅਤੇ ਘਰ ਵਿਚ ਨਾ ਤਾਂ ਉਹ ਨੂੰਹ ਨੂੰ ਆਪਣੀ ਪਸੰਦ ਜਾਂ ਜ਼ਰੂਰਤ ਦਾ ਖਾਣਾ ਬਣਾਨ ਲਈ ਮਜ਼ਬੂਰ ਕਰ ਸਕਦਾ ਹੈ ਅਤੇ ਨਾ ਹੀ ਉਹ ਇਸ ਉਮਰ ਵਿਚ ਰਸੋਈ ਵਿਚ ਜਾ ਕੇ ਆਪਣੀ ਪਸੰਦ ਦਾ ਖਾਣਾ ਆਪ ਬਣਾ ਕੇ ਖਾ ਸਕਦਾ ਹੈ ਕਿਉਂਕਿ ਰਸੋਈ ਤੇ ਨੂੰਹਾਂ ਦਾ ਪੂਰਾ ਕਬਜ਼ਾ ਹੁੰਦਾ ਹੈ। ਬੰਦਾ ਘਰ ਦਾ ਮਾਲਿਕ ਹੁੰਦਾ ਹੋਇਆਂ ਵੀ ਆਪਣੇ ਘਰ ਵਿਚ ਹੀ ਬੇਗਾਨਾ ਹੋ ਕੇ ਰਹਿ ਜਾਂਦਾ ਹੈ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਪਤੀ ਪਤਨੀ ਇਕ ਦੂਸਰੇ ਦੀ ਜ਼ਰੂਰਤ ਹਨ ਅਤੇ ਉਨ੍ਹਾਂ ਦਾ ਸੁੱਖ ਸੰਸਾਰ ਇਕ ਦੂਜੇ ਦੇ ਸਾਥ ਨਾਲ ਹੀ ਕਾਇਮ ਹੈ। ਪਤੀ ਪਤਨੀ ਦੀ ਜ਼ਿੰਦਗੀ ਵਿਚ ਬੇਸ਼ਕ ਥੋੜ੍ਹੀ ਬਹੁਤੀ ਨੌਕ ਝੌਕ ਤਾਂ ਹੁੰਦੀ ਹੀ ਰਹਿੰਦੀ ਹੈ ਅਤੇ ਇਹ ਜ਼ਰੂਰੀ ਵੀ ਹੈ ਕਿਉਂਕਿ ਇਸ ਨਾਲ ਬੰਦੇ ਦੇ ਮਨ ਦਾ ਗੁਬਾਰ ਬਾਹਰ ਨਿਕਲ ਜਾਂਦਾ ਹੈ ਅਤੇ ਅੱਗੇ ਤੋਂ ਜ਼ਿੰਦਗੀ ਠੀਕ ਰਵਾਨੀ ਨਾਲ ਚਲਦੀ ਰਹਿੰਦੀ ਹੈ। ਫਿਰ ਵੀ ਇਕ ਦੂਜੇ ਦੇ ਗੁੱਸੇ ਗਿਲੇ ਨੂੰ ਜ਼ਿਆਦਾ ਨਹੀਂ ਵਧਣ ਦੇਣਾ ਚਾਹੀਦਾ। ਇਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਅਤੇ ਜੀਵਨ ਸਾਥੀ ਦੀ ਕਦਰ ਕਰਨੀ ਚਾਹੀਦੀ ਹੈ। ਪਤੀ ਪਤਨੀ ਦਾ ਸਾਥ ਰੱਬ ਨੇ ਆਪ ਲਿਖਿਆ ਹੈ। ਇਸ ਨਾਲ ਹੀ ਦੁਨੀਆਂ ਅੱਗੇ ਤੁਰਨੀ ਹੈ। ਔਰਤ ਮਰਦ ਦਾ ਰਿਸ਼ਤਾ ਕੁਝ ਇਸ ਤਰ੍ਹਾਂ ਹੈ ਕਿ ਸਮਝ ਲਓ ਕਿ ਇਕ ਵਸਤੂ ਹੈ ਜਿਸ ਨੂੰ ਵਿਚੋਂ ਕੱਟ ਕੇ ਦੋ ਹਿੱਸਆਂ ਵਿਚ ਵੰਡ ਦਿੱਤਾ ਗਿਆ ਹੈ। ਇਕ ਦਾ ਨਾਮ ਔਰਤ ਅਤੇ ਦੂਜੇ ਹਿੱਸੇ ਦਾ ਨਾਮ ਮਰਦ ਰੱਖ ਦਿੱਤਾ ਗਿਆ ਹੇ। ਹੁਣ ਦੋਵੇਂ ਹਿੱਸੇ ਫਿਰ ਤੋਂ ਇਕ ਹੋਣਾ ਚਾਹੁੰਦੇ ਹਨ। ਜਦ ਤੱਕ ਉਹ ਇਕੱਲੇ ਇਕੱਲੇ ਰਹਿਣਗੇ ਤਾਂ ਉਹ ਇਕ ਦੂਜੇ ਨੂੰ ਮਿਲਨ ਲਈ ਤੜਫਦੇ ਹੀ ਰਹਿਣਗੇ ਭਾਵ ਔਰਤ ਅਤੇ ਮਰਦ ਇਕ ਦੂਜੇ ਦੀ ਜ਼ਰੂਰਤ ਹਨ। ਔਰਤ ਮਰਦ ਦਾ ਇਕ ਹੋਣਾ ਪ੍ਰਮਾਤਮਾ ਦੀ ਇੱਛਾ ਅਨੁਸਾਰ ਹੈ। ਜੇ ਪ੍ਰਮਾਤਮਾ ਦੀ ਇੱਛਾ ਹੈ ਕਿ ਔਰਤ ਮਰਦ ਇਕ ਰਹਿਣ ਅਤੇ ਕੁਦਰਤ ਦੀ ਰਚਨਾ ਵਿਚ ਵਾਧਾ ਕਰਨ ਤਾਂ ਸਾਨੂੰ ਇਕ ਹੋਣ ਵਿਚ ਝਿਝਕ ਨਹੀਂ ਹੋਣੀ ਚਾਹੀਦੀ।ਸਾਡੇ ਸਮਾਜ ਵਿਚ ਅਜਿਹੇ ਰਿਸ਼ਤੇ ਨੂੰ ਪਤੀ ਪਤਨੀ ਦੇ ਰਿਸ਼ਤੇ ਦੇ ਰੂਪ ਵਿਚ ਹੀ ਸਵੀਕਾਰ ਕੀਤਾ ਜਾਂਦਾ ਹੈ ਅਤੇ ਸਤਿਕਾਰ ਦਿੱਤਾ ਜਾਂਦਾ ਹੈ। ਸਾਡਾ ਕਾਨੂੰਨ ਵੀ ਇਸ ਰਿਸ਼ਤੇ ਨੂੰ ਹੀ ਮੰਜੂਰੀ ਦਿੰਦਾ ਹੈ। ਪਹਾੜ ਜਿੰਨੀ ਲੰਮੀ ਜ਼ਿੰਦਗੀ ਇਕੱਲਿਆਂ ਕੱਟਣੀ ਬਹੁਤ ਮੁਸ਼ਕਲ ਹੁੰਦੀ ਹੈ। ਆਪਣੀਆਂ ਖਾਹਿਸ਼ਾਂ ਦਾ ਗਲਾ ਘੁੱਟ ਕਿ ਐਂਵੇ ਡਰ ਡਰ ਕੇ ਆਪਣੀ ਜ਼ਿੰਦਗੀ ਵਿਅਰਥ ਨਾ ਗੁਵਾਓ। 
