ਇਸ ਵੈਬਸਾਇਟ ਦਾ ਵਧੇਰਾ ਲਾਭ ਲੈਣ ਲਈ ਇਥੇ ਅਕਾਊਂਟ ਜਰੂਰ ਬਣਾਵੋ | ਪ੍ਰਤਿਬਿੰਬ ਈ-ਪਤ੍ਰਿਕਾ ਡਾਉਣਲੋਡ ਕਰਨ ਲਈ ਇੱਥੇ ਕਲਿੱਕ ਕਰੋ | ਤੁਸੀਂ ਆਪਣੇ ਵਿਚਾਰ ਜਾਂ ਰਚਨਾਵਾਂ ਸਾਨੂੰ ਸਾਡੀ ਈ-ਮੇਲ scapepunjab@gmail.com ਤੇ ਭੇਜ ਸਕਦੇ ਹੋ

ਭਟਕਣ-ਮਿੰਨੀ  ਕਹਾਣੀ

ਗੋਰਖੀ ਗੁੱਸੀਲੇ ਜਿਹੇ ਸੁਭਾਅ ਦੀ ਕੁੜੀ ਸੀ।  ਉਸ ਦਾ ਵਿਆਹ ਅਸ਼ੋਕ ਨਾਂਉਂ ਦੇ ਪੜੇ-ਲਿਖੇ ਫੌਜੀ ਨਾਲ ਹੋ ਗਿਆ ਸੀ, ਜਿਹੜਾ ਕਿ ਬਾਹਲਾ ਹੀ ਸੁਲਝਿਆ ਹੋਇਆ ਸਮਝਦਾਰ ਇਨਸਾਨ ਸੀ।  ਵਿਆਹ ਤੋਂ ਦੋ ਕੋ ਵਰੇ ਬਾਅਦ ਗੋਰਖੀ ਤੇ ਅਸ਼ੋਕ ਦੇ ਘਰ ਧੀ ਨੇ ਜਨਮ ਲਿਆ।  ਧੀ ਦੀ ਆਮਦ ਤੇ ਰੱਬ ਦੀ ਦਾਤ ਸਮਝਕੇ ਅਸ਼ੋਕ ਤਾਂ ਖੁਸ਼ ਸੀ, ਪਰ ਗੋਰਖੀ ਦੇ ਮੱਥੇ ਉਤੇ ਵੱਟ ਜਿਹੇ ਸਨ।
ਤਿੰਨ ਕੋ ਵਰੇ ਧੀ ਦਾ ਪਾਲਣ-ਪੋਸਣ ਕਰਦਿਆਂ ਲੰਘ ਗਏ ਤਾਂ ਉਨਾਂ ਦੇ ਘਰ ਦੋਬਾਰਾ ਬੱਚੇ ਨੇ ਜਨਮ ਲੈ ਲਿਆ। ਜਦ ਵੇਖਿਆ ਕਿ ਇਹ ਵੀ ਧੀ ਹੀ ਸੀ ਤਾਂ ਗੋਰਖੀ ਤਾਂ ਜਾਣੋ ਫੁਟ-ਫੁਟਕੇ ਰੋਣ ਹੀ ਲੱਗ ਪਈ।  ਗੋਰਖੀ ਨੂੰ ਰੋਂਦੀ ਵੇਖ ਕੇ ਇਸ ਬਾਰ ਅਸ਼ੋਕ ਵੀ ਕੁਝ ਦੁਖੀ ਜਿਹਾ ਹੋ ਗਿਆ ਸੀ।  ਉਹ ਗੋਰਖੀ ਨੂੰ ਗਲ ਨਾਲ ਲਾ ਕੇ ਦਿਲਾਸਾ ਦਿੰਦਿਆਂ ਆਖਦਾ, 'ਕੋਈ ਨਾ ਗੋਰੀ, ਧੀਆਂ ਵੀ ਤਾਂ ਪੁੱਤਾਂ ਵਾਂਗ ਹੀ ਹੁੰਦੀਆਂ ਹਨ, ਤੂੰ ਕਿਉੁਂ ਅਤੇ ਕਿਸ ਗੱਲ ਦਾ ਫਿਕਰ ਕਰਦੀ ਏਂ ?'
ਪਰ ਗੋਰਖੀ ਕਿੱਥੋਂ ਸਮਝਣ ਵਾਲੀ ਸੀ। ਸ਼ਰੀਕਾਂ ਵੱਲ ਵੇਖ-ਵੇਖ ਝੁਰਦੀ ਰਹਿੰਦੀ ਸੀ।  ਕਰਤਾਰੋ ਦੇ ਦੋ ਪੁੱਤ !  ਮਿੰਧੋ ਦੇ ਤਿੰਨ ਪੁੱਤ ਅਤੇ ਸ਼ਿੰਦੋ ਦੇ ਪੰਜ !  ਪਰ ਮੇਰੀ ਕਿਸਮਤ-ਮਾਰੀ ਦੀ ਗੋਦੀ ਇਕ ਵੀ ਨਹੀ!  ਦੋ ਧੀਆਂ ਤੋਂ ਬਾਅਦ ਗੋਰਖੀ ਦੀ ਭਟਕਣ ਹੋਰ ਵੀ ਵਧ ਗਈ ਸੀ।  ਉਹ ਕਦੀ ਕਿਸੇ ਡਾਕਟਰ ਕੋਲ ਜਾਂਦੀ ਅਤੇ ਕਦੀ ਕਿਸੇ ਸਿਆਣੇ ਕੋਲ।  ਥਾਂ-ਥਾਂ ਤੇ ਭਟਕਣ ਨਾਲ ਹੱਥ-ਪੱਲੇ ਉਸ ਦੇ ਕੁਝ ਵੀ ਨਹੀ ਸੀ ਪੈ ਰਿਹਾ, ਪਰ ਉਲਟਾ ਇਹ ਭਟਕਣ ਉਸ ਨੂੰ ਸਰੀਰਕ ਪੱਖੋਂ ਕਮਜ਼ੋਰ ਕਰੀ ਜਾ ਰਹੀ ਸੀ। 
ਅਸ਼ੋਕ ਜਦੋਂ ਵੀ ਛੁੱਟੀ ਆਉਂਦਾ ਉਸਨੂੰ ਬੜਾ ਸਮਝਾਉਂਦਾ ਕਿ ਧੀਆਂ ਵੱਲ ਜਰਾ ਧਿਆਨ ਦਿਆ ਕਰ। ਪਰ, ਗੋਰਖੀ ਅੱਗੋਂ ਅਸ਼ੋਕ ਵੱਲ ਭਰੀਆਂ ਅੱਖਾਂ ਨਾਲ ਵੇਖਦੀ ਬੋਲਦੀ, 'ਦੇਖੋ ਜੀ, ਜਿਵੇਂ ਸੁਰਿੰਦਰ ਦਾ ਪੁੱਤਰ ਉਸ ਨਾਲ ਮੋਢੇ ਨਾਲ ਮੋਢਾ ਜੋੜਕੇ ਚੱਲਦੈ, ਕੀ ਆਪਦਾ ਜੀਅ ਨਈ ਕਰਦਾ ਕਿ ਮੇਰਾ ਵੀ ਕੋਈ ਪੁੱਤ ਹੋਵੇ ਤਾਂ ਮੇਰੀ ਬਰਾਬਰ ਦੀ ਬਾਂਹ ਬਣ ਕੇ ਖੜੇ ਮੇਰੇ ਨਾਲ।'  ਅਸ਼ੋਕ ਆਖਦਾ, 'ਗੋਰੀ ਇਹ ਤਾਂ ਰੱਬ ਦੀ ਕਰਨੀ ਹੈ।  ਧੀਆਂ ਹੀ ਮੇਰੇ ਲਈ ਪੁੱਤ ਨੇ, ਹੁਣ।  ਗੋਰਖੀ, ਅਸ਼ੋਕ ਨੂੰ ਨਾਲ ਲੈਕੇ ਜਬਰਦਸਤੀ ਡਾਕਟਰਾਂ ਕੋਲ ਜਾਂਦੀ ਰਹਿੰਦੀ।  ਦਵਾਈਆਂ ਖਾ ਖਾ ਕੇ ਅਤੇ ਵੱਖੋ-ਵੱਖਰੇ ਦੇਸੀ ਨੁਸਖਿਆਂ ਨਾਲ ਇਕ ਤਾਂ ਪੈਸਾ ਖਰਚ ਹੋ ਰਿਹਾ ਸੀ ਅਤੇ ਦੂਜੇ ਉਹ ਅੰਦਰੂਨੀ ਬੀਮਾਰੀਆਂ ਦਾ ਸ਼ਿਕਾਰ ਬਣੀ ਜਾ ਰਹੀ ਸੀ।  ਦਿਨ-ਬ-ਦਿਨ ਉਸ ਦੀ ਹਾਲਤ ਵਿਗੜਦੀ ਹੀ ਜਾ ਰਹੀ ਸੀ। ਡਾਕਟਰਾਂ ਨੇ ਵੀ ਅਸ਼ੋਕ ਨੂੰ ਹੁਣ ਸਪਸ਼ਟ ਦੱਸ ਦਿੱਤਾ ਸੀ ਕਿ ਗੋਰਖੀ ਦੇ ਹੁਣ ਹੋਰ ਕੋਈ ਔਲਾਦ ਨਹੀ ਹੋ ਸਕੇਗੀ।  