ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਸਮੇਂ ਦੇ ਗੇੜ੍ਹ ਵਿਚ ਟੁੱਟੇ ਸਾਂਝੇ ਪਰਿਵਾਰ

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਮੇਂ ਦੇ ਬਦਲਦੇ ਗੇੜ ਨੇ ਸਾਡੇ ਰਹਿਣ-ਸਹਿਣ ’ਤੇ ਬਹੁਤ ਅਸਰ ਪਾਇਆ ਹੈ। ਅੱਜ ਸਾਡੇ ਪਰਿਵਾਰ ਘਰੇਲੂ ਪੱਧਰ ਤੋਂ ਲੈ ਕੇ ਸਮਾਜਿਕ ਪੱਧਰ ਤਕ ਵੱਖ-ਵੱਖ ਇਕਾਈਆਂ ਵਿਚ ਵੰਡੇ ਜਾ ਚੁੱਕੇ ਹਨ। ਇਸ ਦਾ ਇਕ ਮੁੱਖ ਕਾਰਨ ਜਿੱਥੇ ਰਿਸ਼ਤਿਆਂ ਵਿਚ ਵਧਦਾ ਤਨਾਅ ਹੈ, ਉੱਥੇ ਸਾਡੇ ਆਰਥਿਕ ਢਾਂਚੇ ਨੇ ਵੀ ਸਮੂਹਿਕ ਪਰਿਵਾਰਾਂ ਨੂੰ ਆਪਸ ਵਿਚ ਵੱਖ-ਵੱਖ ਹੋਣ ਲਈ ਮਜ਼ਬੂਰ ਕੀਤਾ ਹੈ। ਪੁਰਾਣੇ ਸਮਿਆਂ ਵੱਲ ਜੇਕਰ ਝਾਤ ਮਾਰੀ ਜਾਵੇ ਤਾਂ ਕਿਸੇ ਸਾਂਝੇ ਪਰਿਵਾਰ ਦੇ ਕੁੱਲ ਮੈਂਬਰਾਂ ਦੀ ਗਿਣਤੀ ਦਰਜਨਾਂ ਤੋਂ ਵੀ ਵੱਧ ਹੁੰਦੀ ਸੀ, ਫਿਰ ਉਨ੍ਹਾਂ ਵਿਚ ਇਹ ਵੀ ਨਹੀਂ ਸੀ ਪਤਾ ਲੱਗਦਾ ਕਿ ਕਿਹੜੇ-ਕਿਹੜੇ ਬੱਚੇ ਕਿਸ ਦੇ ਹਨ ਜਾਂ ਕਿਹੜੇ ਪਰਿਵਾਰ ਦਾ ਕਿਹੜਾ ਮੈਂਬਰ ਹੈ, ਸਭ ਆਪਸ ਵਿਚ ਘੁਲ-ਮਿਲ ਕੇ ਰਹਿੰਦੇ ਸਨ। ਪਰੰਤੂ ਅੱਜ ਦੇ ਆਧੁਨਿਕ ਦੌਰ ਨੇ ਸਾਂਝੇ ਪਰਿਵਾਰਾਂ ਨੂੰ ਵੰਡ ਕੇ ਅਗਾਂਹ ਉਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਅੰਦਰ ਇਕ ਅਜੀਬ ਜਿਹੀ ਇਕੱਲਤਾ ਪੈਦਾ ਕਰ ਦਿੱਤੀ ਹੈ। ਅੱਜ ਸਥਿਤੀ ਇਹ ਬਣੀ ਪਈ ਹੈ ਕਿ ਇਕ ਵਿਅਕਤੀ ਬਹੁਤ ਰਿਸ਼ਤੇਦਾਰਾਂ ਵਾਲਾ ਹੋ ਕੇ ਵੀ ਖ਼ੁਦ ਇਕੱਲਤਾ ਦੇ ਵਾਵਰੋਲੇ ਵਿਚ ਗ੍ਰਸਿਆ ਜਾ ਚੁੱਕਾ ਹੈ। ਬੇਸ਼ੱਕ ਇਹ ਸਭ ਕੁਝ ਸਮੇਂ ਦੇ ਨਾਲ ਮਨੁੱਖ ਦੀ ਹੋਣੀ ਬਣ ਚੁੱਕਾ ਹੈ ਪਰ ਇਸ ਹੋਣੀ ਦੇ ਕਾਰਨਾਂ ਵਿੱਚੋਂ ਮੁੱਖ ਕਾਰਨ ਪੈਸਾ ਕਮਾਉਣ ਦੀ ਦੌੜ ਹੇਠ ਕਿਸੇ ਪਿੰਡ ਜਾਂ ਇਕ ਸ਼ਹਿਰ ਤੋਂ ਦੂਜੇ ਸ਼ਹਿਰ ਪਰਵਾਸ ਕਰਨਾ, ਵਿਦੇਸ਼ਾਂ ਵਿਚ ਜਾ ਵੱਸਣਾ, ਪਰਿਵਾਰਕ ਰਿਸ਼ਤਿਆਂ ਦੇ ਹੋ ਰਹੇ ਰਾਜਨੀਤੀਕਰਨ, ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਇਨਸਾਨੀ ਸੁਭਾਵਾਂ ਵਿਚ ਆਈਆਂ ਤਬਦੀਲੀਆਂ, ਆਪਣੇ ਆਪ ਨੂੰ ਉੱਚਾ ਅਤੇ ਪਰਿਵਾਰ ਦੇ ਦੂਜੇ ਮੈਂਬਰਾਂ ਨੂੰ ਨੀਵਾਂ ਸਮਝਣ ਦੀ ਪ੍ਰਵਿਰਤੀ, ਵਿਅਕਤੀਗਤ ਹਊਮੈਂ, “ਮੈਂ”, “ਮੇਰੀ”, “ਮੇਰਾ ਬੱਚਾ”, “ਮੇਰੀ ਧੀ”, “ਮੇਰਾ ਪੁੱਤਰ”, “ਮੇਰਾ ਪਤੀ”, “ਮੇਰਾ ਭਰਾ”, ਆਦਿ ਵਰਗੀਆਂ ਇਨਸਾਨੀ ਫਿਤਰਤ ਵਿਚ ਪਨਪਦੀਆਂ ਭਾਵਨਾਵਾਂ ਆਦਿ ਨੇ ਸਾਂਝੇ ਪਰਿਵਾਰਾਂ ਨੂੰ ਬਿਲਕੁਲ ਹੀ ਤੋੜ ਦਿੱਤਾ ਹੈ। ਸਾਂਝੇ ਪਰਿਵਾਰਾਂ ਵਿਚਲੇ ਚਾਚੇ-ਚਾਚੀ, ਤਾਏ-ਤਾਈ, ਦਾਦਾ-ਦਾਦੀ, ਭੂਆ ਆਦਿ ਵਰਗੇ ਅਤਿਅੰਤ ਪਿਆਰੇ ਅਤੇ ਮਨਮੋਹਕ ਰਿਸ਼ਤਿਆਂ ਵਿਚ ਆ ਰਹੀਆਂ ਖਿੱਚੋਤਾਣਾਂ ਕਾਰਨ ਇਨ੍ਹਾਂ ਰਿਸ਼ਤਿਆਂ ਦਾ ਮੂੰਹ-ਮੁਹਾਂਦਰਾ ਹੀ ਵਿਗੜ ਚੁੱਕਾ ਹੈ। ਸਾਂਝੇ ਪਰਿਵਾਰਾਂ ਵਿਚ ਜੇਕਰ ਕਿਸੇ ਇਕ ਮੈਂਬਰ ਨੂੰ ਕੋਈ ਵੀ ਕਿਸੇ ਕਿਸਮ ਦੀ ਤਕਲੀਫ ਜਾਂ ਸਮੱਸਿਆ ਹੁੰਦੀ ਸੀ ਤਾਂ ਉਹ ਸਮੱਸਿਆ ਸਾਰੇ ਪਰਿਵਾਰ ਦੀ ਸਾਂਝੀ ਹੁੰਦੀ ਸੀ ਅਤੇ ਉਸ ਨੂੰ ਹੱਲ ਕਰਨ ਲਈ ਪਰਿਵਾਰ ਦੇ ਸਾਰੇ ਮੈਂਬਰ ਇੱਕ ਦੂਜੇ ਨਾਲ ਖਲੋਂਦੇ ਸਨ ਤੇ ਹਰ ਚੁਣੌਤੀ ਦਾ ਰਲ ਕੇ ਸਾਹਮਣਾ ਕਰਦੇ ਸਨ ਪਰ ਅੱਜ ਦੇ ਆਧੁਨਿਕ ਯੁੱਗ ਵਿਚ ਅਜਿਹਾ ਨਹੀਂ, ਕਿਸੇ ਨੂੰ ਵੀ ਕਿਸੇ ਦੇ ਦੁੱਖ ਸੁੱਖ ਨਾਲ ਕੋਈ ਵਾਹ-ਵਾਸਤਾ ਨਹੀਂ ਰਿਹਾ
