ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਹੋਲੀ 'ਤੇ ਨਾ ਕਰੀਏ ਹੁੜਦੰਗ

ਹੋਲੀ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ। ਪੂਰੇ ਦੇਸ਼ ਵਿਚ ਇਸ ਨੂੰ ਬਹੁਤ ਹੀ ਉਤਸ਼ਾਹ ਤੇ ਹੁਲਾਸ ਨਾਲ ਮਨਾਇਆ ਜਾਂਦਾ ਹੈ। ਹੋਲੀ ਨੂੰ ਭਾਰਤੀ ਪਰੰਪਰਾ ਮੁਤਾਬਕ ਨੇਕੀ ’ਤੇ ਬਦੀ ਦੀ ਜਿੱਤ ਦਾ ਪ੍ਰਤੀਕ ਮਨਿਆ ਜਾਂਦਾ ਹੈ। ਹੋਲੀ ਰੰਗਾਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ।
ਪਰੰਤੂ ਅੱਜ ਇਸ ਤਿਉਹਾਰ ਨੂੰ ਮਨਾਉਣ ਦੇ ਤਰੀਕੇ ਵਿਚ ਜੋ ਗਿਰਾਵਟ ਆ ਚੁੱਕੀ ਹੈ ਉਸ ਤੋਂ ਇਹ ਤਿਉਹਾਰ ਬਦੀ ਉੱਪਰ ਨੇਕੀ ਦਾ ਪ੍ਰਤੀਕ ਹੋਣ ਦੀ ਬਜਾਏ ਲੜਾਈਆਂ-ਝਗੜਿਆਂ, ਹਾਦਸਿਆਂ ਅਤੇ ਮਨੁੱਖੀ ਜਾਨਾਂ ਤਕ ਲਈ ਵੀ ਖੋਅ ਬਣਦਾ ਜਾ ਰਿਹਾ ਹੈ। ਜੋਕਿ ਕਿਸੇ ਸਿਹਤਮੰਦ ਅਤੇ ਸੱਭਿਅਕ ਸਮਾਜ ਲਈ ਘਾਤਕ ਹੈ।
ਪਹਿਲੇ ਸਮਿਆਂ ਵਿਚ ਇਸ ਤਿਉਹਾਰ ਨੂੰ ਜਿੱਥੇ ਮਿਲਵਰਤਨ ਨਾਲ ਇੱਕ-ਦੂਜੇ ਉੱਪਰ ਅਸਲੀ ਫੁੱਲਾਂ ਦੇ ਬਣੇ ਗੁਲਾਲ ਜਾਂ ਇਤਰ ਆਦਿ ਪਾ ਕੇ ਮਨਾਇਆ ਜਾਂਦਾ ਸੀ, ਉੱਥੇ ਅੱਜ ਆਧੁਨਿਕ ਦੌਰ ਵਿਚ ਇਸ ਤਿਉਹਾਰ ਨੂੰ ਮਨਾਉਣ ਦੇ ਤੌਰ-ਤਰੀਕੇ/ਢੰਗ ਆਦਿ ਸਭ ਬਦਲ ਗਏ ਹਨ।
ਅੱਜ ਇਸ ਤਿਉਹਾਰ ਨੂੰ ਅਸਲ ਗੁਲਾਲ ਜਾਂ ਰੰਗਾਂ ਆਦਿ ਨਾਲ ਮਨਾਉਣ ਦੀ ਥਾਂ ਘਾਤਕ ਸਿੰਥੈਟਿਕ ਪਾਊਡਰ ਦੇ ਬਣਾਵਟੀ ਰੰਗਾਂ ਅਤੇ ਖਤਰਨਾਕ ਕੈਮੀਕਲਾਂ ਤੋਂ ਬਣੀਆਂ ਰੰਗੀਨ ਤਰਲ-ਪਦਾਰਥਾਂ ਦੀਆਂ ਸਪਰੇਅ-ਨੁਮਾ ਬੋਤਲਾਂ ਨਾਲ ਮਨਾਇਆ ਜਾਣ ਲੱਗ ਪਿਆ ਹੈ। ਜੋਕਿ ਮਨੁੱਖੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹਨ। ਇੰਨਾ ਹੀ ਨਹੀਂ ਬਲਕਿ ਜ਼ਹਿਰੀਲੇ ਅਤੇ ਖਤਰਨਾਕ ਸਿੰਥੈਟਿਕ ਰੰਗਾਂ ਨੂੰ ਪਾਣੀ ਵਿਚ ਮਿਲਾ ਕੇ ਦੂਜਿਆਂ ’ਤੇ ਪਾਉਣਾ ਅਤੇ ਪਾਣੀ ਦੀ ਵੀ ਬੇਤਹਾਸ਼ਾ ਬਰਬਾਦੀ ਕਰਨੀ ਵੀ ਇਸ ਤਿਉਹਾਰ ’ਤੇ ਇਕ ਮਾੜਾ ਵਰਤਾਰਾ ਹੈ। ਇਸ ਤਿਉਹਾਰ ’ਤੇ ਸਥਿਤੀ ਤਾਂ ਇੱਥੋਂ ਤਕ ਵਿਗੜ ਜਾਂਦੀ ਹੈ ਕਿ ਕੁਝ ਲੋਕ ਇਸ ਤਿਉਹਾਰ ਨੂੰ ਮਨਾਉਣ ਦੀ ਆੜ ਵਿਚ ਇੱਕ-ਦੂਜੇ ਉੱਪਰ ਗੰਦਾ ਚਿੱਕੜ ਅਤੇ ਹੋਰ ਗੰਦੀਆਂ-ਮੰਦੀਆਂ ਚੀਜ਼ਾਂ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਹੋਲੀ ਦੇ ਤਿਉਹਾਰ ਵਾਲੇ ਦਿਨ ਹੀ ਨਹੀਂ ਬਲਕਿ ਇਸ ਤੋਂ ਕੁਝ ਦਿਨ ਪਹਿਲਾਂ ਹੀ ਸ਼ਹਿਰਾਂ ਅਤੇ ਕਸਬਿਆਂ ਵਿਚ ਸਥਿਤੀ ਉਸ ਸਮੇਂ ਹੋਰ ਵੀ ਖਤਰਨਾਕ ਬਣ ਜਾਂਦੀ ਹੈ ਜਦੋਂ ਮਨਚਲੇ ਕਿਸਮ ਦੇ ਅੱਲੜ੍ਹ ਨੌਜਵਾਨ ਸਕੂਟਰਾਂ-ਮੋਟਰਸਾਇਕਲਾਂ ’ਤੇ ਸ਼ਰੇਆਮ ਉਪਰੋਕਤ ਵਰਣਿਤ ਘਾਤਕ ਰੰਗਾਂ ਨਾਲ ਲੈਸ ਹੋ ਕੇ ਚੱਲਦੇ ਵਾਹਨਾਂ ਤੋਂ ਹੀ ਪੈਦਲ ਚੱਲਣ ਵਾਲਿਆਂ ਲੋਕਾਂ ਦੇ ਮੂੰਹ, ਅੱਖਾਂ ਆਦਿ ਉੱਤੇ ਉਹ ਰੰਗ ਸੁੱਟ ਦਿੰਦੇ ਹਨ, ਜਿਸ ਦਾ ਜ਼ਿਆਦਾ ਸ਼ਿਕਾਰ ਸੜਕਾਂ ਤੋਂ ਗੁਜ਼ਰਨ ਵਾਲੀਆਂ ਤੇ ਸਕੂਲਾਂ-ਕਾਲਜਾਂ ਨੂੰ ਆਣ-ਜਾਣ ਵਾਲੀਆਂ ਲੜਕੀਆਂ ਹੁੰਦੀਆਂ ਹਨ। ਇਸ ਤਰ੍ਹਾਂ ਉਹ ਲੋਕ ਵੀ ਇਨ੍ਹਾਂ ਮਨਚਲਿਆਂ ਦੇ ਸ਼ਿਕਾਰ ਹੋ ਜਾਂਦੇ ਹਨ ਜੋ ਇਸ ਤਿਉਹਾਰ ਨੂੰ ਨਹੀਂ ਮਨਾ ਰਹੇ ਹੁੰਦੇ।
ਹੋਲੀ ’ਤੇ ਵਰਤੇ ਜਾਣ ਵਾਲੇ ਨਕਲੀ ਅਤੇ ਖਤਰਨਾਕ ਬਣਾਉਟੀ ਰੰਗਾਂ ਦੀ ਵਰਤੋਂ ਕਾਰਨ ਕਈ ਮਾੜੀਆਂ ਤੇ ਅਣਕਿਆਸੀਆਂ ਘਟਨਾਵਾਂ ਵੀ ਵਾਪਰਦੀਆਂ ਹਨ, ਜਿਨ੍ਹਾਂ ਵਿੱਚੋਂ ਵਿਸ਼ੇਸ਼ ਕਰਕੇ ਅੱਖਾਂ ਦੀ ਰੋਸ਼ਨੀ ਜਾਣ ਅਤੇ ਚਮੜੀ ਦੇ ਰੋਗ ਪੈਦਾ ਹੋਣ ਨਾਲ ਸੰਬਧਿਤ ਖਬਰਾਂ ਅਖਬਾਰਾਂ ਆਦਿ ਵਿਚ ਵੀ ਪੜਨ-ਸੁਣਨ ਨੂੰ ਮਿਲਦੀਆਂ ਹਨ।
