ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਬਹੁਤ ਮਿਹਨਤੀ ਤੇ ਸਿਰੜੀ ਸਨ ਮੇਰੇ ਜਨਮਦਾਤਾ

ਜਦੋ ਕਦੇ ਮੇਰੇ ਪਿਤਾ ਜੀ ਕੋਲੋ ਉਹਨਾ ਦੇ ਬਚਪਣ ਦੀਆਂ ਗੱਲਾਂ ਸੁਨਣ ਦਾ ਸਬੱਬ ਬਣਦਾ ਤਾਂ ਬਹੁਤ ਹੈਰਾਨੀ ਹੁੰਦੀ। ਕਿ ਕਿੰਨੀ ਗਰੀਬੀ ਦੇਖੀ ਹੈ ਉਹਨਾ ਨੇ ਆਪਣੇ ਬਚਪਣ ਵਿੱਚ।ਪਰ ਸਖਤ ਮਿਹਨਤ ਨਾਲ ਤੇ ਤੰਗੀ ਤੁਰਸੀਆਂ ਚ ਦਿਨ ਕੱਟਕੇ ਉਹ ਜਿਸ ਮੁਕਾਮ ਤੇ ਪਹੁੰਚੇ ਆਮ ਵਿਅਕਤੀ ਦੇ ਵੱਸ ਦਾ ਰੋਗ ਨਹੀ। ਜਦੋ ਕਦੇ ਉਹਨਾ ਦੀ ਛੱਤਰ ਛਾਇਆ ਚ ਰਹਿੰਦੇ ਅਸੀ ਫਜੂਲ ਖਰਚੀ ਕਰਦੇ ਤਾਂ ਸਾਨੂੰ ਉਹਨਾ ਤੋ ਝਿੜਕਾਂ ਪੈਦੀਆਂ। ਗੁੱਸਾ ਤਾਂ ਬਹੁਤ ਆਉਂਦਾ ਪਰ ਉਹਨਾ ਦੀ ਮਜਬੂਰੀ ਵੇਖ ਕੇ ਤਰਸ ਵੀ ਆਉਂਦਾ।ਤਰਸ ਇਸ ਲਈ ਆਉਂਦਾ ਕਿ ਉਹਨਾ ਨੇ ਬਚਪਣ ਵਿੱਚ ਕਿੰਨੀ ਗਰੀਬੀ ਦੇਖੀ ਸੀ ।ਤੇ ਪੈਸੇ ਦੀ ਅਸਲ ਵੁਕਤ ਦਾ ਪਤਾ ਸੀ ਉਹਨਾ ਨੂੁੰ।
ਮੇਰੇ ਪਹਿਲੇ ਦਾਦੀ ਜੀ ਬਹੁਤ ਜਲਦੀ ਗੁਜਰ ਗਏ ਸਨ ਤੇ ਉਹਨਾ ਦੇ ਕੋਈ ਸੰਤਾਨ ਨਹੀ ਸੀ। ਫਿਰ ਦਾਦਾ ਜੀ ਨੇ ਦੂਸਰੀ ਸਾਦੀ ਕਰਵਾਈ ਤੇ ਮੇਰੀ ਇਸ ਦਾਦੀ ਜੀ ਦੇ ਪੇਟੋ ਦੋ ਲੜਕੀਆਂ ਤੇ ਦੋ ਲੜਕੇ ਹੋਏ। ਪਰ ਇੱਥੇ ਵੀ ਬਦਕਿਸਮਤੀ ਨੇ ਉਹਨਾ ਦਾ ਪਿੱਛਾ ਨਹੀ ਛੱਡਿਆ। ਮੇਰੇ ਚਾਚਾ ਜੀ ਦੇ ਜਨਮ ਤੋ 24 ਦਿਨ ਬਾਅਦ ਹੀ ਮੇਰੇ ਇਹ ਦਾਦੀ ਜੀ ਵੀ ਰੱਬ ਨੂੰ ਪਿਆਰੇ ਹੋ ਗਏ। ਮੇਰੀਆਂ ਦੋਨੇ ਭੂਆ ਵੱਡੀਆਂ ਸਨ। ਇਸ ਹਾਲਾਤ ਵਿੱਚ ਮੇਰੇ ਦਾਦਾ ਜੀ ਲਈ ਪਰਿਵਾਰ ਨੂੰ ਚਲਾਉਣਾ ਬਹੁਤ ਮੁਸਕਿਲ ਸੀ। ਪਰ ਦਾਦਾ ਜੀ ਨੇ ਬੱਚਿਆ ਨੂੰ ਪਾਲਣ ਲਈ ਕੋਈ ਹੋਰ ਚਾਰਾ ਸਿਰਫ ਇਸ ਲਈ ਹੀ ਨਹੀ ਕੀਤਾ ਕਿਉਕਿ ਉਹ ਆਪਣੀ ਸੰਤਾਨ ਨੂੰ ਮਤਰੇਈ ਮਾਂ ਦੇ ਰਹਿਮ ਤੇ ਨਹੀ ਸੀ ਛੱਡਣਾ ਚਾਹੁੰਦੇ।ਦਾਦਾ ਜੀ ਦੀ ਇਸ ਕੁਰਬਾਨੀ ਨੇ ਕਰਕੇ ਇਹਨਾ ਚਾਰੇ ਭੈਣ ਭਰਾਵਾਂ ਦਾ ਬਚਪਣ ਬਹੁਤ ਹੀ ਸੰਘਰਸਮਈ ਗੁਜਰਿਆ।
ਪਾਪਾ ਜੀ ਦੱਸਦੇ ਹੁੰਦੇ ਸਨ ਕਿ ਦਾਦਾ ਜੀ ਕੋਲ ਦੋ ਢਾਈ ਕਿਲ੍ਹੇ ਹੀ ਜਮੀਨ ਸੀ ਤੇ ਪਿੰਡ ਵਿੱਚ ਛੋਟੀ ਜਿਹੀ ਦੁਕਾਨਦਾਰੀ। ਮੇਰੇ ਦਾਦਾ ਜੀ ਇਕੱਲੇ ਹੀ ਸਨ ਤੇ ਉਹ ਦੇ ਚਾਰ ਭੈਣਾਂ ਸਨ। ਘਰ ਦੀ ਮਾਲਕਿਣ ਤੋ ਬਿਨਾ ਚਾਰ ਭੈਣਾ ਤੇ ਆਪਣੇ ਚਾਰ ਬੱਚਿਆ ਦੀ ਕਬੀਲਦਾਰੀ ਤੋਰਨਾ ਕੋਈ ਖਾਲਾ ਜੀ ਦਾ ਵਾੜਾ ਨਹੀ ਸੀ।ਇਸ ਦੇ ਨਾਲ ਹੀ ਦਾਦਾ ਜੀ ਦਾ ਸਰੀਕਾ ਵੀ ਬਹੁਤਾ ਭਲਾ ਨਹੀ ਸੀ। ਸਰੀਕੇ ਵਿੱਚੋ ਲੱਗਦੀ ਪਾਪਾ ਜੀ ਦੀ ਚਾਚੀ ਆਪਣੀਆਂ ਕੁਚਾਲਾਂ ਚਲਦੀ ਰਹਿੰਦੀ। ਜਿਸ ਤੇ ਮੇਰੇ ਦਾਦਾ ਜੀ ਸਦਾ ਖਬਰਦਾਰ ਰਹਿੰਦੇ। ਮਾਂ ਵਿਹੂਣੇ ਮੇਰੇ ਚਾਚਾ ਜੀ ਨੂੰ ਤਾਂ ਮੇਰੇ ਪਾਪਾ ਜੀ ਦੀਆਂ ਭੂਆਂ ਨੇ ਪਾਲਿਆ।ਪਰ ਮੇਰੇ ਪਾਪਾ ਜੀ ਦਾ ਬਚਪਣ ਮਾਂ ਰੂਪੀ ਛੱਤਰੀ ਤੋ ਬਿਨਾ ਹੀ ਗੁਜਰਿਆ। ਪਹਿਲੀਆਂ ਪੰਜ ਚਾਰ ਜਮਾਤਾਂ ਤਾਂ ਉਹਨਾ ਨੇ ਨਾਲ ਦੇ ਪਿੰਡ ਵਾਲੇ ਸਕੂਲ ਤੋ ਹੀ ਪਾਸ ਕੀਤੀਆਂ। ਦੋ ਢਾਈ ਕਿਲੋਮੀਟਰ ਪੈਦਲ ਜਾਂਦੇ। ਫਿਰ ਉਹ ਮੰਡੀ ਡੱਬਵਾਲੀ ਵਿੱਚ ਅਜਾਦੀ ਘੁਲਾਟੀਏ ਗੁਰਦੇਵ ਸਾਂਤ ਦੁਆਰਾ ਖੋਲੇ ਨੈਸਨਲ ਸਕੂਲ ਵਿੱਚ ਦਾਖਿਲ ਹੋ ਗਏ। ਰੋਜ਼ ਸੱਤ ਅੱਠ ਕਿਲੋਮੀਟਰ ਦਾ ਪੈਦਲ ਸਫਰ ਕਰਕੇ ਪੜਣ ਜਾਣਾ ਤੇ ਸ਼ਾਮ ਨੂੰ ਦੁਕਾਨ ਵਾਸਤੇ ਸੋਦਾ ਲਿਆਉਣਾ ਉਹਨਾ ਦਾ ਨਿੱਤ ਦਾ ਕੰਮ ਸੀ। ਸਕੂਲ ਦੀ ਸਖਤੀ ਕਰਕੇ ਦੋ ਤਿੰਨ ਵਾਰ ਉਹਨਾ ਦਾ ਸਕੂਲੋ ਨਾਮ ਕੱਟਿਆ ਗਿਆ। ਪਰ ਉਹਨਾ ਦੀ ਸਖਤ ਮਿਹਨਤ ਤੇ ਹੱਠ ਹੀ ਸੀ ਕਿ ਉਹ ਦੱਸਵੀ ਜਮਾਤ ਪਾਸ ਕਰ ਗਏ।ਉਸ ਸਮੇ ਪਿੰਡ ਵਿੱਚ ਰਹਿ ਕੇ ਦੱਸਵੀ ਪਾਸ ਕਰਨਾ ਬਹੁਤ ਵੱਡੀ ਗੱਲ ਸੀ। ਪਾਪਾ ਜੀ ਦੱਸਦੇ ਹੁੰਦੇ ਸਨ ਕਿ ਘਰੇ ਬਹੁਤ ਹੀ ਜੱਦੋਜਹਿਦ ਕਰਕੇ ਉਹਨਾ ਨੇ ਇੱਕ ਪੁਰਾਨਾ ਸਾਈਕਲ ਖਰੀਦਿਆ।ਆਪਣੇ ਵਿਆਹ ਤੋ ਬਾਦ ਕਾਫੀ ਸਮੇ ਤੱਕ ਉਹ ਉਸੇ ਸਾਈਕਲ ਦੀ ਸਵਾਰੀ ਕਰਦੇ ਰਹੇ।
ਮੇਰੇ ਜਨਮਦਾਤਾ ਮੇਰੇ ਪਾਪਾ ਜੀ ਘਰ ਦੀਆਂ ਜੁੰਮੇਵਾਰੀਆਂ ਦੇ ਨਾਲ ਨਾਲ ਪੜ੍ਹਦੇ ਰਹੇ ਤੇ ਉਹਨਾ ਨੇ ਬਿਨਾ ਕਿਸੇ ਕੋਚਿੰਗ ਤੋ ਪ੍ਰਭਾਕਰ ਤੇ ਗਿਆਨੀ ਪਾਸ ਕੀਤੀ ਤੇ ਫਿਰ ਕੁਝ ਸਮਾਂ ਕਿਸੇ ਪ੍ਰਾਈਵੇਟ ਸਕੂਲ ਵਿੱਚ ਮਾਸਟਰੀ ਵੀ ਕੀਤੀ। ਫਿਰ ਉਹ ਪੰਜਾਬ ਵਿੱਚ ਮਾਲ ਵਿਭਾਗ ਵਿੱਚ ਚਲੇ ਗਏ ਇੱਥੇ ਉਹ ਫਿਰੋਜਪੁਰ, ਜਲਾਲਾਬਾਦ ਤੇ ਮੁਕਤਸਰ ਵਿਖੇ ਮਕਾਨਾ ਦੁਕਾਨਾ ਨੂੰ ਲੱਗਣ ਵਾਲੇ ਟੈਕਸ ਲਗਾਉਣ ਦਾ ਕੰਮ ਕਰਦੇ । ਪੰਜਾਬ ਹਰਿਆਣੇ ਦੀ ਵੰਡ ਤੋ ਬਾਅਦ ਉਹ ਹਰਿਆਣਾ ਵਿੱਚ ਬਤੋਰ ਮਾਲ ਪਟਵਾਰੀ ਨਿਯੁਕਤ ਹੋ ਗਏ। ਹਿਸਾਰ ਜਿਲ੍ਹੇ ਦੇ ਸੇਖੂਪੁਰ ਦੜੋਲੀ ਤੋ ਬਾਅਦ ਉਹ ਫਤੇਹਾਬਾਦ ਨੇੜੇ ਹਾਂਸਪੁਰ ਤੇ ਬੀਰਾਂਬੱਦੀ ਪਿੰਡਾਂ ਵਿੱਚ ਰਹੇ। ਬੀਰਾਂਬੱਦੀ ਵਾਲੇ ਸਰਦਾਰ ਸੁਰਮੁਖ ਸਿੰਘ ਗਿੱਲ ਨਾਲ ਉਹਨਾ ਦੀ ਪਰਵਾਰਿਕ ਸਾਂਝ ਰਹੀ। 