ਅੱਜ ਸਾਡੇ ਭੈਣ-ਭਰਾਵਾਂ ਦੇ ਬੱਚੇ ਸਾਨੂੰ ‘ਚਾਚਾ-ਚਾਚੀ, ‘ਮਾਮਾ-ਮਾਮੀ’ ਦੀ ਥਾਵੇਂ ‘ਅੰਕਲ ਜਾਂ ਆਂਟੀ’ ਕਰਕੇ ਹੀ ਜਾਣਦੇ ਹਨ ਤੇ ਬਹੁਤ ਚਿਰ ਬਾਅਦ ਮਿਲਣ ਪਿੱਛੋਂ ਅਤੇ ਖੂਨ ਦੀ ਸਾਂਝ ਹੋਣ ਦੇ ਬਾਵਜੂਦ ਵੀ ਕੇਵਲ ਰਸਮੀਂ ਜਿਹੀ ਹੀ ਮਿਲਣੀ ਕਰਦੇ ਹਨ। ਸੋ ਅੱਜ ਲੋੜ ਹੈ ਕਿ ਅਜੋਕੀ ਅਤਿਅੰਤ ਤੇਜ਼-ਰਫਤਾਰ ਜ਼ਿੰਦਗੀ ਵਿਚ ਪਿੱਛੇ ਰਹਿ ਗਏ ਰਿਸ਼ਤਿਆਂ ਨੂੰ ਸਮੇਂ ਦੀ ਚਾਲ ਅਨੁਸਾਰ ਆਪਣੇ ਨਾਲ ਲੈ ਕੇ ਚੱਲਣ ਦੀ। ਰਿਸ਼ਤਿਆਂ ਵਿਚਲੇ ਨਿੱਘ ਨੂੰ ਮਾਣਨ ਦੀ ਅਤੇ ਵੱਡ-ਪਰਵਾਰੀ ਮੈਂਬਰ ਹੋ ਕੇ ਵੀ ਇਕ ਅਜੀਬ ਜਿਹੀ ਇਕੱਲਤਾ ਵਿੱਚੋਂ ਨਿਕਲਣ ਦੀ। ਸਾਨੂੰ ਆਪਣੇ ਰੁਤਬੇ ਦੀ ਹਊਮੈਂ ਤਿਆਗ ਕੇ ਇਸ ਗੱਲ ਨੂੰ ਦਿਮਾਗ ਵਿੱਚੋਂ ਕੱਢਣਾ ਪਵੇਗਾ ਕਿ ਮੈਂ ਇਹ ਪਹਿਲ ਕਿਉਂ ਕਰਾਂ? ਸਾਨੂੰ ਸਾਡੇ ਮਨਾਂ ਵਿੱਚੋਂ ਉਹ ਗਲਤਫਹਿਮੀਆਂ ਵੀ ਕੱਢਣੀਆਂ ਪੈਣਗੀਆਂ ਜਿਨ੍ਹਾਂ ਕਰਕੇ ਅਸੀਂ ਇੱਕ-ਦੂਜੇ ਤੋਂ ਕੋਹਾਂ ਦੂਰ ਜਾ ਚੁੱਕੇ ਹਾਂ। ਸਾਨੂੰ ਸਵੈ-ਵਿਸ਼ਲੇਸ਼ਣ ਕਰਦੇ ਹੋਏ ਇਹ ਪਹਿਲ ਆਪਣੇ-ਆਪ ਤੋਂ ਹੀ ਸ਼ੁਰੂ ਕਰਨੀਂ ਪਵੇਗੀ ਤਾਂ ਹੀ ਅਸੀਂ ਟੁੱਟ ਚੁੱਕੇ ਸੰਯੁਕਤ ਪਰਿਵਾਰਕ ਰਿਸ਼ਤਿਆਂ-ਨਾਤਿਆਂ ਨੂੰ ਮੁੜ ਤੋਂ ਨਵੇਂ ਅਰਥ ਅਤੇ ਨਵੀਆਂ ਦਿਸ਼ਾਵਾਂ ਦੇ ਸਕਾਂਗੇ ਅਤੇ ਇਨ੍ਹਾਂ ਰਿਸ਼ਤਿਆਂ ਨੂੰ ਮੁੜ ਸੁਰਜੀਤ ਕਰ ਸਕਾਂਗੇ।

ਲੇਖਕ : ਬਿਕਰਮਜੀਤ ਸਿੰਘ ਜੀਤ ਹੋਰ ਲਿਖਤ (ਇਸ ਸਾਇਟ 'ਤੇ): 17
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1259
ਲੇਖਕ ਬਾਰੇ
ਆਪ ਜੀ ਬਤੌਰ ਪਰੂਫ਼ ਰੀਡਰ ਅੈਸ.ਜੀ.ਪੀ.ਸੀ. ਵਿੱਚ ਕੰਮ ਕਰ ਰਹੇ ਹੋ। ਆਪ ਜੀ ਉੱਚ ਵਿਚਾਰਕ ਅਤੇ ਪੰਜਾਬੀ ਚਿੰਤਕ ਹੋ ਆਪ ਜੀ ਦੇ ਅਖਬਾਰਾ ਵਿਚ ਲੇਖ ਛਪਦੇ ਰਹਿੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲੱਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