ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਚੇਤਿਆਂ ’ਚ ਵੱਸਿਆ ਪੁਰਾਣਾ ਘਰ ਤੇ ਚਿੜੀਆਂ

ਇਹ ਗੱਲ ਲੱਗਭਗ ਪੰਝੀ ਕੁ ਸਾਲ ਪੁਰਾਣੀ ਹੈ, ਉਦੋਂ ਸਾਡਾ ਘਰ ਕੱਚਾ ਹੁੰਦਾ ਸੀ,  ਸਾਡੇ ਕਮਰਿਆਂ ਦੀਆਂ ਛੱਤਾਂ ਲੱਕੜ ਦੇ ਬਾਲਿਆਂ ਉੱਪਰ ਫੱਟੇ ਰੱਖ ਕੇ ਅਤੇ ਉਨ੍ਹਾਂ ਹੇਠਾਂ ਅੱਧ ਵਿਚਕਾਰੋਂ ਲੋਹੇ ਦੇ ਗਾਡਰ ਦਾ ਆਸਰਾ ਦੇ ਕੇ ਅਤੇ ਉੱਪਰੋਂ ਮਿੱਟੀ, ਗੋਹੇ ਅਤੇ ਤੂੜੀ ਦੇ ਮਿਸ਼ਰਣ ਦੀ ਲਿਪਾਈ ਕਰਕੇ ਬਣੀਆਂ ਹੋਈਆਂ ਸਨ। ਘਰ ਖੁੱਲ੍ਹਾ ਹੋਣ ਕਾਰਨ ਸਰਦੀਆਂ ਦੇ ਮੌਸਮ ਵਿਚ ਵਿਹੜੇ ਵਿਚ ਧੁੱਪ ਬਹੁਤ ਆਉਂਦੀ ਸੀ ਤੇ ਗਰਮੀਆਂ ਵਿਚ ਕਮਰਿਆਂ ਦੀਆਂ ਛੱਤਾਂ ਮਿੱਟੀ ਦੀਆਂ ਹੋਣ ਕਾਰਨ ਠੰਡੇ ਰਹਿੰਦੇ ਸਨ। ਮੈਂ ਉਦੋਂ ਮਸਾਂ ਪੰਜ-ਛੇ ਸਾਲ ਦਾ ਸੀ। ਸਾਡੇ ਘਰ ਵਿਚ ਖੁੱਲਾ ਵਿਹੜਾ ਹੁੰਦਾ ਸੀ ਤੇ ਘਰ ਦੇ ਬਿਲਕੁਲ ਨਾਲ ਬਾਹਰਲੇ ਪਾਸੇ ਇਕ ਪਿੱਪਲ ਦਾ ਬਹੁਤ ਵੱਡਾ ਦਰੱਖਤ ਸੀ, ਜੋ ਕਿ ਸਾਡੇ ਘਰ ਦੇ ਵਿਹੜੇ ਵੱਲ ਉੱਲਰਿਆ ਹੋਇਆ ਸੀ। ਕੁੱਲ ਮਿਲਾ ਕੇ ਘਰ ਦੇ ਅੰਦਰਲਾ ਤੇ ਬਾਹਰਲਾ ਵਾਤਾਵਰਨ ਬੜਾ ਹੀ ਕੁਦਰਤੀ, ਰਮਣੀਕ ਤੇ ਦਿਲ-ਖਿੱਚਵਾਂ ਸੀ। ਵੱਡਾ ਦਰੱਖਤ ਹੋਣ ਕਰਕੇ ਪੰਛੀਆਂ ਦੀ ਚਹਿਲ-ਪਹਿਲ ਸਾਰਾ ਦਿਨ ਲੱਗੀ ਰਹਿੰਦੀ ਸੀ।
ਇਨ੍ਹਾਂ ਪੰਛੀਆਂ ਵਿਚ ਦੋ ਪੰਛੀ ਮੈਨੂੰ ਬਹੁਤ ਹੀ ਸੁੰਦਰ ਤੇ ਪਿਆਰੇ ਲਗਦੇ ਉਹ ਸਨ, ਤੋਤੇ ਤੇ ਚਿੜੀਆਂ। ਘਰ ਦੀਆਂ ਛੱਤਾਂ ਕੱਚੀਆਂ ਹੋਣ ਕਾਰਨ ਬਹੁਤ ਸਾਰੀਆਂ ਚਿੜੀਆਂ ਨੇ ਲੱਕੜ ਦੇ ਬਾਲਿਆਂ ਦੇ ਵਿਚ ਆਪਣੇ ਆਲ੍ਹਣੇ ਬਣਾਏ ਹੋਏ ਸਨ। ਕਮਰਿਆਂ ਦੇ ਇੱਕ-ਦੋ ਰੋਸ਼ਨਦਾਨ ਟੁੱਟੇ ਹੋਣ ਕਾਰਨ ਇਨ੍ਹਾਂ ਚਿੜੀਆਂ ਦਾ ਕਮਰੇ ਵਿਚ ਪ੍ਰਵੇਸ਼ ਕਰਨ ਦਾ ਰਸਤਾ ਇਹੀ ਹੁੰਦਾ ਸੀ। ਇਹ ਨਿੱਕੀਆਂ ਨਿੱਕੀਆਂ ਮਾਸੂਮ ਚਿੜੀਆਂ ਕਮਰੇ ਵਿਚ ਕਾਫੀ ਸੋਹਣਾ ਮਾਹੌਲ ਸਿਰਜਦੀਆਂ ਸਨ। ਇਨ੍ਹਾਂ ਦੀ ਚੀਂ-ਚੀਂ ਬੜ੍ਹੀ ਹੀ ਸੰਗੀਤਕ ਹੁੰਦੀ ਸੀ। ਹਰ ਰੋਜ਼ ਸਵੇਰੇ ਅਮ੍ਰਿਤ ਵੇਲੇ ਲੱਗਭਗ ਚਾਰ-ਪੰਜ ਵਜੇ ਹੀ ਇਨ੍ਹਾਂ ਚਿੜੀਆਂ ਦੀ ਆਪਣੇ ਆਲ੍ਹਣਿਆਂ ਵਿਚ ਹਲਚਲ ਸ਼ੁਰੂ ਹੋ ਜਾਂਦੀ ਸੀ, ਠੀਕ ਉਸੇ ਸਮੇਂ ਮੇਰੇ ਮਾਤਾ ਜੀ ਰੇਡੀਓ ਲਗਾ ਦਿਆ ਕਰਦੇ ਸਨ ਜਿਸ ’ਤੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਮ੍ਰਿਤਸਰ ਤੋਂ ਅਮ੍ਰਿਤ ਵੇਲੇ ਦੇ ਸ਼ਬਦ ਕੀਰਤਨ ਦਾ ਆਲ ਇੰਡੀਆ ਰੇਡੀਓ, ਜਲੰਧਰ ਸਟੇਸ਼ਨ ਤੋਂ ਸਿੱਧਾ ਪ੍ਰਸਾਰਣ ਚੱਲ ਰਿਹਾ ਹੁੰਦਾ ਸੀ, ਰੇਡੀਓ ਤੋਂ ਗੁਰਬਾਣੀ ਦੀ ਰਸ ਭਿੰਨੀ ਮਧੁਰ ਅਵਾਜ਼ ਤੇ ਚਿੜੀਆਂ ਦੀ ਅਵਾਜ਼ ਸੱਚਮੁਚ ਹੀ ਇਕ ‘ਸ਼ੁਭ ਸਵੇਰ’ ਦਾ ਆਗ਼ਾਜ਼ ਕਰਦੀਆਂ ਸਨ। ਹਲਕੀ-ਹਲਕੀ ਪਹੁ ਫੁੱਟਣ ’ਤੇ ਇਹ ਚਿੜੀਆਂ ਆਲ੍ਹਣਿਆਂ ਵਿੱਚੋਂ ਨਿਕਲ ਜਾਂਦੀਆਂ ਸਨ। ਇਨ੍ਹਾਂ ਦੀਆਂ ਸੁਰੀਲੀਆਂ ਅਵਾਜ਼ਾਂ ਨਾਲ ਮੈਂ ਵੀ ਜਾਗ ਜਾਇਆ ਕਰਦਾ ਸੀ। ਜਦ ਵੀ ਕੋਈ ਨਵੀਂ ਚਿੜੀ ਛੱਤ ਵਿਚ ਕਿਤੇ ਆਲਣਾ ਬਣਾਉਣ ਦਾ ਯਤਨ ਕਰਦੀ ਤਾਂ ਉਹ ਬਾਹਰੋਂ ਤੀਲਿਆਂ-ਤਿਣਕਿਆਂ ਆਦਿ ਨੂੰ ਇਕੱਠਾ ਕਰ ਕੇ, ਇੱਕ-ਇੱਕ ਕਰ ਕੇ ਬਾਲਿਆਂ ਅਤੇ ਲੋਹੇ ਦੇ ਗਾਡਰ ਵਿਚਕਾਰਲੀ ਥਾਂ ’ਤੇ ਜਮ੍ਹਾਂ ਕਰਦੀ। ਬਹੁਤ ਹੀ ਮਿਹਨਤ ਨਾਲ ਤਿਆਰ ਕੀਤੇ ਆਲ੍ਹਣੇ ਚਿੜੀਆਂ ਦੀਆਂ ਰਿਹਾਇਸ਼ਗਾਹਾਂ ਬਣਦੇ। ਇਹ ਚਿੜੀਆਂ ਇਨ੍ਹਾਂ ਆਲ੍ਹਣਿਆਂ ਵਿਚ ਜਦ ਆਂਡੇ ਦੇਂਦੀਆਂ ਤਾਂ ਕੁਝ ਦਿਨਾਂ ਬਾਅਦ ਉਨ੍ਹਾਂ ਵਿੱਚੋਂ ਨਿੱਕੇ ਨਿੱਕੇ ਬੋਟ ਨਿਕਲਦੇ। ਚਿੜੀਆਂ ਆਪਣੇ ਇਨ੍ਹਾਂ ਨਿੱਕੇ ਨਿੱਕੇ ਬੋਟਾਂ ਲਈ ਬਾਹਰੋਂ ਦਾਣਾ ਚੁਗ ਕੇ ਲਿਆਉਂਦੀਆਂ ਤੇ ਉਨ੍ਹਾਂ ਬੋਟਾਂ ਦੇ ਮੂੰਹਾਂ ਵਿਚ ਪਾਉਂਦੀਆਂ ਸਨ। ਇਹ ਦ੍ਰਿਸ਼ ਵੇਖ ਕੇ ਮੈਨੂੰ ਇੰ ਲੱਗਦਾ ਜਿਵੇਂ ਕੁਦਰਤ ਮੇਰੇ ਅੰਗ-ਸੰਗ ਖੇਡਦੀ। ਕਾਦਰ ਦੀ ਕੁਦਰਤ ਦਾ ਜਲਵਾ ਇਹ ਨਿੱਕੇ ਨਿੱਕੇ ਪੰਛੀ ਬਿਖੇਰਦੇ।
ਸਮਾਂ ਬੀਤਦਾ ਗਿਆ ਮੈਂ ਬਚਪਨ ਤੋਂ ਜਵਾਨੀ ਵੱਲ ਪ੍ਰਵੇਸ਼ ਕਰ ਗਿਆ। ਪਰਿਵਾਰਕ ਜ਼ਰੂਰਤਾਂ ਕਾਰਨ ਅਸੀਂ ਘਰ ਵੀ ਬਦਲ ਲਿਆ। ਸ਼ਹਿਰੀ ਜੀਵਨ ਦੀ ਤਰਜ਼ਮਾਨੀ ਕਰਦਾ ਹੋਇਆ ਬਦਲਿਆ ਹੋਇਆ ਨਵਾਂ ਘਰ ਸੀਮੈਂਟ, ਬਜਰੀ ਤੇ ਸਰੀਏ ਦਾ ਪੱਕੇ ਲੈਂਟਰ ਦਾ ਸੀ। ਪਿੱਪਲ ਦਾ ਦਰੱਖਤ ਤਾਂ ਦੂਰ, ਇੱਥੇ ਬੰਦ ਕਮਰਿਆਂ ਵਿਚ ਅਸਮਾਨ ਵੀ ਨਹੀਂ ਦਿੱਸਦਾ। ਇੱਕ ਦਿਨ ਮੈਂ ਬੈੱਡ ’ਤੇ ਲੇਟੇ ਪਏ ਨੇ ਛੱਤ ਵੱਲ ਤੱਕਿਆ ਤਾਂ ਉਸ ਵਿਚ ਨਾ ਤਾਂ ਬਾਲੇ ਸਨ, ਤੇ ਨਾ ਹੀਂ ਉਹ ਚਿੜੀਆਂ ਦੇ ਆਲ੍ਹਣੇ। ਰੋਸ਼ਨਦਾਨ ਦੇ ਸ਼ੀਸ਼ੇ ਵੀ ਪੱਕੇ ਜੜੇ ਹੋਏ ਸਨ।
ਚਿੜੀਆਂ ਦਾ ਚਹਿਕਣਾ, ਉਨ੍ਹਾਂ ਦਾ ਆਲ੍ਹਣੇ ਬਣਾਉਣਾ, ਪਹੁ ਫੁੱਟਣ ’ਤੇ ਸ਼ੋਰ ਮਚਾਉਣਾ ਆਦਿ ਸਭ ਦ੍ਰਿਸ਼ ਹੁਣ ਪਰੀ ਕਹਾਣੀਆਂ ਦਾ ਹਿੱਸਾ ਜਿਹਾ ਲੱਗਦਾ ਹੈ। ਕੁਦਰਤ ਜਿਹੜੀ ਸਦਾ ਅੰਗ-ਸੰਗ ਖੇਡਦੀ ਸੀ, ਉਹ ਹੁਣ ਰੁੱਸੀ-ਰੁੱਸੀ ਜਾਪਦੀ ਲਗਦੀ ਸੀ। ਸ਼ਹਿਰੀਕਰਨ ਤੇ ਆਧੁਨਿਕਤਾ ਦੇ ਪ੍ਰਭਾਵ ਨੇ ਜਿਵੇਂ ਸੁਹਜਮਈ ਜੀਵਨ ਨੂੰ ਲੁਕੋ ਲਿਆ ਲਗਦਾ ਹੈ। ਦੂਜੀ ਗੱਲ ਇੱਥੇ ਇਹ ਵੀ ਕਰਨੀ ਬਣਦੀ ਹੈ ਕਿ ਅੱਜਕਲ ਸਾਡੇ ਚੌਗਿਰਦੇ ਵਿਚ ਮਨੁੱਖ ਵੱਲੋਂ ਕੀਤੀ ਜਾ ਰਹੀ ਕੁਦਰਤ ਨੂੰ ਪ੍ਰਭਾਵਿਤ ਕਰਨ ਵਾਲੀ ਹਿਲਜੁਲ ਕਾਰਨ ਲਗਾਤਾਰ ਚਿੜੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ ਜੋਕਿ ਸਾਡੇ ਲਈ ਤੇ ਖਾਸ ਕਰਕੇ ਵਾਤਾਵਰਨ ਤੇ ਕੁਦਰਤ ਪ੍ਰੇਮੀਆਂ ਲਈ ਹੋਰ ਵੀ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ।  ਕਾਸ਼! ਕਿ ਅਸੀਂ ਆਪਣੀਆਂ ਜੜ੍ਹਾਂ ਨਾਲ ਮੁੜ ਜੁੜ ਸਕਦੇ ਤੇ ਉਨ੍ਹਾਂ ਵਿਸਮਾਦੀ ਤੇ ਕੁਦਰਤ ਦੇ ਰੰਗਾਂ ਦਾ ਅਨੰਦ ਮੁੜ ਲੈ ਸਕਦੇ।

ਲੇਖਕ : ਬਿਕਰਮਜੀਤ ਸਿੰਘ ਜੀਤ ਹੋਰ ਲਿਖਤ (ਇਸ ਸਾਇਟ 'ਤੇ): 17
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :600
ਲੇਖਕ ਬਾਰੇ
ਆਪ ਜੀ ਬਤੌਰ ਪਰੂਫ਼ ਰੀਡਰ ਅੈਸ.ਜੀ.ਪੀ.ਸੀ. ਵਿੱਚ ਕੰਮ ਕਰ ਰਹੇ ਹੋ। ਆਪ ਜੀ ਉੱਚ ਵਿਚਾਰਕ ਅਤੇ ਪੰਜਾਬੀ ਚਿੰਤਕ ਹੋ ਆਪ ਜੀ ਦੇ ਅਖਬਾਰਾ ਵਿਚ ਲੇਖ ਛਪਦੇ ਰਹਿੰਦੇ ਹਨ ਅਤੇ ਪੰਜਾਬੀ ਭਾਸ਼ਾ ਦੀ ਪ੍ਰਫੁਲੱਤਾ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ।

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ

ਨਵੀਆਂ ਰਚਨਾਵਾਂ

 • ਸਾਧਨ-ਵਿਹੂਣੀਆਂ ਧਿਰਾਂ ਲਈ ਸੁਹਿਰਦ ਯਤਨਾਂ ਦੀ ਲੋੜ
  -ਬਿਕਰਮਜੀਤ ਸਿੰਘ ਜੀਤ
 • ਕਿੱਦਾਂ ਕੱਢ ਲੈਨੀ ਏਂ
  -ਡਾ. ਅਮਰਜੀਤ ਟਾਂਡਾ
 • ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
  -ਰਵੇਲ ਸਿੰਘ ਇਟਲੀ
 • ਸਦੀ ਦਾ ਸਤਾਰਵਾਂ ਸਾਲ
  -ਮੁਹਿੰਦਰ ਘੱਗ
 • ਨਵੇਂ ਸਾਲ ਦਾ ਸੂਰਜ
  -ਮਲਕੀਅਤ ਸਿੰਘ 'ਸੁਹਲ'
 • ਬਹੁ - ਪੱਖੀ ਸਖਸ਼ੀਅਤ ਰਾਜਵਿੰਦਰ ਰੌਂਤਾ
  -ਪ੍ਰੀਤਮ ਲੁਧਿਆਣਵੀ
 • ਵਿਸ਼ਵ ਪੰਜਾਬੀ ਕਾਨਫ਼ਰੰਸ 2017