ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਅਣਜੰਮੀ ਧੀ

ਪਾਪਾ ਆਹ ਰਿਪੋਰਟਾ? ਓਹ ਮਾਈ ਗੋਡ। ਸੂਗਰ ਫਾਸਟਿੰਗ ਇੱਕ ਸੋ ਚਾਲੀ, ਯੂਰਿਕ ਐਸਿਡ ਛੇ ਪੁਆਇੰਟ ਪੰਜ, ਪਰੋਸਟਰੇਟ ਇਨਲਾਰਜਡ ਫੋਰਟੀ ਟੂ ਗਰਾਮ, ਮਲਟੀ ਸਟੋਨ ਇੰਨ ਗਾਲ੍ਹ ਬਲੈਡਰ।ਵੇਟ ਅਬਵ ਹੰਡਰਡ, ਹੋਰ ਲੈ ਈ ਸੀ ਜੀ ਵੀ ਮੱਚ ਚੇਂਜ।ਕੀ ਹੋ ਗਿਆ ਪਾਪਾ ਤੁਹਾਨੂੰ ? ਸਿਹਤ ਪੱਖੋ ਇੰਨੇ ਲਾਪਰਵਾਹ। ਪਾਪਾ ਤੁਸੀ ਤਾਂ ਅਜਿਹੇ ਨਹੀ ਸੀ। ਪਰ ਕਿਉ ਪਾਪਾ? ਹੈਰਾਨੀ ਗੁੱਸਾ ਤੇ ਬੇਬਸੀ ਸਪਸ਼ਟ ਝਲਕ ਰਹੀ ਸੀ ਉਸ ਦੇ ਚੇਹਰੇ ਤੇ। ਮੈਕਸ ਹਸਪਤਾਲ ਦੀਆਂ ਜਰਨਲ ਚੈਕ ਅੱਪ ਦੀਆਂ ਮੇਰੀਆਂ ਸਾਰੀਆਂ ਰਿਪੋਰਟਾਂ ਉਸ ਦੇ ਹੱਥ ਵਿੱਚ ਸਨ। ਕਲ੍ਹ ਹੀ ਤਾਂ ਉਹ ਆਈ ਸੀ ਕਾਲਜੋ।ਸਿਰਫ ਦੋ ਹੀ ਮਹੀਨਿਆਂ ਦੀ ਛੁੱਟੀ ਸੀ ਤੇ ਫਿਰ ਇੰਟਰਨਸਿ਼ਪ ਲਈ ਕਿਸੇ ਹਸਪਤਾਲ ਚਲੀ ਜਾਵੇਗੀ ਛੇ ਮਹੀਨਿਆਂ ਲਈ।ਫਿਰ ਉਸਨੇ ਵੱਡੀ ਡਾਕਟਰ ਬਣ ਜਾਣਾ ਹੈ ।ਤੇ ਅੱਜ ਮੇਰੇ ਬੈਡ ਰੂਮ ਦੀ ਸਫਾਈ ਕਰਦੀ ਉਸਨੁੰ ਇਹ ਰਿਪੋਰਟਾਂ ਮਿਲੀਆਂ ਲੱਗਦੀਆਂ ਸਨ।
ਬੇਟਾ ਇਹ ਤਾਂ ਆਮ ਜਿਹਾ ਚੈਕਅਪ ਸੀ ਤੇ ਤੇਰੇ ਡਾਕਟਰ ਅੰਕਲ ਨੇ ਹੀ ਆਖਿਆ ਸੀ। ਮੈ ਥੋੜਾ ਸਪਸ਼ਟ ਕਰਨ ਦੀ ਕੋਸਿਸ ਕੀਤੀ।
ਨਹੀ ਪਾਪਾ। ਬੀ ਕੋਂਸੀਅਸ਼ ਆਬਾਊਟ ਯੂਅਰ ਹੈਲਥ। ਤੁਹਾਡਾ ਮਿੱਠਾ ਅੱਜ ਤੋ ਪੂਰੀ ਤਰਾਂ ਬੰਦ। ਬਿਲਕੁਲ ਫਿੱਕੀ ਕੋਫੀ। ਫਿੱਕਾ ਦੁੱਧ। ਨੋ ਬਰਫੀ ਲੱਡੂ, ਕੇਲਾ, ਅੰਗੂਰ, ਚੀਕੂ, ਸੰਕਰਗੰਦੀ ਸਭ ਬੰਦ। ਮਿਸੀ ਖੁਸਕ ਰੋਟੀ ਉਹ ਵੀ ਸਿਰਫ ਦੋ ਹੀ ।ਮਲਾਈ ਘਿਉ ਸਭ ਬੰਦ। ਸਿਰਫ ਕੱਦੂ ਕਰੇਲੇ ਦੀ ਸਬਜੀ ਉਹ ਵੀ ਕਨੋਲਾ ਤੇਲ ਚ ਬਣੀ। ਹਾਂ ਪੋਹਾ ਦਲੀਆ ਖਿਚੜੀ ਉਹ ਵੀ ਕਦੇ ਕਦੇ। ਆਈ ਵਾਂਟ ਯੂ ਬੀਲੋ ਨਾਈਨਟੀ ਼ਵਿਂਦ ਇੰਨ ਵਨ ਮੰਥ।ਉਸ ਦਾ ਲੈਕਚਰ ਜਾਰੀ ਸੀ। ਪੂਰੀ ਡਾਈਟੀਸ਼ੀਅਨ ਲੱਗਦੀ ਸੀ ਉਹ ਕਿਸੇ ਵੱਡੇ ਹਸਪਤਾਲ ਦੀ।
ਪਰ ਬੇਟਾ ਐਨੀ ਘਬਰਾਹਟ ਤੇ ਚਿੰਤਾ ਵਾਲੀ ਕੋਈ ਗੱਲ ਨਹੀ। ਮੈ ਫਿਰ ਗੱਲ ਸਪਸ਼ਟ ਕਰਨ ਦੀ ਕੋਸਿਸ ਕੀਤੀ। ਨੋ ਆਰਗੂਮੈਟਸ ਪਲੀਜ। ਡਾਕਟਰ ਸੇ ਬਹਿਸ ਨਹੀ ਕਰਤੇ, ਮਾਈ ਡੀਅਰ ਪਾਪਾ। ਯੂ ਆਰ ਮਾਈ ਫਸਟ ਪੇਸੈਂਟ ਅੰਡਰ ਸਟੈ਼ਡ ? ਮੈ ਮੰਮੀ ਕੋ ਭੀ ਬੋਲ ਦੇਤੀ ਹੂੰ। ਵੈਸੇ ਉਹ ਹੀ ਜਿੰਮੇਦਾਰ ਹੈ ਤੁਹਾਡੀ ਬੀਮਾਰੀ ਦੇ।ਉਹਨਾ ਨੇ ਵੀ ਖੁਵਾ ਖੁਵਾ ਕੇ ਤੁਹਾਡਾ ਹੁਲੀਆ ਬਿਗਾੜ ਦਿੱਤਾ ਹੈ। ਕਦੇ ਕਿਸੇ ਹੋਟਲ ਤੇ ਤੇ ਕਦੇ ਸ਼ਾਹੀ ਪਨੀਰ ਕਦੇ ਬਰਗਰ ਪੀਜਾ ਤੇ ਕਦੇ ਸਬਵੇ। ਕੌਈ ਉਮਰ ਹੈ ਤੁਹਾਡੀ ਪੀਜੇ ਬਰਗਰ ਖਾਣ ਦੀ।ਘਰੇ ਵੀ ਮੈ ਦੇਖਿਆ ਹੈ ਤੁਸੀ ਪਕੋੜੇ, ਹਲਵਾ, ਗੁਲਗਲੇ, ਸਵੇਈਆਂ, ਖੀਰ, ਪੂੜੇ ਨਿੱਤ ਹੀ ਬਨਾਈ ਰੱਖਦੇ ਹੋ। ਅਸੀ ਤਿੰਨੇ ਘਰ ਨਹੀ ਹੁੰਦੇ।