ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅੱਜ ਦੀ ਅਕਾਲੀ ਰਾਜਨੀਤੀ ਵਿੱਚ ਸਿਧਾਂਤ ਦੀ ਗਲ?

ਜਦੋਂ ਕਦੀ ਅਕਾਲੀ-ਭਾਜਪਾ ਗਠਜੋੜ ਵਿੱਚ ਤਰੇੜਾਂ ਪੈਣ ਦੀ ਚਰਚਾ ਸ਼ੁਰੂ ਹੁੰਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਤੁਰੰਤ ਹੀ ਅਜਿਹੀ ਚਰਚਾ ਦਾ ਖੰਡਣ ਕਰਨ ਲਈ ਅਗੇ ਆ ਜਾਂਦੇ ਹਨ ਅਤੇ ਬੜੇ ਜ਼ੋਰ ਨਾਲ ਦਾਅਵਾ ਕਰਦੇ ਹਨ ਕਿ ਭਾਜਪਾ ਨਾਲ ਉਨ੍ਹਾਂ (ਸ਼ੋਮਣੀ ਅਕਾਲੀ ਦਲ - ਬਾਦਲ) ਦਾ ਰਿਸ਼ਤਾ ਪਤੀ-ਪਤਨੀ ਦਾ ਹੈ, ਜੋ ਸਿਧਾਂਤਕ ਹੋਣ ਕਾਰਣ ਜਨਮ-ਜਨਮਾਂਤ੍ਰਾਂ ਤਕ ਨਿਭੇਗਾ। ਇਥੇ ਇਹ ਗਲ ਵੀ ਵਰਨਣਯੋਗ ਹੈ ਕਿ ਅਕਾਲ਼ੀ-ਭਾਜਪਾ ਗਠਜੋੜ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੁੱਖੀ ਤਾਂ ਸ਼ਾਇਦ ਹੀ ਕਦੀ ਮੂੰੰਹ ਖੋਲ੍ਹਦੇ ਹੋਣ, ਪਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ, ਵਿਸ਼ੇਸ਼ ਕਰ, ਸ. ਪ੍ਰਕਾਸ਼ ਸਿੰਘ ਬਾਦਲ ਹੀ ਇਸ ਗਠਜੋੜ ਦੇ ਮਜ਼ਬੂਤ ਲੀਹਾਂ ਤੇ ਕਾਇਮ ਹੋਣ ਦਾ ਅਹਿਸਾਸ ਕਰਵਾਉਣ ਲਈ ਬਾਰ-ਬਾਰ ਇਹ ਦਾਅਵਾ ਕਰਦੇ ਰਹਿੰਦੇ ਹਨ ਕਿ ਅਕਾਲੀ-ਭਾਜਪਾ ਦੇ ਆਪਸੀ ਸਬੰਧ ਨਹੁੰ-ਮਾਸ ਵਰਗੇ ਹਨ, ਕਦੀ-ਕਦੀ ਤਾਂ ਉਹ ਇਨ੍ਹਾਂ ਸਬੰਧਾਂ ਨੂੰ, ‘ਪਤੀ-ਪਤਨੀ ਦੇ ਰਿਸ਼ਤੇ’ ਦੇ ਰੂਪ ਵਿੱਚ ਵੀ ਪ੍ਰੀਭਾਸ਼ਤ ਕਰਨ ਲਗਦੇ ਹਨ।
ਸਚੱਾਈ : ਜਦਕਿ ਸਚੱਾਈ ਇਹ ਹੈ ਕਿ ਜੇ ਪੰਜਾਬ ਦੇ ਰਾਜਸੀ ਹਾਲਾਤ ਦੀ ਗੰਭੀਰਤਾ ਨਾਲ ਘੋਖ ਕੀਤੀ ਜਾਏ ਤਾਂ ਸਪਸ਼ਟ ਜਾਪਦਾ ਹੈ ਕਿ ਅਕਾਲੀ-ਭਾਜਪਾ ਗਠਜੋੜ ਵਿੱਚ ਸਿਧਾਂਤਾਂ ਦੀ ਗਲ ਕੇਵਲ ਵਿਖਾਵੇ ਦੀ ਹੀ ਹੈ। ਅਸਲ ਵਿੱਚ ਉਨ੍ਹਾਂ ਦਾ ਆਪੋ ਵਿੱਚ ਜੁੜੇ ਰਹਿਣਾ ਉਨ੍ਹਾਂ, ਅਰਥਾਤ ਦੋਹਾਂ ਧਿਰਾਂ ਦੀ ਆਪੋ-ਆਪਣੀ ਮਜਬੂਰੀ ਹੈ। ਦੋਵੇਂ ਧਿਰਾਂ ਇਸ ਗਲ ਨੂੰ ਚੰਗੀ ਤਰ੍ਹਾਂ ਸਮਝਦੀਆਂ ਹਨ ਕਿ ਉਹ ਇਕਲਿਆਂ-ਇਕਲਿਆਂ ਕਾਂਗਰਸ ਦਾ ਮੁਕਾਬਲਾ ਨਹੀਂ ਕਰ ਸਕਦੀਆਂ, ਕਿਉਂਕਿ ਇਕ ਪਾਸੇ ਤਾਂ ਇਹ ਮਨਿਆ ਜਾਂਦਾ ਹੈ ਧਰਮ-ਨਿਰਪੇਖ ਪਾਰਟੀ ਹੋਣ ਕਾਰਣ, ਕਾਂਗਰਸ ਨੂੰ ਪੰਜਾਬ ਦੇ ਸਾਰੇ ਵਰਗਾਂ ਦਾ ਸਹਿਯੋਗ ਮਿਲ ਜਾਂਦਾ ਹੈ, ਜਦਕਿ ਦੂਸਰੇ ਪਾਸੇ ਇਹ ਸਵੀਕਾਰਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਵੋਟ-ਬੈਂਕ ਕੇਵਲ ਸਿੱਖ ਮਤਦਾਤਾਵਾਂ ਪੁਰ ਅਤੇ ਭਾਜਪਾ ਦਾ ਕੇਵਲ ਹਿੰਦੂ ਮਤਦਾਤਾਵਾਂ ਪੁਰ ਹੀ ਅਧਾਰਤ ਹੈ। ਜੇ ਦੋਵੇਂ ਪਾਰਟੀਆਂ ਆਪਸ ਵਿੱਚ ਸਾਂਝ ਬਣਾਈ ਰਖਦੀਆਂ ਹਨ ਤਾਂ ਹੀ ਉਨ੍ਹਾਂ ਨੂੰ ਇਕ-ਦੂਜੇ ਦੇ ਵੋਟ-ਬੈਂਕ ਦਾ ਸਾਥ ਪ੍ਰਾਪਤ ਕਰਨ ਵਿੱਚ ਸਫਲਤਾ ਮਿਲ ਸਕਦੀ ਹੈ।
ਦਿਲਚਸਪ ਗਲ ਇਹ ਵੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਦਲ ਦੇ ਸਵਿਧਾਨ ਨੂੰ ਬਦਲ ਅਤੇ ਦਲ ਦੀ ਕਾਰਜ-ਕਾਰਣੀ ਵਿੱਚ ਗ਼ੈਰ-ਸਿੱਖਾਂ ਨੂੰ ਵੱਡੀ ਗਿਣਤੀ ਵਿੱਚ ਪ੍ਰਤੀਨਿਧਤਾ ਦੇ, ਇੱਕ ਪਾਸੇ ਤਾਂ ਦਲ ਦੇ ਧਰਮ-ਨਿਰਪੇਖ ਹੋਣ ਦਾ ਸੰਕੇਤ ਦੇਣ ਦੀ ਕੌਸ਼ਿਸ਼ ਕਰਦੇ ਹਨ, ਪਰ ਦੂਸਰੇ ਪਾਸੇ ਉਹ ਸਿੱਖਾਂ ਅਤੇ ਉਨ੍ਹਾਂ ਦੇ ਧਾਰਮਕ ਮਾਮਲਿਆਂ ਵਿੱਚ ਦਖਲ ਦੇਣ ਤੋਂ ਆਪਣੇ-ਆਪ ਨੂੰ ਰੋਕ ਨਹੀਂ ਪਾਂਦੇ, ਜਿਸਦੇ ਫਲਸਰੂਪ, ਉਹ ਨਾ ਤਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਸਿੱਖਾਂ ਦੇ ਪ੍ਰਤੀਨਿਧੀ ਵਜੋਂ ਕਾਇਮ ਰਖਣ ਵਿੱਚ ਸਫਲ ਹੋ ਪਾ ਰਹੇ ਹਨ ਅਤੇ ਨਾ ਹੀ ਗ਼ੈਰ-ਸਿੱਖਾਂ ਦਾ ਵਿਸ਼ਵਾਸ ਜਿਤ, ਉਸਨੂੰ ਧਰਮ-ਨਿਰਪੇਖ ਪਾਰਟੀ ਵਜੋਂ ਹੀ ਸਥਾਪਤ ਕਰਨ ਵਿੱਚ ਸਫਲ ਹੋ ਰਹੇ ਹਨ।
ਜਿਥੋਂ ਤਕ ਭਾਜਪਾ ਨਾਲ ਪਤੀ-ਪਤਨੀ ਜਾਂ ਨਹੁੰ-ਮਾਸ ਵਰਗੇ ਸਬੰਧਾਂ ਪੁਰ ਅਧਾਰਤ ‘ਸਿਧਾਂਤਕ’ ਸਾਂਝ ਹੋਣ ਦੀ ਗਲ ਹੈ, ਉਸ ਸਬੰਧ ਵਿੱਚ ਇਥੇ ਇੱਕ-ਅੱਧ ਉਦਾਹਰਣ ਦੇਣਾ ਕੁਥਾਉਂ ਨਹੀਂ ਹੋਵੇਗਾ।
ਇੱਕ ਤਾਂ, ਕੇਂਦਰ ਵਿੱਚ ਮੰਤਰੀ ਅਤੇ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵਸ਼ਾਲੀ ਸੀਨੀਅਰ ਆਗੂਆਂ ਵਿੱਚ ਗਿਣੇ ਜਾਂਦੇ ਰਹੇ, ਸ. ਧੰਨਾ ਸਿੰਘ ਗੁਲਸ਼ਨ ਵਲੋਂ ਪੰਜਾਬ ਦੀ ਰਾਜਨੀਤੀ ਪੁਰ ਲਿਖੀ ਗਈ ਕਿਤਾਬ ਵਿੱਚ ਦਿਤਾ ਗਿਆ ਉਹ ਵਰਨਣ ਹੈ, ਜਿਸ ਵਿੱਚ ਉਨ੍ਹਾਂ ਪੰਜਾਬੀ ਸੂਬੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ‘ਜਿਉਂ-ਜਿਉਂ ਪੰਜਾਬੀ ਸੂਬੇ ਦੀ ਮਜ਼ਿਲ ਮੁਕਦੀ ਜਾ ਰਹੀ ਸੀ, ਤਿਵੇਂ-ਤਿਵੇਂ ਜਨਸੰਘੀਆਂ (ਵਰਤਮਾਨ ਭਾਜਪਾਈਆਂ) ਵਲੋਂ ਭੂਹੇ ਹੋ ਕੇ ਪੰਜਾਬ ਪੁਨਰ-ਗਠਨ ਦਾ ਰਾਹ ਰੋਕਣ ਲਈ ਕਾਲੀ ਕਲਾ ਵਰਤਾਉਣ ਵਾਸਤੇ ਤੇਲ ਭਿਜਾ ਪਲੂ, ਅਮਨ-ਸ਼ਾਂਤੀ ਨੂੰ ਵਿਨੰ੍ਹਣ ਤੇ ਹੂੰਜਾ ਫੇਰਨ ਵਾਸਤੇ ਫੇਰਿਆ ਜਾ ਰਿਹਾ ਸੀ। ਅਮਨ ਤੇ ਸ਼ਾਤੀ ਨਾਲ ਘੁੱਗ ਵਸਦੇ ਦਿੱਲੀ ਅਤੇ ਪੰਜਾਬ ਦੀਆਂ ਗਲੀਆਂ-ਬਾਜ਼ਾਰਾਂ ਵਿੱਚ ਕਾਲੀ ਕਲਾ ਖੇਡ ਕੇ ਬੇਜੋੜ ਅਸੁਖਾਂਵੇਂ ਅੰਦੋਲਣ ਨੂੰ ਮਨੁਖੀ ਜੀਵਨ ਦੀਆਂ ਸਾਂਝੀਆਂ ਸਾਂਝਾਂ ਨੂੰ ਭੁਲਾ, ਜੰਗੀ ਤੁਲ ਬਣਾਇਆ ਜਾ ਰਿਹਾ ਸੀ…’
ਉਹ ਹੋਰ ਲਿਖਦੇ ਹਨ ਕਿ ‘ਦਿੱਲੀ, ਚਾਂਦਨੀ ਚੌਕ ਤੋਂ ਇਸ ਖੂਨੀ ਕਾਂਡ ਦਾ ਅਰੰਭ ਕਰਦਿਆਂ ਭੂਤਰੇ ਹੋਏ ਜਨਸੰਘੀਆਂ ਨੇ ਪਵਿੱਤਰ ਗੁਰਦੁਆਰਾ ਸੀਸਗੰਜ (ਜੋ ਹਿੰਦੂ ਧਰਮ ਦੀ ਰਾਖੀ ਲਈ ਸ਼ਹੀਦੀ ਦੇਣ ਵਾਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸ਼ਹੀਦੀ ਅਸਥਾਨ ਹੈ) ਦੇ ਸਾਹਮਣੇ ਸੜਕ ਕਿਨਾਰੇ ਖੱੜੀਆਂ ਤਿੰਨ ਕਾਰਾਂ ਅਤੇ ਇੱਕ ਜੀਪ ਅਗਨ ਭੇਂਟ ਕਰਦਿਆਂ ਕਈ ਸਿੰਘਾਂ ਦੀਆਂ ਦੁਕਾਨਾਂ ਲੁਟੀਆਂ ਤੇ ਸਾੜੀਆਂ…’
‘ਪਰ ਉਥੇ ਹਾਜ਼ਰ ਅਤੇ ਸੀਸਗੰਜ ਨਾਲ ਜੁੜਵੀਂ ਕੁਤਵਾਲੀ ਦੇ ਭਦਰ-ਪੁਰਸ਼ (ਪੁਲਿਸ ਅਤੇ ਉਸਦੇ ਅਧਿਕਾਰੀ) ਚੁੱਪ-ਚਾਪ ਅੰਤਰ-ਧਿਆਨ--ਚਸ਼ਮਦੀਦ ਗੁਰਦੁਆਰਾ ਸੀਸਗੰਜ ਉਤੇ ਭੂਤਰੇ ਸੰਘੀਆਂ ਵਲੋਂ ਕੀਤੀ ਜਾ ਰਹੀ ਸਾੜ-ਫੂਕ, ਲੁੱਟ-ਮਾਰ ਤੇ ਪਥਰਾਉ ਵਰਖਾ ਤੇ ਕਾਬੂ ਪਾਣਾ ਆਪਣੇ ਅਧਿਕਾਰ ਖੇਤਰ ਵਿੱਚ ਨਹੀਂ ਸਨ ਸਮਝਦੇ…’
ਉਹ ਅੱਗੱੇ ਲ਼ਿਖਦੇ ਹਨ: ‘(ਅਣ-ਵੰਡੇ) ਪੰਜਾਬ ਦੇ ਅੰਬਾਲਾ, ਲੁਧਿਆਣਾ, ਜਲੰਧਰ ਆਦਿ ਸ਼ਹਿਰਾਂ ਵਿੱਚ ਜਨਸੰਘੀਆਂ ਨੇ ਕਾਨੂੰਨ ਹੱਥ ਵਿੱਚ ਲੈ ਕੇ ਆਪਣਾ ਹੀ ਰਾਜ ਸਮਝ ਲਿਆ ਸੀ। ਸਾਰੇ ਰਾਜ ਦੀ ਸਥਿਤੀ ਅਤਿ ਭਿਆਨਕ ਅਤੇ ਗ਼ੈਰ-ਯਕੀਨੀ ਬਣਾ ਦਿੱਤੀ ਗਈ ਸੀ। ਕਈ ਸ਼ਹਿਰਾਂ ਵਿੱਚ ਸੰਘੀਆਂ ਨੇ ਦੁਕਾਨਾਂ ਲੁਟੀਆਂ ਅਤੇ ਫੂਕੀਆਂ। ਸਰਕਾਰੀ ਇਮਾਰਤਾਂ ਅਗਨ ਭੇਂਟ ਕੀਤੀਆਂ। ਰੇਲ ਪਟੜੀਆਂ ਉਖਾੜੀਆਂ। ਟੈਲੀਫੂਨਾਂ ਦੀਆਂ ਤਾਰਾਂ ਕਟੀਆਂ…’ (‘ਅੱਜ ਦਾ ਪੰਜਾਬ ਤੇ ਸਿੱਖ ਰਾਜਨੀਤੀ” ਪੰਨਾ 154-155)
ਕੀ ਅਜਿਹੇ ਗਠਜੋੜਾਂ ਨੂੰ ਵੇਖਦਿਆਂ ਇਹ ਕਹਿਣਾ ਨਹੀਂ ਬਣਦਾ ਕਿ ਰਾਜਨੀਤੀ ਵਿੱਚ ਨਾ ਤਾਂ ਕੋਈ ਸਿਧਾਂਤ ਅਤੇ ਨਾ ਹੀ ਕੋਈ ਆਦਰਸ਼ ਕਾਇਮ ਰਹਿੰਦਾ ਹੈ। ਇਸ ਵਿੱਚ ਰਾਜਸੀ ਲਾਲਸਾ ਦਾ ਵਹਿਣ ਇਤਨਾ ਤੇਜ਼ ਹੁੰਦਾ ਹੈ ਕਿ ਉਸ ਵਿੱਚ ਸਾਰੇ ਸਿਧਾਂਤ ਅਤੇ ਆਦਰਸ਼ ਤਿਨਕਿਆਂ ਵਾਂਗ ਵਹਿ ਜਾਂਦੇ ਹਨ।
ਗਲ ਕੁਰਬਾਨੀਆਂ ਦੀ : ਅਜ ਸਿੱਖ ਆਗੂ ਅੰਕੜੇ ਪੇਸ਼ ਕਰ, ਆਜ਼ਾਦੀ ਦੀ ਲੜਾਈ ਵਿਚ ਸਿੱਖਾਂ ਵਲੋਂ ਕੀਤੀਆਂ ਗਈਆਂ ਸਭ ਤੋਂ ਵੱਧ ਅਰਥਾਤ, ਅੱਸੀ ਪ੍ਰਤੀਸ਼ਤ ਕੁਰਬਾਨੀਆਂ ਦਾ ਜ਼ਿਕਰ, ਬਾਰ-ਬਾਰ ਕਰਦੇ ਚਲੇ ਆ ਰਹੇ ਹਨ। ਜਿਸਦਾ ਉਦੇਸ਼ ਇਨ੍ਹਾਂ ਆਗੂਆਂ ਵਲੌਂ ਉਨ੍ਹਾਂ ਕੁਰਬਾਨੀਆਂ ਪੁਰ ਮਾਣ ਕਰਨਾ ਨਹੀਂ. ਸਗੋਂ ਉਨ੍ਹਾਂ ਦੇ ਮੁਲ ਵਜੋਂ ਰਾਜਸੱਤਾ ਦੀ ਮੰਗ ਕਰਨ ਲਈ (ਮੰਗਤਿਆਂ ਵਾਂਗ) ਝੋਲੀਆਂ ਅੱਡਣਾ ਹੈ। ਜੇ ਉਨ੍ਹਾਂ ਦਾ ਉਦੇਸ਼ ਗੁਰੂ ਸਾਹਿਬਾਂ ਅਤੇ ਸਿੱਖਾਂ ਦੀਆਂ ਸ਼ਹੀਦੀਆਂ ਅਤੇ ਹੋਰ ਕੁਰਬਾਨੀਆਂ ਪੁਰ ਮਾਣ ਕਰਨਾ ਹੋਵੇ ਤਾਂ ਉਹ ਧਰਮ ਅਤੇ ਸਿੱਖੀ-ਸਰੂਪ ਦੀ ਰਖਿਆ ਲਈ ਕੀਤੀਆਂ ਗਈਆਂ ‘ਸੌ ਪ੍ਰਤੀਸ਼ਤ’ ਕੁਰਬਾਨੀਆਂ ਦਾ ਜ਼ਿਕਰ ਬਾਰ-ਬਾਰ ਕਰਨ ਤਾਂ ਜੋ ਉਹ ਸਿੱਖ ਨੌਜਵਾਨ, ਜੋ ਆਪਣੇ ਆਗੂਆਂ ਦੀ ਅਣਗਹਿਲੀ ਦਾ ਸ਼ਿਕਾਰ ਹੋ, ਸਿੱਖੀ ਵਿਰਸੇ ਨਾਲੋਂ ਟੁੱਟ, ਸਿੱਖੀ-ਸਰੂਪ ਤਿਆਗਦੇ ਜਾ ਰਹੇ ਹਨ, ਉਹ ਉਨ੍ਹਾਂ ਕੁਰਬਾਨੀਆਂ ਤੋਂ ਪ੍ਰੁਰਨਾ ਲੈ ਨਾ ਕੇਵਲ ਅਪਣੇ ਸਿੱਖੀ-ਸਰੂਪ ਨੂੰ ਕਾਇਮ ਰਖਣ ਪ੍ਰਤੀ ਦ੍ਰਿੜ ਹੋ ਸਕਣ, ਸਗੋਂ ਆਪਣੇ ਸਿੱਖ ਹੋਣ ਤੇ ਮਾਣ ਕਰਨ ਲਈ ਵੀ ਪ੍ਰੇਰਤ ਹੋ ਸਕਣ। ਅਫਸੋਸ ਦੀ ਗਲ ਇਹ ਹੈ ਕਿ ਸਿੱਖ ਆਗੂਆਂ ਨੇ ਉਨ੍ਹਾਂ ਮਹਾਨ ਕੁਰਬਾਨੀਆਂ ਨੂੰ, ਕੇਵਲ ਸਵੇਰੇ-ਸ਼ਾਮ ਕੀਤੀ ਜਾਣ ਵਾਲੀ ਅਰਦਾਸ ਦਾ ਹਿਸਾ ਬਣਾ ਕੇ ਹੀ ਰਖ ਦਿਤਾ ਹੋਇਆ ਹੈ।
…ਅਤੇ ਅੰਤ ਵਿੱਚ: ਬੀਤੇ ਦਿਨ ਇਕ ਸਜਣ ਨਾਲ, ਸਿੱਖਾਂ ਵਲੋਂ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੀਤੀਆਂ ਗਈਆਂ ਕੁਰਬਾਨੀਆਂ ਦਾ ਜ਼ਿਕਰ ਸਿੱਖ ਆਗੂਆਂ ਵਲੋਂ ਬਾਰ-ਬਾਰ ਕੀਤੇ ਜਾਣ ਦੇ ਸਬੰਧ ਵਿੱਚ ਗਲ ਹੋਈ ਤਾਂ ਉਸਨੇ ਇਸ ਪੁਰ ਟਿੱਪਣੀ ਕਰਦਿਆਂ ਇੱਕ ਕਹਾਣੀ ਸੁਣਾਈ ਗਈ। ਉਸ ਦਸਿਆ ਕਿ ਇੱਕ ਆਦਮੀ ਨੇ ਅੱਤ ਦੀ ਗ਼ਰੀਬੀ ਤੋਂ ਟੋਕਰੀ ਢੋਹ, ਮਜ਼ਦੂਰੀ ਕਰ ਅਤੇ ਅੰਤਾਂ ਗਰਮੀ-ਸਰਦੀ ਦੀ ਮਾਰ ਸਹਿਦਿਆਂ, ਮਿਹਨਤ ਕਰ ਸਫਲਤਾ ਪ੍ਰਾਪਤ ਕੀਤੀ ਅਤੇ ਕਰੋੜਾਂ ਰੁਪਏ ਦਾ ਕਾਰੋਬਾਰ ਕਾਇਮ ਕਰਨ ਵਿੱਚ ਕਾਮਯਾਬ ਹੋ ਗਿਆ। ਉਸਦੀ ਮੌਤ ਤੋਂ ਬਾਅਦ ਉਸਦੇ ਪੁਤਰ ਨੇ ਕਾਰੋਬਾਰ ਸੰਭਾਲਿਆ। ਉਸਨੇ ਬਜਾਏ ਮੇਹਨਤ ਕਰ ਕਾਰੋਬਾਰ ਨੂੰ ਵਧਾਣ ਦੇ, ਉਸਨੂੰ ਉਜਾੜਨਾ ਸ਼ੁਰੂ ਕਰ ਦਿੱਤਾ। ਇਹ ਵੇਖ ਉਸਦੀ ਮਾਂ ਨੇ ਉਸਨੂੰ ਸਮਝਾਂਦਿਆਂ ਕਿਹਾ: ‘ਪੁਤਰਾ ਕੁਝ ਤਾਂ ਖਿਆਲ ਕਰ। ਤੇਰੇ ਪਿਉ ਨੇ ਕਿਤਨੀ ਮੇਹਨਤ ਤੇ ਕੁਰਬਾਨੀ ਨਾਲ ਇਤਨਾ ਵੱਡਾ ਕਾਰੋਬਾਰ ਕਾਇਮ ਕੀਤਾ ਅਤੇ ਤੈਨੂੰ ਇਸਨੂੰ ਸੰਭਾਲਣ ਦੇ ਕਾਬਲ ਬਣਾਇਆ’। ਪੁਤਰ ਨੇ ਕਿਹਾ ਕਿ ‘ਮਾਂ! ਪਿਉੁ ਨੇ ਤਾਂ ਕੁਰਬਾਨੀ ਕਰ ਇਤਨਾ ਕਾਰੋਬਾਰ ਕਾਇਮ ਕਰ ਦਿੱਤਾ ਹੈ। ਪਰ ਮੈਂ ਇਤਨਾ ਮੂਰਖ ਨਹੀਂ ਕਿ ਇਸਦਾ ਫਲ ਖਾਣ ਦੀ ਬਜਾਏ ਕੁਰਬਾਨੀ ਕਰਨ ਦੇ ਰਾਹੇ ਪੈ ਜਾਵਾਂ’। ਇਤਨਾ ਆਖ ਉਸ ਸਜਣ ਨੇ ਪੁਛਿਆ ਕਿ ਕੀ ਇਹੀ ਗਲ ਸਿੱਖ ਆਗੂਆਂ ਪੁਰ ਨਹੀਂ ਢੁਕਦੀ?

ਲੇਖਕ : ਜਸਵੰਤ ਸਿੰਘ 'ਅਜੀਤ' ਹੋਰ ਲਿਖਤ (ਇਸ ਸਾਇਟ 'ਤੇ): 11
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1255

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