ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਗੁਰਸ਼ਰਨ ਸਿੰਘ ਅਜੀਬ


ਗੁਰਸ਼ਰਨ ਸਿੰਘ ਅਜੀਬ ਪਰਵਾਸੀ ਪੰਜਾਬੀ ਸਾਹਿਤ-ਸਿਰਜਣਾ ਅੰਦਰ ਆਪਣੇ ਕਾਵਿ-ਸਗ੍ਰਿਹਾਂ ਕੂੰਜਾਵਲੀ ਅਤੇ ਪੁਸ਼ਪਾਂਜਲੀ ਰਾਹੀਂ ਜਿਸ ਗਜ਼ਲ ਮੁਹਾਵਰੇ ਨੂੰ ਰੂਪਮਾਨ ਕਰ ਰਿਹਾ ਹੈ ਉਸ ਅੰਦਰ ਪਰਵਾਸੀ ਜੀਵਨ ਦੇ ਸਰੋਕਾਰ ਹੀ ਸ਼ਾਮਿਲ ਨਹੀਂ ਸਗੋਂ ਸਿ ਰਾਹੀਂ ਅਜੀਬ ਜ਼ਿੰਦਗੀ ਦੀਆਂ ਡੂੰਘੀਆਂ ਰਮਜ਼ਾ ਨੂੰ ਬਿਆਨ ਕਰਦਾ ਹੈ। ਗੁਰਸ਼ਰਨ ਸਿੰਘ ਅਜੀਬ ਇਕ ਅਜਿਹਾ ਪ੍ਰਤਿਭਾਸ਼ੀਲ ਸ਼ਾਇਰ ਹੈ ਜੋ ਪਿਛਲੇ ਚਾਰ ਦਹਾਕਿਆ ਤੋਂ ਬਰਤਾਨੀਆ ਵਿਖੇ ਰਹਿ ਰਿਹਾ ਹੈ ਅਤੇ ਗ਼ਜ਼ਲ ਸਾਧਨਾ ਰਾਹੀਂ ਆਪਣੇ ਪਰਵਾਸੀ ਅਨੁਭਵ ਨੂੰ ਨਿਰੰਤਰ ਪ੍ਰਗਟ ਕਰ ਰਿਹਾ ਹੈ। ਉਹ ਗ਼ਜ਼ਲ ਪਰੰਪਰਾ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ। 208 ਈ. ਵਿੱਚ ਉਸਦਾ ਕੂਜਾਂਵਲੀ ਨਾਮ ਦਾ ਇਕ ਗ਼ਜ਼ਲ ਸੰਗ੍ਰਹਿ ਪ੍ਰਕਾਸ਼ਿਤ ਹੋਇਆ ਹੈ ਜੋ ਉਸ ਦੀ ਸਿਰਜਨਾਤਮਕ ਪ੍ਰਤਿਭਾ ਦਾ ਪ੍ਰਮਾਣ ਬਣਦਾ ਹੈ ਇਸ ਤੋਂ ਪਹਿਲਾ ਵੀ ੳੇਹ 1997 ਈ. ਵਿਚ ਬਰਤਾਨਵੀਂ ਪੰਜਾਬੀ ਗ਼ਜ਼ਲ ਨਾਮ ਦਾ ਗ਼ਜ਼ਲ ਸੰਗ੍ਰਹਿ ਸੰਪਾਦਿਤ ਕਰਵਾ ਚੁੱਕਾ ਹੈ। ਪੰਜਾਬੀ ਚਿੰਤਨ ਦੇ ਹਵਾਲਿਆਂ ਤੋਂ ਉਸਦੀ ਗ਼ਜ਼ਲ ਨਾਲ ਪ੍ਰਤਿਬੱਧਤਾ ਦੇ ਗਹਿਰੇ ਅਹਿਸਾਸ ਦਾ ਪਤਾ ਲਗਦਾ ਹੈ। ਗੁਰਸ਼ਰਨ ਸਿੰਘ ਅਜੀਬ ਦੀ ਗ਼ਜ਼ਲ ਰਚਨਾ ਵਿਚ ਜੋ ਵਿਸ਼ੇਸ਼ਤਾ ਬਣਦੀ ਹੈ ਉਹ ਇਹ ਹੈ ਕਿ ਉਹ ਗ਼ਜ਼ਲ ਦੇ ਰੂਪ ਵਿਧਾਨ ਨਾਲ ਕੋਈ ਸਮਝੌਤਾ ਨਹੀਂ ਕਰਦਾ। ਉਸਦੇ ਦੀਵਾਨ ਦਾ ਅੱਖਰ ਅੱਖਰ ਗ਼ਜ਼ਲ ਦੇ ਕਾਵਿ ਸ਼ਾਸਤ੍ਰੀ ਪੱਖ ਤੋਂ ਸਿਰਜਿਆ ਗਿਆ ਹੈ। ਇਸ ਇਸ਼ਕ ਵਿਚ ਜਿਹੜੇ ਜਿਹੜੇ ਥੀਮਾਂ ਤੇ ਉਸਨੇ ਆਪਣੀ ਬਿਰਤੀ ਇਕਾਗਰ ਕੀਤੀ ਹੈ, ਉਹ ਆਲੇ ਦੁਆਲੇ ਦੇ ਸਾਹਿਤਕਾਰਾਂ ਵਰਗੀ ਨਹੀਂ ਹੈ। ਉਸਨੂੰ ਇਸ ਗੱਲ ਦਾ ਪੱਕਾ ਅਹਿਸਾਸ ਹੈ ਕਿ ਮਨੁੱਖ ਆਪਣੇ ਦੇਸ਼ ਤੋਂ ਜਦੋਂ ਹਿਜਰਤ ਕਰਕੇ ਕਿਸੇ ਵਿਕਸਿਤ ਹੋਏ ਦੇਸ਼ ਵਿਚ ਪਹੁੰਚ ਜਾਂਦਾ ਹੈ ਅਤੇ ਉਥੋਂ ਦੀ ਨਾਗਰਿਕਤਾ ਵੀ ਹਾਸਿਲ ਕਰ ਲੈਂਦਾ ਹੈ ਪਰ ਇਹਨਾਂ ਸਾਰੀਆਂ ਕਾਗਜ਼ੀ ਕਾਰਵਾਈਆਂ ਨਾਲ ਪਰਵਾਸ ਵਿਚ ਸਹੀ ਤੌਰ ਤੇ ਉਥੋਂ ਦਾ ਨਾਗਰਿਕ ਨਹੀਂ ਬਣ ਜਾਂਦਾ। ਇਸਦੇ ਨਾਲ ਨਾਲ ਜਿਹੜਾ ਅਨੁਭਵ ਉਸਨੂੰ ਦੂਸਰੇ ਸਾਹਿਤਕਾਰਾਂ ਨਾਲੋਂ ਵਖਰਿਆਉਂਦਾ ਹੈ, ਉਹ ਇਹ ਹੈ ਕਿ ਉਹ ਕੇਵਲ ਅਤੀਤ ਨਾਲ ਹੀ ਬੱਝਾ ਹੋਇਆ ਨਹੀਂ ਬਲਕਿ ਆਪਣੇ ਤਸੱਵੁਰ ਵਿਚ ਭਵਿੱਖ ਦੀ ਕਲਪਨਾ ਵੀ ਕਰਦਾ ਰਹਿੰਦਾ ਹੈ। ਜਿਹੜੇ ਨਾਗਰਿਕਾਂ ਦਾ ਬਚਪਨ ਅਤੇ ਜਵਾਨੀ ਜਿਸ ਦੇਸ਼ ਵਿਚ ਬਤੀਤ ਹੁੰਦੀ ਹੈ ਉਹ ਉਸ ਦੇਸ਼ ਦੇ ਨਿਵਾਸੀ ਬਣ ਜਾਂਦੇ ਹਨ। ਉਹਨਾਂ ਲਈ ਉਹਨਾਂ ਦੇ ਬਜ਼ੁਰਗਾਂ ਦਾ ਦੇਸ ਪਰਦੇਸ ਬਣ ਜਾਂਦਾ ਹੈ ਪਰ ਹਕੀਕਤ ਇਕ ਪਰਵਾਸੀ ਲਈ ਸਦਮੇ ਵਾਂਗ ਬਹੁਤ ਹੀ ਗਹਿਰੀ ਹੈ।
ਬੜੇ ਅਨਮੋਲ ਨੇ ਹੰਝੂ ਗੁਆ ਬੈਠੀਂ ਨਾ ਤੂੰ ਐਂਵੇਂ।
ਜੋ ਤੇਰੇ ਕੋਲ ਨੇ ਹੰਝੂ ਗੁਆ ਬੈਠੀਂ ਨਾ ਤੂੰ ਐਂਵੇਂ।

ਬੜੇ ਸੱਚੇ ਤੇ ਸੁੱਚੇ ਨੇ ਕਿਸੇ ਮਾਲਾ ਦੇ ਇਹ ਮੋਤੀ,
ਬੜੇ ਅਨਭੋਲ ਨੇ ਹੰਝੂ ਗੁਆ ਬੈਠੀਂ ਨਾ ਤੂੰ ਐਂਵੇਂ।

ਤੇਰੇ ਨੈਣਾਂ 'ਚੋਂ ਜਦ ਕਿਰਦੇ ਮੇਰੇ ਸੀਨੇ 'ਚ ਇਹ ਪੌਂਦੇ,
ਬੜੇ ਹੀ ਹੌਲ ਨੇ ਹੰਝੂ ਗੁਆ ਬੈਠੀਂ ਨਾ ਤੂੰ ਐਂਵੇਂ।

ਨਗੀਨੇ ਕੀਮਤੀ ਹੰਝੂ ਅਜਾਈਂ ਨਾ ਕਿਤੇ ਜਾਵਣ,
ਇਹ ਦਿਲ ਦੇ ਬੋਲ ਨੇ ਹੰਝੂ ਗੁਆ ਬੈਠੀਂ ਨਾ ਤੂੰ ਐਂਵੇਂ।

ਦਿਲਾਂ ਦੀ ਸਾਂਝ ਹਨ ਹੰਝੂ ਗੁਆ ਬੈਠੀਂ ਨਾ ਤੂੰ ਐਂਵੇਂ,
ਤਨਾਂ ਦਾ ਤੋਲ ਨੇ ਹੰਝੂ ਗੁਆ ਬੈਠੀਂ ਨਾ ਤੂੰ ਐਂਵੇਂ।

ਤਰੇਲੇ ਤੁਪਕਿਆਂ ਵਾਂਗੂੰ ਜਦੋਂ ਨੈਣਾਂ 'ਚੋਂ ਇਹ ਵਰਸਣ,
ਇਹ ਦਿੰਦੇ ਰੋਲ ਨੇ ਹੰਝੂ ਗੁਆ ਬੈਠੀਂ ਨਾ ਤੂੰ ਐਵੇਂ।

ਜੇ ਚਾਹੇਂ ਪੀ ਲਵਾਂ ਤੇਰੇ ਮੈਂ ਹੰਝੂ ਦੋਸਤਾ ਸਾਰੇ,
ਦਿਲਾਂ ਦਾ ਘੋਲ ਨੇ ਹੰਝੂ ਗੁਆ ਬੈਠੀਂ ਨਾ ਤੂੰ ਐਂਵੇਂ।

