ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਮੋਬਾਇਲਾਂ ਦੀ ਬੇਲੋੜੀ ਵਰਤੋ ਨਾਲ ਹੋ ਰਹੇ ਹਾਂ ਰਿਸ਼ਤਿਆਂ ਨਾਤਿਆਂ ਤੋ ਕੋਹਾਂ ਦੂਰ


ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਦਿਨ ਪਰ ਦਿਨ ਵੱਧ ਰਹੀਆਂ ਨਵੀਆਂ ਤਕਨੀਕਾਂ ਨੇ ਜਿੱਥੇ ਮਨੁੱਖੀ ਜ਼ਿੰਦਗੀ ਨੂੰ ਆਰਾਮਦਾਇਕ ਜਿਊਣ ਲਈ ਹਜ਼ਾਰਾਂ ਹੀ ਸੁਖ ਦਿੱਤੇ ਹਨ ਉੱਥੇ ਇਹਨਾਂ ਤਕਨੀਕਾਂ ਦੇ ਨੁਕਸਾਨ ਤੋ ਵਾਕਫ਼ ਹੋ ਕੇ ਵੀ ਇਹ ਇਨਸਾਨ ਹਰ ਰੋਜ਼ ਨਵੀਆਂ ਆ ਰਹੀਆਂ ਵਿਗਿਆਨਕ ਤਕਨੀਕੀ ਯੰਤਰਾਂ ਦੀ ਵਰਤੋ ਕਰ ਕੇ ਇਹਨਾਂ ਨੂੰ ਆਪਣਾ ਅਹਿਮ ਅੰਗ ਬਣਾ ਕੇ ਵਿਨਾਸ਼ ਵੱਲ ਜਾ ਰਿਹਾ ਹੈ। ਬੇਅੰਤ ਨਵੀਆਂ ਤਕਨੀਕਾਂ ਦੀ ਨਾ ਗੱਲ ਕਰਦਾ ਹੋਇਆ ਜੇਕਰ ਗੱਲ ਕਰੀਏ ਅਜੋਕੇ ਦੌਰ ਵਿਚ ਸਰੀਰਕ ਅੰਗ ਬਣ ਚੁੱਕੇ ਮੋਬਾਇਲ ਫੋਨਾਂ ਦੀ ਤਾਂ ਇਹ ਕਹਿਣਾ ਬਿਲਕੁਲ ਸੱਚ ਹੋਵੇਗਾ ਕਿ ਸਰੀਰ ਨੂੰ ਢੱਕਣ ਲਈ ਕੋਈ ਕੱਪੜਾ ਹੋਵੇ ਜਾਂ ਨਾ ਹੋਵੇ ਮਨਜ਼ੂਰ, ਕੋਈ ਚਾਹੇ ਨੇੜੇ ਵੀ ਹੋਵੇ ਚਾਹੇ ਨਾ ਹੋਵੇ ਤੇ ਏਕਾਂਤ ਵਿਚ ਬੈਠਣਾ ਵੀ ਮਨਜ਼ੂਰ, ਇਹਨਾਂ ਦੀ ਬੇਲੋੜੀ ਵਰਤੋ ਕਰ ਕੇ ਘਰੇਲੂ ਕਲੇਸ਼ ਕਾਰਨ ਹੋ ਰਹੇ ਤਲਾਕ ਵੀ ਮਨਜ਼ੂਰ, ਨੌਕਰੀ ਦੇ ਦੌਰਾਨ ਬੋਸ ਤੋਂ ਪੈ ਰਹੀਆਂ ਝਿੜਕਾਂ ਵੀ ਮਨਜ਼ੂਰ, ਨਿੱਤ ਦਿਨ ਲੱਗ ਰਹੀਆਂ ਲਾਇਲਾਜ ਬਿਮਾਰੀਆਂ ਤੇ ਸੜਕਾਂ ਤੇ ਹੋ ਰਹੀਆਂ ਅੰਤਿਮ ਅਰਦਾਸ ਨੂੰ ਸੱਦਾ ਦੇਣ ਵਾਲੀਆਂ ਜਾਨਲੇਵਾ ਘਟਨਾਵਾਂ ਵੀ ਮਨਜ਼ੂਰ ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਦੇਖਣ ਨੂੰ ਮਿਲੇ ਕਿ ਜਿਸ ਦੇ ਕਾਰਨ ਹਸਪਤਾਲ ਦੇ ਬੈੱਡ ਤੇ ਪਈਏ ਹੋਈਏ ਉਹੀਓ ਮੋਬਾਇਲ ਸਰਹਾਣੇ ਥੱਲੇ ਆਰਾਮ ਫਰਮਾਉਂਦਾ ਮਿਲੇ ਪਰ ਕੀ ਕਰੀਏ ਇਹ ਵੀ ਮਨਜ਼ੂਰ ਹੋਰ ਪਤਾ ਨਹੀਂ ਕਿੰਨੀਆਂ ਹੀ ਉਦਾਹਰਨਾਂ ਹਨ ਜਿੰਨਾ ਦੇ ਕਲ਼ੇਸ ਦੀ ਜੜ੍ਹ ਬੇਲੋੜੀ ਮੋਬਾਇਲਾਂ ਦੀ ਵਰਤੋਂ ਕਰ ਕੇ ਹੋ ਰਹੀ ਹੈ ਪਰ ਸਭ ਮਨਜ਼ੂਰ।
ਸੱਚ ਤਾਂ ਇਹ ਹੈ ਕਿ ਇਸ ਤਕਨੀਕ ਦੀ ਨਿਜਾਤ ਤੋ ਪਹਿਲਾਂ ਉਹ ਦਿਨ ਕਿੰਨੇ ਮੋਹ ਤੇ ਪਿਆਰਾ ਵਾਲੇ ਸਨ ਜਦੋਂ ਚਿੱਠੀ ਪੱਤਰ ਦੇ ਜ਼ਰੀਏ ਆਪਣੇ ਰਿਸ਼ਤੇਦਾਰਾਂ, ਭੈਣ ਭਰਾਵਾਂ, ਮਿਤਰਾਂ-ਦੋਸਤਾਂ ਅਤੇ ਖ਼ਾਸ ਕਰ ਕੇ ਪਤੀ ਪਤਨੀ ਦੀ ਪਿਆਰ ਭਰੇ ਮੋਹ ਨਾਲ ਲਿਖੇ ਇੱਕ ਦੂਜੇ ਨੂੰ ਮਿਲਣ ਦੀ ਤਾਂਘ ਵਾਲੇ ਅੱਖਰਾਂ ਵਿਚੋਂ ਰਿਸ਼ਤਿਆਂ ਦੀਆਂ ਗੱਠਾਂ ਨੂੰ ਹੋਰ ਮਜ਼ਬੂਤ ਬਣਾਉਂਦੇ ਸਨ ਕਹਿੰਦੇ ਨੇ ਜੋ ਗੱਲਾਂ ਦਿਲ ਦੀਆਂ ਬੋਲ ਕੇ ਨਾ ਦੱਸੀਆਂ ਜਾ ਸਕਦੀਆਂ ਨੇ ਉਹ ਲਿਖ ਕੇ ਬੜੀਆਂ ਸੌਖੀਆਂ ਦੱਸੀਆਂ ਜਾ ਸਕਦੀਆਂ ਹਨ ਕਦੇ ਕਬੂਤਰਾਂ ਨੂੰ ਦੇਖ ਕੇ ਆਸਾਂ ਬੰਨ੍ਹਦੇ ਸੀ ਤੇ ਫਿਰ ਡਾਕੀਏ ਦੀ ਦੂਰੋਂ ਆ ਰਹੀ ਸਾਈਕਲ ਦੀ ਘੰਟੀ ਦੀ ਆਵਾਜ਼ ਨਾਲ ਭੱਜ ਕੇ ਦਰਾਂ ਤੇ ਜਾ ਖਲ਼ਾਉਣਾ ਵੀ ਹੁਣ ਸੁਪਨੇ ਵਾਂਗਰਾਂ ਜਾਪਦਾ ਏ ਫਿਰ ਸਮਾਂ ਬੀਤਣ ਤੇ ਟੈਲੀਫ਼ੋਨ ਦੇ ਆਉਣ ਤੋ ਬਾਅਦ ਉਨ੍ਹਾਂ ਦਿਨਾਂ ਨੂੰ ਯਾਦ ਕਰਾਉਂਦੇ ਹੋਏ ਐਵੇਂ ਤਾਂ ਨਹੀਂ ਗੀਤਕਾਰ ਤੇ ਗਾਇਕਾਂ ਨੇ ਕੁੱਝ ਸਮੇਂ ਪਹਿਲਾਂ ਲਿਖਿਆ ਤੇ ਗਾਇਆ ਕਿ ”ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫ਼ੋਨ ਲੱਗਿਆ”।
ਪਹਿਲਾਂ ਜੋ ਘਰਾਂ ਵਿਚ ਟੈਲੀਫ਼ੋਨ ਸਨ ਉਨ੍ਹਾਂ ਦੀ ਵਰਤੋ ਕੁੱਝ ਹੱਦ ਤੱਕ ਬਹੁਤ ਸਹੀ ਰਹੀ ਹੈ ਕਿਉਂਕਿ ਉਨ੍ਹਾਂ ਦਾ ਇੱਕੋ ਅਸਥਾਨ ਤੇ ਹੋਣਾ ਬੜਾ ਲਾਭਦਾਇਕ ਸੀ ਫ਼ੋਨ ਦੀ ਟਿ੍ਰਨ ਟਿ੍ਰਨ ਹੁੰਦੀ ਤਾਂ ਭੱਜ ਕੇ ਉਸ ਕੋਲ ਜਾਣਾ ਪੈਂਦਾ ਸੀ ਪਰ ਅੱਜ ਕੱਲ੍ਹ ਬੇ ਚਾਰੇ ਉਹ ਟੈਲੀਫ਼ੋਨ ਵੀ ਆਪਣੇ ਹਾਲਾਤ ਦੀ ਦੁਹਾਈ ਟਿ੍ਰਨ ਟਿ੍ਰਨ ਕਰ ਪਾਉਂਦੇ ਕਦੇ ਕਦੇ ਹੀ ਸੁਣਦੇ ਹਨ ਉਨ੍ਹਾਂ ਦੀ ਦੁਹਾਈ ਨੂੰ ਵੀ ਚੁੱਕ ਕੇ ਸੁਣਨ ਵਾਲਾ ਇਹਨਾਂ ਆਲਸੀ ਹੋ ਚੁੱਕਾ ਹੈ ਤੇ ਸੋਚਦਾ ਹੈ ਕਿ ਜਦ ਤੱਕ ਜੇਬ ਵਿਚ ਪਿਆ ਮੋਬਾਇਲ ਨਹੀਂ ਵੱਜਦਾ ਤਦ ਤੱਕ ਨਹੀਂ ਉਠਾਵਾਂਗਾ ਬੇ ਚਾਰਾ ਟੈਲੀਫ਼ੋਨ ਤੇ ਉਸ ਦੇ ਅੰਗ ਦੁਹਾਈ ਪਾਉਂਦੇ ਪਾਉਂਦੇ ਅਲੋਪ ਹੋ ਗਏ ਜਿਵੇਂ ਘਰ ਦੇ ਮੋਹਰੀ ਵੱਲੋਂ ਉਸ ਦੇ ਡਾਇਲਿੰਗ ਵਾਲਿਆਂ ਨੰਬਰਾਂ ਤੇ ਇੱਕ ਛੋਟੀ ਜਿਹੀ ਡੱਬੀ ਤੇ ਉਸ ਉੱਪਰ ਨਿੱਕੀ ਜਿਹੀ ਜਿੰਦਰੀ ਲਗਾ ਦਿੱਤੀ ਜਾਂਦੀ ਸੀ ਤਾਂ ਕਿ ਕੋਈ ਘਰ ਦਾ ਮੈਂਬਰ, ਬੱਚਾ ਜਾਂ ਕੋਈ ਘੁਆਂਡੀ ਨਾ ਕਿੱਤੇ ਫ਼ੋਨ ਲਗਾਉਣ ਆ ਜਾਣ, ਤੇ ਟੈਲੀਫ਼ੋਨ ਵਾਲੀ ਤਾਰ ਤੇ ਫ਼ੋਨ ਆਉਣ ਵਾਲੀ ਘੰਟੀ ਜਾਂ ਡਾਇਲ ਕਰਨ ਵੇਲੇ ਨੰਬਰਾਂ ਦੀ ਆਵਾਜ਼ ਨੂੰ ਉੱਚੀ ਵੱਜਣਾ ਜਾਂ ਸੁਣਨ ਲਈ ਡੱਬੀ ਵੀ ਲਗਾਈ ਜਾਂਦੀ ਸੀ ਤਾਂ ਕਿ ਘਰ ਦੇ ਮੈਂਬਰਾਂ ਨੂੰ ਪਤਾ ਲੱਗ ਸਕੇ ਕਿ ਕੋਈ ਫ਼ੋਨ ਆਇਆ ਜਾਂ ਫ਼ੋਨ ਕਰ ਰਿਹਾ ਹੈ ਤੇ ਜੱਦੋ ਫ਼ੋਨ ਦਾ ਬਿੱਲ ਮਹੀਨੇ ਬਾਅਦ ਆਉਂਦਾ ਸੀ ਤਾਂ ਫ਼ੋਨ ਦੀ ਵਰਤੋ ਬਾਰੇ ਵੀ ਪਤਾ ਲੱਗ ਜਾਂਦਾ ਸੀ ਤੇ ਸਭ ਤੋ ਵੱਡੀ ਗੱਲ ਆਸ਼ਕ ਮਜਾਜ਼ੀ ਵਾਲਿਆਂ ਲਈ ਤਾਂ ਉਦੋਂ ਫ਼ੋਨ ਤੇ ਗੱਲ ਕਰਨਾ ਵੀ ਸੁਖਾਲਾ ਨਹੀਂ ਸੀ ਪਰ ਫਿਰ ਵੀ ਅੱਖੋਂ ਚੋਰੀ ਟਾਈਮ ਤਾਂ ਥੋੜ੍ਹਾ ਬਹੁਤ ਲੱਗ ਹੀ ਜਾਂਦਾ ਸੀ ਪਰ ਚੰਦਰਾ ਜਦੋਂ ਦਾ ਮੋਬਾਇਲ ਆਇਆ ਉਦੋਂ ਤੋ ਏ ਡਰ ਵੀ ਜਮਾਂ ਹੀ ਖ਼ਤਮ ਹੋ ਗਿਆ ਜੱਦੋ ਅੱਖਾਂ ਮਿਲੀਆਂ ਤੇ ਮਿਲ ਗਏ ਇੱਕ ਦੂਜੇ ਦੇ ਨੰਬਰ ਜਾਂ ਦੇ ਦਿੱਤਾ ਗਿਆ ਮੋਬਾਇਲ ਤੋਹਫ਼ੇ ਵਿਚ। ਸਕੂਲ ਦੀ ਪੜਾਈ ਵਾਲਾ ਬਸਤਾ ਚਾਹੇ ਵਿਦਿਆਰਥੀ ਕੋਲ ਹੋਵੇ ਜਾ ਨਾ ਹੋਵੇ ਹੁਣ ਮੋਬਾਇਲ ਹਰ ਇੱਕ ਵਿਦਿਆਰਥੀ ਦੀ ਜੇਬ ਵਿਚ ਹੈ ਉਹ ਦਿਨ ਵੀ ਦੂਰ ਨਹੀਂ ਜੱਦੋ ਜਨਮ ਹੋਵੇਗਾ ਤਾਂ ਉਸ ਦੇ ਘਰਵਾਲਿਆਂ ਨੂੰ ਤੋਹਫ਼ਿਆਂ ਦੇ ਤੌਰ ਤੇ ਪਹਿਲਾਂ ਬੱਚੇ ਲਈ ਮੋਬਾਇਲ ਹੀ ਦਿੱਤਾ ਜਾਵੇਗਾ।