ਅਸੀ ਮਰ ਗਏ ਅਸੀ ਹੋਸਟਲਾਂ ਦੀਆਂ ਖਾ ਖਾ ਕੇ, ਤੁਸੀ ਚਟਕਾਰੇ ਲੈ ਲੈ ਖਾਂਦੇ ਹੋ ਇਥੇ। ਹੁਣ ਉਸ ਦਾ ਤਵਾ ਆਪਣੀ ਮੰਮੀ ਤੇ ਗਰਮ ਸੀ। ਘਰੋ ਬਾਹਰ ਨਹੀ ਨਿਕਲਦੇ ਸਾਰਾ ਦਿਨ। ਬੀਮਾਰੀਆਂ ਤਾਂ ਲੱਗਣੀਆਂ ਹੀ ਹੋਈਆਂ। ਨਾ ਵੀਰੇ ਕੋਈ ਫਿਕਰ ਕਰਦੇ ਹਨ, ਨਾ ਮੰਮੀ। ਤੇ ਤੁਹਾਨੂੰ ਕੋਈ ਰੋਕਣ ਟੋਕਣ ਵਾਲਾ ਨਹੀ। ਅਖੇ ਬੇਟਾ ਮੈਥੋ ਸੈਰ ਨਹੀ ਹੁੰਦੀ।ਬਾਹਨੇ ਮਾਰਦੇ ਰਹਿੰਦੇ ਹੋ ਨਿੱਤ।ਉਹ ਵੀ ਆਉਦੇ ਹਨ ਨਵੀਆਂ ਗੱਡੀਆਂ ਕਾਰਾਂ ਤੇ ਟੂਰਾਂ ਦੀਆ ਗੱਲਾ ਕਰਕੇ ਮੁੜ ਜਾਂਦੇ ਹਨ। ਜਾ ਉਹ ਕੰਮ ਸੁਰੂ ਕਰਲੋ,ਉਥੇ ਫਲੈਟ ਲੈ ਲਵੋ। ਆਹ ਪਲਾਟ ਖਰੀਦ ਲਵੋ। ਕਦੇ ਉਹਨਾ ਪੁੱਛਿਆ ਹੈ ਪਾਪਾ ਤੁਹਾਡੀ ਸਿਹਤ ਕਿਵੇ ਹੈ।ਉਸ ਨੇ ਗੱਲਾਂ ਕਰਦੀ ਕਰਦੀ ਨੇ ਦੋਹਾ ਭਰਾਵਾਂ ਨੂੰ ਵੀ ਲਪੇਟੇ ਵਿੱਚ ਲੈ ਲਿਆ। ਉਹ ਪੂਰੀ ਭਖੀ ਹੋਈ ਸੀ।ਲੈ ਬਈ ਅੱਜ ਤੇਰੀ ਖੈਰ ਨਹੀ। ਇਹ ਕਰੂ ਤੇਰਾ ਇਲਾਜ। ਮੈ ਸੋਚਿਆ। ਅਖੇ ਮਾਂ ਮੈ ਥਾਣੇਦਾਰ ਬਣੂਗਾ ਤੇ ਪਹਿਲਾ ਤੈਨੂੰ ਹੀ ਲੋਟ ਕਰੂਗਾ। ਵਾਲਾ ਚੁਟਕਲਾ ਯਾਦ ਆ ਗਿਆ।ਪਰ ਬੇਟਾ ਉਹਨਾ ਦਾ ਕੀ ਕਸੂਰ। ਨੋਕਰੀ ਤੇ ਹਨ ਕਈ ਕਈ ਸਾਲ ਹੋਗੇ ਘਰੋ ਬਾਹਰ ਰਹਿਦਿਆਂ ਨੂੰ। ਆਪਣਾ ਕਮਾਉਦੇ ਹਨ।ਕੰਮ ਦੀ ਟੈਂਸ਼ਨ ਰਹਿੰਦੀ ਹੈ।ਲੈਣ ਦੇ ਐਸ਼ ਉਹਨਾ ਨੂੰ । ਕਦੇ ਕਦੇ ਤਾਂ ਆਉਦੇ ਹਨ। ਇੱਕ ਦੋ ਦਿਨਾਂ ਲਈ ਮਿਲਣ ਤੇ ਉਹਨਾਂ ਨੂੰ ਕਿਉ ਪ੍ਰੇਸ਼ਾਨ ਕਰਨਾ ਹੈ। ਮੈ ਆਦਤਨ ਮੁੰਡਿਆਂ ਦੀ ਵਾਰ੍ਹ ਲੈਣ ਦੀ ਕੋਸਿ਼ਸ਼ ਕੀਤੀ।
ਘੱਟੋ ਘੱਟ ਅੱਧਾ ਘੰਟਾ ਸੈਰ ਸਵੇਰੇ ਤੇ ਅੱਧਾ ਘੰਟਾ ਸ਼ਾਮੀ ਲਾਜਮੀ ਸੁਰੂ ਕਰ ਦਿਉ।ਚਾਹੇ ਪਵਨ ਅੰਕਲ ਨਾਲ ਗੱਲ ਕਰ ਲੋ, ਚਾਹੇ ਵਿਜੈ ਅੰਕਲ ਨਾਲ। ਜੇ ਕੋਈ ਹੋਰ ਨਹੀ ਮੰਨਦਾ ਤਾਂ ਮੰਮੀ ਨੂੰ ਹੀ ਨਾਲ ਲੈ ਜਾਇਆ ਕਰੋ। ਜਰੂਰੀ ਨਹੀ ਕਿਤੇ ਦੂਰ ਜਾਣਾ ਹੈ।ਆਹ ਸ਼ਟੇਸ਼ਨ ਖੜਾ ਹੈ ਦੋ ਗੇੜੇ ਪਲੇਟ ਫਾਰਮ ਤੇ ਲਾ ਆਇਆ ਕਰੋ। ਨਾਲੇ ਰੋਣਕ ਮੇਲਾ ਦੇਖ ਆਏ। ਨਾਲੇ ਕੋਈ ਪੁਰਾਣੇ ਯਾਰ ਦੋਸਤ ਮਿਲ ਜਾਣਗੇ ਓਥੇ। ਆਹ ਕੀ ਹੋਇਆ ਬਈ ਸਾਰਾ ਦਿਨ ਬੈਡ ਰੂਮ ਚ ਹੀ ਘੁਸੇ ਰਹੇ। ਕਦੇ ਨੈਟ ਤੇ ਤੇ ਕਦੇ ਬੈਡ ਤੇ। ਤੁਸੀ ਤਾਂ ਇਸ ਦੱਸ ਬਾਈ ਦਸ ਦੇ ਕਮਰੇ ਨੂੰ ਆਪਣੀ ਦੁਨਿਆ ਬਣਾ ਰੱਖੀ।ਮੈ ਨਹੀ ਕਹਿੰਦੀ ਨੈਟ ਨਾ ਵਰਤੋ। ਸੋਸਲ ਸਾਈਟਸ ਨਾਲ ਨਾ ਜੁੜੋ। ਬਟ ਵਿੱਦ ਇੰਨ ਲਿਮਟ। ਉਹ ਵੀ ਤੁਹਾਡਾ ਫੀਲਡ ਚੰਗਾ ਹੈ।ਸਾਮ ਨੂੰ ਡਾਕਟਰ ਅੰਕਲ ਕੋਲ ਵੀ ਜਰੂਰ ਜਾਇਆ ਕਰੋ। ਉਹ ਅੱਡਾ ਵੀ ਵਧੀਆ ਹੈ ਤੁਹਾਡਾ।ਉਸ ਦਾ ਉਪਦੇਸ਼ ਅਜੇ ਜਾਰੀ ਸੀ।
ਚਾਹੇ ਹੁਣ ਉਸਨੇ ਡਾਕਟਰੀ ਦੀ ਪੜ੍ਹਾਈ ਲੱਗਭੱਗ ਪੂਰੀ ਕਰ ਹੀ ਲਈ ਸੀ ਤੇ ਮੇਰੇ ਲਈ ਤਾਂ ਉਹ ਅਜੇ ਬੱਚੀ ਹੀ ਸੀ। ਪਰ ਅੱਜ ਲੱਗਿਆ ਕਿ ਉਹ ਤਾਂ ਪੂਰੀ ਡਾਕਟਰ ਬਣ ਚੁਕੀ ਹੈ ਤੇ ਹੋਰ ਚੂੁੰਹ ਛੇ ਮਹੀਨਿਆਂ ਨੂੰ ਗੱਲ ਵਿੱਚ ਟੂਟੀ ਜਿਹੀ ਪਾਕੇ ਲੋਕਾਂ ਦਾ ਇਲਾਜ ਕਰਿਆ ਕਰੂਗੀ।ਆਪਣਾ ਬੱਚਾ ਕਿੰਨਾ ਵੀ ਵੱਡਾ ਬਣ ਜਾਵੇ ਮਾਂ ਪਿਉ ਲਈ ਤਾਂ ਉਹ ਜੁਆਕ ਹੀ ਰਹਿੰਦਾ ਹੈ।ਮੇਰੇ ਹਰ ਦਲੀਲ ਤੇ ਗੱਲ ਨੂੰ ਉਹ ਆਪਣੀ ਡਾਕਟਰੀ ਭਾਸ਼ਾ ਨਾਲ ਕੱਟ ਰਹੀ ਸੀ। ਇਹੀ ਤਾਂ ਫਰਕ ਹੁੰਦਾ ਹੈ ਪੁੱਤਰ ਅਤੇ ਧੀ ਵਿੱਚ। ਐਵੇ ਤਾਂ ਨਹੀ ਲੋਕ ਕਹਿੰਦੇ ਮਾਂ ਪਿਉ ਦੀ ਚਿੰਤਾ ਕਰਨ ਲਈ ਇੱਕ ਧੀ ਲਾਜਮੀ ਹੈ। ਮੁੰਡੇ ਲਾਪਰਵਾਹ ਹੁੰਦੇ ਹਨ।ਚਿੰਤਾ ਤਾਂ ਕਰਦੇ ਹਨ ਪਰ ਧੀਆਂ ਜਿੰਨੀ ਨਹੀ।ਧੀ ਦਾ ਪਿਆਰ ਵੇਖਕੇ ਮੇਰੀ ਅੱਖ ਗਿੱਲੀ ਹੋ ਗਈ।
ਟੈਂਸ਼ਨ ਕੋ ਗੋਲੀ ਮਾਰੋ। ਕੋਈ ਟੇਸ਼ਨ ਨਾ ਕਰਿਆ ਕਰੋ। ਵੀਰੇ ਫੋਨ ਕਿਉ ਨਹੀ ਕਰਦੇ?ਨਹੀ ਕਰਦੇ ਤਾਂ ਨਾ ਸਹੀ। ਜਦੋ ਤੁਹਾਡਾ ਦਿਲ ਕਰੇ ਤੁਸੀ ਫੋਨ ਮਿਲਾਕੇ ਗੱਲ ਕਰ ਲਿਆ ਕਰੋ।ਐਵੇ ਕੁਲਝੀ ਜਾਂਦੇ ਹੋ ਸਾਰਾ ਦਿਨ।ਮਾਮੂ ਨਾਨੀ ਜੀ ਦਾ ਕਰਦੇ ਹਨ। ਨਹੀ ਕਰਦੇ। ਹਾਲ ਪੁਛਦੇ ਹਨ ਜਾ ਨਹੀ ਪੁਛਦੇ। ਤੁਸੀ ਕਿਉ ਖੂਨ ਸਾੜਦੇ ਹੋ। ਨਾਨੀ ਜਾਣੇ ਜਾ ਮਾਮੂ ਜਾਨਣ। ਇਹ ਉਹਨਾ ਦੀ ਪਰਾਬਲਮ ਹੈ।ਤੁਸੀ ਸੁਣ ਲਿਆ ਕਰੋ। ਮੰਮੀ ਨਾਲ ਗੱਲ ਕਰ ਲਿਆ ਕਰੋ। ਮਾਮੂ ਤੁਹਾਡੇ ਨਾਲ ਬੋਲਦੇ ਹਨ ਤਾਂ ਵੀ ਠੀਕ ਹੈ ਨਹੀ ਤਾਂ ਨਾ ਸਹੀ। ਨਾਨੀ ਜੀ ਕਿਸ ਕੋਲ ਰਹਿੰਦੇ ਹਨ ਕਿਸ ਕੋਲ ਨਹੀ। ਇਹ ਵੱਡੇ ਛੋਟੇ ਤੇ ਵਿਚਾਲੜੇ ਮਾਮੂ ਦਾ ਹੈਡਏਕ ਹੈ ਤੁਹਾਡਾ ਨਹੀ। ਤੁਸੀ ਮਸਤ ਰਿਹਾ ਕਰੋ।