ਜ਼ਿੰਦਗੀ ਵਿਚ ਚੰਗੇ ਮਾੜੇ ਦਿਨ ਆਉਂਦੇ ਹੀ ਰਹਿੰਦੇ ਹਨ। ਕਈ ਘਟਨਾਵਾਂ ਸਾਡੀ ਇੱਛਾ ਤੋਂ ਵਿਰੁਧ ਵਾਪਰ ਜਾਂਦੀਆਂ ਹਨ। ਉਹ ਬਹੁਤ ਦੁੱਖ ਦਿੰਦੀਆਂ ਹਨ। ਇਨ੍ਹਾਂ ਦੁੱਖਾਂ ਦੇ ਪ੍ਰਛਾਵੇਂ ਸਾਡੀ ਜ਼ਿੰਦਗੀ ਵਿਚ ਲੰਮੇ ਸਮੇਂ ਤੱਕ ਰਹਿੰਦੇ ਹਨ। ਇਨ੍ਹਾਂ ਘਟਨਾਵਾਂ ਤੇ ਮਨੁੱਖ ਦਾ ਕੋਈ ਵਸ ਨਹੀਂ ਹੁੰਦਾ। ਜ਼ਿੰਦਗੀ ਦੀ ਗੱਡੀ ਠੀਕ ਠਾਕ ਆਪਣੀ ਸੋਹਣੀ ਰਵਾਨੀ ਨਾਲ ਚਲਦੀ ਰਹਿੰਦੀ ਹੈ ਪਰ ਅਚਾਨਕ ਕਿਸੇ ਹਾਦਸੇ ਜਾਂ ਕਿਸੇ ਬਿਮਾਰੀ ਕਾਰਨ ਜੀਵਨ ਸਾਥੀ ਵਿਛੋੜਾ ਦੇ ਜਾਏ ਤਾਂ ਬਹੁਤ ਦੁੱਖਦਾਈ ਹੁੰਦਾ ਹੈ। ਕੁਝ ਦਿਨਾ ਬਾਅਦ ਦੁਨੀਆਂ ਦੇ ਸਾਰੇ ਕੰਮ ਸਧਾਰਣ ਵਾਂਗ ਚਲਣੇ ਸ਼ੁਰੂ ਹੋ ਜਾਂਦੇ ਹਨ ਪਰ ਜਿਹੜਾ ਜੀਵਨ ਸਾਥੀ ਪਿੱਛੇ ਇਕੱਲਾ ਰਹਿ ਗਿਆ ਹੈ ਉਸ ਦਾ ਦੁੱਖ ਬਿਆਨ ਨਹੀਂ ਕੀਤਾ ਜਾ ਸਕਦਾ। ਉਸ ਦੀ ਬਾਕੀ ਦੀ ਜ਼ਿੰਦਗੀ ਸੂਨੀ ਅਤੇ ਹਨੇਰੀ ਹੋ ਕੇ ਹੀ ਰਹਿ ਜਾਂਦੀ ਹੈ। ਸਾਰੇ ਰਿਸ਼ਤੇਦਾਰ ਅਤੇ ਭੈਣ ਭਰਾ ਵੀ ਉਸ ਤੋਂ ਕੰਨੀ ਕੱਟਣ ਲੱਗ ਪੈਂਦੇ ਹਨ। ਉਹ ਆਪਣੀ ਗ੍ਰਹਿਸਥੀ ਵਿਚ ਰੁੱਝ ਕੇ ਉਸ ਦਾ ਦੁੱਖ ਮਹਿਸੂਸ ਕਰਨਾ ਭੁੱਲ ਜਾਂਦੇ ਹਨ। ਕਹਿੰਦੇ ਹਨ ਰੰਡੀ ਤਾਂ ਰੰਡੇਪਾ ਕੱਟ ਲੈਂਦੀ ਹੈ ਪਰ ਮੁਸ਼ਟੰਡੇ ਨਹੀਂ ਕੱਟਣ ਦਿੰਦੇ। ਅਖੇ ਸ਼ਰਮੋ ਕੁਸ਼ਰਮੀ ਅੰਦਰ ਵੜੀ, ਡਾਡਾ ਆਖੇ ਮੇਥੋਂ ਡਰੀ। ਅਜਿਹੇ ਇਕੱਲੇ ਪਤੀ ਜਾਂ ਪਤਨੀ ਨੂੰ ਉੱਠਦਿਆਂ ਬੈਠਦਿਆਂ ਅਤੇ ਆਪਣੇ ਨਿੱਤ ਦੇ ਕਾਰ ਵਿਉਹਾਰ ਕਰਦਿਆਂ ਤਾਅਣੇ ਦਿੱਤੇ ਜਾਂਦੇ ਹਨ। ਉਨ੍ਹਾਂ ਦੇ ਮਨ ਨੂੰ ਠੇਸ ਪਹੁੰਚਾਈ ਜਾਂਦੀ ਹੈ ਅਤੇ ਉਨ੍ਹਾਂ ਨੂੰ ਹੋਰ ਵੀ ਦੁਖੀ ਕੀਤਾ ਜਾਂਦਾ ਹੈ। ਖਾਸ ਤੌਰ ਤੇ ਵਿਆਹ ਆਦਿ ਖ਼ੁਸ਼ੀ ਦੇ ਮੋਕਿਆਂ ਤੇ ਅਜਿਹੇ ਲੋਕਾਂ ਨੂੰ ਅਸ਼ੁੱਭ ਮਨਿਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਵਿਧਵਾ ਜਾਂੰ ਰੰਡੇ ਕਹਿ ਕੇ ਅੱਗੇ ਨਹੀਂ ਆਉਣ ਦਿੱਤਾ ਜਾਂਦਾ। ਜੇ ਉਹ ਸਹਿਜ ਸੁਭਾਵਕ ਅੱਗੇ ਆ ਕੇ ਕਿਸੇ ਸ਼ੁੱਭ ਕੰਮ ਨੂੰ ਹੱਥ ਪਾਉਣ ਵੀ ਲੱਗਣ ਤਾਂ ਕਈ ਬੜਬੋਲੀਆਂ ਔਰਤਾਂ ਅੱਗਾ ਪਿੱਛਾ ਨਹੀਂ ਦੇਖਦੀਆਂ ਅਤੇ ਭਰੀ ਬਿਰਾਦਰੀ ਵਿਚ ਇਹ ਕਹਿ ਦਿੰਦੀਆਂ ਹਨ ਕਿ ਸ਼ੁੱਭ ਕੰਮ ਵਿਚ ਵਿਧਵਾ ਔਰਤ ਜਾਂ ਰੰਡੇ ਛੜੇ ਬੰਦੇ ਦਾ ਕੀ ਕੰਮ? ਉਹ ਇਹ ਨਹੀਂ ਸੋਚਦੀਆਂ ਕਿ ਉਨ੍ਹਾਂ ਦੇ ਇਹ ਬੋਲ ਦੂਜੇ ਦੇ ਮਨ ਨੂੰ ਕਿੰਨਾ ਜ਼ਖਮੀ ਕਰਦੇ ਹਨ।ਇਕੱਲੇ ਬਾਪ ਜਾਂ ਮਾਂ ਦਾ ਸਮਾਜਿਕ ਦਾਇਰਾ ਵੀ ਬਹੁਤ ਘਟ ਜਾਂਦਾ ਹੈ। ਇਕੱਲੇ ਬਾਪ ਜਾਂ ਮਾਂ ਦਾ ਦੁੱਖ ਕੋਈ ਮਹਿਸੂਸ ਨਹੀਂ ਕਰਦਾ। ਬਾਕੀ ਗ੍ਰਹਿਸਥੀ ਲੋਕ ਉਸ ਨੂੰ ਅਣਗੋਲਿਆਂ ਕਰਨ ਲਗ ਜਾਂਦੇ ਹਨ। ਉਹ ਆਪ ਵੀ ਅਜਿਹੇ ਲੋਕਾਂ ਦੇ ਘਰ ਜਾਣਾ ਆਉਣਾ ਘਟਾ ਦਿੰਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਵਿਚ ਕੋਈ ਕਮੀ ਆ ਗਈ ਹੈ। ਜੇ ਉਹ ਵਿਰੋਧੀ ਲਿੰਗ ਵਾਲੇ ਬੰਦੇ ਨਾਲ ਕੋਈ ਗਲ ਵੀ ਕਰ ਲੈਣ ਤਾਂ ਲੋਕ ਔਰਤ ਨੂੰ ਕਹਿੰਦੇ ਹਨ ਕਿ ਇਹ ਦੂਜੇ ਬੰਦੇ ਤੇ ਡੋਰੇ ਸੁਟ ਰਹੀ ਹੈ ਜਾਂ ਬੰਦੇ ਨੂੰ ਕਹਿੰਦੇ ਹਨ ਕਿ ਉਹ ਦੂਸਰੀ ਔਰਤ ਤੇ ਲਾਈਨ ਮਾਰ ਰਿਹਾ ਹੈ।
ਜ਼ਿੰਦਗੀ ਵਿਚ ਕਿਸੇ ਅਨਹੋਣੀ ਨੂੰ ਟਾਲਿਆ ਨਹੀਂ ਜਾ ਸਕਦਾ। ਜੇ ਬੁਢਾਪੇ ਵਿਚ ਜੀਵਨ ਸਾਥੀ ਦਾ ਸਾਥ ਛੁੱਟ ਜਾਏ ਤਾਂ ਪਿੱਛੋਂ ਇਕੱਲੇ ਪਤੀ ਜਾਂ ਪਤਨੀ ਦਾ ਬੁਢਾਪਾ ਕੱਟਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।ਇਹ ਸਭ ਨੂੰ ਪਤਾ ਹੀ ਹੈ ਕਿ ਜੇ ਜ਼ਿੰਦਗੀ ਠੀਕ ਠਾਕ ਵੀ ਚਲਦੀ ਰਹੇ ਤਾਂ ਵੀ ਇਕ ਦਿਨ ਬੁਢਾਪਾ ਆਉਣਾ ਹੀ ਆਉਣਾ ਹੈ। ਇਸ ਤੋਂ ਬਚਿਆ ਨਹੀਂ ਜਾ ਸਕਦਾ। ਜੇ ਬੁਢਾਪੇ ਨਾਲ ਇਕਲਾਪਾ ਵੀ ਆ ਜਾਏ ਤਾਂ ਜ਼ਿੰਦਗੀ ਹੋਰ ਵੀ ਕਠਿਨ ਹੋ ਜਾਂਦੀ ਹੈ। ਕੁਝ ਸਮਝੋਤਾ ਕਰ ਕੇ ਅਤੇ ਜੀਵਨ ਸ਼ੈਲੀ ਨੂੰ ਅਨੁਸ਼ਾਸਿਤ ਕਰ ਕੇ ਆਪਣੇ ਬੁਢਾਪੇ ਨੂੰ ਦਿਲਕਸ਼ ਬਣਾਇਆ ਜਾ ਸਕਦਾ ਹੈ ਅਤੇ ਅਨਹੋਣੀਆਂ ਦਾ ਵੀ ਦਰਦ ਕੁਝ ਘਟਾਇਆ ਜਾ ਸਕਦਾ ਹੈ। ਬੁਢਾਪੇ ਨੂੰ ਰੋ ਧੋ ਕੇ ਜਾਂ ਮੰਜੇ ਤੇ ਪੈ ਕੇ ਗੁਜ਼ਾਰਨ ਦਾ ਕੋਈ ਫਾਇਦਾ ਨਹੀਂ। ਇਸ ਲਈ ਪਹਿਲਾਂ ਹੀ ਤਿਆਰੀ ਕਰੋ ਅਤੇ ਜ਼ਿੰਦਗੀ ਰੂਪੀ ਨਾਟਕ ਦੇ ਇਸ ਪਾਰਟ ਨੂੰ ਵੀ ਕੁਸ਼ਲ ਕਲਾਕਾਰ ਦੀ ਤਰ੍ਹਾਂ ਨਿਭਾਓ। ਫਿਲਮਾ ਵਿਚ ਵੀ ਕਈ ਵਾਰੀ ਬਜ਼ੁਰਗ ਕਲਾਕਾਰਾਂ ਦੀ ਅਦਾਇਗੀ ਇਤਨੀ ਜ਼ੋਰਦਾਰ ਹੁੰਦੀ ਹੈ ਕਿ ਉਹ ਸਾਰੀ ਫਿਲਮ ਦੇ ਹੀਰੋ ਹੋ ਨਿਬੜਦੇ ਹਨ ਅਤੇ ਦਰਸ਼ਕਾਂ ਦੇ ਹਰਮਨ ਪਿਆਰੇ ਬਣਦੇ ਹਨ। ਉਹ ਦਰਸ਼ਕਾਂ ਦੀ ਸਾਰੀ ਵਾਹ ਵਾਹ ਲੁੱਟ ਲੈਂਦੇ ਹਨ। ਬੁਢਾਪੇ ਦਾ ਸਾਹਮਣਾ ਕਰਨ ਦੀ ਜੇ ਪਹਿਲਾਂ ਤਿਆਰੀ ਕਰ ਲਈ ਜਾਏ ਤਾਂ ਇਸ ਨੂੰ ਖ਼ੂਬਸੂਰਤ ਬਣਾਇਆ ਜਾ ਸਕਦਾ ਹੈ ਅਤੇ ਕਿਸੇ ਅਨਹੋਣੀ ਦਾ ਸੇਕ ਵੀ ਕੁਝ ਘਟ ਜਾਂਦਾ ਹੈ। ਬੁਢਾਪੇ ਵਿਚ ਵੀ ਬੱਚਿਆਂ ਦਾ ਸਤਿਕਾਰ ਪ੍ਰਾਪਤ ਕੀਤਾ ਜਾ ਸਕਦਾ ਹੇ। ਬੱਚਿਆਂ ਤੇ ਖ਼ੁਸ਼ੀਆਂ ਦੀ ਬਰਖਾ ਕੀਤੀ ਜਾ ਸਕਦੀ ਹੈ। ਇਹ ਹੀ ਖ਼ੁਸ਼ੀਆਂ ਸਾਡੇ ਕੋਲ ਮੁੜ ਕੇ ਵਾਪਿਸ ਆਉਂਦੀਆਂ ਹਨ ਅਤੇ ਸਾਡਾ ਬੁਢਾਪਾ ਸੋਖਾ ਕੱਟਦਾ ਹੈ। ਸਾਡੀ ਜ਼ਿੰਦਗੀ ਸਹਿਜ ਵਿਚ ਗੁਜ਼ਰਦੀ ਹੈ ਅਤੇ ਸਹਿਜ ਵਿਚ ਹੀ ਅਸੀਂ ਇਸ ਦੁਨੀਆਂ ਤੋਂ ਰੁਖਸਤ ਹੁੰਦੇ ਹਾਂ। ਐਂਵੇ ਕੰਧਾਂ ਨਾਲ ਟਕਰਾ ਕੇ ਠੋਕ੍ਹਰਾਂ ਖਾਣ ਦਾ ਕੀ ਫਾਇਦਾ। ਇਸ ਲਈ ਸਾਨੂੰ ਸਥਿਤੀ ਦਾ ਪਹਿਲਾਂ ਹੀ ਅਨੁਮਾਨ ਲਾ ਕੇ ਆਪਣੀ ਜ਼ਿੰਦਗੀ ਉਸ ਹਿਸਾਬ ਸਿਰ ਢਾਲ ਲੈਣੀ ਚਾਹੀਦੀ ਹੈ। ਆਪਣੇ ਰਾਜ ਭਾਗ ਦੀ ਡੋਰ ਖ਼ੁਸ਼ੀ ਖ਼ੁਸ਼ੀ ਨਵੀਂ ਪੀੜ੍ਹੀ ਨੂੰ ਸੋਂਪ ਕੇ ਆਪ ਰਿਟਾਇਰ ਹੋਣਾ ਚਾਹੀਦਾ ਹੈ। ਬੁਢਾਪੇ ਵਿਚ ਨਵੀਂ ਪੀੜ੍ਹੀ ਤੋਂ ਇੱਜ਼ਤ ਮਾਣ ਅਤੇ ਖ਼ੁਸ਼ੀਆਂ ਪ੍ਰਾਪਤ ਕਰ ਕੇ ਬਾਕੀ ਦੁਨੀਆਂ ਲਈ ਇਕ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਅਤੇ ਕੁਦਰਤ ਦੀ ਸੁੰਦਰਤਾ ਨੂੰ ਚਾਰ ਚੰਨ ਲਾਣੇ ਚਾਹੀਦੇ ਹਨ।ਜਿਨ੍ਹਾਂ ਦਾ ਬੁਢਾਪਾ ਰੁਲ ਜਾਂਦਾ ਹੈ ਉਹ ਇਸ ਨੂੰ ਨਰਕ ਕਹਿੰਦੇ ਹਨ ਅਤੇ ਦੁੱਖ ਭੋਗਦੇ ਹਨ। ਤੁਸੀਂ ਦੁੱਖ ਭੋਗਣ ਲਈ ਇਸ ਦੁਨੀਆਂ ਤੇ ਨਹੀਂ ਆਏ। ਜ਼ਿੰਦਗੀ ਦਾ ਇਹ ਪਾਰਟ ਵੀ ਤੁਸੀਂ ਦੁਨੀਆਂ ਰੂਪੀ ਸਟੇਜ ਤੇ ਅਦਾ ਕਰਨਾ ਹੇ। ਆਪਣੀ ਅਦਾਕਾਰੀ ਵਿਚ ਨਿਖਾਰ ਲਿਆਓ। ਹੌਸਲਾ ਰੱਖੋ ਅਤੇ ਉਦਮ ਕਰੋ। ਉਦਮੀ ਆਦਮੀ ਕਦੀ ਬਦਕਿਸਮਤ ਨਹੀਂ ਹੋ ਸਕਦਾ।
ਬੁਢਾਪੇ ਦੇ ਮੁਕਾਬਲੇ ਲਈ ਕੁਝ ਕੰਮਾ ਦੀ ਤਿਆਰੀ ਪਹਿਲਾਂ ਹੀ ਬਹੁਤ ਜ਼ਰੂਰੀ ਹੈ। ਪਹਿਲੀ ਗਲ ਅਜਿਹੀ ਹਾਲਾਤ ਵਿਚ ਬੰਦਾ ਬੱਚਿਆ ਦੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਹੋਏ। ਭਾਵ ਬੁਢਾਪਾ ਆਉਣ ਤੋਂ ਪਹਿਲਾਂ ਉਹ ਆਪਣੇ ਸਾਰੇ ਬੱਚਿਆਂ ਦੀ ਵਿਦਿਆ ਪੂਰੀ ਕਰਾ ਕੇ ਉਨ੍ਹਾਂ ਨੂੰ ਆਪਣੇ ਆਪਣੇ ਪੈਰਾਂ ਤੇ ਖੜ੍ਹਾ ਕਰ ਦਏ ਅਤੇ ਉਨ੍ਹਾਂ ਦੀਆਂ ਵਿਆਹ ਸ਼ਾਦੀਆਂ ਤੋਂ ਵੀ ਮੁਕਤ ਹੋ ਜਾਏ। ਬੱਚੇ ਆਪਣੇ ਪਰਿਵਾਰ ਵਿਚ ਸੁਖੀ ਹੋਣ ਭਾਵ ਬੱਚਿਆਂ ਦੀ ਕੋਈ ਜ਼ਿੰਮੇਵਾਰੀ ਬੁਢਾਪੇ ਵਿਚ ਮਾਂ ਪਿਓ ਦੇ ਸਿਰ ਨਾ ਪਏ।। ਜੇ ਬੱਚਿਆਂ ਦੀ ਕੋਈ ਜ਼ਿੰਮੇਵਾਰੀ ਇਕੱਲੀ ਮਾਂ ਜਾਂ ਇਕੱਲੇ ਪਿਓ ਤੇ ਪਏ ਤਾਂ ਮੁਸ਼ਕਲ ਹੋਰ ਵਧ ਜਾਂਦੀ ਹੈ। ਪਰ ਇਹ ਸਭ ਕੁਝ ਬੰਦੇ ਦੇ ਆਪਣੇ ਵੱਸ ਵਿਚ ਨਹੀਂ ਹੁੰਦਾ। ਹੁੰਦਾ ਤਾਂ ਉਹ ਹੀ ਹੈ ਜੋ ਪ੍ਰਮਾਤਮਾ ਨੂੰ ਮੰਜੂਰ ਹੁੰਦਾ ਹੈ। ਬੱਚਿਆਂ ਦੀਆਂ ਜ਼ਿੰਮੇਵਾਰੀਆਂ ਨਿਪਟਾਣ ਦਾ ਕੰਮ ਕਾਫੀ ਹੱਦ ਤੱਕ ਬੰਦੇ ਦੀ ਆਪਣੀ ਪਲਾਨਿੰਗ ਤੇ ਨਿਰਭਰ ਕਰਦਾ ਹੈ। ਦੂਜੀ ਗਲ ਬੁਢਾਪੇ ਵਿਚ ਬੰਦੇ ਦੇ ਸਿਰ ਤੇ ਆਪਣੀ ਛੱਤ ਹੋਣੀ ਜ਼ਰੂਰੀ ਹੈ। ਇਸ ਲਈ ਬੁਢਾਪੇ ਤੋਂ ਪਹਿਲਾਂ ਪਹਿਲਾਂ ਆਪਣਾ ਮਕਾਨ ਜ਼ਰੂਰ ਬਣਾ ਲੈਣਾ ਚਾਹੀਦਾ ਹੈ ਤਾਂ ਕਿ ਇਸ ਉਮਰ ਵਿਚ ਸਵੈਮਾਨ ਨਾਲ ਆਪਣੇ ਮਕਾਨ ਵਿਚ ਬੁਢਾਪਾ ਸੋਖਿਆਂ ਕੱਟਿਆ ਜਾ ਸਕੇ। ਇਕੱਲੇ ਪਤੀ ਜਾਂ ਪਤਨੀ ਨੂੰ ਵੀ ਆਪਣੇ ਮਕਾਨ ਦਾ ਬਹੁਤ ਸਹਾਰਾ ਹੁੰਦਾ ਹੈ। 
ਬੁਢਾਪੇ ਵਿਚ ਆ ਕੇ ਬੰਦੇ ਕੋਲ ਇਤਨਾ ਕੁ ਧਨ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਰੋਟੀ, ਕੱਪੜੇ ਅਤੇ ਦਵਾਈਆਂ ਆਦਿ ਦਾ ਆਪਣਾ ਭਾਰਾ ਆਪ ਚੁੱਕ ਸੱਕੇ। ਉਹ ਅੋਲਾਦ ਤੇ ਪੈਸੇ ਲਈ ਭਾਰੂ ਨਾ ਹੋਵੇ। ਉਸ ਨੂੰ ਆਪਣੀਆਂ ਜ਼ਰੂਰਤਾਂ ਲਈ ਕਿਸੇ ਦੀ ਮੁਥਾਜੀ ਨਾ ਹੋਵੇ ਭਾਵ ਉਸ ਨੂੰ ਅੋਲਾਦ ਅੱਗੇ ਹੱਥ ਨਾ ਅੱਡਣਾ ਪਏ। ਆਮ ਤੋਰ ਤੇ ਸਰਕਾਰੀ ਮੁਲਾਜਮਾ ਨੂੰ ਇਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ। ਉਨ੍ਹਾਂ ਨੂੰ ਹਰ ਮਹੀਨੇ ਬੱਧੀ ਪੈਂਸ਼ਨ ਮਿਲ ਜਾਂਦੀ ਹੈ ਪਰੋਵੀਡੈਂਟ ਫੰਡ ਅਤੇ ਹੋਰ ਬੱਚਤਾਂ ਦੀ ਰਾਸ਼ੀ ਤੇ ਵਿਆਜ ਵੀ ਕਾਫੀ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੈਡੀਕਲ ਆਦਿ ਦੀ ਵੀ ਕਾਫੀ ਸਹੂਲਤ ਹੁੰਦੀ ਹੈ ਜਿਸ ਨਾਲ ਉਨ੍ਹਾਂ ਦਾ ਦਵਾਈਆਂ ਆਦਿ ਦਾ ਕਾਫੀ ਖਰਚਾ ਬਚ ਜਾਂਦਾ ਹੈ। ਇਸ ਮੋੜ ਤੇ ਆ ਕ ਰਿਟਾਇਰਡ ਸਰਕਾਰੀ ਮੁਲਜਾਮ ਪੈਸੇ ਵਲੋਂ ਆਪਣੀ ਅੋਲਾਦ ਤੇ ਭਾਰੂ ਨਹੀਂ ਬਣਦੇ। ਸਗੋਂ ਸਮੇਂ ਸਮੇਂ ਉਹ ਅੋਲਾਦ ਦੀ ਪੈਸੇ ਨਾਲ ਮਦਦ ਕਰਦੇ ਰਹਿੰਦੇ ਹਨ।। ਇਸ ਤਰ੍ਹਾਂ ਅੋਲਾਦ ਦਾ ਉਨ੍ਹਾਂ ਪ੍ਰਤੀ ਝੂਕਾਅ ਵੀ ਕੁਝ ਸਤਿਕਾਰ ਭਰਿਆ ਹੀ ਰਹੰਦਾ ਹੈ। ਬਾਕੀ ਬਦਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਬੁਢਾਪੇ ਦੀਆਂ ਆਪਣੀਆਂ ਜ਼ਰੂਰਤਾਂ ਲਈ ਕੁਝ ਧਨ ਵੱਖਰਾ ਬਚਾ ਕੇ ਰੱਖਣ ਤਾਂ ਕਿ ਉਨ੍ਹਾਂ ਦਾ ਬੁਢਾਪਾ ਮਾਇਕ ਪੱਖੋਂ ਸੌਖਾ ਲੰਘ ਸੱਕੇ।
ਸ਼ਭ ਤੋਂ ਵੱਡੀ ਜ਼ਰੂਰਤ ਹੈ ਤੰਦਰੁਸਤੀ ਦੀ। ਬੰਦੇ ਦੀ ਸਿਹਤ ਠੀਕ ਰਹਿਣੀ ਚਾਹੀਦੀ ਹੈ। ਉਸ ਨੂੰ ਸੰਤੁਲਿਤ ਆਹਾਰ ਕਰਨਾ ਚਾਹੀਦਾ ਹੈ ਅਤੇ ਨਸ਼ਿਆਂ ਤੋਂ ਬਚਣਾ ਚਾਹੀਦਾ ਹੈ ਜੇ ਕੋਈ ਸਰੀਰਕ ਦਿਕੱਤ ਆਏ ਵੀ ਤਾਂ ਤੁਰੰਤ ਡਾਕਟਰ ਨੂੰ ਦਿਖਾ ਕੇ ਦਵਾਈ ਲੈਣੀ ਚਾਹੀਦੀ ਹੈ ਤਾਂ ਕਿ ਬਿਮਾਰੀ ਤੇ ਤੁਰੰਤ ਕਾਬੂ ਪਾਇਆ ਜਾ ਸੱਕੇ।ਬੁਢਾਪੇ ਵਿਚ ਬੰਦਾ ਤੁਰਦਾ ਫਿਰਦਾ ਰਹੇ ਅਤੇ ਆਪਣੇ ਸਾਰੇ ਕੰਮ ਕਾਜ ਆਪ ਕਰਦਾ ਰਹੇ ਤਾਂ ਹੀ ਠੀਕ ਹੈ। ਜੇ ਬੰਦਾ ਬਿਮਾਰ ਹੋ ਕੇ ਮੰਜੇ ਤੇ ਪੈ ਜਾਏ ਤਾਂ ਜ਼ਿੰਦਗੀ ਕੱਟਣੀ ਬਹੁਤ ਮੁਸ਼ਕਲ ਹੋ ਜਾਂਦੀ ਹੈ। ਅੱਜ ਕੱਲ ਕਿਸੇ ਕੋਲ ਆਪਣੇ ਕੰਮਾ ਵਿਚੋਂ ਹੀ ਫੁਰਸਤ ਨਹੀਂ। ਫਿਰ ਉਸ ਲਈ ਦੂਸਰੇ ਦੀ ਸੇਵਾ ਕਰਨੀ ਹੋਰ ਵੀ ਮੁਸ਼ਕਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਡਾਕਟਰਾਂ ਦੀਆਂ ਭਾਰੀਆਂ ਫੀਸਾਂ ਅਤੇ ਮਹਿੰਗੀਆਂ ਦਵਾਈਆਂ ਅਤੇ ਹਸਪਤਾਲਾਂ ਦੇ ਚੱਕਰ ਬੰਦੇ ਦਾ ਲੱਕ ਤੋੜ ਕੇ ਰੱਖ ਦਿੰਦੇ ਹ। ਇਸ ਖਰਚੇ ਨਾਲ ਘਰ ਵੀ ਖਾਲੀ ਹੋ ਜਾਂਦੇ ਹਨ।ਬੁਢਾਪੇ ਵਿਚ ਇਸ ਤਰ੍ਹਾਂ ਦੀ ਜ਼ਿੰਦਗੀ ਕੱਟਣੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ।