ਤਿਉਹਾਰ ਦੀ ਆੜ ਵਿਚ ਉਸ ਸਮੇਂ ਹੋਰ ਬਦਅਮਨੀ ਅਤੇ ਅਪਵਿੱਤਰਤਾ ਫੈਲਦੀ ਹੈ ਜਦੋਂ ਇਸ ਤਿਉਹਾਰ ’ਤੇ ਲੋਕ ਸ਼ਰਾਬ ਜਾਂ ਭੰਗ ਆਦਿ ਦੇ ਨਸ਼ੇ ਵਿਚ ਗ੍ਰਸਤ ਹੋ ਕੇ ਗਲੀਆਂ–ਮੁਹੱਲਿਆਂ ਆਦਿ ਵਿਚ ਹੁੱਲੜਬਾਜ਼ੀ ਅਤੇ ਹੁੜਦੰਗ ਕਰਦੇ ਹਨ ਜੋਕਿ ਸਰਾਸਰ ਗਲਤ ਅਤੇ ਕਿਸੇ ਵੀ ਤਿਉਹਾਰ ਦੀ ਮਰਿਆਦਾ ਨੂੰ ਭੰਗ ਕਰਨ ਵਾਲੀਆਂ ਗਲਤ ਗੱਲਾਂ ਹਨ।
ਕੋਈ ਤਿਉਹਾਰ ਉਦੋਂ ਤਿਉਹਾਰ ਨਹੀਂ ਰਹਿੰਦਾ ਜਦੋਂ ਉਸ ਤਿਉਹਾਰ ਨੂੰ ਮਨਾਉਣ ਦਾ ਮੁੱਖ ਆਸ਼ਾ ਕਿਧਰੇ ਗੁਆਚ ਜਾਵੇ ਤੇ ਉਸ ਦੀ ਜਗ੍ਹਾਂ ਸਾਡੀਆਂ ਆਪ-ਹੁਦਰੀਆਂ ਕਾਰਵਾਈਆਂ ਲੈ ਲੈਣ। ਸੋ ਸਾਨੂੰ ਹੋਲੀ ਦੇ ਤਿਉਹਾਰ ਨੂੰ ਸਾਫ-ਸੁਥਰੇ ਅਤੇ ਚੰਗੇ ਢੁਕਵੇਂ ਢੰਗ ਨਾਲ ਮਨਾਉਣਾ ਚਾਹੀਦਾ ਹੈ, ਤਾਂਕਿ ਇਸ ਤਿਉਹਾਰ ਦਾ ਬਦੀ ਉੱਪਰ ਨੇਕੀ ਦੀ ਜਿੱਤ ਦਾ ਸੁਨੇਹਾ ਬਰਕਰਾਰ ਰਹਿ ਸਕੇ।

ਲੇਖਕ : ਬਿਕਰਮਜੀਤ ਸਿੰਘ ਜੀਤ ਹੋਰ ਲਿਖਤ (ਇਸ ਸਾਇਟ 'ਤੇ): 17
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1069
ਲੇਖਕ ਬਾਰੇ
ਆਪ ਜੀ ਬਤੌਰ ਪਰੂਫ਼ ਰੀਡਰ ਅੈਸ.ਜੀ.ਪੀ.ਸੀ. ਵਿੱਚ ਕੰਮ ਕਰ ਰਹੇ ਹੋ। ਆਪ ਜੀ ਉੱਚ ਵਿਚਾਰਕ ਅਤੇ ਪੰਜਾਬੀ ਚਿੰਤਕ ਹੋ ਆਪ ਜੀ ਦੇ ਅਖਬਾਰਾ ਵਿਚ ਲੇਖ ਛਪਦੇ ਰਹਿੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲੱਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