ਪਰ ਤੁਸੀ ਤਾਂ ਮੰਮੀ ਨਾਲ ਵੀ ਗੁੱਸੇ ਹੋ ਜਾਂਦੇ ਹੋ। ਜਦੋ ਮੰਮੀ ਉਥੇ ਨਹੀ ਜਾਂਦੇ ਤਾਂ ਹੋਰ ਕਿੱਥੇ ਜਾਣ? ਮੰਮੀ ਨੇ ਵੀ ਤਾਂ ਨਾਨੀ ਨਾਲ ਗੱਲ ਕਰਨੀ ਹੋਈ। ਤੁਹਾਡੇ ਪੱਚੜੇ ਕਰਕੇ ਮੰਮੀ ਤੇ ਨਾਨੀ ਹੀ ਪਿਸ ਰਹੀਆਂ ਹਨ ਦੋਨੋ। ਨਾਨੀ ਤਾਂ ਫਸੀ ਹੈ ਵਿਚਾਲੇ । ਮਾਮੂ ਵੀ ਸੰਘੀ ਘੁਟਦੇ ਹਨ ਤੇ ਬੋਲਣ ਨਹੀ ਦਿੰਦੇ ਤੇ ਤੁਸੀ ਮੰਮੀ ਕੋਲ ਵੀ ਉਸਨੂੰ ਦਿਲ ਹੋਲਾ ਕਰਨ ਨਹੀ ਦਿੰਦੇ। ਚਾਚੂ ਤੁਹਾਡੇ ਨਾਲ ਵੱਧ ਬੋਲੇ ਜਾ ਘੱਟ ਬੋਲੇ ਤੁਸੀ ਨਾ ਬਲਾਉਣਾ ਨਾ ਛੱਡੋ ਉਸਨੂੰ।ਹਮੇਸ਼ਾ ਹੱਸਕੇ ਬੋਲੋ।ਰੋਜ ਗੇੜਾ ਮਾਰਦੇ ਰਹੋ। ਆਦਮੀ ਆਪਣਿਆਂ ਨਾਲ ਟੁਟ ਕੇ ਵੀ ਜਿੰਦਗੀ ਨਾਲੋ ਵੀ ਟੁਟ ਜਾਂਦਾ ਹੈ।ਭਰਾ ਤਾਂ ਬੰਦੇ ਦੀ ਕਹਿੰਦੇ ਬਾਂਹ ਹੁੰਦੇ ਹਨ। ਜਿਸ ਦਿਨ ਜੀ ਕਰੇ ਭੂਈ ਕੋਲੇ ਗੇੜਾ ਮਾਰ ਆਏ । ਤੁਹਾਡੇ ਬਿਨਾ ਹੋਰ ਕੌਣ ਹੈ ਭੂਈ ਦਾ। ਭੂਈ ਨੁੰ ਵੀ ਤੁਹਾਡਾ ਹੀ ਹੋਸਲਾ ਹੈ।ਬਸ ਮੇਰਾ ਮਤਲਬ ਕਮਰੇ ਚੋ ਬਾਹਰ ਨਿਕਲਿਆ ਕਰੌ। ਬਾਹਰਲੀ ਹਵਾ ਖਾਇਆ ਕਰੋ।ਹੁਣ ਉਸ ਦੇ ਸੋਸਲ ਗਿਆਨ ਦੇ ਰਹੀ ਸੀ।
ਗੱਲ ਤਾਂ ਤੇਰੀ ਠੀਕ ਹੈ ਬੇਟਾ ਪਰ ਇਹ ਇੰਨਾ ਸੋਖਾ ਨਹੀ।ਜਿੰਨਾ ਤੁੱ ਕਹਿ ਰਹੀ ਹੈ। ਤੂੰ ਅਜੇ ਬੱਚੀ ਹੈ ਸਾਡੀ ਉਮਰ ਚ ਆਕੇ ਤੈਨੂੰ ਪਤਾ ਲੱਗੂ । ਜਿਸਨੂੰ ਤੂੰ ਹੁਣ ਈਗੋ ਸੈਲਫ ਰਸਪੈਕਟ ਟੋਲਰੇਸੰਸ ਪਾਵਰ ਆਖਦੀ ਹੈ ਇਹ ਵੀ ਕਿੰਨੀ ਜਰੂਰੀ ਹੈ ਜਿੰਦਗੀ ਵਿੱਚ।
