ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਫਿਲਸਤੀਨੀਆਂ 'ਤੇ ਕਹਿਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ

ਹੁਣੇ ਜਿਹੇ ਇਜਰਾਈਲ ਮੰਤਰੀ ਮੰਡਲ ਨੇ ਗਾਜਾ 'ਚ ਜੰਗਬੰਦੀ ਲਈ ਮਿਸਰ ਦੀ ਤਜਵੀਜ਼ 'ਤੇ ਸਹਿਮਤੀ ਪ੍ਰਗਟਾਈ ਹੈ, ਪਰ ਹਮਾਸ ਅੰਦੋਲਨ ਨੇ ਇਸ ਤਜਵੀਜ਼ ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਹੈ ਕਿ ਸਮਝੌਤੇ 'ਤੇ ਪੁੱਜੇ ਬਿਨਾਂ ਜੰਗਬੰਦੀ ਸੰਭਵ ਨਹੀਂ ਹੋਵੇਗੀ। ਇਸ ਤੋਂ ਬਾਅਦ ਇਜਰਾਈਲ ਨੇ ਗਾਜਾ ਪੱਟੀ ਦੇ ਇੱਕ ਲੱਖ ਫਿਲਸਤੀਨੀਆਂ ਨੂੰ ਘਰ ਛੱਡਣ ਦੀ ਚਿਤਾਵਨੀ ਦੇ ਦਿੱਤੀ ਹੈ। ਇਸਰਾਈਲ ਨੇ ਪੰਜ ਸਾਲ ਵਿੱਚ ਪਹਿਲੀ ਵਾਰ ਹਮਾਸ ਦੇ ਸ਼ਾਸਨ ਵਾਲੀ ਗਾਜ਼ਾ ਪੱਟੀ ਵਿੱਚ ਪੈਦਲ ਸੈਨਾ ਤੇ ਟੈਂਕਾਂ ਨਾਲ ਜ਼ਮੀਨੀ ਹਮਲਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਦਸ ਦਿਨਾਂ ਤੋਂ ਚੱਲ ਰਹੀ ਜੰਗ ਵਿੱਚ ਇਸ ਵੱਲੋਂ ਹੁਣ ਤਕ ਗਾਜ਼ਾ ਵਿੱਚ ਕੀਤੇ ਗਏ ਹਵਾਈ ਹਮਲਿਆਂ ਵਿੱਚ 600 ਫਲਸਤੀਨੀ ਮਾਰੇ ਜਾ ਚੁੱਕੇ ਹਨ, 2200 ਜ਼ਖ਼ਮੀ ਤੇ 350 ਮਕਾਨ ਤਬਾਹ ਹੋਏ ਹਨ ਤੇ ਇਕ ਇਸਰਾਈਲੀ ਸੈਨਿਕ ਮਾਰਿਆ ਗਿਆ। ਕਈ ਫਿਲਸਤੀਨੀ ਨੇਤਾਵਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਬੇਗੁਨਾਹ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ ਬਾਨ ਕੀ ਮੂਨ ਨੇ ਇਸਰਾਈਲ ਵੱਲੋਂ ਜ਼ਮੀਨੀ ਹਮਲਾ ਕਰਨ 'ਤੇ ਅਫਸੋਸ ਪ੍ਰਗਟਾਇਆ ਹੈ। ਉਨ੍ਹਾਂ ਨੇ ਇਸਰਾਈਲ ਨੂੰ ਜਾਨੀ ਨੁਕਸਾਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ।
ਇਜਰਾਈਲ ਦਾ ਕਹਿਣਾ ਹੈ ਕਿ ਉਸ ਦੀ ਫ਼ੌਜੀ ਕਾਰਵਾਈ ਦਾ ਉਦੇਸ਼ ਹਮਾਸ ਦੇ ਅੱਤਵਾਦੀ ਹਮਲਿਆਂ ਨਾਲ ਨਿਪਟਣਾ ਹੈ, ਪਰ ਇਹ ਸਾਫ਼ ਹੈ ਕਿ ਇਜਰਾਈਲ ਦੀ ਫ਼ੌਜੀ ਕਾਰਵਾਈ ਪੂਰੀ ਤਰ੍ਹਾਂ ਮਨੁੱਖੀ ਅਧਿਕਾਰਾਂ ਵਿਰੋਧੀ ਹੈ। ਦੂਜੇ ਪਾਸੇ, ਹਮਾਸ ਦੇ ਰਾਕੇਟੀ ਹਮਲਿਆਂ 'ਚ ਕਿਸੇ ਇਜਰਾਈਲੀ ਫ਼ੌਜੀ ਜਾਂ ਨਾਗਰਿਕ ਦੀ ਜਾਨ ਨਹੀਂ ਗਈ, ਜਦਕਿ ਇਜਰਾਈਲ ਦਾ ਕਹਿਣਾ ਹੈ ਕਿ ਹਫ਼ਤੇ ਭਰ 'ਚ ਹਮਾਸ ਨੇ ਉਸ ਉੱਪਰ 500 ਤੋਂ ਵੱਧ ਰਾਕੇਟ ਦਾਗੇ ਹਨ। ਇਜਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਿਆਹੂ ਦੇ ਰਵੱਈਏ ਤੋਂ ਲੱਗਦਾ ਹੈ ਕਿ ਉਹ ਯੂਐਨਓ ਤੇ ਅੰਤਰਰਾਸ਼ਟਰੀ ਨਿਯਮਾਂ ਨੂੰ ਟਿੱਚ ਜਾਣਦੇ ਹਨ। ਅਮਰੀਕਾ ਜੋ ਕਿ ਮਨੁੱਖੀ ਹੱਕਾਂ ਦੀ ਪਹਿਰੇਦਾਰੀ ਦਾ ਦਮ ਭਰਦਾ ਹੈ, ਉਹ ਵੀ ਇਸ ਘਟਨਾ ਬਾਰੇ ਮੂਕ ਦਰਸ਼ਕ ਬਣਿਆ ਹੋਇਆ ਹੈ ਤੇ ਹੋਰਨਾਂ ਪੱਛਮੀ ਦੇਸਾਂ ਨੇ ਵੀ ਲੱਗਭੱਗ ਇਹ ਨੀਤੀ ਅਪਣਾਈ ਹੋਈ ਹੈ। ਇਸ ਤੋਂ ਸਾਫ਼ ਜ਼ਾਹਿਰ ਹੈ ਕਿ ਅਮਰੀਕਾ ਸਮੇਤ ਪੱਛਮੀ ਦੇਸ ਇਜਰਾਈਲ ਦੇ ਪੱਖ ਵਿੱਚ ਹਨ। ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰ ਪ੍ਰੀਸ਼ਦ ਨੇ ਇਸ ਮਾਮਲੇ ਵਿੱਚ ਚਿੰਤਾ ਪ੍ਰਗਟਾਉਂਦੇ ਹੋਏ ਇਜਰਾਈਲ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ।
