ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਆਉ ਵਾਪਿਸ ਪਰਤੀਏ।

ਅੰਕਲ ਇੱਕ ਗੱਲ ਪੁੱਛਣੀ ਸੀ। ਮੈਨੂੰ ਕਾਰ ਦੇ ਕੋਲ ਖੜਾ ਵੇਖ ਕੇ ਇੱਕ ਨੌਜਵਾਨ ਨੇ ਪੁੱਛਿਆ। ਜਿਸ ਨੂੰ ਮੈ ਸਕਲੋ਼ ਪਹਿਚਾਣਦਾ ਸੀ ਪਰ ਉਸ ਨੂੰ ਪੂਰੀ ਤਰਾਂ ਨਹੀ ਸੀ ਜਾਣਦਾ।
ਹਾਂ ਬੋਲੋ ਬੇਟਾ ਕੀ ਗੱਲ ਪੁੱਛਣੀ ਹੈ? ਨਿਰਸੰਕੌਚ ਹੋਕੇ ਪੁੱਛੋ । ਬਿਨਾ ਕਿਸੇ ਝਿਜਕ ਦੇ। ਸੰਗੋ ਨਾ। ਮੈਨੂੰ ਤੇਰੇ ਕਿਸੇ ਤਰਾਂ ਦੇ ਵੀ ਸਵਾਲ ਤੇ ਕੋਈ ਇਤਰਾਜ ਨਹੀ ਹੋਵੇਗਾ। ਮੇਰਾ ਹਾਂ ਪੱਖੀ ਰਵੱਈਆ ਦੇਖਕੇ ਉਸ ਦੇ ਚਿਹਰੇ ਤੇ ਰੌਣਕ ਜਿਹੀ ਆ ਗਈ। ਅੰਕਲ ਤੁਹਾਡੀ ਕਾਰ ਦੀ ਨੰਬਰ ਪਲੇਟ ਤੇ ਓ ਪੀ ਸੇਠੀ ਲਿਖਿਆ ਹੋਇਆ ਹੈ ਤੇ ਮਾਂ ਵੀ ਲਿਖਿਆ ਹੈ । ਹਾਂ ਉਸਦੇ ਥੱਲੇ ਮੇਰਾ ਮੁਰਸਿ਼ਦ ਮਹਾਨ ਵੀ ਲਿਖਿਆ ਹੈ।ਪਰ ਤੁਸੀ ਆਪਣੇ ਕਿਸੇ ਬੱਚੇ ਦਾ ਨਾਮ ਕਿਉ ਨਹੀ ਲਿਖਿਆ। ਲੋਕੀ ਤਾਂ ਆਪਣੇ ਬੱਚਿਆਂ ਦੇ ਨਾਮ ਲਿਖਦੇ ਹਨ ਆਪਣੀਆਂ ਗੱਡੀਆਂ ਤੇ । ਕੋਠੀਆਂ ਦਾ ਨਾਮ ਵੀ ਬੱਚਿਆਂ ਦੇ ਨਾਮ ਰੱਖਦੇ ਹਨ।ਪਰ ਤੁਸੀ ਤਾਂ ਸ਼ਾਇਦ ਆਪਣੇ ਪਾਪਾ ਜੀ ਦਾ ਨਾਮ ਲਿਖਦੇ ਹੋ। ਤੁਹਾਡੀਆਂ ਦੂਜੀਆਂ ਗੱਡੀਆਂ ਵਰਨਾ ਅਤੇ ਸਫਾਰੀ ਤੇ ਵੀ ਇਹੀ ਲਿਖਿਆ ਹੈ, ਮੈ ਕਈ ਵਾਰੀ ਨੋਟ ਕੀਤਾ ਹੈ। ਕੀ ਤੁਸੀ ਆਪਣੇ ਬੱਚਿਆ ਨੂੰ ਪਿਆਰ ਨਹੀ ਕਰਦੇ। ਜਾ ਉਹਨਾ ਦਾ ਨਾਮ ਲਿਖਣ ਦਾ ਤੁਹਾਨੂੰ ਸ਼ੌਕ ਨਹੀ। ।