ਜੇ ਕਿਤੇ ਬਦਕਿਸਮਤੀ ਨਾਲ ਜੀਵਨ ਸਾਥੀ ਤੋਂ ਵਿਛੋੜਾ ਪੈ ਜਾਏ ਤਾਂ ਬੰਦਾ ਸਦਮੇ ਵਿਚ ਆ ਜਾਂਦਾ ਹੈ। ਉਹ ਦੂਸਰਾ ਵਿਆਹ ਕਰਨ ਤੋਂ ਸੰਕੋਚਦਾ ਹੈ। ਉਹ ਸੋਚਦਾ ਹੈ ਕਿ ‘ਲੋਕੀ ਕੀ ਕਹਿਣਗੇ?’ ਇਸ ਲਈ ਉਹ ਕਹਿੰਦਾ ਹੈ ਕਿ ਮੇਰੀ ਕਿਸਮਤ ਵਿਚ ਸੁੱਖ ਹੈ ਹੀ ਨਹੀਂ। ਜੇ ਮੇਰੀ ਕਿਸਮਤ ਵਿਚ ਸੁੱਖ ਹੁੰਦਾ ਤਾਂ ਪਹਿਲਾ ਜੀਵਨ ਸਾਥੀ ਹੀ ਕਿਉਂ ਵਿਛੋੜਾ ਦਿੰਦਾ। ਉਹ ਦਲੇਰੀ ਭਰਿਆ ਕੋਈ ਕਦਮ ਚੁਕੱਣ ਤੋਂ ਡਰਦਾ ਹੈ। ਜੇ ਕਿਧਰੇ ਉਸ ਦੇ ਇਕ ਜਾਂ ਦੋ ਬੱਚੇ ਹੋਣ ਤਾਂ ਉਸ ਨੂੰ ਇਹ ਵੀ ਡਰ ਰਹਿੰਦਾ ਹੈ ਕਿ ਮਤਰੇਈ ਮਾਂ ਜਾਂ ਪਿਓ ਉਸ ਦੇ ਬੱਚਿਆਂ ਨੂੰ ਪੂਰੀ ਤਰ੍ਹਾਂ ਅਪਣਾਉਣਗੇ ਵੀ ਜਾਂ ਨਹੀਂ। ਜੇ ਕਿਧਰੇ ਸੱਚ ਮੁਚ ਹੀ ਮਤਰੇਇਆਂ ਵਾਲਾ ਸਲੂਕ ਕੀਤਾ ਤਾਂ ਉਸ ਦੇ ਬੱਚਿਆਂ ਦੀ ਜ਼ਿੰਦਗੀ ਰੁਲ ਜਾਏਗੀ। ਬੱਚੇ ਦੇ ਭਵਿਖ ਲਈ ਕਈ ਵਾਰੀ ਉਹ ਇਹ ਕਦਮ ਚੁੱਕਣੋ ਰੁਕ ਜਾਂਦੇ ਹਨ ਅਤੇ ਆਪਣੀ ਸਾਰੀ ਬਾਕੀ ਦੀ ਉਮਰ ਆਪਣੇ ਬੱਚਿਆਂ ਲਈ ਕੁਰਬਾਨੀ ਲਈ ਹੀ ਕੱਟ ਦਿੰਦੇ ਹਨ।
ਆਮ ਤੋਰ ਤੇ ਜਦ ਅਸੀਂ ਪਹਿਲੀ ਵਾਰੀ ਕੁਝ ਚੰਗਾ ਅਤੇ ਨਵਾਂ ਕੰਮ ਕਰਨ ਲਗਦੇ ਹਾਂ ਤਾਂ ਡਰ ਜਾਂਦੇ ਹਾਂ ਕਿ ‘ਲੋਕੀ ਕੀ ਕਹਿਣਗੇ?’ ਇਹ ‘ਲੋਕੀ ਕੀ ਕਹਿਣਗੇ?’ ਦਾ ਡਰ ਸਾਨੂੰ ਅੱਗੇ ਨਹਂ ਵਧਣ ਦਿੰਦਾ ਅਤੇ ਨਵੇਂ ਰਸਤੇ ਅਪਨਾਉਣ ਤੋਂ ਰੋਕਦਾ ਹੈ। ਇਹ ਡਰ ਸਾਡੇ ਵਿਕਾਸ ਨੂੰ ਵੀ ਰੋਕਦਾ ਹੈ ਅਤੇ ਸਾਨੂੰ ਪਿਛਾਂਹ ਵਲ ਧੱਕਦਾ ਹੈ। ਜੇ ਸਮਾਜ ਹੋਰ ਖੁੱਲਾਂ ਲੈ ਰਿਹਾ ਹੈ ਤਾਂ ਇਕੱਲੇ ਪੁਰਸ਼ ਜਾਂ ਔਰਤ ਨੂੰ ਵੀ ਕੁਝ ਸੋਚ ਵਿਚਾਰ ਕੇ ਕੁਝ ਸਮਝੋਤੇ ਕਰ ਕੇ ਦੂਸਰੀ ਸ਼ਾਦੀ ਲਈ ਕਦਮ ਪੁੱਟ ਹੀ ਲੈਣਾ ਚਾਹੀਦਾ ਹੈ। ਆਮ ਜੀਵਨ ਵਿਚ ਦੇਖਣ ਵਿਚ ਆਇਆ ਹੈ ਕਿ ਅਜਿਹੇ ਕੇਸਾਂ ਵਿਚ ਅੱਧਿਓਂ ਜ਼ਿਆਦਾ  ਰਿਸ਼ਤੇ ਕਾਮਯਾਬ ਹੋ ਹੀ ਜਾਂਦੇ ਹਨ। ਇਸ ਲਈ ਬੰਦੇ ਨੂੰ ਅਜਿਹਾ ਚਾਂਸ ਲੈ ਹੀ ਲੈਣਾ ਚਾਹੀਦਾ ਹੈ ਅਤੇ ਆਪਣੇ ਸੁੱਖਮਈ ਭੱਿਵਖ ਲਈ ਚਲ ਪੈਣਾ ਚਾਹੀਦਾ ਹੈ। ਜੇ ਵੱਡੀ ਉਮਰ ਵਿਚ ਵਿਛੋੜਾ ਪੈ ਜਾਏ ਤਾਂ ਅਜਿਹੇ ਸਮੇਂ ਲੋਕ ਲਾਜ ਹੋਰ ਵੀ ਜ਼ਿਆਦਾ ਮਾਰਦੀ ਹੈ। ਬੰਦਾ ਫਿਰ ਸੋਚਦਾ ਹੈ ‘ਲੋਕ ਕੀ ਕਹਿਣਗੇ?’ ਪੁੱਤਰਾਂ ਪੋਤਰਿਆਂ ਵਾਲਾ ਹੋ ਕਿ ਫਿਰ ਵਿਆਹ ਦਾ ਚਾਅ ਚੜ੍ਹਿਆ ਹੈ ? ਕੁੜਮਾਚਾਰੀ ਵਿਚ ਮਜਾਕ ਦਾ ਪਾਤਰ ਬਣੇਗਾ। ਫਿਰ ਵੀ ਜੇ ਇਸ ਉਮਰ ਵਿਚ ਵੀ ਚੰਗਾ ਸਾਥ ਮਿਲ ਜਾਏ ਤਾਂ ਦੁਬਾਰਾ ਸ਼ਾਦੀ ਕਰਨ ਵਿਚ ਵੀ ਕੋਈ ਹਰਜ਼ ਨਹੀਂ। ਬੱਚਿਆਂ ਨੂੰ ਪਿਆਰ ਨਾਲ ਸਮਝਾਇਆ ਜਾ ਸਕਦਾ ਹੈ। ਜੇ ਅੱਜ ਕੱਲ ਦੇ ਨੋਜੁਆਨ ਬੱਚੇ ਸ਼ਾਦੀ ਵਿਆਹ ਦੇ ਮਾਮਲੇ ਵਿਚ ਇਸ ਸਮਾਜ ਤੋਂ ਅਤੇ ਮਾਂ ਬਾਪ ਤੋਂ ਕੁਝ ਖੁਲ੍ਹਾਂ ਲੈ ਰਹੇ ਹਨ, ਆਪਣੀ ਮਰਜ਼ੀ ਅਨੁਸਾਰ ਆਪਣਾ ਜੀਵਨ ਸਾਥੀ ਚੁਣਨ ਨੂੰ ਆਪਣਾ ਅਧਿਕਾਰ ਸਮਝਦੇ ਹਨ ਤਾਂ ਉਨ੍ਹਾਂ ਨੂੰ ਇਕੱਲੇ ਬਾਪ ਜਾਂ ਵਿਧਵਾ ਮਾਂ ਨੂੰ ਵੀ ਕੁਝ ਖੁਲ੍ਹ ਦੇਣ ਵਿਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ।ਜੇ ਬਦਕਿਸਮਤੀ ਨਾਲ ਮਾਂ ਜਾਂ ਪਿਓ ਵਿਚੋਂ ਇਕ ਜਣਾ ਸਾਥ ਛੱਡ ਜਾਏ ਤਾਂ ਪਿਛਲੇ ਇਕਲੋਤੇ ਬਾਪ ਜਾਂ ਮਾਂ ਦੀਆਂ ਭਾਵਨਾਵਾਂ ਅਤੇ ਜ਼ਰੂਰਤਾਂ ਨੂੰ ਵੀ ਸਮਝਣਾ ਚਾਹੀਦਾ ਹੈ। ਐਵੇਂ ਲੋਕ ਲਾਜ ਦਾ ਹਉਆ ਨਹੀਂ ਖੜ੍ਹਾ ਕਰਨਾ ਚਾਹੀਦਾ। ਸਗੋਂ ਉਨ੍ਹਾਂ ਦੇ ਸੁੱਖ ਅਤੇ ਉਜਵਲ ਭਵਿਖ ਖਾਤਿਰ ਉਨ੍ਹਾਂ ਨੂੰ ਦੂਸਰੀ ਸ਼ਾਦੀ ਲਈ ਉਤਸਾਹਿਤ ਕਰਨਾ ਚਾਹੀਦਾ ਹੈ।ਇਸ ਮੋੜ ਤੇ ਆ ਕੇ ਵੀ ਇਕ ਵੱਖਰੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਜਾ ਸਕਦੀ ਹੈ। ਇਕ ਦੂਸਰੇ ਦੀਆਂ ਭਾਵਨਾਵਾਂ ਅਤੇ ਜ਼ਰੂਰਤਾਂ ਨੂੰ ਸਮਝ ਕੇ ਇਕ ਨਵੇਂ ਸਮਾਜ ਦੀ ਸਿਰਜਨਾ ਕੀਤੀ ਜਾ ਸਕਦੀ ਹੈ। ਜ਼ਿੰਦਗੀ ਵਿਚ ਸੁੰਦਰਤਾ ਅਤੇ ਖ਼ੁਸ਼ੀਆਂ ਦੇ ਰੰਗ ਫਿਰ ਤੋਂ ਭਰੇ ਜਾ ਸਕਦੇ ਹਨ। ਕੁਦਰਤ ਨੂੰ ਸੋਹਣਾ ਅਤੇ ਖੇੜ੍ਹੇ ਭਰਪੂਰ ਬਣਾਇਆ ਜਾ ਸਕਦਾ ਹੇ। ਐਵੇਂ ਰੋ ਧੋ ਕੇ ਜੀਵਨ ਬੇਕਾਰ ਕਰਨ ਦਾ ਕੀ ਫਾਇਦਾ। ਪ੍ਰਮਾਤਮਾ ਨੇ ਤੁਹਾਨੂੰ ਰੋ ਧੋ ਕੇ ਜ਼ਿੰਦਗੀ ਗੁਜ਼ਾਰਨ ਲਈ ਇਸ ਸੰਸਾਰ ਤੇ ਨਹੀਂ ਭੇਜਿਆ। ਉਸ ਨੇ ਤੁਹਾਨੂੰ ਸ਼ਾਂਤੀ ਅਤੇ ਸੁੱਖਮਈ ਸੰਸਾਰ ਲਈ ਭੇਜਿਆ ਹੈ।
ਐਵੇਂ ਮਨ ਮਾਰ ਕੇ, ਆਪਣੀਆਂ ਇੱਛਾਵਾਂ ਨੂੰ ਦਬਾ ਕੇ ਜ਼ਿੰਦਗੀ ਰੋਲਣ ਦਾ ਕੀ ਫਾਇਦਾ? ਜੇ ਕਿਸੇ ਤੇ ਐਸੀ ਨੌਬਤ ਆ ਹੀ ਜਾਏ ਤਾਂ ਇੱਧਰ ਉੱਧਰ ਭਟਕ ਕੇ ਲੋਕਾਂ ਦੀਆਂ ਕੌੜੀਆਂ ਕੁਸੈਲੀਆਂ ਗੱਲਾਂ ਸੁਣਨ ਤੋਂ ਤਾਂ ਚੰਗਾ ਹੈ ਇਕੋ ਵਾਰੀ ਦਲੇਰੀ ਭਰਿਆ ਕਦਮ ਚੁੱਕਿਆ ਜਾਏ। ਲੋਕਾਂ ਤੋਂ ਨਾ ਡਰੋ। ਲੋਕਾਂ ਦੀ ਪਰਵਾਹ ਨਾ ਕਰੋ। ਕਿਧਰੇ ਆਸਮਾਨ ਨਹੀਂ ਡਿੱਗਣ ਲੱਗਾ। ਕੋਈ ਧਰਤੀ ਨਹੀਂ ਫਟਣ ਲੱਗੀ। ਕੋਈ ਮਰਿਆਦਾ ਨਹੀਂ ਟੁੱਟਣ ਲੱਗੀ। ਲੋਕ ਤੁਹਾਡੀ ਜ਼ਰੂਰਤ ਸਮੇ ਤੁਹਾਡੇ ਘਰ ਰਾਸ਼ਨ ਨਹੀਂ ਪਾ ਜਾਂਦੇ।ਫਿਰ ਉਨ੍ਹਾਂ ਨੂੰ ਕੋਈ ਅਧਿਕਾਰ ਨਹੀਂ ਕਿ ਤੁਹਾਡੀ ਸੁੱਖ-ਮਈ ਜ਼ਿੰਦਗੀ ਵਿਚ ਅੜਚਣਾ ਪੈਦਾ ਕਰਨ। ਤੁਸੀਂ ਆਪਣਾ ਮੁੰਹ ਮੱਥਾ ਆਪ ਹੀ ਸਵਾਰਨਾ ਹੈ  ਅਤੇ ਸੋਹਣਾ ਬਣ ਕੇ ਜ਼ਿੰਦਗੀ ਵਿਚ ਵਿਚਰਨਾ ਹੈ। ਲੋਕ ਆਪੇ ਕੁਝ ਦੇਰ ਬੋਲ ਕੇ ਚੁੱਪ ਹੋ ਜਾਣਗੇ। ਕੁੱਤੇ ਭੌਕਦੇ ਹਨ ਪਰ ਹਾਥੀ ਆਪਣੀ ਮਸਤ ਚਾਲ ਚੱਲਦੇ ਰਹਿੰਦੇ ਹਨ। ਸਮੇਂ ਨਾਲ ਲੋਕਾਂ ਨੂੰ ਤੁਹਾਨੂੰ ਨਵੇਂ ਰੂਪ ਵਿਚ ਬਰਦਾਸ਼ਤ ਕਰਨ ਦੀ ਆਦਤ ਪੈ ਜਾਏਗੀ। ਹੋਲੀ ਹੋਲੀ ਸਭ ਸ਼ਾਂਤ ਹੋ ਜਾਏਗਾ। ਸਗੋਂ ਲੋਕ ਤੁਹਾਡੇ ਉੱਤੇ ਰਸ਼ਕ ਕਰਨਗੇ। ਜ਼ਿੰਦਗੀ ਦੇ ਸਾਗਰ ਵਿਚ ਤੁਹਾਡੀ ਨਵੀਂ ਜੋੜੀ ਦੀ ਬੇੜੀ ਸ਼ਾਂਤੀ ਨਾਲ ਅਡੋਲ ਹੀ ਤੈਰ ਜਾਏਗੀ ਅਤੇ ਕਿਨਾਰੇ ਲੱਗ ਜਾਏਗੀ। ਤੁਸੀਂ ਆਪਣੇ ਸੁੱਖ-ਮਈ ਜੀਵਨ ਲਈ ਹੌਸਲਾ ਕਰੋ। ਇਕ ਸੱਜਰੀ ਸਵੇਰ ਖ਼ੁਸ਼ੀਆਂ ਅਤੇ ਖੇੜ੍ਹੇ ਲੈ ਕੇ ਤੁਹਾਡੀ ਸਰਦਲ ਤੇ ਦਸਤਕ ਦੇ ਰਹੀ ਹੈ। ਉਸ ਦਾ ਖਿੜ੍ਹੇ ਮੱਥੇ ਸੁਆਗਤ ਕਰੋ।