ਇਜਰਾਈਲ ਦੇ ਪ੍ਰਧਾਨ ਮੰਤਰੀ ਨੇਤਨਿਆਹੂ ਨੇ ਇਹ ਆਖ ਕੇ ਗਾਜਾ 'ਤੇ ਇਜਰਾਈਲੀ ਫ਼ੌਜੀ ਕਾਰਵਾਈ ਨੂੰ ਸਹੀ ਠਹਿਰਾਇਆ ਹੈ ਕਿ ਹਮਾਸ ਨੇ ਆਪਣੇ ਹਥਿਆਰ ਮਸਜਿਦਾਂ ਅਤੇ ਘਰਾਂ 'ਚ ਜਮ੍ਹਾਂ ਕਰ ਰੱਖੇ ਹਨ ਅਤੇ ਲੋਕਾਂ ਦੀ ਰਿਹਾਇਸ਼ ਵਿਚਾਲੇ ਹੀ ਉਹ ਆਪਣੇ ਸਿਖਲਾਈ ਕੇਂਦਰ ਚਲਾਉਂਦਾ ਹੈ। ਇਸੇ ਆਧਾਰ 'ਤੇ ਨੇਤਨਿਆਹੂ ਨੇ ਗਾਜਾ 'ਚ ਆਮ ਲੋਕਾਂ ਦੇ ਮਾਰੇ ਜਾਣ 'ਤੇ ਫ਼ੌਜੀ ਕਾਰਵਾਈ ਨੂੰ ਦਰੁੱਸਤ ਕਰਾਰ ਦਿੱਤਾ ਹੈ। ਕਈ ਇਜਰਾਈਲੀ ਚਿੰਤਕਾਂ ਨੇ ਵੀ ਨੇਤਨਿਆਹੂ ਦੇ ਇਸ ਬਿਆਨ 'ਤੇ ਸਵਾਲ ਖੜ੍ਹੇ ਕੀਤੇ ਹਨ। ਉਸ ਦਾ ਮੰਨਣਾ ਹੈ ਕਿ ਇਹ ਫ਼ੌਜੀ ਕਾਰਵਾਈ ਇਸ ਲਈ ਕੀਤੀ ਗਈ ਤਾਂ ਜੋ ਫਿਲਸਤੀਨੀਆਂ ਦਾ ਮਨੋਬਲ ਤੋੜਿਆ ਜਾ ਸਕੇ। ਦਹਾਕਿਆਂ ਤੋਂ ਇਜਰਾਈਲ ਦਾ ਰਵੱਈਆ ਇਹੀ ਰਿਹਾ ਹੈ ਕਿ ਉਹ ਕੁਝ ਵੀ ਕਰੇ, ਉਸ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ। ਯਾਦ ਰਹੇ ਕਿ ਗਾਜਾ ਦੁਨੀਆਂ ਦੀ ਸਭ ਤੋਂ ਘਣੀ ਵੱਸੋਂ 'ਚੋਂ ਇੱਕ ਹੈ। ਫਿਰ, ਜਦੋਂ ਖੁੱਲ੍ਹੀ ਹਿੰਸਾ ਦਾ ਦੌਰ ਨਹੀਂ ਹੁੰਦਾ, ਉਦੋਂ ਵੀ ਫਿਲਸਤੀਨੀਆਂ ਨੂੰ ਇਜਰਾਈਲ ਦੇ ਅੱਤਵਾਦ ਦੇ ਸਾਏ 'ਚ ਜਿਊਣਾ ਪੈਂਦਾ ਹੈ। ਗਾਜਾ 'ਚ ਉਹ ਆਪਣੇ ਘਰਾਂ ਤੇ ਹਸਪਤਾਲਾਂ 'ਚ ਵੀ ਸੁਰੱਖਿਅਤ ਨਹੀਂ ਹਨ ਅਤੇ ਦੀਵਾਰਾਂ ਨਾਲ ਘਿਰੇ ਪੱਛਮੀ ਤੱਟ ਖੇਤਰ 'ਚ ਇਜਰਾਈਲੀ ਫ਼ੌਜੀਆਂ ਦੇ ਕੰਟਰੋਲ, ਨਿਗਰਾਨੀ ਤੋਂ ਗੁਜ਼ਰਦੇ ਹੋਏ ਉਨ੍ਹਾਂ ਨੂੰ ਰੋਜ਼ ਪੀੜਾ ਤੇ ਬੇਇੱਜ਼ਤੀ ਸਹਿਣੀ ਪੈਂਦੀ ਹੈ। ਆਪਣੇ ਲੋਕਾਂ ਨੂੰ ਮਿਲਣ ਵਿੱਚ ਉਨ੍ਹਾਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ।