1975 ਚ ਸਿਰਸਾ ਜਿਲ੍ਹਾ ਬਨਣ ਤੇ ਉਹ ਮਸੀਤਾਂ ਮੋਜਗ੍ਹੜ ਅਲੀਕਾਂ ਰਹੇ ਤੇ ਮਸੀਤਾਂ ਆਲੇ ਲੰਬਰਦਾਰ ਕਰਨੈਲ ਸਿੰਘ ਸੀੜਾ ਨਾਲ ਭਾਈਚਾਰਾ ਬਨਾਇਆ। ਉਹ ਜਿਥੇ ਵੀ ਰਹੇ ਆਪਣੀ ਕਾਬਲੀਅਤ ਦਾ ਸਬੂਤ ਦਿੰਦੇ ਰਹੇ। ਸਾਂਵਤਖੇੜਾ ਤੇ ਦੀਵਾਨਖੇੜੇ ਦੀ ਨੋਕਰੀ ਦੋਰਾਨ ਉਹਨਾ ਨੇ ਸਰਦਾਰ ਹਾਕਮ ਸਿੰਘ ਨੂੰ ਆਪਣਾ ਦੋਸਤ ਬਣਾਇਆ।ਪਟਵਾਰੀ ਤੋ ਤਰੱਕੀ ਕਰਕੇ ਉਹ ਕਾਨੂਨਗੋ ਬਣੇ ਤੇ ਫਿਰ 1996 ਵਿੱਚ ਉਹ ਨਾਇਬ ਤਹਿਸੀਲਦਾਰ ਜਿਹੇ ਉੱਚ ਅਹੁਦੇ ਤੇ ਪਹੁੰਚੇ।ਨਾਇਬ ਤਹਿਸੀਲਦਾਰੀ ਜਿਹੀ ਗਜਟਿਡ ਪੋਸਟ ਤੇ ਪਹੰਚਣ ਦੇ ਬਾਵਜੂਦ ਉਹਨਾ ਨੇ ਮਿਹਨਤ ਤੇ ਹਲੀਮੀ ਦਾ ਖਹਿੜਾ ਨਹੀ ਛੱਡਿਆ।ਗਰੀਬੀ ਦੀ ਦਲਦਲ ਤੋ ਨਿਕਲ ਕੇ ਸਾਈਕਲ ਤੋ ਹੁੰਦੇ ਹੋਏ ਕਾਰ ਤੱਕ ਪਹੁੰਚੇ ਪਰ ਹਮੇਸ਼ਾ ਜਮੀਨੀ ਹਕੀਕਤ ਦੇ ਨਾਲ ਜੁੜੇ ਰਹੇ । ਗਰੀਬ ਦੀ ਆਹ ਤੋ ਹਮੇਸਾ ਡਰਦੇ ਰਹਿੰਦੇ । ੱਿੲੱਕ ਵਾਰੀ ਮੈ ਆਪਣੀ ਪੈਂਟ ਲਈ ਥੋੜੀ ਜਿਹੀ ਮਹਿੰਗੀ ਬੈਲਟ ਖਰੀਦਣ ਦੀ ਮੰਗ ਕੀਤੀ ਪਹਿਲਾ ਤਾਂ ਉਹ ਗੁੱਸੇ ਹੋਏ ਫਿਰ ਦੁਕਾਨਦਾਰ ਨੂੰ ਕਹਿਣ ਲੱਗੇ ਦੇਦੇ ਭਾਈ ਜ਼ੋ ਮੰਗਦਾ ਹੈ। ਮੈ ਤਾਂ ਇੱਕ ਗਰੀਬ ਦੁਕਾਨਦਾਰ ਦਾ ਮੁੰਡਾ ਹਾਂ ਇਹ ਤਾਂ ਫਿਰ ਵੀ ਪਟਵਾਰੀ ਦਾ ਮੁੰਡਾ ਹੈ।