ਬਹੁਤ ਵਾਰੀ ਸੋਚਿਆ ਅੰਕਲ ਨੂੰ ਪੁੱਛੂੰਗਾ। ਕਦੇ ਪੁੱਛਣ ਦਾ ਹੀਆ ਹੀ ਨਹੀ ਹੋਇਆ। ਅੱਜ ਤੁਸੀ ਕਾਰ ਕੋਲੇ ਖੜੇ ਮਿਲ ਗਏ ਤੇ ਮੈ ਪੁੱਛ ਹੀ ਲਿਆ ਡਰਦੇ ਡਰਦੇ ਨੇ।
ਬੇਟਾ ਬਹੁਤ ਵਧੀਆ ਸਵਾਲ ਹੈ ਤੇਰਾ। ਲੈ ਇਸ ਦਾ ਉੱਤਰ ਵੀ ਸੁਣ। ਸਾਡੇ ਸਮਾਜ ਵਿੱਚ ਆਈ ਗਿਰਾਵਟ ਨੂੰ ਰੋਕਣ ਦਾ ਜ਼ਰੀਆ ਹੈ ਇਹ ਸਭ। ਅਸੀ ਬਹੁਤ ਖੁਦਗਰਜ਼ ਹੋ ਗਏ ਹਾਂ। ਮਾਂ ਪਿਓ ਪ੍ਰਤੀ ਸਾਡਾ ਨਜਰੀਆ ਬਦਲ ਗਿਆ ਹੈ। ਜੋ ਆਦਰ ਸਤਿਕਾਰ ਸਾਡਾ ਮਾਂ ਪਿਉ ਨੂੰ ਦੇਣਾ ਬਣਦਾ ਹੈ ਉਹ ਅਸੀ ਆਪਣੀ ਔਲਾਦ ਨੂੰ ਦੇਣ ਲੱਗ ਪਏ ਹਾਂ। ਤੇ ਅਸੀ ਹਰ ਕੰਮ ਵੇਲੇ ਆਪਣੇ ਬੱਚਿਆਂ ਨੂੰ ਹੀ ਮੂਹਰੇ ਰੱਖਦੇ ਹਾਂ।ਇਸੇ ਕਰਕੇ ਹੀ ਬਜੁਰਗਾਂ ਦੀ ਜੂਨ ਬੁਰੀ ਤਰਾਂ ਖਰਾਬ ਹੋਈ ਪਈ ਹੈ ਦਿਨੋ ਦਿਨ ਇਹ ਪਾੜਾ ਵੱਧ ਰਿਹਾ ਹੈ। ਉਂਜ ਅਖੇ ਅਸੀ ਸਭਿਅੱਤ ਹੋ ਗਏ ਹਾਂ । ਪੜ੍ਹ ਲਿਖ ਗਏ ਹਾਂ। ਹਾਂ ਅਸੀ ਵੱਡੀਆਂ ਵੱਡੀਆਂ ਡਿਗਰੀਆਂ ਤਾਂ ਲੈ ਲਈਆਂ ਪਰ ਸਮਾਜ ਵਿੱਚ ਅਸੀ ਪਿੱਛੜ ਗਏ ਹਾਂ ।ਅੱਜ ਹਾਲਾਤ ਇਹ ਹਨ ਕਿ ਕਿਸੇ ਕੋਲ ਮਾਂ ਦੀ ਐਨਕ ਦਾ ਸ਼ੀਸਾ਼ ਪਵਾਉਣ ਦਾ ਸਮਾਂ ਤੇ ਸਾਧਨ ਨਹੀ ਪਰ ਬੱਚੇ ਨੂੰ ਟਿਊਸ਼ਨ ਤੇ ਟੂਰ ਤੇ ਭੇਜਣ ਲਈ ਵਾਧੂ ਪੈਸਾ ਹੈ। ਠੁਰ ਠੁਰ ਕਰਦੀ ਮਾਂ ਲਈ ਸ਼ਾਲ ਲੈਣ ਦੀ ਗੁੰਜਾਇਸ਼ ਨਹੀ ਪਰ ਬੇਟੀ ਜਾ ਬੇਟੇ ਦੀ ਜੀਨਸ ਲੈਣ ਲਈ ਪੈਸੇ ਦੀ ਕੋਈ ਘਾਟ ਨਹੀ ਹੈ। ਕਿਸੇ ਰਿਸ਼ਤੇਦਾਰ ਦੇ ਮਰਗ ਦੇ ਭੋਗ ਤੇ ਅਸੀ ਬਜੁਰਗ ਮਾਂ ਬਾਪ ਨੂੰ ਇੱਕਲਿਆਂ ਨੂੰ ਹੀ ਬੱਸ ਤੇ ਭੇਜ ਦਿੰਦੇ ਹਾਂ ਪਰ ਬੱਚਿਆਂ ਨੂੰ ਪਹਾੜੀ ਖੇਤਰ ਦਾ ਟੂਰ ਕਾਰ ਤੇ ਲਵਾਉਣ ਨੂੰ ਅਸੀ ਫਜੂਲ ਖਰਚੀ ਨਹੀ ਮੰਨਦੇ। ਇਹ ਸਭ ਸਿਰਫ ਇਸ ਲਈ ਕਿ ਅਸੀ ਬੱਚਿਆਂ ਦਾ ਭਵਿੱਖ ਬਣਾਉਣਾ ਤਾਂ ਲੋਚਦੇ ਹਾਂ ਪਰ ਜਿਨ੍ਹਾਂ ਨੇ ਸਾਡਾ ਭਵਿੱਖ ਬਣਾਇਆ ਉਹਨਾ ਪ੍ਰਤੀ ਆਪਣੇ ਫਰਜਾਂ ਤੋ ਮੁਨਕਰ ਹੋ ਗਏ ਹਾਂ। ਇਹ ਜਾਣਦੇ ਹੋਏ ਜਿੰਨਾ ਮਾਂ ਬਾਪ ਨੇ ਸਾਨੂੰ ਮਜਦੂਰੀ ਕਰਕੇ ਮਿਹਨਤਾਂ ਕਰਕੇ ਪੜਾਇਆ ਤੇ ਜਦੋ ਅਸੀ ਉਸ ਮਾਂ ਬਾਪ ਦੀਆਂ ਉਮੀਦਾਂ ਤੇ ਖਰੇ ਨਹੀ ਉਤਰੇ, ਸਾਡੇ ਮਾਂ ਪਿਉ ਸਾਡੇ ਨਾਲ ਗੱਲਬਾਤ ਕਰਨ ਨੂੰ ਵੀ ਤਰਸਦੇ ਹਨ ਤਾਂ ਸਾਡੇ ਬੱਚੇ ਵੀ ਤਾਂ ਸਾਡੇ ਪੂਰਨਿਆਂ ਤੇ ਹੀ ਚਲਣਗੇ।ਤੇ ਸਾਡੀ ਬਾਤ ਨਹੀ ਪੁੱਛਣਗੇ। ਪਰ ਫਿਰ ਵੀ ਅਸੀ ਪਿਛਲੀ ਪੀੜ੍ਹੀ ਦੇ ਉਪਕਾਰਾਂ ਤੇ ਕੀਤੀਆਂ ਮਿਹਨਤਾਂ ਨੂੰ ਨਜਰਅੰਦਾਜ ਕਰਕੇ ਅਗਲੀ ਪੀੜ੍ਹੀ ਵੱਲ ਹੀ ਆਪਣਾ ਝੁਕਾਅ ਬਣਾਇਆ ਹੋਇਆ ਹੈ।ਜੋ ਸਹੀ ਨਹੀ ਹੈ। ਮੇਰਾ ਜਵਾਬ ਅਜੇ ਜਾਰੀ ਸੀ ।
ਪਰ ਅੰਕਲ ਇਹਨਾਂ ਗੱਲਾਂ ਦਾ ਤੁਹਾਡੀ ਕਾਰ ਦੇ ਪਿੱਛੇ ਲਿਖੇ ਸਬਦਾਂ ਨਾਲ ਕੀ ਸਬੰਧ। ਮੇਰਾ ਸਵਾਲ ਤਾਂ ਬਹੁਤ ਸਿੱਧਾ ਸੀ ਪਰ ਤੁਸੀ ਤਾਂ ਕਹਾਣੀ ਹੋਰ ਪਾਸੇ ਹੀ ਲੈ ਗਏ। ਉਸਨੂੰ ਸਾਇਦ ਮੇਰੀ ਗੱਲ ਦੀ ਸਮਝ ਨਹੀ ਆਈ।ਉਸਨੂੰ ਇੰਨੀ ਲੰਬੀ ਚੋੜੀ ਵਿਆਖਿਆ ਦੀ ਉਮੀਦ ਨਹੀ ਸੀ।