ਇਹ ਸਭ ਉਨ੍ਹਾਂ ਨੂੰ ਇਸ ਲਈ ਝੱਲਣਾ ਪੈਂਦਾ ਹੈ, ਕਿਉਂਕਿ ਇਜਰਾਇਲੀ ਦੀ ਗ਼ੁਲਾਮੀ ਤੋਂ ਮੁਕਤ ਆਪਣੇ ਵਤਨ ਦਾ ਸੁਪਨਾ ਉਨ੍ਹਾਂ ਨੇ ਛੱਡਿਆ ਨਹੀਂ ਹੈ। ਉਨ੍ਹਾਂ ਦੇ ਪੱਖ 'ਚ ਸਮੇਂ-ਸਮੇਂ 'ਤੇ ਪਾਸ ਹੋਏ ਸੰਯੁਕਤ ਰਾਸ਼ਟਰ ਦੇ ਮਤੇ ਲਾਗੂ ਨਹੀਂ ਹੋ ਸਕੇ, ਕਈ ਮਤਿਆਂ ਨੂੰ ਅਮਰੀਕਾ ਦੇ ਵੀਟੋ ਨੇ ਡੇਗ ਦਿੱਤਾ। ਅੱਜ ਫਿਲਸਤੀਨੀ ਫਤਹ ਤੇ ਹਮਾਸ ਦੇ ਮੇਲ-ਮਿਲਾਪ ਦੇ ਬਾਵਜੂਦ ਆਪਣੇ-ਆਪ ਨੂੰ ਕਿਤੇ ਵੱਧ ਅਸਮਰਥ ਮਹਿਸੂਸ ਕਰਦੇ ਹਨ। ਕਾਰਨ ਸਪੱਸ਼ਟ ਹੈ ਕਿ ਨਾ ਸਿਰਫ਼ ਪੱਛਮੀ ਦੁਨੀਆਂ ਮੂਕਦਰਸ਼ਕ ਬਣੀ ਹੋਈ ਹੈ, ਅਰਬ ਦੇਸ ਵੀ ਇਸ ਮਾਮਲੇ 'ਚ ਚੁੱਪ ਬੈਠੇ, ਸ਼ਾਇਦ ਉਹ ਅਮਰੀਕਾ ਤੇ ਇਜਰਾਈਲ ਤੋਂ ਖੌਫ਼ ਖਾਂਦੇ ਹਨ। ਮਿਸਰ ਤੋਂ ਕੁਝ ਸਕਾਰਾਤਮਕ ਪਹਿਲ ਦੀ ਆਸ ਕੀਤੀ ਜਾ ਸਕਦੀ ਸੀ, ਪਰ ਉਹ ਵੀ ਇਕੱਲੇ ਤੌਰ 'ਤੇ ਭੂਮਿਕਾ ਨਹੀਂ ਨਿਭਾ ਸਕਦਾ। ਫਿਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਹਿੰਸਾ ਦੇ ਸੰਦਰਭ ਵਿੱਚ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਫਿਲਸਤੀਨ ਨੂੰ ਆਪਣੀ ਸਰਪ੍ਰਸਤੀ 'ਚ ਲੈ ਲੈਣ। ਇਸ 'ਤੇ ਬਾਨ ਕੀ-ਮੂਨ ਨੂੰ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ, ਪਰ ਨਾਲ ਹੀ ਫਿਲਸਤੀਨ ਸਮੱਸਿਆ ਦਾ ਸਥਾਈ ਹੱਲ ਕੱਢਣ ਦੀ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ।

