ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਖੁਸ਼ੀ ਦੇ ਹੰਝੂ

ਜ਼ਿਲ੍ਹਾ ਕਚਿਹਰੀਆਂ ਦਾ ਦ੍ਰਿਸ਼ ਸੀ। ਵਕੀਲਾਂ ਤੇ ਲੋਕਾਂ ਦਾ ਹਜੂਮ ਇੱਧਰ ਉੱਧਰ ਘੁੰਮ ਰਿਹਾ ਸੀ। ਮੱਖਣ ਸਿਉਂ ਇੱਕ ਨੰਬਰ ਦਰਵਾਜ਼ੇ ਬਾਹਰ ਖੜ੍ਹਾ ਕਿਸੇ ਨੂੰ ਉਡੀਕ ਰਿਹਾ ਸੀ। ਅੱਜ ਮੱਖਣ ਸਿਉਂ ਅੰਦਰੋਂ ਅੰਦਰੀਂ ਧੁਖਦਾ ਜਾ ਰਿਹਾ ਸੀ। ਦੂਜਿਆਂ ਦੇ ਝਗੜੇ ਪਿੰਡ ਵਿੱਚ ਹੀ ਨਿਬੜਾਉਣ ਵਾਲ਼ਾ ਮੱਖਣ ਸਿਉਂ ਅੱਜ ਖੁਦ ਕਚਿਹਰੀ ਵਿੱਚ ਹਾਜ਼ਰ ਸੀ। ਉਨ੍ਹਾਂ ਦੇ ਟੱਬਰ ਵਿੱਚੋਂ ਅੱਜ ਤੱਕ ਕਿਸੇ ਨੇ ਥਾਣੇ ਜਾਂ ਕਚਿਹਰੀ ਦਾ ਮੂੰਹ ਤੱਕ ਨਹੀਂ ਸੀ ਵੇਖਿਆ ਪਰ ਅੱਜ ਆਪਣੀ ਧੀ ਕਰਕੇ ਉਸਨੂੰ ਕਚਿਹਰੀ ਵਿੱਚ ਆਉਣਾ ਪੈ ਗਿਆ।
    ਮੱਖਣ ਸਿਉਂ ਦੀ ਧੀ ਜਗਦੀਪ ਆਪਣੇ ਸਹਿਪਾਠੀ ਰਾਜਿੰਦਰ ਨਾਲ ਪ੍ਰੇਮ ਵਿਆਹ ਕਰਵਾਉਣਾ ਚਾਹੁੰਦੀ ਸੀ ਤੇ ਅੱਜ ਉਸਨੇ ਇਸੇ ਲਈ ਕਚਿਹਰੀ ਆਉਣਾ ਸੀ, ਜਿਸਦੀ ਭਿਣਕ ਮੱਖਣ ਸਿਉਂ ਨੂੰ ਪੈ ਗਈ ਸੀ। ਮੱਖਣ ਸਿੰਘ ਪ੍ਰੇਮ ਵਿਆਹ ਦੇ ਖਿਲਾਫ਼ ਨਹੀਂ ਸੀ ਪਰ ਰਾਜਿੰਦਰ ਨਾਲ ਵਿਆਹ ਦੇ ਖਿਲਾਫ਼ ਸੀ। ਅਸਲ ਵਿੱਚ ਰਾਜਿੰਦਰ ਇੱਕ ਉੱਚ ਘਰਾਣੇ ਦਾ ਲੜਕਾ ਸੀ ਜਿਹੜਾ ਨਸ਼ੇ ਦਾ ਆਦੀ ਸੀ। ਦੂਜਾ, ਕਿਉਂਕਿ ਜਗਦੀਪ ਆਪਣੇ ਮਾਪਿਆਂ ਦੀ ਇਕੱਲੀ ਧੀ ਸੀ, ਰਾਜਿੰਦਰ ਉਸਦੀ ਜ਼ਮੀਨ `ਤੇ ਵੀ ਅੱਖ ਰੱਖਦਾ ਸੀ। ਮੱਖਣ ਸਿਉਂ ਦੇ ਲੱਖ ਸਮਝਾਉਣ ਦੇ ਬਾਵਜੂਦ ਵੀ ਜਗਦੀਪ ਇਸ ਗੱਲ ਨੂੰ ਨਹੀਂ ਸੀ ਮੰਨਦੀ। ਮੱਖਣ ਸਿਉਂ ਇਸ ਤਰ੍ਹਾਂ ਕਿਵੇਂ ਆਪਣੀ ਧੀ ਦੀ ਜ਼ਿੰਦਗੀ ਬਰਬਾਦ ਹੋਣ ਦਿੰਦਾ, ਇਸ ਲਈ ਮੱਖਣ ਸਿਉਂ ਇੱਕ ਆਖਰ ਵਾਰ ਜਗਦੀਪ ਨੂੰ ਸਮਝਾਉਣਾ ਚਾਹੁੰਦਾ ਸੀ। ਜਗਦੀਪ ਦੀਆਂ ਸਹੇਲੀਆਂ ਨੇ ਵੀ ਕਈ ਵਾਰ ਰਾਜਿੰਦਰ ਦੀਆਂ ਮਾੜੀਆਂ ਹਰਕਤਾਂ ਬਾਰੇ ਜਗਦੀਪ ਨੂੰ ਦੱਸਿਆ ਪਰ ਉਲਟਾ ਜਗਦੀਪ ਉਨ੍ਹਾਂ ਨਾਲ ਹੀ ਲੜ ਪੈਂਦੀ ਸੀ।
    ਥੋੜ੍ਹੀ ਦੇਰ ਬਾਅਦ ਜਗਦੀਪ ਆਪਣੇ ਪ੍ਰੇਮੀ ਨਾਲ਼ ਕਚਿਹਰੀ ਪਹੁੰਚ ਗਈ। ਇੱਕ ਵਾਰ ਤਾਂ ਆਪਣੇ ਬਾਪੂ ਨੂੰ ਵੇਖ ਦੇ ਉਹ ਹੱਕੀ ਬੱਕੀ ਰਹਿ ਗਈ ਪਰ ਛੇਤੀ ਹੀ ਹੋਸ਼ ਸੰਭਲ ਗਈ। ਉਸਨੇ ਵੀ ਵਿਆਹ ਕਰਵਾਉਣ ਦੀ ਜਿੱਦ ਬੰਨ੍ਹੀ ਹੋਈ ਸੀ। ਜਦੋਂ ਉਹ ਛੇਤੀ ਨਾਲ਼ ਦਰਵਾਜ਼ੇ ਦੇ ਅੰਦਰ ਜਾਣ ਲੱਗੀ ਤਾਂ ਮੱਖਣ ਸਿਉਂ ਨੇ ਉਸਦਾ ਰਾਹ ਰੋਕ ਲਿਆ। ਫਿ਼ਰ ਆਪਣੀ ਪੱਗ ਉਤਾਰ ਕੇ ਜਗਦੀਪ ਦੇ ਪੈਰ੍ਹਾਂ `ਚ ਰੱਖ ਦਿੱਤੀ। ਆਲ਼ੇ ਦੁਆਲੇ਼ ਲੋਕ ਇਕੱਠੇ ਹੋ ਗਏ। ਜਗਦੀਪ ਦੇ ਪ੍ਰੇਮੀ ਰਾਜਿੰਦਰ ਨੇ ਮੱਖਣ ਸਿਉਂ ਦੀ ਪੱਗ ਨੂੰ ਲੱਤ ਮਾਰ ਕੇ ਉਛਾਲ ਕੇ ਪਰ੍ਹੇ ਸੁੱਟ ਦਿੱਤਾ। ਸਾਰੇ ਲੋਕ ਇਹ ਦ੍ਰਿਸ਼ ਵੇਖ ਕੇ ਹੈਰਾਨ ਹੋ ਗਏ। ਮੱਖਣ ਸਿਉਂ ਦੀਆਂ ਅੱਖਾਂ ਵਿੱਚੋਂ ਹੰਝੂ ਨਿਕਲ਼ ਆਏ। ਲੋਕ ਖੜ੍ਹੇ ਤੌਬਾ-ਤੌਬਾ ਕਰ ਰਹੇ ਸੀ। ਜਗਦੀਪ ਮੂਕ ਖੜ੍ਹੀ ਸਭ ਕੁਝ ਵੇਖ ਰਹੀ ਸੀ। ਉਸਦੀ ਤਾਂ ਜਿਵੇਂ ਆਤਮਾ ਹੀ ਝੰਜੋੜੀ ਗਈ ਸੀ। ਉਸਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ। ਜੋ ਬੰਦਾ ਅੱਜ ਮੇਰੇ ਸਾਹਮਣੇ ਮੇਰੇ ਪਿਉ ਦੀ ਪੱਗ ਨੂੰ ਲੱਤ ਮਾਰ ਰਿਹਾ ਹੈ, ਹੋ ਸਕਦਾ ਕੱਲ੍ਹ ਨੂੰ ਉਹ ਮੈਨੂੰ ਵੀ ਲੱਤ ਮਾਰ ਦੇਵੇ।