ਹਾਂ ਬੇਟਾ ਮੈ ਤੇਰੇ ਸਵਾਲ ਦਾ ਹੀ ਜਵਾਬ ਤਾਂ ਦੇ ਰਿਹਾ ਹਾਂ । ਪਰ ਵਿਆਖਿਆ ਥੋੜੀ ਲੰਬੀ ਹੋ ਗਈ। ਬੇਟਾ ਮੈ ਆਪਣੀ ਕਾਰ ਦੇ ਪਿੱਛੇ ਮੇਰੇ ਪਾਪਾ ਦਾ ਨਾਮ ਲਿਖਾਇਆ ਹੈ । ਕਿਉਂਕਿ ਮੈ ਮੇਰੇ ਇਸ ਰੁਤਬੇ ਤੇ ਮੋਜੂਦਾ ਪੁਜੀਸ਼ਨ ਦਾ ਸਿਹਰਾ ਮੇਰੇ ਮਾਂ ਪਿਉ ਨੂੰ ਦਿੰਦਾ ਹਾਂ । ਮੈਨੂੰ ਪਤਾ ਹੈ ਕਿ ਉਹਨਾ ਨੇ ਕਿੰਨੀਆਂ ਜਰੂਰਤਾਂ ਦਾ ਤਿਆਗ ਕਰਕੇ ਮੈਨੂੰ ਪੜ੍ਹਾਇਆ। ਮੇਰੀ ਹਰ ਖਾਹਿਸ ਨੂੰ ਪੂਰਾ ਕਰਨ ਲਈ ਉਹਨਾ ਨੇ ਕਿੰਨੀ ਮਿਹਨਤ ਕੀਤੀ। ਤੇ ਓਹੀ ਕੁਝ ਮੈ ਆਪਣੀ ਅੋਲਾਦ ਲਈ ਕਰ ਰਿਹਾ ਹਾਂ। ਤੇ ਤੇ ਜੇ ਮੈ ਆਪਣੇ ਮਾਂ ਪਿਉ ਦਾ ਨਾਮ ਚਮਕਾ ਰਿਹਾ ਹਾਂ ਤਾਂ ਮੇਰੀ ਅੋਲਾਦ ਵੀ ਮੇਰੇ ਨਾਮ ਨੂੰ ਆਪਣੀ ਕਾਰ ਪਿੱਛੇ ਲਿਖਵਾਏਗੀ। ਮੇਰੀ ਕਾਰ ਮੇਰੀ ਕੋਠੀ ਨੂੰ ਲੋਕ ਮੇਰੇ ਪਾਪਾ ਕਰਕੇ ਜਾਣਦੇ ਹਨ। ਇਸ ਤਰਾਂ ਜੇ ਅਸੀ ਆਪਣੇ ਬਜੁਰਗਾਂ ਦੀ ਇੱਜਤ ਕਰਾਂਗੇ ਤਾਂ ਦੁਨੀਆ ਵਿੱਚ ਹਰ ਕਿਸੇ ਦੀ ਇੱਜਤ ਹੋਵੇਗੀ। ਕੋਈ ਮਾਂ ਬਾਪ ਆਪਣੀ ਅੋਲਾਦ ਵਲੌੰ ਦੁਖੀ ਨਹੀ ਹੋਵੇਗਾ।ਤੇ ਬਢਾਪੇ ਵਿੱਚ ਵੀ ਉਹ ਆਪਣੇ ਘਰ ਤੇ ਪੂਰਾ ਅਧਿਕਾਰ ਸਮਝੇਗਾ। ਉਸ ਨੂੰ ਪੇਇੰਗ ਗੈਸਟ ਬਣਕੇ ਨਹੀ ਰਹਿਣਾ ਪਵੇਗਾ। ਪਰ ਅੰਕਲ ਜੀ ਇਸਦਾ ਮਤਲਬ ਤਾਂ ਇਹ ਹੋਇਆ ਕਿ ਕੋਈ ਆਪਣੀ ਅੋਲਾਦ ਵੱਲ ਧਿਆਨ ਹੀ ਨਾ ਦੇਵੇ। ਕੀ ਬੱਚਿਆਂ ਨੂੰ ਪੜਾਉੰਣਾ ਗਲਤ ਹੈ। ਫਿਰ ਤਾਂ ਕੋਈ ਆਪਣੀ ਅੋਲਾਦ ਤੇ ਖਰਚ ਹੀ ਨਾ ਕਰੇ। ਮਾਂ ਪਿਉ ਨੇ ਜੇ ਪੜਾਇਆ ਤਾਂ ਇਹ ਉਹਨਾ ਦਾ ਫਰਜ ਸੀ। ਸਾਰੀ ਦੁਨੀਆ ਹੀ ਆਪਣੇ ਬੱਚਿਆ ਦਾ ਭਵਿੱਖ ਸੰਵਾਰਦੀ ਹੈ।ਬੱਚਿਆਂ ਦੀਆਂ ਰੀਝਾਂ ਜੇ ਮਾਂ ਪਿਉ ਨਾ ਪੂਰੀਆਂ ਕਰਨਗੇ ਤਾਂ ਹੋਰ ਕੋਣ ਕਰੂ। ਇਹ ਤਾਂ ਕੋਈ ਗੱਲ ਨਾ ਹੋਈ। ਉਹ ਥੋੜਾ ਜਿਹਾ ਤਲਖੀ ਚ ਬੋਲਿਆ। ਉਸਨੂੰ ਮੇਰੇ ਸ਼ਬਦਾਂ ਤੇ ਇਤਰਾਜ ਸੀ।
ਨਹੀ ਬੇਟਾ ਮੈ ਇਹ ਨਹੀ ਕਹਿੰਦਾ ਕਿ ਬੱਚਿਆਂ ਦਾ ਭਵਿੱਖ ਨਾ ਬਣਾਓ। ਜੇ ਮਾਂ ਪਿਉ ਆਪਣੇ ਬੱਚਿਆਂ ਲਈ ਕੁਝ ਫਰਜ ਹਨ ਤਾਂ ਬੱਚਿਆਂ ਦੇ ਵੀ ਮਾਂ ਪਿਉ ਪ੍ਰਤੀ ਕੁਝ ਫਰਜ ਹੁੰਦੇ ਹੋਣਗੇ।ਪਰ ਅਸੀ ਇਹ ਫਰਜ ਭੁੱਲ ਗਏ ਹਾਂ। ਜੇ ਹਰ ਧੀ ਜੋ ਆਪਣੇ ਮਾਂ ਪਿਉ ਦਾ ਖਿਆਲ ਰੱਖਦੀ ਹੈ ਪੁੱਤਾਂ ਨਾਲੋ ਵੀ ਵੱਧ ਸੰਭਾਲ ਲੈਂਦੀ ਹੈ ਉਹ ਧੀ ਆਪਣੇ ਸੱਸ ਸਹੁਰੇ ਦੀ ਵੀ ਉੰਨੀ ਇੱਜਤ ਕਰੇ ਤਾਂ ਦੁਨੀਆਂ ਦਾ ਕੋਈ ਮਾਂ ਪਿਉ ਦੁਖੀ ਨਹੀ ਹੋਵੇਗਾ। ਪਰ ਤਕਰੀਬਨ ਹਰ ਧੀ ਆਪਣੇ ਮਾਂ ਪਿਉ ਦੀ ਤਾਂ ਪੂਰੀ ਇੱਜਤ ਕਰਦੀ ਹੈ ਪਰ ਸੱਸ ਸਹੁਰੇ ਨਾਲ ਦੁਰ ਵਿਹਾਰ ਕਰਦੀ ਹੈ। ਹਰ ਚੰਗੀ ਧੀ ਨੂੰ ਇੱਕ ਚੰਗੀ ਬਹੂ ਬਣਨ ਦੀ ਜਰੂਰਤ ਹੈ ਤੇ ਇੱਕ ਚੰਗੇ ਮਾਂ ਪਿਉ ਨੂੰ ਇੱਕ ਚੰਗਾ ਸੱਸ ਸਹੁਰਾ ਬਣਨ ਦੀ ਲੋੜ ਹੈ। ਫਿਰ ਹੀ ਇਹ ਢਾਂਚਾ ਠੀਕ ਹੋਵੇਗਾ।ਤੇ ਸਮਾਜ ਸੁਖੀ ਹੋਵੇਗਾ।ਮੈਨੂੰ ਲੱਗਿਆ ਉਹ ਮੇਰੀਆਂ ਗੱਲਾਂ ਤੋ ਹੁਣ ਸੰਤੁਸਟ ਸੀ।