ਵਿਦਿਆ ਦਾ ਚਾਣਨ ਆਉਣ ਨਾਲ ਅਸੀਂ ਬਾਲ ਵਿਆਹ ਅਤੇ ਸਤੀ ਪ੍ਰਥਾ ਤੋਂ ਛੁਟਕਾਰਾ ਪਾ ਲਿਆ ਹੈ। ਵਿਧਵਾ ਵਿਆਹ ਲਈ ਸਮਾਜ ਅਤੇ ਕਾਨੂੰਨ ਨੇ ਵੀ ਪਰਵਾਨਗੀ ਦੇ ਦਿੱਤੀ ਹੈ ਪਰ ਅਸੀ ਆਪ ਹੀ ਦਵੰਦ ਵਿਚ ਫਸੇ ਹੋਏ ਹਾਂ ਕਿ ਲੋਕ ਕੀ ਕਹਿਣਗੇ। ਜੇ ਅਸੀ ਇਸ ਮੋੜ ਤੇ ਜ਼ਿੰਦਗੀ ਵਿਚ ਸੁੱਖ ਚਾਹੁੰਦੇ ਹਾਂ ਤਾਂ ਸਾਨੂੰ ਇਸ ਦਵੰਦ ਵਿਚੋਂ ਨਿਕਲਣਾ ਹੀ ਪਵੇਗਾ। ਜੇ ਸਾਡੇ ਇਸ ਕਦਮ ਨਾਲ ਬੱਚਿਆਂ ਦੀ ਜ਼ਿੰਦਗੀ ਵਿਚ ਕੋਈ ਖਲਲ ਨਹੀਂ ਪੈਂਦਾ, ਉਹ ਆਪਣੀ ਗ੍ਰਹਿਸਥੀ ਆਪਣੇ ਤੋਰ ਤੇ ਸੁੱਖ ਨਾਲ ਜੀਅ ਸਕਦੇ ਹਨ ਅਤੇ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਦਾ, ਫਿਰ ਤਾਂ  ਸਾਨੂੰ ਹੌਸਲੇ ਨਾਲ ਸੁੱਖਾਂ ਵਲ ਕਦਮ ਪੁੱਟਣ ਵਿਚ ਕੋਈ ਹਰਜ਼ ਨਹੀਂ। ਇਹ ਸੋਚੋ ਦੁਨੀਆ ਪਏ ਢੱਠੇ ਖੂਹ ਵਿਚ। ਸਾਨੂੰ ਕਿਸੇ ਨਾਲ ਕੀ? ਅਸੀਂ ਆਪਣੀ ਜ਼ਿੰਦਗੀ ਸਵਾਰਨੀ ਹੈ ਆਪਣਾ ਭਵਿਖ ਉਜਵਲ ਬਣਾਉਣਾ ਹੈ। ਉਸ ਵਿਚ ਖ਼ੁਸ਼ੀਆਂ ਦੇ ਰੰਗ ਭਰਨੇ ਹਨ। ਜੇ ਦੁਨੀਆਂ ਨੂੰ ਸਾਡੀ ਪਰਵਾਹ ਨਹੀਂ, ਫਿਰ ਅਸੀਂ ਦੁਨੀਆਂ ਖਾਤਿਰ ਆਪਣੀ ਜ਼ਿੰਦਗੀ ਕਿਉਂ ਨਰਕ ਬਣਾਈਏ?
ਹਰ ਮਨੁੱਖ ਖ਼ੁਸ਼ੀ ਭਰੀ, ਸ਼ਾਂਤ ਅਤੇ ਸੁੱਖਮਈ ਜ਼ਿੰਦਗੀ ਜਿਉਣਾ ਚਾਹੁੰਦਾ ਹੇ। ਉਸ ਦਾ ਹਰ ਕੰਮ ਅਤੇ ਹਰ ਕਦਮ ਇਸੇ ਆਸ਼ੇ ਨੂੰ ਲੈ ਕੇ ਹੀ ਹੁੰਦਾ ਹੈ। ਉਹ ਅਚੇਤ ਜਾਂ ਸੁਚੇਤ ਕਿਸੇ ਵੀ ਰਸਤੇ ਤੇ ਚੱਲੇ ਪਰ ਉਸ ਦੀ ਮਜ਼ਿਲ ਸੁੱਖਾਂ ਦੀ ਭਾਲ ਹੀ ਹੁੰਦੀ ਹੈ। ਇਸ ਲਈ ਜੀਵਨ ਸਾਥੀ ਦੇ ਵਿਛੋੜੇ ਪਿੱਛੋਂ ਇਕੱਲੇ ਰਹਿ ਗਏ ਪੁਰਸ਼ ਜਾਂ ਇਸਤਰੀ ਨੂੰ ਵੀ ਜਿਉਣ ਦਾ ਅਤੇ ਆਪਣੀ ਜ਼ਿੰਦਗੀ ਸਵਾਰਨ ਦਾ ਪੂਰਾ ਅਧਿਕਾਰ ਹੈ। ਇਹ ਸੋਚਣਾ ਫਜੂਲ ਹੈ ਕਿ ‘ਲੋਕ ਕੀ ਕਹਿਣਗੇ?’ ਉਨ੍ਹਾਂ ਨੂੰ ਢਾਊ ਵਿਚਾਰਾਂ ਨੂੰ ਛੱਡ ਕੇ ਫਿਰ ਤੋਂ ਇਕ ਨਵੀਂ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ ਦਲੇਰੀ ਕਰਨੀ ਚਾਹੀਦੀ ਹੈ ਤਾਂ ਕਿ ਉਨ੍ਹਾਂ ਦੀ ਬਾਕੀ ਦੀ ਜ਼ਿੰਦਗੀ ਖ਼ੁਸ਼ੀ ਭਰੀ ਅਤੇ ਖੇੜ੍ਹੇ ਭਰਪੂਰ ਹੋ ਸੱਕੇ।

ਲੇਖਕ : ਗੁਰਸ਼ਰਨ ਸਿੰਘ ਕੁਮਾਰ ਹੋਰ ਲਿਖਤ (ਇਸ ਸਾਇਟ 'ਤੇ): 18
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :558
ਲੇਖਕ ਬਾਰੇ
ਪ੍ਰਿੰਸੀਪਲ ਅਕਾਉਟੈਂਟ ਜਨਰਲ ਪੰਜਾਬ (ਆਡਿਟ) ਚੰਡੀਗੜ੍ਹ ਦੇ ਦਫ਼ਤਰ ਤੋਂ ਬਤੋਰ ਸੀਨੀਅਰ ਅਡਿਟ ਅਫ਼ਸਰ ਦੇ ਤੋਰ ਤੇ 35 ਸਾਲ ਦੀ ਸ਼ਾਨਦਾਰ ਸੇਵਾ ਨਿਭਾਉਣ ਉਪਰੰਤ ਰਿਟਾਇਰ ਹੋਏ। ਇਸ ਸਮੇਂ ਪਿਛਲੇ 8 ਸਾਲ ਤੋਂ ਕਲਗੀਧਰ ਟਰਸਟ, ਬੜੂ ਸਾਹਿਬ ‘ਚ ਬਤੋਰ ਅਡਵਾਈਜ਼ਰ ਦੇ ਤੋਰ ਤੇ ਫ੍ਰੀ ਸੇਵਾ ਨਿਭਾ ਰਿਹਾ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