ਕੀ ਹੈ ਮਾਮਲਾਇੱਥੇ ਜ਼ਿਕਰਯੋਗ ਹੈ ਕਿ ਜੇਕਰ ਪਿਛਲੀ ਸਦੀ ਤੋਂ ਹੁਣ ਤੱਕ ਜ਼ਮੀਨ 'ਤੇ ਕੋਈ ਸਭ ਤੋਂ ਵੱਡਾ ਨਾਜਾਇਜ਼ ਕਬਜ਼ਾ ਕਿਹਾ ਜਾਵੇਗਾ, ਤਾਂ ਉਹ ਇਜਰਾਈਲ ਦਾ ਫਿਲਸਤੀਨੀ ਜ਼ਮੀਨ 'ਤੇ ਕਬਜ਼ਾ ਹੋਵੇਗਾ। 1948 'ਚ ਜੰਗ ਕਰਕੇ ਇਜਰਾਈਲ ਫਿਲਸਤੀਨੀ ਜ਼ਮੀਨ ਦੇ ਕਰੀਬ ਅੱਧੇ ਤੋਂ ਵੱਧ ਹਿੱਸੇ 'ਤੇ ਕਾਬਜ਼ ਹੋ ਗਿਆ। ਜਰਮਨੀ ਦੇ ਹਿਟਲਰ ਦਾ ਕਹਿਰ 60 ਲੱਖ ਤੋਂ ਵੱਧ ਯਹੂਦੀਆਂ 'ਤੇ ਟੁੱਟਿਆ ਸੀ। ਦੁਨੀਆਂ ਦੀ ਹਮਦਰਦੀ ਉਨ੍ਹਾਂ ਨਾਲ ਸੀ। ਇਜਰਾਈਲੀ ਉਸ ਜੰਗ ਨੂੰ ਆਜ਼ਾਦੀ ਦੀ ਜੰਗ ਆਖਦੇ ਹਨ ਅਤੇ ਫਿਲਸਤੀਨੀ ਉਸ ਨੂੰ ਨਕਬਾ ਅਰਥਾਤ ਮਹਾਂਵਿਨਾਸ਼ ਆਖਦੇ ਹਨ।
ਅੱਤਿਆਚਾਰ ਤੋਂ ਪੀੜਤ ਯਹੂਦੀ ਲੋਕ ਕਿਤੇ ਛਾਂ ਦੀ ਭਾਲ 'ਚ ਸਨ ਤੇ ਉਨ੍ਹਾਂ ਨੇ ਇਸ ਲਈ ਦੂਜਿਆਂ ਦੇ ਘਰ ਉਜਾੜ ਦਿੱਤੇ। ਇਜਰਾਈਲੀ ਫ਼ੌਜ ਨੇ 13,80,000 ਫਿਲਸਤੀਨੀ ਲੋਕਾਂ ਨੂੰ ਆਪਣੀ ਜ਼ਮੀਨ ਤੋਂ ਭਜਾ ਦਿੱਤਾ। ਫਿਰ 1967 'ਚ ਇਜਰਾਈਲ ਨੇ ਜੰਗ ਜਿੱਤ ਕੇ ਆਪਣਾ ਕਬਜ਼ਾ ਫਿਰ ਵਧਾਇਆ। ਇਸ ਦੌਰਾਨ ਫਿਰ ਢਾਈ ਲੱਖ ਫਿਲਸਤੀਨ ਲੋਕ ਉਜਾੜ ਦਿੱਤੇ। ਹੁਣ ਵੈਸਟ ਬੈਂਸ ਅਤੇ ਗਾਜਾ 'ਚ ਕੁਲ ਮਿਲਾ ਕੇ ਤਕਰੀਬਨ 35-40 ਲੱਖ ਫਿਲਸਤੀਨੀ ਰਹਿੰਦੇ ਹਨ, ਪਰ ਉਨ੍ਹਾਂ ਕੋਲ ਜ਼ਮੀਨ ਦਾ ਦਸ ਫ਼ੀਸਦੀ ਤੋਂ ਵੀ ਘੱਟ ਹਿੱਸਾ ਬਚਿਆ ਹੈ। ਸਹੂਲਤਾਂ ਦੇ ਨਾਂ 'ਤੇ ਦੁਨੀਆਂ ਦੇ ਕੋਨੇ-ਕੋਨੇ ਤੋਂ ਯਹੂਦੀ ਲੋਕ ਇਜਰਾਈਲ 'ਚ ਜਾ ਕੇ ਵਸੇ ਹਨ ਤੇ ਅੱਜ ਇਕੱਲੇ ਇਜਰਾਈਲ 'ਚ ਦੁਨੀਆਂ ਦੇ 41 ਫ਼ੀਸਦੀ ਤੋਂ ਵੱਧ ਯਹੂਦੀ ਵਸੇ ਹੋਏ ਹਨ। ਇਜਰਾਈਲ ਦੀ ਕੁਲ ਆਬਾਦੀ ਦਾ 80 ਫ਼ੀਸਦੀ ਸਿਰਫ਼ ਯਹੂਦੀ ਹਨ। ਫਿਲਸਤੀਨ ਦੀ ਪੂਰੀ ਜ਼ਮੀਨ 'ਤੇ 1922 'ਚ 11 ਫ਼ੀਸਦੀ ਯਹੂਦੀ ਸਨ, ਜੋ ਦੂਜੇ ਵਿਸ਼ਵ ਯੁੱਧ ਦੇ ਅੰਤ ਤੱਕ 33 ਫ਼ੀਸਦੀ ਹੋਏ ਅਤੇ 1948 ਤੋਂ 1958 ਦੇ ਦਸ ਸਾਲ ਦੇ ਵਕਫੇ 'ਚ ਇਜਰਾਈਲ ਦੀ ਆਬਾਦੀ 8 ਲੱਖ ਤੋਂ 20 ਲੱਖ ਹੋ ਗਈ। ਇਨ੍ਹਾਂ 'ਚੋਂ ਜ਼ਿਆਦਾਤਰ ਲੋਕ ਉਜਾੜੇ ਦੀ ਹਾਲਤ 'ਚ ਸ਼ਰਨਾਰਥੀ ਬਣ ਕੇ ਖ਼ਾਲੀ ਹੱਥ ਆਏ ਸਨ। ਇਜਰਾਈਲ ਨੇ ਕਾਨੂੰਨ ਬਣਾ ਕੇ ਇਨ੍ਹਾਂ ਯਹੂਦੀਆਂ ਨੂੰ 49 ਸਾਲ ਦੇ ਪੱਟੇ 'ਤੇ ਉਹੀ ਜ਼ਮੀਨਾਂ ਵਾਹੁਣ ਲਈ ਦਿੱਤੀਆਂ, ਜਿਨ੍ਹਾਂ ਤੋਂ ਫਿਲਿਸਤੀਨੀ ਅਰਬਾਂ ਨੂੰ ਖਦੇੜਿਆ ਸੀ।
ਇਜਰਾਈਲ-ਫਿਲਿਸਤੀਨ ਦਾ ਮਸਲਾ ਬੇਹੱਦ ਪੇਚੀਦਾ ਹੈ। ਇਸ ਦੇ ਸੂਤਰਾਂ ਨੂੰ ਭਾਲੀਏ, ਤਾਂ ਫਰਾਂਸ ਅਤੇ ਇੰਗਲੈਂਡ ਦੇ ਸਵੇਜ ਨਹਿਰ ਨਾਲ ਜੁੜੇ ਸੁਆਰਥ, ਅਮਰੀਕਾ ਦੇ ਪੱਛਮੀ ਏਸ਼ੀਆ 'ਚ ਆਪਣਾ ਮਜ਼ਬੂਤ ਆਧਾਰ ਬਣਾਉਣ ਦੀ ਲਾਲਸਾ, ਨਸਲਵਾਦ ਦੇ ਨਾਂ 'ਤੇ ਫੈਲਾਈ ਜਾ ਰਹੀ ਜੰਗ ਦਾ ਯਥਾਰਥ ਸਭ ਕੁਝ ਸਾਹਮਣੇ ਆਉਂਦਾ ਹੈ। ਜੋ ਲੁਕ ਜਾਂਦਾ ਹੈ, ਉਹ ਹੈ ਆਤਮ-ਸਨਮਾਨ ਨਾਲ ਜਿਊਣਾ ਚਾਹ ਰਹੇ ਫਿਲਸਤੀਨੀਆਂ ਦੀ ਇੱਛਾ। ਕਿਉਂਕਿ ਦੁਨੀਆਂ ਦਾ ਕੋਈ ਵੀ ਦੇਸ ਉਨ੍ਹਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਨਹੀਂ ਕਰ ਰਿਹਾ ।
ਅੱਜ ਦੁਨੀਆਂ 'ਚ ਤਾਕਤ ਦੇ ਸਮੀਕਰਨਾਂ 'ਚ ਅਮਰੀਕਾ ਤੇ ਇਜਰਾਈਲ ਸਭ ਤੋਂ ਨੇੜਲੇ ਸਹਿਯੋਗੀ ਹਨ। ਅਮਰੀਕਾ ਦੇ ਯੋਜਨਾ ਖ਼ਰਚ ਦਾ ਇੱਕ ਵੱਡਾ ਹਿੱਸਾ ਇਜਰਾਈਲ ਨੂੰ ਮਦਦ ਦੇ ਤੌਰ 'ਤੇ ਖ਼ਰਚ ਹੁੰਦਾ ਹੈ। ਅਮਰੀਕੀ ਹਥਿਆਰਾਂ ਦਾ ਨਾ ਸਿਰਫ਼ ਸਭ ਤੋਂ ਵੱਡਾ ਖ਼ਰੀਦਦਾਰ ਇਜਰਾਈਲ ਹੈ, ਸਗੋਂ ਪੂਰੇ ਅਰਬ ਵਿਸ਼ਵ 'ਚ ਉਹ ਅਮਰੀਕੀ ਹਿੱਤਾਂ ਦਾ ਸਭ ਤੋਂ ਵੱਡਾ ਪਹਿਰੇਦਾਰ ਵੀ ਹੈ। ਇਸੇ ਲਈ ਇਜਰਾਈਲ ਵੱਲੋਂ ਕੀਤੇ ਗਏ ਕਿਸੇ ਵੀ ਅੱਤਿਆਚਾਰ 'ਤੇ ਜਾਂ ਤਾਂ ਅਮਰੀਕਾ ਚੁੱਪ ਰਹਿੰਦਾ ਹੈ ਜਾਂ ਉਸ ਨੂੰ ਖੁੱਲ੍ਹ ਕੇ ਸਮੱਰਥਨ ਦਿੰਦਾ ਹੈ। ਇਹੀ ਕਾਰਨ ਹੈ ਕਿ ਫਿਲਸਤੀਨੀਆਂ ਉੱਪਰ ਫ਼ੌਜੀ ਕਹਿਰ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਜਾਰੀ ਹੈ। ਕੋਈ ਵੀ ਦੇਸ ਵਿਸ਼ਵ ਦੇ ਦਾਅਵੇਦਾਰ ਅਮਰੀਕਾ ਅੱਗੇ ਖੰਘਣ ਨੂੰ ਤਿਆਰ ਨਹੀਂ ਕਿ ਫਿਲਸਤੀਨੀਆਂ ਉੱਪਰ ਜ਼ੁਲਮ ਕਿਉਂ ਹੋ ਰਹੇ ਹਨ?
ਸੰਯੁਕਤ ਰਾਸ਼ਟਰ ਨੂੰ ਇਸ ਸੰਬੰਧ ਵਿੱਚ ਦਖ਼ਲਅੰਦਾਜ਼ੀ ਦੀ ਲੋੜ ਹੈ ਕਿ ਆਖਿਰ ਇਜਰਾਈਲ ਰਿਹਾਇਸ਼ੀ ਇਲਾਕਿਆਂ ਤੇ ਬੇਗੁਨਾਹ ਲੋਕਾਂ 'ਤੇ ਹਮਲੇ ਕਿਉਂ ਕਰ ਰਿਹਾ ਹੈ, ਜਿਸ ਵਿੱਚ ਬੱਚੇ, ਬਜ਼ੁਰਗ ਤੇ ਇਸਤਰੀਆਂ ਵੀ ਮਾਰੀਆਂ ਜਾ ਰਹੀਆਂ ਹਨ। ਭਾਰਤ ਸਰਕਾਰ ਨੂੰ ਵੀ ਮਨੁੱਖੀ ਅਧਿਕਾਰਾਂ ਦੇ ਹਿੱਤ ਵਿੱਚ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ।

ਲੇਖਕ : ਪ੍ਰੋ. ਕਰਮਜੀਤ ਕੌਰ ਕਿਸ਼ਾਂਵਲ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1444
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਨਾਲ ਕਾਫੀ ਲੰਮੇ ਅਰਸੇ ਤੋਂ ਜੁੜੇ ਹੋਏ ਹੋ ੳਾਪ ਜੀ ਦੀਆਂ ਕਹਾਣੀਆਂ ਅਤੇ ਕਵਿਤਾਵਾਂ ਅਕਸਰ ਅਖਬਾਰਾ ਵਿੱਚ ਛਪਦੇ ਰਹਿੰਦੇ ਹਨ। ਆਪ ਜੀ ਦੀ ਰਚਨਾ ਰੋਚਕ ਹੋਣ ਦੇ ਨਾਲ ਨਾਲ ਸਿਖਿਆਦਾਇਕ ਵੀ ਹੁੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