ਹਾਂ ਜੀ ਆਹ ਧੀਆਂ ਆਲੀ ਗੱਲ ਤਾਂ ਤੁਹਾਡੀ ਜਮਾਂ ਸਹੀ ਹੈ। ਮੈ ਵੀ ਵੇਖਿਆ ਕਈ ਔਰਤਾਂ ਆਪਣੀ ਬੁੱਢੀ ਮਾਂ ਨੂੰ ਨਹਾਉਣ ਲਈ ਹਰ ਹਫਤੇ ਪੇਕੇ ਜਾਂਦੀਆਂ ਹਨ ਤੇ ਆਪਣੀ ਬੁੱਢੀ ਸੱਸ ਨੂੰ ਘਰੇ ਪਾਣੀ ਦੀ ਬਾਲਟੀ ਵੀ ਭਰਕੇ ਨਹੀ ਦਿੰਦੀਆਂ। ਜੇ ਹਰ ਕੋਈ ਆਪਣੀ ਸੱਸ ਦੀ ਮਾਂ ਤਰਾਂ ਹੀ ਸੇਵਾ ਕਰੇ ਤਾਂ ਕਿਸੇ ਨੂੰ ਹਰ ਹਫਤੇ ਆਪਣੀ ਮਾਂ ਨੂੰ ਨਹਾਉਣ ਪੇਕੇ ਨਾ ਜਾਣਾ ਪਵੇ। ਉਸ ਨੇ ਮੇਰੀਆਂ ਗੱਲਾਂ ਦੀ ਪੁਸ਼ਟੀ ਕੀਤੀ।
ਮੈਨੁੰ ਯਾਦ ਹੈ ਮੇਰੇ ਇੱਕ ਰਿਸ਼ਤੇਦਾਰ ਦੀ ਲੜਕੀ ਰਿੰਗ ਸੈਰਾਮਣੀ ਸੀ। ਜਦੋ ਸ਼ਗਨ ਦਾ ਵਿਹਾਰ ਕਰਨ ਲੱਗੇ ਤਾਂ ਉਹਨਾ ਮੀਆਂ ਬੀਵੀ ਨੇ ਅੱਗੇ ਹੋਕੇ ਖੁਦ ਰਸਮ ਕੀਤੀ ਅਤੇ ਉਸਦੇ ਮਾਂ ਪਿਉ ਕੋਲ ਹੀ ਖੜੇ ਸਨ। ਇਸ ਤੌ ਵੀ ਅੱਗੇ ਉਹਨਾ ਆਪਣੇ ਇੱਕਲੋਤੇ ਪੁੱਤਰ ਨੂੰ ਮੂਹਰੇ ਲਾਕੇ ਉਸ ਕੋਲੋ ਵੀ ਵਿਹਾਰ ਕਰਵਾਇਆ। ਜਦੋ ਕਿ ਸਾਡੀ ਸੰਸਕ੍ਰਿਤੀ ਅਨੁਸਾਰ ਵੱਡਿਆਂ ਦੇ ਹੁਦਿਆਂ ਅਸੀ ਕੋਈ ਰਸਮ ਕਰਦੇ ਸੋਭਦੇ ਨਹੀ। ਇਸ ਫੰਕਸ਼ਨ ਵਿੱਚ ਬਜੁਰਗ ਦਾਦਾ ਦਾਦੀ ਦਾ ਸਗਨ ਪਾਉਣ ਲਈ ਪੰਜਵਾ ਨੰਬਰ ਆਇਆ। ਜਦੋ ਨੂੰਹ ਪੁੱਤ ਹੀ ਆਪਣੇ ਮਾਂ ਪਿਉ ਦੀ ਕਦਰ ਨਾ ਕਰਨਗੇ ਤਾਂ ਅਸੀ ਪੋਤੇ ਪੋਤਰੀਆਂ ਕੋਲੋ ਕੀ ਉਮੀਦ ਕਰ ਸਕਦੇ ਹਾਂ।