ਜੇਕਰ ਰਿਸ਼ਤਿਆਂ ਵਿਚ ਪਤੀ ਪਤਨੀ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਛੋਟੀ ਜਿਹੀ ਹੋਈ ਮਿਸ ਕਾਲ ਜਾਂ ਗ਼ਲਤੀ ਨਾਲ ਆਏ ਹੋਏ ਮੈਸੇਜ ਕਰ ਕੇ ਸਥਿਤੀ ਇੰਨੀ ਖ਼ਰਾਬ ਹੋ ਜਾਂਦੀ ਹੈ ਕਿ ਗੱਲ ਕੋਟ ਕਚਹਿਰੀਆਂ ਤੱਕ ਜਾ ਕੇ ਤਲਾਕ ਤੇ ਮੁੱਕਦੀ ਹੈ। ਹੋਰ ਤਾਂ ਹੋਰ ਵੱਧ ਰਹੀਆਂ ਸੜਕੀ ਦੁਰਘਟਨਾਵਾਂ ਦਾ ਵੱਡਾ ਕਾਰਨ ਵੀ ਇਹੀ ਮੋਬਾਇਲ ਹੀ ਤਾਂ ਹਨ ਕਿਸੇ ਦੀ ਕੀ ਗੱਲ ਕਰਾਂ ਖ਼ੁਦ ਦਾਸ ਨੂੰ ਜੱਦੋ ਕਦੇ ਡਰਾਈਵਿੰਗ ਦੇ ਦੌਰਾਨ ਫ਼ੋਨ ਆਉਂਦਾ ਤਾਂ ਟਰੈਫ਼ਿਕ ਚਾਹੇ ਲੱਖ ਹੋਵੇ ਬਿਨਾਂ ਕਿਸੇ ਦੀ ਜਾਨ ਦੀ ਤੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਫ਼ੋਨ ਨੂੰ ਜ਼ਰੂਰ ਚੁੱਕਦਾ ਹਾਂ ਕਿਉਂਕਿ ਕਿਤੇ ਫ਼ੋਨ ਕਰਨ ਵਾਲਾ ਨਾ ਰੁੱਸ ਜੇ। ਕਈ ਮੇਰੇ ਵੀਰ ਤਾਂ ਮੋਟਰ ਸਾਈਕਲਾਂ ਤੇ ਦੋਵੇਂ ਹੱਥ ਹੈਂਡਲ ਤੇ ਕੰਨ ਤੇ ਮੋਢੇ ਦੇ ਸਹਾਰੇ ਫ਼ੋਨ ਇੰਜ ਲਗਾ ਕੇ ਗੱਲ ਕਰ ਰਹੇ ਹੁੰਦੇ ਹਨ ਜਿਵੇਂ ਕਿਤੇ ਰੋਜ਼ ਗਾਰਡਨ ਵਿਚ ਲੰਮੇ ਪਏ ਨਾਲ ਆਰਾਮ ਫ਼ਰਮਾ ਰਹੇ ਹੋਣ ਚਾਹੇ ਲੱਖ ਪਿੱਛੇ ਆਉਣ ਵਾਲਾ ਹਾਰਨ ਤੇ ਹਾਰਨ ਵਜਾਈ ਜਾਂਦਾ ਹੋਵੇ ਕੋਈ ਪ੍ਰਵਾਹ ਨਹੀਂ।
ਹੋਰ ਤਾਂ ਹੋਰ ਜੋ ਅਜੋਕੇ ਸਮੇਂ ਵਿਚ ਘਿਣਾਉਣੇ ਜੁਰਮ ਅਤੇ ਸਮਾਜ ਨੂੰ ਕਲੰਕਿਤ ਕਰਨ ਵਾਲੀਆਂ ਵਾਰਦਾਤਾਂ ਹੋ ਰਹੀਆਂ ਹਨ ਇਹਨਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਵੱਲੋਂ ਵੀ ਇਹਨਾਂ ਦੀ ਵਰਤੋ ਦੁਆਰਾ ਵਿਸ਼ੇਸ਼ ਸਹਾਇਤਾ ਹੋ ਰਹੀ ਹੈ। ਇਨ੍ਹਾਂ ਦੀਆਂ ਰੋਕਾਂ ਲਈ ਚਾਹੇ ਲੱਖ ਸਰਕਾਰਾਂ ਵੱਲੋਂ ਕਾਨੂੰਨ ਬਣਾਏ ਹਨ ਤੇ ਸਖ਼ਤੀ ਵੀ ਕੀਤੀ ਗਈ ਹੈ ਕਿ ਮੋਬਾਇਲ ਦੀ ਡਰਾਈਵਿੰਗ ਦੌਰਾਨ ਵਰਤੋ ਨਾ ਕੀਤੀ ਜਾਵੇ ਤੇ ਕਰਨ ਵਾਲੇ ਨੂੰ ਜੁਰਮਾਨਾ ਵੀ ਹੈ ਪਰ ਇਹਨਾਂ ਕਾਨੂੰਨਾਂ ਨੂੰ ਬਣਾਉਣ ਤੇ ਚਲਾਨ ਕੱਟਣ ਵਾਲੇ ਅਧਿਕਾਰੀ ਖ਼ੁਦ ਇਹੋ ਜਿਹੀਆਂ ਉਪਰੋਕਤ ਹਰਕਤਾਂ ਕਰਦੇ ਹੋਏ ਬਹੁਤ ਵਾਰੀ ਦੇਖੇ ਹਨ।
ਸਰਕਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਬਣਾਉਣ ਲਈ ਅਤੇ ਜੁਰਮਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਤੇ ਨੱਥ ਪਾਉਣ ਲਈ ਮੋਬਾਇਲਾਂ ਦੀ ਵਰਤੋ ਕਰਨ ਲਈ ਵੀ ਲਾਇਸੈਂਸ ਬਣਵਾਏ ਜਾਣ, ਗੱਲ ਤਾਂ ਹਾਸੋਹੀਣੀ ਹੈ ਹੀ ਪਰ ਕਈ ਮੇਰੇ ਵੀਰ ਸਹਿਮਤ ਵੀ ਹੋਣਗੇ ਕਿਉਂਕਿ ਕੁੱਝ ਸਮੇਂ ਪਹਿਲਾਂ ਟੈਲੀਫ਼ੋਨ ਲਗਵਾਉਣਾ ਵੀ ਕੋਈ ਸੁਖਾਲਾ ਕਾਰਜ ਨਹੀਂ ਸੀ ਇਸ ਨਾਲ ਤਾਂ ਸਾਰੇ ਭਲੀ-ਭਾਂਤੀ ਜਾਣੂੰ ਹੀ ਹਨ ਫ਼ੋਨ ਲੱਗੇ ਤੇ ਵੀ ਲੱਡੂਆਂ ਦਾ ਡੱਬਾ ਵੰਡਿਆ ਜਾਂਦਾ ਸੀ ਤੇ ਲਗਾਉਣ ਵਾਲੇ ਮੁਲਾਜ਼ਮ ਨੂੰ ਵੀ ਪਾਸਪੋਰਟ ਦੇ ਲਿਆਉਣ ਵਾਲੇ ਡਾਕੀਏ ਵਾਂਗਰਾਂ ਇੱਕ ਸਗਨ ਦੇ ਰੂਪ ਵਿਚ ਰੁਪਈਆਂ ਦੀ ਭੇਟਾ ਦਿੱਤੀ ਜਾਂਦੀ ਸੀ। ਮੋਬਾਇਲਾਂ ਦੀ ਸ਼ੁਰੂਆਤੀ ਸਮੇਂ ਇਸ ਦੇ ਕਨੈੱਕਸ਼ਨ ਦੀ ਕੀਮਤ ਵੀ ਲਗਭਗ 3500 ਦੇ ਕਰੀਬ ਸੀ ਜੋ ਕਿ ਹੁਣ ਫ਼ਰੀ ਤੇ ਨਾਲ ਠੰਢੇ ਦੀ ਬੋਤਲ।