ਵਹਾਣੇ ਹੀ ਨੇ ਜੇਕਰ ਤੂੰ ਖ਼ੁਸ਼ੀ ਦੇ ਹੀ ਵਹਾਇਆ ਕਰ,
ਸਗਨ ਦਾ ਢੋਲ ਨੇ ਹੰਝੂ ਗੁਆ ਬੈਠੀਂ ਨਾ ਤੂੰ ਐਂਵੇਂ।

ਤੇਰੇ ਹੰਝੂਆਂ 'ਚੋ ਮੈਨੂੰ ਦਿਸ ਰਹੀ ਗ਼ਜ਼ਲਾਂਜਲੀ ਮੇਰੀ,
ਗ਼ਜ਼ਲ ਦਾ ਤੋਲ ਨੇ ਹੰਝੂ ਗੁਆ ਬੈਠੀਂ ਨਾ ਤੂੰ ਐਂਵੇਂ।

ਬਹਿਰ ਚਾਲ: ਮੁਫ਼ਾਈਲੁਨ ਚਾਰ ਵਾਰ
**

ਦੋ:
ਗੁਣਗੁਨਾਯਾ ਨਾਮ ਤੇਰਾ ਤਾਂ ਇਬਾਦਤ ਹੋ ਗਈ।
ਸੰਗ ਤੇਰੇ ਦੋਸਤਾ ਸਾਨੂੰ ਹੈ ਉਲਫ਼ਤ ਹੋ ਗਈ।

ਜ਼ੁਲਫ਼ ਦੇ ਹਰ ਵਾਲ ਤੇਰੇ 'ਤੇ ਨੇ ਤਾਰੇ ਚਮਕਦੇ,
ਤਾਰਿਆਂ ਦੀ ਜਿਸ ਤਰ੍ਹਾਂ ਜ਼ੁਲਫ਼ਾਂ 'ਚ ਸ਼ਿਰਕਤ ਹੋ ਗਈ।

ਮਨ ਮੇਰੇ ਵਿਚ ਲਰਜ਼ਦੇ ਜਜ਼ਬਾਤ ਤੇਰੇ ਪਿਆਰ ਦੇ,
ਇਸ਼ਕ ਪੂਜਾ ਕਰਨ ਦੀ ਸਾਨੂੰ ਮੁਹਾਰਤ ਹੋ ਗਈ।

ਨਾ ਨਾ ਕਰਦੇ ਇਸ ਨਗਰ ਵਿਚ ਵਾਸ ਕਰਨਾ ਪੈ ਗਿਆ,
ਕੀ ਕਹਾਂ ਕਿਸ ਚੀਜ਼ ਸੰਗ ਸਾਨੂੰ ਮੁਹੱਬਤ ਹੋ ਗਈ।

ਜਜ਼ਬਿਆਂ ਖ਼ਾਸ਼੍ਹਾਂ ਉਸਾਰੇ ਮਹਿਲ ਯਾਰੋ ਇਸ ਕਦਰ,
ਜਾਪਦੈ ਜਿਉਂ ਇਸ਼ਕ ਦੀ ਪੂਰੀ ਇਮਾਰਤ ਹੋ ਗਈ।

ਮਾਫ਼ ਕਰਦੇ ਬਖ਼ਸ਼ ਦੇ ਸ਼ਿਕਵੇ ਗਿਲ੍ਹੇ "ਗੁਰਸ਼ਰਨ" ਦੇ,
ਅਜ ਤੋਂ ਇਸ ਨਾਚੀਜ਼ ਦੀ ਵੱਖਰੀ ਤਬੀਅਤ ਹੋ ਗਈ।