ਹਾਂ ਪਾਪਾ ਹਰ ਟਾਇਮ ਲੇਖਕ ਜਿਹੇ ਨਾ ਬਣੇ ਫਿਰਿਆ ਕਰੋ। ਜਿੱਥੇ ਜੀ ਕਰਦਾ ਹੈ ਓਹੀ ਕੁੜਤਾ ਪਜਾਮਾ ਪਾਕੇ ਚਲੇ ਜਾਂਦੇ ਹੋ।ਖੁਲ੍ਹੇ ਬਟਨ, ਵਿਖਰੇ ਹੋਏ ਵਾਲ , ਪੈਰੀ ਪੁਰਾਣੀਆਂ ਚੱਪਲਾਂ। ਐਂ ਕਿਸੇ ਨੇ ਤੁਹਾਨੂੰ ਫਿਲਾਸਫਰ ਨਹੀ ਕਹਿਣਾ। ਬਾਹਰ ਜਾਣ ਵੇਲੇ ਤਾਂ ਘੱਟੋ ਘੱਟ ਪੈਟ ਸ਼ਰਟ ਬੂਟ ਜਰਾਬਾਂ ਪਾਕੇ ਜਾਇਆ ਕਰੋ । ਪਤਾ ਲੱਗੇ ਬਈ ਸਾਹਿਬ ਆਏ ਹਨ। ਹੋਰ ਤਾਂ ਹੋਰ ਤੁਸੀ ਮੇਰੇ ਹੋਸਟਲ ਵਿੱਚ ਵੀ ਓਹੀ ਕੁੜਤਾ ਪਜਾਮਾ ਪਾਕੇ ਚਲੇ ਆਏ। ਸੁੱਟ ਦਿਉ ਪੁਰਾਣੀਆਂ ਘਸੀਆਂ ਪਿਟੀਆਂ ਪੈਟਾਂ ਸਰਟਾਂ। ਨਵੀਆਂ ਲੈ ਆਉ ਬਰਾਂਡਡ। ਵੀਰੇ ਬੁਲ੍ਹੇ ਲੁੱਟਦੇ ਹਨ ਤੇ ਤੁਸੀ ਕਿਰਸ ਤੇ ਕਿਰਸ ਕਰੀ ਜਾਂਦੇ ਹੋ। ਸਾਡੇ ਨਾਈਕ ਤੇ ਐਡੀਡਾਸ ਦੇ ਪਾਏ ਕਿਸ ਕੰਮ ਦੇ ਜੇ ਤੁਸੀ ਆਹ ਪੁਰਾਣੇ ਹੀ ਪਾਉਣੇ ਹਨ ਤਾਂ। ਮੈ ਉਸ ਦੀਆਂ ਗੱਲਾਂ ਸੁਣ ਕੇ ਮੁੜਕੋ ਮੁੜਕੀ ਹੋ ਰਿਹਾ ਸੀ। ਦੇਖਿਆ ਤਾਂ ਬਿਜਲੀ ਚਲੀ ਜਾਣ ਕਰਕੇ ਏ ਸੀ ਬੰਦ ਹੋਇਆ ਪਿਆ ਸੀ ਤੇ ਪੱਖਾ ਵੀ ਬੰਦ ਸੀ।ਮੇਰੇ ਕਪੜੇ ਮੁੜਕੇ ਨਾਲ ਭਿੱਜ ਚੁੱਕੇ ਸਨ। ਅੱਖਾਂ ਖੋਲਕੇ ਮੈ ਉਸ ਅਣਜੰਮੀ ਧੀ ਨੂੰ ਹੋਰ ਮਿਲਣ ਲਈ ਅੱਖਾਂ ਦੁਬਾਰਾ ਬੰਦ ਕਰਨ ਦੀ ਅਸਫਲ ਜਿਹੀ ਕੋਸਿਸ ਕਰਦਾ ਹਾਂ। ਪਰ ਹੁਣ ਉਹ ਸੁਫਨੇ ਵਾਲੀ ਧੀ ਵੀ ਅਲੋਪ ਹੋ ਚੁਕੀ ਸੀ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :945
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017