ਕਈ ਵਾਰੀ ਜਦੋ ਉਹ ਮੌਕਾ ਦੇਖਣ ਲਈ ਖੇਤਾਂ ਵਿੱਚ ਜਾਂਦੇ ਤਾਂ ਅਕਸਰ ਹੀ ਗਰੀਬ ਕਿਸਾਨਾਂ ਨਾਲ ਬੈਠ ਕੇ ਰੋਟੀ ਖਾਂਦੇ ਤੇ ਜੇ ਕੋਈ ਉਚੇਚ ਕਰਨ ਦੀ ਕੋਸਿ਼ਸ ਕਰਦਾ ਤਾਂ ਰੋਕ ਦਿੰਦੇ ਤੇ ਕਹਿੰਦੇ ਭਾਈ ਕੀ ਹੋ ਗਿਆ ਹੁਣ ਮੈ ਤਹਿਸੀਲਦਾਰ ਬਣ ਗਿਆ ਮੈਂ ਵੀ ਤਾਂ ਤੁਹਾਡੇ ਆਲੇ ਕੰਮ ਕਰਦਾ ਰਿਹਾ ਹਾਂ।ਸੇਵਾ ਮੁਕਤੀ ਤੋ ਬਾਅਦ ਉਹ ਨੇ ਆਪਣਾ ਬਹੁਤਾ ਸਮਾਂ ਸਮਾਜ ਸੇਵਾ ਦੇ ਲੇਖੇ ਲਾਇਆ। ਅਖਰੀਲੇ ਸਮੇ ਤੱਕ ਸਹੁਰਿਆਂ ਵਲੋਂ ਦੁਖੀ ਲੜਕੀਆਂ ਦੇ ਮੁੜ ਵਸੇਬੇ ਦੇ ਯਤਨ ਕਰਦੇ ਰਹੇ ਤੇ ਉਹਨਾ ਵਲੋ ਵਸਾਈਆਂ ਅੱਜ ਵੀ ਆਪਣੇ ਆਪਣੇ ਘਰੇ ਖੁਸੀ ਵੱਸਦੀਆਂ ਹਨ।ਲੋਕਾਂ ਨੂੰ ਮਕਾਨ ਬਣਾਕੇ ਦੇਣ ਅਤੇ ਨਸਿ਼ਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਨਵੀ ਜਿੰਦਗੀ ਜੀਣ ਲਈ ਪ੍ਰੇਰਿਤ ਕਰਦੇ ਰਹੇ। ਮੇਰੇ ਜਨਮਦਾਤਾ ਦਾ ਮਿਹਨਤੀ ਲੱਗਣਸੀਲ ਤੇ ਸਿਰੜੀ ਹੋਣਾ ਹੀ ਉਹਨਾ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਦੀ ਪੋੜੀ ਬਣਿਆ।

ਲੇਖਕ : ਰਮੇਸ਼ ਸੇਠੀ ਬਾਦਲ ਹੋਰ ਲਿਖਤ (ਇਸ ਸਾਇਟ 'ਤੇ): 54
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1802
ਲੇਖਕ ਬਾਰੇ
ਆਪ ਜੀ ਇੱਕ ਕਹਾਣੀਕਾਰ ਵਜੋਂ ਪੰਜਾਬੀ ਸਾਹਿਤ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹੋ। ਆਪ ਜੀ ਦਾ ਪਹਿਲਾ ਕਹਾਣੀ ਸੰਗ੍ਰਿਹ "ਇੱਕ ਗਧਾਰੀ ਹੋਰ" ਬਹੁ ਪ੍ਰਚਲਤ ਹੋਇਆ ਹੈ। ਆਪ ਜੀ ਦੀਆਂ ਰਚਨਾਵਾ ਅਕਸਰ ਅਖਬਾਰਾ ਵਿੱਚ ਛਾਪਦੀਆ ਰਹਿੰਦੀਆ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