ਪਰ, ਅਸ਼ੋਕ ਇਹ ਸੱਚ ਗੋਰਖੀ ਨੂੰ ਨਹੀ ਸੀ ਦੱਸ ਸਕਦਾ, ਕਿਉਂਕਿ ਉਸ ਨੂੰ ਡਰ ਸੀ ਕਿ ਉਹ ਕਿਤੇ ਗੋਰਖੀ ਨੂੰ ਹੀ ਹੱਥੋਂ ਨਾ ਗਵਾ ਬੈਠੇ, ਐਸਾ ਕੁਝ ਦੱਸਕੇ। 
ਆਖਰ ਉਹ ਕੁਝ ਹੀ ਹੋਇਆ ਜਿਸਦਾ ਡਰ ਹੀ ਸੀ। ਇਕ ਦਿਨ ਗੋਰਖੀ ਦੀ ਤਬੀਅਤ ਬਾਹਲੀ ਵਿਗੜ ਗਈ।  ਮਰਨ ਵਾਲਾ ਹੀ ਹੋ ਗਿਆ ਸੀ, ਉਸ ਦਾ ਹਾਲ।  ਗੋਰਖੀ ਦੇ ਮੱਥੇ ਉਤੇ ਹੱਥ ਰੱਖਕੇ ਅਸ਼ੋਕ ਧਾਹ ਮਾਰ ਕੇ ਰੋ ਉਠਿਆ ਤੇ ਬੋਲਿਆ, 'ਦੇਖ ਗੋਰੀ, ਤੇਰੀ ਪੁੱਤ ਪਾਉਣ ਦੀ ਭਟਕਣ ਸਾਡਾ ਸਾਰਾ ਟੱਬਰ ਰੋਲ ਰਹੀ ਹੈ।  ਤੂੰ ਮੇਰੇ ਤੋਂ ਦੂਰ ਨਾ ਹੋ ਜਾਵੀਂ।'        
ਉਧਰ ਗੋਰਖੀ ਨੂੰ ਵੀ ਅਹਿਸਾਸ ਹੋ ਚੱਲਿਆ ਸੀ ਕਿ ਉਸ ਦੀ ਪੁੱਤਰ ਹਾਸਲ ਕਰਨ ਦੀ ਖਾਹਸ਼, ਉਸ ਨੂੰ ਅਤੇ ਉਸਦੇ ਸਾਰੇ ਟੱਬਰ ਨੂੰ ਰੋਲ ਰਹੀ ਹੈ। ਅੱਖਾਂ ਸਦਾ ਲਈ ਬੰਦ ਕਰਦੀ ਹੋਈ ਗੋਰਖੀ ਬੋਲੀ, 'ਦੇਖੋ ਜੀ, ਮੈਨੂੰ ਨਹੀ ਸੀ ਪਤਾ ਕਿ ਮੇਰੀਆਂ ਆਸਾਂ-ਉਮੀਦਾਂ ਮੇਰੀ ਭਟਕਣ ਬਣ ਜਾਣਗੀਆਂ', ਕਹਿੰਦੇ-ਕਹਿੰਦਿਆਂ ਗੋਰਖੀ ਅਗਲੇ ਹੀ ਪਲ ਅਸ਼ੋਕ ਦੀਆਂ ਬਾਹਾਂ ਵਿਚ ਲੁਟਕ ਗਈ। 

 

ਲੇਖਕ : ਵਰਿੰਦਰ ਕੌਰ 'ਰੰਧਾਵਾ' ਹੋਰ ਲਿਖਤ (ਇਸ ਸਾਇਟ 'ਤੇ): 8
ਲੇਖ ਦੀ ਲੋਕਪ੍ਰਿਅਤਾ ਰਚਨਾ ਵੇਖੀ ਗਈ :631

ਵਿਸ਼ੇ ਨਾਲ ਸਬੰਧਿਤ ਖੋਜ

*ਜਰੂਰੀ: ਸਮਗਰੀ ਪੰਜਾਬੀ ਯੂਨੀਕੋਡ ਵਿੱਚ ਹੀ ਟਾਈਪ ਕਰੋ।

ਸਕੇਪ ਪ੍ਰਕਾਸ਼ਿਤ ਪੁਸਤਕਾਂ

ਪ੍ਰਤਿਬਿੰਬ ਈ-ਪਤ੍ਰਿਕਾ ਨਵੰਬਰ ਅੰਕ