ਖਾ ਨਾ ਜਾਈਂ ਤੂੰ "ਅਜੀਬਾ" ਇਸ਼ਕ ਵਿਚ ਧੋਖਾ ਕਿਤੇ,
ਜਾਪਦਾ ਅਜ ਕਲ ਮੁਹੱਬਤ ਇਕ ਤਿਜਾਰਤ ਹੋ ਗਈ।

ਬਹਿਰ ਚਾਲ: ਫ਼ਾਇਲਾਤੁਨ (੩ ਵਾਰ) + ਫ਼ਾਇਲੁਨ
**

ਤਿੰਨ:
(ਦਿੱਲੀ ਗੈਂਗ ਰੇਪ ਵਿਚ ਸ਼ਹੀਦ ਹੋਈ ਦਾਮਨੀ
ਤੇ ਅਨੇਕਾਂ ਅਬਲਾਵਾਂ ਦੇ ਨਾਂ)

ਚੁਰਾਸੀ ਦੀ ਹਰਿਕ ਅਬਲਾ ਦਾ ਰਲ ਸਾਰੇ ਜ਼ਿਕਰ ਕਰੀਏ।
ਰਲਾ ਕੇ ਦਾਮਨੀ ਨੂੰ ਨਾਲ ਫਿਰ ਸਭ ਦਾ ਫ਼ਿਕਰ ਕਰੀਏ।

ਤਰੀਮਤ ਤਾਂ ਤਰੀਮਤ ਹੈ ਇਸਾਈ ਸਿੱਖ ਹਿੰਦੂ ਮੁਸਲਿਮ,
ਇਜ਼ਤ ਸਤਿਕਾਰ ਔਰਤ ਜ਼ਾਤ ਦੀ ਯਾਰੋ ਨਜ਼ਰ ਕਰੀਏ।

ਜ਼ੁਲਮ ਤਾਂ ਜ਼ੁਲਮ ਹੈ ਆਖ਼ਰ ਕਿਸੇ ਵੀ ਨਾਰ 'ਤੇ ਹੋਵੇ,
ਜੋ ਹੋਈ ਰੇਪ ਹਰ ਅਬਲਾ ਦੇ ਲੜ ਕੇਸਾਂ ਨੂੰ ਸਰ ਕਰੀਏ।

ਜੋ ਸੋਸ਼ਣ ਨਾਰ ਦਾ ਕਰਦੈ ਕਦੇ ਨਾ ਬਖ਼ਸ਼ਿਆ ਜਾਵੇ,
ਚੁਰਾਹੇ ਵਿਚ ਖੜਾ ਕਰਕੇ ਉਹਦਾ ਮਾੜਾ ਹਸ਼ਰ ਕਰੀਏ।

ਕਦੇ ਨਾ ਰੇਪ ਹੋਵੇ ਫਿਰ ਕਿਸੇ ਦੇਵੀ ਜਾਂ ਅਬਲਾ ਦਾ,
ਮਹਾਂ ਨਾਰੀ ਦਾ ਰੁਤਬਾ ਜ਼ਿਹਨ ਵਿਚ ਉੱਚਾ ਅਗਰ ਕਰੀਏ।

ਲੇਖਕ : ਅਮਰਜੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 182
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :803
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਅਤੇ ਸਿਰਜਣਾ ਨਾਲ ਪਿਛਲੇ ਲੰਮੇ ਅਰਸੇ ਤੋ ਜੁੜੇ ਹੋਏ ਹਨ। ਪੰਜਾਬੀ ਸਾਹਿਤ ਸਿਰਜਣਾ ਅਤੇ ਚਿੰਤਨ ਦੇ ਮੋਲਿਕ ਕਾਵਿ-ਸ਼ਾਸਤਰ ਅਤੇ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਆਪ ਜੀ ਦੀ ਵਿਸ਼ੇਸ਼ ਰੁਚੀ ਹੈ। ਇਸ ਸਮੇਂ ਆਪ ਖੋਜ ਦੇ ਨਾਲ ਨਾਲ ਸਿੱਖ ਨੈਸ਼ਨਲ ਕਾਲਜ਼ ਬੰਗਾ ਵਿਖੇ ਪ੍ਰੋਫੈਸਰ ਦੇ ਤੋਰ ਤੇ ਕਾਰਜਸ਼ੀਲ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017