ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਪੇਕਿਆਂ ਦਾ ਸੂਟ

ਰਾਣੀ ਨੂੰ ਆਪਣੇ ਭਤੀਜੇ ਦਾ ਮੜੰਗਾ ਜਵਾਂ ਹੀ ਗੇਜੇ ਤੇ ਪਿਆ। ਜਵਾਂ ਸਾਵੇਂ ਦਾ ਸਾਵਾਂ ਗੇਜਾ। ਰਾਣੀ ਦਾ ਇਕੋ ਇੱਕ ਭਰਾ। ਭਤੀਜੇ ਦੇ ਰੱਖੜੀ ਬੰਨ੍ਹਦੀ ਰਾਣੀ ਦੇ ਹੱਥ ਕੰਬ ਗਏ ਅੱਖਾਂ ਚੋਂ ਤਿੱਪ ਤਿੱਪ ਹੰਝੂ ਚੋਣ ਲੱਗੇ। ਜਵਾਨ ਹੋਏ ਭਤੀਜੇ ਨੂੰ ਭੂਆ ਨੇ ਬੁੱਕਲ ਚ ਲੈ ਲਿਆ ਰੱਜ ਕੇ ਪਿਆਰ ਕੀਤਾ ਅਸੀਸਾਂ ਦਿੱਤੀਆਂ ਬਾਹਲ਼ਾ ਰੋਈ ਹੱਦੋਂ ਵੱਧ। ਭਤੀਜੇ ਨੇ ਵੀ ਰੱਖੜੀਆਂ ਬੰਨ੍ਹਣ ਆਈ ਭੂਆ ਦਾ ਰੱਜ ਕੇ ਚਾਅ ਕੀਤਾ ਖ਼ੁਸ਼ੀ ਮਨਾਈ। ਸਾਲ ਵਿਚ ਇਕੋ ਇੱਕ ਤਾਂ ਦਿਨ ਹੁੰਦਾ ਸੀ ਜਦੋਂ ਭੂਆ ਪਿੰਡ ਆਉਂਦੀ। ਤੇ ਆਉਂਦੀ ਤੋਂ ਹੀ ਸਾਰਾ ਘਰ ਖ਼ੁਸ਼ੀਆਂ ਨਾਲ ਭਰ ਜਾਂਦਾ। ਅੱਜ ਜਦੋਂ ਭਤੀਜਾ ਆਪਣੀ ਕਮਾਈ ਵਿਚੋਂ ਰੱਖੜੀਆਂ ਬੰਨ੍ਹਣ ਆਈ ਭੂਆ ਲਈ ਸੂਟ ਬਣਾ ਕੇ ਲਿਆਇਆ ਤਾਂ ਰਾਣੀ ਦਾ ਅੰਦਰ ਪਾਟ ਗਿਆ ਰੋਂਦੀ ਕਿਤੇ ਝੱਲੀ ਨਾ ਜਾਵੇ। ਬੜੇ ਸਾਲਾਂ ਬਾਅਦ ਉਸਨੂੰ ਰੱਖੜੀਆਂ ਤੇ ਅੱਜ ਫੇਰ ਸੂਟ ਮਿਲਿਆ ਸੀ। ਰਾਣੀ ਇੱਕ ਸਾਲ ਬਾਅਦ ਮਿਲੇ ਪੇਕਿਆਂ ਦੇ ਸੂਟ ਨੂੰ ਚਾਅ ਨਾਲ ਬਣਾਉਂਦੀ ਤੇ ਕਿਸੇ ਖ਼ਾਸ ਖ਼ਾਸ ਮੌਕੇ ਪਾਉਂਦੀ ਇਹ ਸੂਟ ਪਾ ਕੇ ਉਸਨੂੰ ਇਉਂ ਲਗਦਾ ਜਿਵੇਂ ਪੇਕੇ ਜਾ ਆਈ ਹੋਵੇ।
ਉਸਦੀਆਂ ਅੱਖਾਂ ਸਾਹਮਣੇ ਸਭ ਕੁਸ਼ ਫ਼ਿਲਮ ਵਾਂਗ ਚੱਲ ਪਿਆ ਉਵੇਂ ਦਾ ਉਵੇਂ ਬੀਤਿਆ ਵਕਤ ਉਸਦੀਆਂ ਅੱਖਾਂ ਸਾਹਮਣੇ ਆ ਗਿਆ ਕਿ ਕਿਵੇਂ ਉਸਦਾ ਹੱਸਦਾ ਵੱਸਦਾ ਪੇਕਾ ਪਰਿਵਾਰ ਬਰਬਾਦ ਹੋ ਗਿਆ ਸੀ,ਕਿਵੇਂ ਵਕਤ ਦੀ ਮਾਰ ਨੇ ਉਸਦੇ ਘਰ ਨੂੰ ਐਸਾ ਘੇਰਾ ਪਾਇਆ ਕਿ ਇੱਕ ਵਾਰ ਤਾਂ ਸਭ ਕੁਸ਼ ਖ਼ਤਮ ਹੀ ਹੋ ਗਿਆ ਹੋਵੇ, ਕਿਵੇਂ ਵਧੀਆ ਕਬੀਲਦਾਰੀ ਚੱਕੀ ਆਉਂਦੇ ਗੇਜੇ ਦਾ ਬਾਪੂ ਮਾੜਾ ਜਿਹਾ ਢਿੱਲਾ ਹੋਇਆ ਤੇ ਮਿੰਟਾਂ ਵਿੱਚ ਹੀ ਔਹ ਗਿਆ ਔਹ ਗਿਆ, ਰੰਗੀ ਵੱਸਦੇ ਘਰ ਵਿੱਚ ਸੱਥਰ ਵਿਛ ਗਿਆ,ਗੇਜੇ ਦੀ ਮਾਂ ਮੰਜੇ ਨਾਲ ਜੁੜ ਗਈ, ਕਿਵੇਂ ਭੋਗ ਪੈਂਦੇ ਸਾਰ ਹੀ ਪਤਾ ਨੀ ਕਿਥੋਂ ਸ਼ਰੀਕ ਅਤੇ ਆੜ੍ਹਤੀਆਂ ਨੇ ਕਰਜ਼ਾ ਕੱਢ ਮਾਰਿਆ ਕਿਸੇ ਨੂੰ ਪਤਾ ਵੀ ਨਾ ਲੱਗਿਆ ਕਿਉਂਕਿ ਕਬੀਲਦਾਰੀ ਤਾਂ ਸਾਰੀ ਗੇਜੇ ਦੇ ਬਾਪੂ ਕੋਲ ਸੀ। ਗੇਜਾ ਤਾਂ ਪਹਿਲਾਂ ਹੀ ਭਮੱਤਰਿਆ ਫਿਰਦਾ ਸੀ ਉੱਤੋਂ ਬਿਮਾਰੀ ਤੇ ਕਰਜ਼ੇ ਨੇ ਜਵਾਂ ਹੀ ਮਾਰ ਤਾ। ਗਹਿਣਾ ਗੱਟਾ ਬੇਬੇ ਦੀ ਬਿਮਾਰੀ ਖਾ ਗਈ, ਅਚਾਨਕ ਪਿਆ ਕਰਜ਼ਾ ਸਾਰਾ ਘਰ ਖਾ ਗਿਆ, ਸੇਮ ਦੀ ਮਾਰ ਸਾਰੀ ਫ਼ਸਲ ਖਾ ਗਈ ਉੱਤੋਂ ਘਰ ਦੀ ਕਬੀਲਦਾਰੀ ਗੇਜਾ ਖਾ ਗਈ। ਰਿਸ਼ਤੇਦਾਰ ਸਾਕ ਸਕੀਰੀਆਂ ਯਾਰ ਬੇਲੀ ਸ਼ਰੀਕਾ ਕਬੀਲਾ ਸਭ ਮੂੰਹ ਮੋੜ ਗਏ। ਹੋਰ ਤਾਂ ਹੋਰ ਘਰ ਦੇ ਪ੍ਰਾਹੁਣੇ ਨੇ ਵੀ ਘਰੇ ਆਉਣਾ ਬੰਦ ਕਰ ਦਿੱਤਾ ਅਖੇ ਮੈਂ ਕਿਵੇਂ ਵਰਤਾਂ ਨੰਗਾਂ ਨਾਲ ਲੋਕ ਮੈਨੂੰ ਕੀ ਕਹਿਣਗੇ। ਪਰ ਰਾਣੀ ਨੇ ਘਰ ਆਲੇ ਦੀਆਂ ਮਿੰਨਤਾਂ ਤਰਲੇ ਕਰਕੇ ਸਾਲ ਵਿੱਚ ਸਿਰਫ਼ ਇੱਕ ਦਿਨ ਰੱਖੜੀਆਂ ਨੂੰ ਪੇਕੇ ਜਾਣਾ ਮਨਜ਼ੂਰ ਕਰਵਾ ਲਿਆ। ਰਾਣੀ ਬੱਸ ਸਾਲ ਦੇ ਸਾਲ ਰੱਖੜੀਆਂ ਨੂੰ ਪਿੰਡ ਆਉਂਦੀ ਤੇ ਸਾਰਾ ਢਿੱਡ ਹੌਲਾ ਕਰਕੇ ਤੁਰ ਜਾਂਦੀ। ਦੋਵੇਂ ਭੈਣ ਭਰਾ ਬੀਤੇ ਵੇਲੇ ਨੂੰ ਯਾਦ ਕਰਕੇ ਰੋਂਦੇ ਦੋਵਾਂ ਦੀਆਂ ਗੱਲਾਂ ਸਾਰਾ ਦਿਨ ਨਾ ਮੁੱਕਦੀਆਂ ਤੇ ਨਾਲੇ ਦੋਵਾਂ ਦੀਆਂ ਅੱਖਾਂ ਚੋਂ ਪਾਣੀ ਵੀ ਨਾ ਮੁੱਕਦਾ। ਗੇਜੇ ਨੂੰ ਇਸ ਦਿਨ ਦੀ ਉਡੀਕ ਰਹਿੰਦੀ ਕਿ ਕਦੋਂ ਭੈਣ ਘਰ ਆਵੇ ਤੇ ਦੁੱਖ ਸੁੱਖ ਸਾਂਝਾ ਕਰੇ ਉਹ ਕਮਲਿਆ ਵਾਂਗ ਬੇਸਬਰਾ ਹੋਇਆ ਇਸ ਦਿਨ ਦੀ ਉਡੀਕ ਕਰਦਾ। ਜਦੋਂ ਇਹ ਦਿਨ ਟੱਪ ਜਾਂਦਾ ਤਾਂ ਉਹ ਕਈ ਕਈ ਦਿਨ ਉਦਾਸ ਉਦਾਸ ਤੁਰਿਆ ਫਿਰਦਾ ਇਸ ਦਿਨ ਉਹ ਉਚੇਚਾ ਸ਼ਹਿਰ ਜਾਂਦਾ ਮਿਠਿਆਈ ਲਿਆਉਂਦਾ ਤੇ ਹੋਰ ਨਿੱਕ ਸੁੱਕ ਵੀ, ਭੈਣ ਲਈ ਸਪੈਸ਼ਲ ਸੂਟ ਬਣਾ ਕੇ ਲਿਆਉਂਦਾ ਬਾਹਲ਼ਾ ਚਾਅ ਕਰਦਾ, ਉਸ ਦਿਨ ਰੋਂਦਾ ਵੀ ਤੇ ਖ਼ੁਸ਼ ਵੀ ਸਭ ਤੋਂ ਵੱਧ ਹੁੰਦਾ। ਸਭ ਨੂੰ ਦੱਸਦਾ ਕਿ ਮੇਰੀ ਰਾਣੀ ਭੈਣ ਆਈ ਹੈ ਜਵਾਕ ਵੀ ਭੱਜੇ ਫਿਰਦੇ ਭੂਆ ਭੂਆ ਕਰਦੇ।
ਵਕਤ ਦੀ ਮਾਰ ਤੇ ਬੀਤਦੇ ਸਾਲਾਂ ਵਿੱਚ ਗੇਜਾ ਅੱਧਾ ਰਹਿ ਗਿਆ, ਜ਼ਮੀਨ ਵਿਕ ਗਈ ਮਸਾਂ ਇੱਕ ਅੱਧਾ ਕਿੱਲਾ ਹੀ ਬਚਿਆ ਹੋਣਾ, ਟੂਮ ਛੱਲਾ ਵਿਕ ਗਿਆ ਤੇ ਘਰ ਚਲਾਉਂਦਾ ਗੇਜਾ ਆਪ ਵੀ ਵਿਕ ਗਿਆ। ਹੁਣ ਕਬੀਲਦਾਰੀ ਚਲਾਉਣ ਲਈ ਗੇਜਾ ਵਾਰੀ ਵੱਟੇ ਤੇ ਕਿਸੇ ਨਾਲ ਕੰਮ ਕਰਵਾਉਣ ਲੱਗ ਪਿਆ ਫਿਰ ਹੌਲੀ ਹੌਲੀ ਦਿਹਾੜੀ ਜਾਣ ਲੱਗ ਪਿਆ ਤੇ ਅਖੀਰ ਸੀਰੀ ਵੀ ਰਲਣ ਲੱਗ ਪਿਆ। ਸ਼ਰੀਕੇ ਵਾਲੇ ਤਾਂ ਪਹਿਲਾਂ ਹੀ ਵਰਤਣੋਂ ਹੱਟ ਗਏ ਸੀ ਹੁਣ ਤਾਂ ਕੋਈ ਜੱਟ ਜ਼ਿਮੀਂਦਾਰ ਵੀ ਕੋਲੇ ਨਾ ਖੜ੍ਹਦਾ ਕਿ ਸਾਲਾ ਜੱਟ ਹੋ ਕੇ ਸੀਰੀ ਰਲਦਾ। ਗੇਜਾ ਸਭ ਆਪਣੇ ਪਿੰਡੇ ਤੇ ਜਰਦਾ ਰਿਹਾ ਅੰਦਰ ਵੜ ਕੇ ਰੋਂਦਾ ਰਿਹਾ ਪਰ ਜਿਵੇਂ ਕਿਵੇਂ ਲੈ ਦੇ ਕੇ ਆਪਣੇ ਮੁੰਡੇ ਨੂੰ ਪੜ੍ਹਾਉਂਦਾ ਰਿਹਾ ਜੋ ਹੌਲੀ ਹੌਲੀ ਜਵਾਨ ਹੋ ਰਿਹਾ ਸੀ।
ਅਖੀਰ ਇੱਕ ਮਾਰ ਹੋਰ ਪਈ ਗੇਜੇ ਤੇ ਜਿਵੇਂ ਰੱਬ ਇਮਤਿਹਾਨ ਲੈ ਰਿਹਾ ਹੋਵੇ। ਰੱਖੜੀ ਦਾ ਦਿਨ ਨੇੜੇ ਆ ਗਿਆ ਗੇਜੇ ਨੂੰ ਭੈਣ ਦੇ ਆਉਣ ਦਾ ਚਾਅ ਸੀ ਪਰ ਪੈਸੇ ਵੱਲੋਂ ਕੋਈ ਹੀਲਾ ਨਾ ਹੋਵੇ ਨਾ ਜ਼ਿਮੀਂਦਾਰ ਨੇੜੇ ਲੱਗਣ ਦੇਵੇ ਜਿੰਨਾ ਦੇ ਸੀਰੀ ਲੱਗਿਆ ਸੀ ਨਾ ਕੋਈ ਦੁਕਾਨ ਦੇ ਥੜ੍ਹੇ ਚੜ੍ਹਨ ਦੇਵੇ ਪੈਸਿਆਂ ਤੋਂ ਬਿਨਾਂ ,ਅਖੀਰ ਅੱਕ ਚੱਬਦਾ ਗੇਜਾ ਪੁਰਾਣੇ ਆੜ੍ਹਤੀਆਂ ਦੀ ਹੱਟੀ ਗਿਆ ਜਿਸਨੇ ਝੂਠਾ ਕਰਜ਼ਾ ਪਾਇਆ ਸੀ। ਲਾਲਾ ਗੇਜੇ ਨੂੰ ਦੇਖ ਕੇ ਪਹਿਲਾਂ ਡਰਿਆ ਫਿਰ ਹੱਸਿਆ ਗੇਜੇ ਨੇ ਪੈਸਿਆਂ ਦੀ ਫ਼ਰਿਆਦ ਕੀਤੀ ਤਾਂ ਆੜ੍ਹਤੀਆ ਪੁਰਾਣਾ ਜਾਣੂ ਹੋਣ ਕਰਕੇ ਮੁੱਛਾਂ ਤੇ ਹੱਥ ਫੇਰ ਕੇ ਕਹਿੰਦਾ "ਗੇਜਿਆ ਪੈਸਿਆਂ ਦੀ ਕੀ ਗੱਲ ਕਰਦਾ ਜਿੰਨੇ ਮਰਜ਼ੀ ਲੈ ਜਾ ਦਸ ਹਜ਼ਾਰ,ਵੀਹ ਹਜ਼ਾਰ,ਲੱਖ ਪਰ ਇੱਕ ਕੰਮ ਕਰਨਾ ਪਊ"। ਗ਼ਰਜ਼ਾਂ ਦਾ ਮਾਰਿਆ ਗੇਜਾ ਉਸ ਲਈ ਸਭ ਕੁਸ਼ ਕਰਨ ਨੂੰ ਤਿਆਰ ਸੀ ਉਹ ਕੁਝ ਵੀ ਕਰ ਸਕਦਾ ਸੀ ਭੈਣ ਦੇ ਸੂਟ ਲਈ। ਲਾਲਾ ਅੱਗਾ ਪਿੱਛਾ ਜਿਹਾ ਵੇਖ ਕੇ ਬੁੱਲ੍ਹਾਂ ਤੇ ਜੀਭ ਮਾਰ ਕੇ ਕਹਿੰਦਾ ''ਗੇਜਿਆ ਗ਼ੁੱਸਾ ਤਾਂ ਕਰੀ ਨਾ ਉਹ ਤਿਜੌਰੀ ਪਈ ਆ ਕੱਢ ਲਾ ਜਿੰਨੇ ਮਰਜ਼ੀ ,ਪਰ ਇੱਕ ਵਾਰ! ਇੱਕ ਵਾਰ! ਆਪਣੀ ਭੈਣ ! ਭੈਣ ਨੂੰ ਇੱਕ ਵਾਰ ਮੇਰੇ ਨਾਲ !! ਇੱਕ ਰਾਤ !''। ਗੱਲ ਪੂਰੀ ਹੋਣ ਤੋਂ ਪਹਿਲਾਂ ਗੇਜੇ ਨੇ ਲਾਲੇ ਦੀ ਘੰਡੀ ਮਰੋੜ ਤੀ ਤੇ ਲਾਲਾ ਪਾਰ ਬੋਲ ਗਿਆ।
ਘਰ ਤੇ ਇੱਕ ਹੋਰ ਦਰਦਨਾਕ ਤੇ ਮਾਰੂ ਹਾਦਸਾ ਗੇਜਾ ਅੰਦਰ ਹੋ ਗਿਆ ਗੇਜੇ ਦੀ ਘਰਵਾਲੀ ਤੇ ਭੈਣ ਨੇ ਜਿਵੇਂ ਕਿਵੇਂ ਹੋ ਕੇ ਕੇਸ ਲੜਿਆ ਦਰ ਦਰ ਧੱਕੇ ਖਾਧੇ ਪਰ ਗੇਜਾ ਫਾਹੇ ਲੱਗ ਗਿਆ। ਜਦੋਂ ਲਾਸ਼ ਘਰੇ ਆਈ ਤਾਂ ਸਭ ਪਾਸੇ ਚੁੱਪ ਵਿੱਸਰ ਗਈ ਪਰ ਗੇਜੇ ਦੇ ਘਰੋਂ ਕੀਰਨੇ ਤੇ ਵੈਣਾਂ ਦੀ ਆਵਾਜ਼ ਕਈ ਮਹੀਨੇ ਆਉਂਦੀ ਰਹੀ ਸਭ ਕੁਝ ਖ਼ਤਮ ਹੋ ਗਿਆ ਸਭ ਕੁਸ਼ ਖ਼ਤਮ। ਪਰ ਲੋਕ ਅਣਖੀ ਜੱਟ ਦੀਆਂ ਬਾਤਾਂ ਪਾਉਂਦੇ ਰਹੇ।
ਜਿਵੇਂ ਕਹਿੰਦੇ ਨੇ ਕਿ ਸਭ ਕੁਝ ਖ਼ਤਮ ਹੋ ਕੇ ਵੀ ਇੱਕ ਆਸ ਬਚਦੀ ਆ ਤੇ ਅੱਜ ਉਹੀ ਆਸ ਰਾਣੀ ਨੂੰ ਭਤੀਜੇ ਦੇ ਆਪਣੀ ਕਮਾਈ ਵਿਚੋਂ ਲਿਆਂਦੇ ਸੂਟ ਵਿੱਚੋਂ ਦਿੱਖ ਰਹੀ ਸੀ। ਜੋ ਪੜ੍ਹ ਲਿਖ ਕੇ ਆਪਣੀ ਮਿਹਨਤ ਈਮਾਨਦਾਰੀ ਤੇ ਲਗਨ ਦੇ ਸਿਰ ਤੇ ਚੰਗਾ ਇਮਤਿਹਾਨ ਪਾਸ ਕਰਕੇ ਕਚਹਿਰੀਆਂ 'ਚ ਵੱਡਾ ਅਫ਼ਸਰ ਲੱਗ ਗਿਆ ਸੀ ਜੋ ਆਪਣੇ ਪੜ੍ਹਾਈ ਦੇ ਪੈਸੇ ਵੀ ਬਿਨਾਂ ਕਿਸੇ ਦੇ ਮੂਹਰੇ ਹੱਥ ਅੱਡੇ ਖ਼ੁਦ ਦਿਹਾੜੀਆਂ ਕਰਕੇ ਪੂਰੇ ਕਰਦਾ ਰਿਹਾ। ਹੁਣ ਉਹੀ ਉਸਦੇ ਘਰ ਤੋਂ ਮੂੰਹ ਮੋੜਨ ਵਾਲੇ ਲੋਕ ਉਸਦੇ ਭਤੀਜੇ ਨੂੰ ਸੌ ਸੌ ਸਲਾਮਾਂ ਕਰਦੇ।
ਅੱਜ ਉਸੇ ਘਰ ਵਿੱਚ ਰੱਖੜੀਆਂ ਬੰਨ੍ਹਣ ਆਈ ਰਾਣੀ ਨੂੰ ਖ਼ੁਸ਼ੀਆਂ ਨੱਚ ਰਹੀਆਂ ਦਿੱਖ ਰਹੀਆਂ ਸਨ, ਜੋ ਕਈ ਸਾਲ ਪਹਿਲਾਂ ਇਸ ਘਰ ਤੋਂ ਰੁੱਸ ਗਈਆਂ ਸੀ। ਅੱਜ ਬਹੁਤ ਸਾਲਾਂ ਬਾਅਦ ਰਾਣੀ ਖ਼ੁਸ਼ ਖ਼ੁਸ਼ ਤੇ ਮਾਣ ਨਾਲ ਆਪਣੇ ਪੇਕੇ ਘਰ ਤੋਂ ਜਾ ਰਹੀ ਸੀ ਤੇ ਭਤੀਜੇ ਦਾ ਦਿੱਤਾ ਰੱਖੜੀ ਵਾਲਾ ਸੂਟ ਉਸਨੂੰ ਭਰਾ ਦਾ ਨਿੱਘ ਦੇ ਰਿਹਾ ਸੀ, 'ਤੇ ਭਤੀਜਾ ਉਸਨੂੰ ਸਾਵੇਂ ਦਾ ਸਾਵਾਂ ਜਵਾਂ ਗੇਜਾ ਹੀ ਲੱਗ ਰਿਹਾ ਸੀ।

ਲੇਖਕ : ਕਰਨ ਬਰਾੜ ਹੋਰ ਲਿਖਤ (ਇਸ ਸਾਇਟ 'ਤੇ): 6
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1036
ਲੇਖਕ ਬਾਰੇ
ਆਪ ਜੀ ਪੰਜਾਬੀ ਸਾਹਿਤ ਪ੍ਰੇਮੀ ਹੋ ਅਤੇ ਆਸਰੇਲੀਆ ਰਿਹ ਕੇ ਵੀ ਪੰਜਾਬੀ ਅਤੇ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਹੋ। ਆਪ ਜੀ ਦੀ ਕਲਮ ਬੜੇ ਸਾਫ਼ ਸੁਥਰੇ ਢੰਗ ਨਾਲ ਸੱਚ ਨੂੰ ਪੇਸ਼ ਕਰਦੀ ਹੈ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