ਇਹਨਾਂ ਦੀ ਵਰਤੋ ਕਰੋ ਜੋ ਕਿ ਜ਼ਰੂਰੀ ਵੀ ਹੈ ਪਰ ਇਸ ਤਰਾਂ ਕਰੋ ਜਿਸ ਨਾਲ ਕੋਈ ਪਰਿਵਾਰ ਜਾਂ ਸਿਹਤ ਵਿਚ ਕੋਈ ਨੁਕਸਾਨ ਨਾ ਹੁੰਦਾ ਹੋਵੇ ਅਤੇ ਚਿੱਠੀ ਪੱਤਰ ਦਾ ਲਿਖਣ ਦਾ ਸਿਲਸਿਲਾ ਵੀ ਸ਼ੁਰੂ ਕਰੋ ਜੇ ਮਾਂ ਬੋਲੀ ਪੰਜਾਬੀ ਨੂੰ ਵਧਾਉਣਾ ਤੇ ਇਸ ਨੂੰ ਮਾਣ ਦੇਣਾ ਚਾਹੁੰਦੇ ਹੋ ਤਾਂ ਆਓ ਇੱਕ ਪ੍ਰਣ ਕਰੀਏ ਕਿ ਜੱਦੋ ਵੀ ਕੋਈ ਸੁਖ ਦੁੱਖ ਦਾ ਸੁਨੇਹਾ ਦੇਣਾ ਹੋਵੇਗਾ ਤਾਂ ਖ਼ਤ ਲਿਖਣ ਦਾ ਯਤਨ ਜ਼ਰੂਰ ਕਰਾਂਗੇ ਜਿਸ ਨਾਲ ਮਾਂ ਬੋਲੀ ਪੰਜਾਬੀ ਗੁਰਮੁਖੀ ਵਿਚ ਲਿਖੇ ਹਰ ਲਫ਼ਜ਼ ਵਿਚ ਬੋਲਣ ਨਾਲੋਂ ਵੱਧ ਮਿਠਾਸ ਭਰ ਜਾਵੇਗੀ ਤੇ ਪਿਆਰਾ ਭਰੇ ਰਿਸ਼ਤੇ ਨਾਤਿਆਂ ਦੀ ਗੱਠ ਹੋਰ ਵੀ ਮਜ਼ਬੂਤ ਹੋਵੇਗੀ।

ਲੇਖਕ : ਹਰਮਿੰਦਰ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 59
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :927
ਲੇਖਕ ਬਾਰੇ
ਆਪ ਜੀ ਪੰਜਾਬੀ ਦੀ ਸੇਵਾ ਪੂਰੇ ਦਿਲੋ ਅਤੇ ਤਨੋ ਕਰ ਰਹੇ ਹਨ। ਆਪ ਜੀ ਦੀਆਂ ਕੁੱਝ ਕੁ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆ ਨੇ ਜਿਨ੍ਹਾਂ ਨੇ ਕਾਫੀ ਨਾਂ ਖਟਿਆਂ ਹੈ। ਇਸ ਤੋ ਇਲਾਵਾ ਆਪ ਜੀ ਦੇ ਲੇਖ ਅਖਬਾਰਾ ਵਿਚ ਆਮ ਛਪਦੇ ਰਹਿੰਦੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