ਮੈ ਮੇਰੀ ਕਾਰ ਦੇ ਪਿੱਛਲੇ ਸ਼ੀਸ਼ੇ ਤੇ ਮਾਂ ਸਬਦ ਸਿਰਫ ਇਸ ਲਈ ਹੀ ਲਿਖਿਆ ਹੈ ਕਿ ਮੇਰੀ ਜਨਮਦਾਤੀ ਮੈਨੂੰ ਹਰਪਲ ਯਾਦ ਰਹੇ ਤੇ ਉਸ ਦੀਆਂ ਦੁਆਵਾਂ ਸੱਦਕੇ ਹੀ ਮੇਰਾ ਇਹ ਰੁਤਬਾ ਬਰਕਰਾਰ ਹੈ। ਇਸੇ ਤਰਾਂ ਮੇਰਾ ਮੁਰਸਿ਼ਦ ਮਹਾਨ ਲਿੱਖਕੇ ਮੈ ਉਸ ਮਾਲਿਕ ਦਾ ਸੁਕਰਾਨਾ ਕੀਤਾ ਹੈ ਜਿਸਨੇ ਸਾਨੂੰ ਇਸ ਸੰਸਾਰ ਦੇ ਨਜਾਰੇ ਵੇਖਣ ਦਾ ਮੋਕਾ ਦਿੱਤਾ ਹੈ।ਇਹੀ ਮੇਰਾ ਇਹ ਲਿਖਣ ਦਾ ਮਕਸਦ ਹੈ । ਤੇ ਜੇ ਅਸੀ ਚਾਹੁੰਦੇ ਹਾਂ ਕਿ ਸਾਡੀ ਅੋਲਾਦ ਸਾਡੀ ਕਦਰ ਕਰੇ ਬੁਢਾਪੇ ਵਿੱਚ ਸਾਡਾ ਖਿਆਲ ਰੱਖੇ ਤਾਂ ਸਾਨੂੰ ਪਹਿਲਾ ਆਪਣੇ ਮਾਂ ਪਿਉ ਦੀ ਕਦਰ ਕਰਨੀ ਪਵੇਗੀ । ਆਪਣੀ ਇਸ ਮਜਿਲ ਨੂੰ ਪਾਉਣ ਲਈ ਸਾਨੂੰ ਥੋੜਾ ਜਿਹਾ ਵਾਪਿਸ ਪਰਤਣਾਂ ਪਵੇਗਾ।ਆਪਣੇ ਬੱਚਿਆਂ ਦੇ ਨਾਲ ਨਾਲ ਆਪਣੇ ਜਨਮਦਾਤਿਆਂ ਨੂੰ ਵੀ ਬਣਦਾ ਸਤਿਕਾਰ ਦੇਣਾ ਹੋਵੇਗਾ। ਬੱਸ ਇਹੀ ਮੇਰਾ ਮਕਸਦ ਹੈ। ਅੱਛਾ ਅੰਕਲ ਜੀ ਹੁਣ ਸਮਝ ਆਇਆ ਕਿ ਤੁਸੀ ਇਹ ਸਭ ਕਿਉ ਲਿਖਦੇ ਹੋ। ਤੁਸੀ ਮੇਰੀਆਂ ਅੱਖਾਂ ਖੋਲ ਦਿੱਤੀਆਂ। ਜੀ ਸੁਕਰੀਆਂ।ਕਹਿਕੇ ਉਹ ਚਲਾ ਗਿਆ। ਤੇ ਮੈ ਮੇਰੀ ਕਾਰ ਤੇ ਲਿਖੇ ਸਬਦ ਮਾਂ ਨੂੰ ਨਿਹਾਰ ਰਿਹਾ ਸੀ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :753
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