    ਰਾਜਿੰਦਰ ਨੇ ਜਗਦੀਪ ਦੀ ਬਾਂਹ ਫ਼ੜੀ ਤੇ ਉਸਨੂੰ ਕਚਿਹਰੀ ਅੰਦਰ ਲਿਜਾਣ ਲੱਗਾ। ਪਰ ਜਗਦੀਪ ਨੇ ਜ਼ੋਰ ਨਾਲ ਧੱਕਾ ਦੇ ਕੇ ਆਪਣਾ ਹੱਥ ਛੁਡਾ ਲਿਆ `ਤੇ ਇੱਕ ਥੱਪੜ ਰਾਜਿੰਦਰ ਦੇ ਜੜ੍ਹ ਦਿੱਤਾ। ਧੱਕਾ ਵੱਜਣ ਕਾਰਨ ਰਾਜਿੰਦਰ ਦੀ ਜੇਬ ਵਿੱਚੋਂ ਨਸ਼ੇ ਦੀ ਪੁੜੀ ਬਾਹਰ ਡਿੱਗ ਪਈ। ਇਹ ਸਭ ਵੇਖ ਕੇ ਉਹ ਹੈਰਾਨ ਹੋ ਗਈ। ਉਸਨੂੰ ਰਾਜਿੰਦਰ ਬਾਰੇ ਪਤਾ ਲੱਗੀਆਂ ਸਾਰੀਆਂ ਗੱਲਾਂ ਜਿਵੇਂ ਸੱਚ ਜਾਪਣ ਲੱਗ ਪਈਆਂ। ਛੇਤੀ ਨਾਲ਼ ਉਹ ਹੰਝੂ ਸਾਫ਼ ਮੱਖਣ ਸਿਉਂ ਦੀ ਪੱਗ ਵੱਲ ਵਧੀ `ਤੇ ਪੱਗ ਚੁੱਕ ਕੇ ਬਾਪੂ ਦੇ ਸਿਰ `ਤੇ ਸਜਾ ਦਿੱਤੀ। ਜਗਦੀਪ ਦੀਆਂ ਅੱਖਾਂ ਵਿੱਚੋਂ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਉਸਦੀਆਂ ਅੱਖਾਂ ਵਿੱਚ ਪਛਤਾਵਾ ਸਾਫ਼ ਝਲਕ ਰਿਹਾ ਸੀ। ਹੰਝੂ ਤਾਂ ਮੱਖਣ ਸਿਉਂ ਦੇ ਵੀ ਨਹੀਂ ਸਨ ਰੁਕ ਰਹੇ ਪਰ ਇਹ ਖੁਸ਼ੀ ਦੇ ਹੰਝੂ ਸਨ ਕਿਉਂਕਿ ਉਸਦੀ ਧੀ ਨੂੰ ਸੱਚਾਈ ਦਾ ਪਤਾ ਚੱਲ ਚੁੱਕਾ ਸੀ। ਹੁਣ ਦੋਵੇਂ ਪਿਉ-ਧੀ ਛੇਤੀ ਨਾਲ਼ ਉੱਠੇ ਅਤੇ ਕਚਿਹਰੀ ਤੋਂ ਬਾਹਰ ਜਾਣ ਵਾਲੇ਼ ਦਰਵਾਜ਼ੇ ਵੱਲ ਕੂਚ ਕਰ ਗਏ।

ਲੇਖਕ : ਸਤਪ੍ਰੀਤ ਸਿੰਘ ਹੋਰ ਲਿਖਤ (ਇਸ ਸਾਇਟ 'ਤੇ): 1
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :1036

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